ਕਨੇਡਾ ਸਰਕਾਰ ਦੇ ਖੁਲਾਸੇ ਨੇ ਇੰਡੀਆ ਵੱਲੋਂ ਕੀਤੇ ਜਾਂਦੇ ਗੈਰ-ਨਿਆਇਕ ਕਤਲਾਂ ਦੀ ਗਵਾਹੀ ਭਰੀ ਹੈ: ਪੰਥ ਸੇਵਕ ਸ਼ਖ਼ਸੀਅਤਾਂ*

ਕਨੇਡਾ ਸਰਕਾਰ ਦੇ ਖੁਲਾਸੇ ਨੇ ਇੰਡੀਆ ਵੱਲੋਂ ਕੀਤੇ ਜਾਂਦੇ ਗੈਰ-ਨਿਆਇਕ ਕਤਲਾਂ ਦੀ ਗਵਾਹੀ ਭਰੀ ਹੈ: ਪੰਥ ਸੇਵਕ ਸ਼ਖ਼ਸੀਅਤਾਂ*

ਕਿਹਾ ਕਿ ਇੰਡੀਆ ਦਾ ਕਾਰਾ ਕੌਮਾਂਤਰੀ ਪੱਧਰ ’ਤੇ ਕੀਤੀ ਸਰਕਾਰੀ ਦਹਿਸ਼ਤਗਰਦੀ ਹੈ*

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਰਹਿੰਦੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਕੀਤੇ ਪ੍ਰਗਟਾਵੇ ਨੇ ਇੰਡੀਆ ਸਟੇਟ ਵੱਲੋਂ ਕੀਤੇ ਜਾਂਦੇ ਗੈਰ-ਨਿਆਇਕ ਕਤਲਾਂ ਦਾ ਤੱਥ ਮੁੜ ਜਗ ਜਾਹਰ ਕਰ ਦਿਤਾ ਹੈ। 

ਪੰਥਕ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਹੈ ਕਿ ਇਸ ਖੁਲਾਸੇ ਨਾਲ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਅਮਲ ਦੀ ਕੌਮਾਂਤਰੀ ਵਿਆਪਕਤਾ ਵੀ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਦੇ ਖੁਲਾਸੇ ਨਾਲ ਸਿੱਖ ਭਾਈਚਾਰੇ ਵੱਲੋਂ ਲਾਏ ਜਾ ਰਹੇ ਉਸ ਦੋਸ਼ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਭਾਰਤ ਸਰਕਾਰ ਸਿੱਖਾਂ ਦੀ ਅਜ਼ਾਦੀ ਲਈ ਅਵਾਜ ਬੁਲੰਦ ਕਰਨ ਵਾਲੇ ਪ੍ਰਵਾਸੀ ਸਿੱਖ ਆਗੂਆਂ ਦੇ ਮਿਥ ਕੇ ਕਤਲ ਕਰਾ ਰਹੀ ਹੈ। 

ਉਹਨਾ ਕਿਹਾ ਕਿ ਅਸੀਂ ਕੈਨੇਡਾ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦੇ ਹਾਂ, ਜਿਸ ਨੇ ਹਿੰਦ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਤੇ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਤੋਂ ਪਰਦਾ ਉਤਾਰ ਕੇ ਪੂਰੀ ਦੁਨੀਆ ਸਾਹਮਣੇ ਸੱਚ ਪ੍ਰਗਟ ਕਰਨ ਦਾ ਆਪਣਾ ਇਖ਼ਲਾਕੀ ਤੇ ਕਨੂੰਨੀ ਫਰਜ ਨਿਭਾਇਆ ਹੈ।  

ਪੰਥਕ ਆਗੂਆਂ ਅਨੁਸਾਰ ਇਹ ਇੰਕਸ਼ਾਫ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਮੁਲਕ ਦੀ ਪਾਰਲੀਮੈਂਟ ਵਿਚ ਕਰਨ ਨਾਲ ਹੋਰ ਵੀ ਵਡਮੁੱਲਾ ਬਣ ਗਿਆ ਹੈ ਅਤੇ ਇਸ ਨਾਲ ਪੂਰੀ ਦੁਨੀਆ ਦੇ ਦੇਸਾਂ ਦੀਆਂ ਸਰਕਾਰਾਂ ਤੇ ਜਨਤਾ, ਹਿੰਦੁਸਤਾਨ ਦੀਆਂ ਸਿੱਖ ਵਿਰੋਧੀ ਨੀਤੀਆਂ ਤੇ ਗੈਰਕਨੂੰਨੀ ਕਾਰਵਾਈਆਂ ਤੋਂ ਜਾਣੂ ਹੋ ਗਈ ਹੈ। 

ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਕਨੇਡਾ ਸਰਕਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਵਾਂਗ ਹੀ ਕਨੇਡਾ ਵਿਚਲੇ ਸਿੱਖ ਆਗੂ ਸ. ਰਿਪੂਦਮਨ ਸਿੰਘ ਮਲਿਕ ਦੇ ਕਨੇਡਾ ਵਿਚ ਹੋਏ ਕਤਲ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੀ ਵੀ ਜਾਂਚ ਕਰਨੀ ਚਾਹੀਦੀ ਹੈ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਸਿੱਖਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਹਾਮੀ ਸੀ ਤੇ ਇਸ ਬਾਰੇ ਸਿਖਾਂ ਵਿਚ ਜਾਗਰੂਕਤਾ ਤੇ ਲਾਮਬੰਦੀ ਕਰ ਰਿਹਾ ਸੀ। ਭਾਈ ਨਿੱਝਰ ਦਾ ਕਤਲ ਕਰਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਸਵੈ-ਨਿਰਣੈ ਦੇ ਅਧਿਕਾਰ ਦੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਦਬਾਉਣ ਦਾ ਯਤਨ ਕੀਤਾ ਹੈ। 

ਸਾਂਝੇ ਬਿਆਨ ਵਿਚ ਅੱਗੇ ਕਿਹਾ ਹੈ ਕਿ ਖਾਲਸਾ ਪੰਥ ਨੂੰ ਪਾਤਿਸ਼ਾਹੀ ਦਾਅਵਾ ਸਤਿਗੁਰਾਂ ਨੇ ਬਖਸ਼ਿਆ ਹੈ ਅਤੇ ਅਜ਼ਾਦੀ ਤੇ ਸਵੈ-ਨਿਰਣੇ ਦਾ ਹੱਕ ਸਿਖਾਂ ਦਾ ਜਨਮ ਸਿੱਧ ਕੁਦਰਤੀ ਅਧਿਕਾਰ ਹੈ। ਯੂ.ਐਨ. ਦੇ ਐਲਾਨਨਾਮੇ ਅਤੇ ਅੰਤਰਰਾਸ਼ਟਰੀ ਕਨੂੰਨ ਅਨੁਸਾਰ ਸਵੈ-ਨਿਰਣੇ, ਅਜ਼ਾਦੀ ਤੇ ਖਾਲਸਾਈ ਪ੍ਰਭੂਸਤਾ ਦੀ ਪ੍ਰਾਪਤੀ ਲਈ ਸੰਸਾਰ ਪੱਧਰ ’ਤੇ ਲਾਮਬੰਦੀ ਤੇ ਯੋਗ ਕਨੂੰਨੀ ਕਾਰਵਾਈ ਕਰਨ ਦੇ ਸਿੱਖ ਅਧਿਕਾਰੀ ਹਨ। ਭਾਰਤ ਦੀ ਕੋਈ ਵੀ ਸਰਕਾਰ ਸਿੱਖਾਂ ਨੂੰ ਉਹਨਾਂ ਦੇ ਇਸ ਬੁਨਿਆਦੀ ਅਧਿਕਾਰ ਤੋਂ ਵਾਝਿਆਂ ਨਹੀਂ ਕਰ ਸਕਦੀ।

ਉਹਨਾ ਕਿਹ ਾਕਿ ਭਾਈ ਨਿੱਝਰ ਦਾ ਕਤਲ ਭਾਰਤ ਵੱਲੋਂ ਸਰਕਾਰੀ ਪੱਧਰ 'ਤੇ ਕੀਤੀ ਗਈ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੀ ਕਾਰਵਾਈ ਹੈ। ਸਿਖਾਂ ਨੂੰ ਨਿਸ਼ਾਨਾ ਬਣਾ ਕੇ ਹਿੰਦ ਸਰਕਾਰ ਵਲੋਂ ਵਿਦੇਸਾਂ ਵਿੱਚ ਕੀਤੀਆਂ ਗਈਆਂ ਅਜਿਹੀਆਂ ਸਾਰੀਆਂ ਅੱਤਵਾਦੀ ਕਾਰਵਾਈਆਂ ਕੌਮਾਂਤਰੀ ਨੇਮਾਂ ਦਾ ਵੀ ਮਿਥ ਕੇ ਕੀਤਾ ਗਿਆ ਘੋਰ ਉਲੰਘਣ ਹੈ। ਕੌਮਾਂਤਰੀ ਭਾਈਚਾਰੇ ਦਾ ਇਖ਼ਲਾਕੀ ਫਰਜ ਹੈ ਕਿ ਉਹ ਦੋਸ਼ੀਆਂ ਨੂੰ ਲਭ ਕੇ ਉਹਨਾਂ ਵਿਰੁੱਧ ਆਪੋ-ਆਪਣੇ ਦੇਸ ਦੇ ਕਨੂੰਨ ਅਨੁਸਾਰ ਬਣਦੀ ਕਾਰਵਾਈ ਕਰੇ।

ਕੈਨੇਡਾ ਸਰਕਾਰ ਵੱਲੋਂ ਭਾਈ ਨਿੱਝਰ ਦੇ ਕਤਲ ਬਾਰੇ ਸਾਹਮਣੇ ਲਿਆਂਦੇ ਤੱਥਾਂ ਤੇ ਸਬੂਤਾਂ ਨੂੰ ਅਧਾਰ ਬਣਾ ਕੇ ਉਹ ਸਾਰੇ ਦੇਸ, ਜਿਹਨਾਂ ਵਿੱਚ ਸਿੱਖਾਂ ਦੇ ਕਤਲ ਹੋਏ ਹਨ, ਜਾਂਚ ਨੂੰ ਅੱਗੇ ਵਧਾਉਣ ਤੇ ਇੰਡੀਅਨ ਸਟੇਟ ਨੂੰ ਜਵਾਬਦੇਹ ਬਣਾਉਣ, ਤਾਂ ਜੋ ਇਸ ਮਸਲੇ ਵਿੱਚ ਆਲਮੀ ਨਿਜ਼ਾਮ ਅੰਦਰ ਕੌਮਾਂਤਰੀ ਨੇਮਾਂ ਦੀ ਉਲੰਘਣਾ ਕਰਨ ਵਾਲੇ ਦੀ ਜਵਾਬਦੇਹੀ ਤੇ ਨਿਆਂ ਦੀ ਬਰਕਰਾਰੀ ਸਿੱਧ ਹੋ ਸਕੇ।

ਪੰਥ ਸੇਵਕਾਂ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਪੁਲਿਸ ਵੱਲੋਂ ਬ੍ਰਿਸਬੇਨ ਦੇ ਹਿੰਦੂ ਭਾਈਚਾਰੇ ਨਾਲ ਸੰਬੰਧਤ ਮੰਦਰਾਂ ਦੇ ਬਾਹਰ ਲਿਖੇ ਨਾਹਰਿਆਂ ਪਿੱਛੇ ਹਿੰਦੂ ਭਾਈਚਾਰੇ ਦਾ ਹੀ ਹੱਥ ਹੋਣ ਦਾ ਕੀਤਾ ਗਿਆ ਖੁਲਾਸਾ ਵੀ ਸਿੱਖਾਂ ਦੇ ਇਸ ਦਾਅਵੇ ਦੀ ਤਸਦੀਕ ਕਰਦਾ ਹੈ ਕਿ ਹਿੰਦ ਸਰਕਾਰ ਵੱਲੋਂ ਸਿੱਖਾਂ ਨੂੰ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਲਈ ਘਟੀਆ ਸਾਜਿਸ਼ਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਹਿੰਦੂਤਵ ਸੋਚ ਦੀ ਧਾਰਨੀ ਮੋਦੀ ਸਰਕਾਰ ਸਿੱਖਾਂ ਨੂੰ ਅੰਤਰਾਸ਼ਟਰੀ ਪੱਧਰ 'ਤੇ ਬਦਨਾਮ ਕਰਕੇ ਉਥੋਂ ਦੇ ਸਥਾਨਕ ਭਾਈਚਾਰਿਆਂ ਵਿੱਚ ਨਿਖੇੜਨਾ ਚਾਹੁੰਦੀ ਹੈ, ਤਾਂ ਜੋ ਸਿੱਖਾਂ ਨੂੰ ਅਲਗ-ਥਲਗ ਕਰਕੇ ਨਿਸ਼ਾਨੇ 'ਤੇ ਲਿਆ ਜਾ ਸਕੇ। ਇੰਡੀਅਨ ਸਟੇਟ ਦੀ ਇਸ ਸਿੱਖ ਵਿਰੋਧੀ ਵਿਉਂਤਬੰਦੀ ਤੇ ਕਾਰਵਾਈਆਂ ਦਾ ਟਾਕਰਾ ਕਰਨ ਅਤੇ ਸਦੀਵੀ ਠਲ੍ਹ ਪਾਉਣ ਲਈ ਸੁਮਚੇ ਸਿਖ ਜਗਤ ਨੂੰ ਸੰਸਥਾਈ ਪੱਧਰ 'ਤੇ ਇਕਸੁਰ ਹੋ ਕੇ ਗੁਰਮਤਿ ਆਧੇ, ਖਾਲਸਾਈ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ, ਤਾਂ ਜੋ ਦੁਨੀਆ ਨੂੰ ਸਿੱਖਾਂ ਦੇ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦੇ ਸਿਧਾਂਤ ਤੇ ਖਾਲਸਾ ਰਾਜ ਦੇ ਸੰਕਲਪ ਅਤੇ ਭਾਰਤ ਸਟੇਟ ਦੇ ਦਿਖਾਵੇ ਦੇ ਸੈਕੂਲਰਇਜਮ ਤੇ ਹਿੰਦੂਤਵੀ ਫਿਰਕੂ ਸੋਚ ਦੇ ਫਰਕ ਦਾ ਗਿਆਨ ਹੋ ਸਕੇ।