ਪਾਕਿਸਤਾਨ ਸਰਕਾਰ ਨੇ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੰਗਮਰਮਰ 'ਤੇ ਟਰਫ ਵਿਛਾਈ

ਪਾਕਿਸਤਾਨ ਸਰਕਾਰ ਨੇ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੰਗਮਰਮਰ 'ਤੇ ਟਰਫ ਵਿਛਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਲਹਿੰਦੇ ਪੰਜਾਬ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿਹੜੇ ਵਿਚ ਪਾਕਿਸਤਾਨ ਸਰਕਾਰ ਨੇ ਸੰਗਤਾਂ ਨੂੰ ਗਰਮੀ ਤੇ ਧੁੱਪ ਤੋਂ ਬਚਾਉਣ ਲਈ 16,000 ਫੁੱਟ ਐਸਟ੍ਰੋਟਰਫ ਵਿਛਾ ਦਿੱਤੀ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਤਿੰਨ ਮਹੀਨਿਆਂ ਤੋਂ ਸੰਗਤ ਲਈ ਬੰਦ ਗੁਰਦੁਆਰਾ ਸਾਹਿਬ ਨੂੰ 29 ਜੂਨ ਨੂੰ ਪਾਕਿਸਤਾਨ ਸਰਕਾਰ ਨੇ ਸੰਗਤਾਂ ਲਈ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨੀ ਵਿਚਲੇ ਸਿੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਹਨ। ਉਨ੍ਹਾਂ ਨੂੰ ਗਰਮੀ ਤੇ ਧੁੱਪ ਤੋਂ ਰਾਹਤ ਦਿਵਾਉਣ ਵਾਸਤੇ ਇਹ ਟਰਫ ਵਿਛਾਈ ਗਈ ਹੈ।

ਈਟੀਪੀਬੀ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ “ਐਸਟ੍ਰੋਟਰਫ ਪਿਛਲੇ ਹਫਤੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਜਿੱਥੇ ਸਗੰਮਰਮਰ ਲੱਗਿਆ ਹੈ ਉਸ ਥਾਂ ’ਤੇ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸੰਗਮਰਮਰ ਦੇ ਫ਼ਰਸ਼ 'ਤੇ ਨੰਗੇ ਪੈਰ ਤੁਰਨਾ ਪੈਂਦਾ ਹੈ ਅਤੇ ਇਸ ਗਰਮੀ ਦੇ ਮੌਸਮ ਵਿਚ ਤੁਰਨਾ ਜਾਂ ਬੈਠਣਾ ਮੁਸ਼ਕਲ ਹੈ। 

ਚੜ੍ਹਦੇ ਪੰਜਾਬ ਤੋਂ ਸੰਗਤਾਂ ਨੂੰ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਕਿਉਂਕਿ ਭਾਰਤ ਸਰਕਾਰ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਲਈ ਅਸਥਾਈ ਤੌਰ 'ਤੇ ਯਾਤਰਾ 16 ਮਾਰਚ ਤੋਂ ਰੋਕੀ ਹੋਈ ਹੈ। ਸ੍ਰੀ ਹਾਸ਼ਮੀ ਨੇ ਕਿਹਾ, “ਹਾਲੇ ਤੱਕ ਭਾਰਤ ਵੱਲੋਂ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਆਗਿਆ ਦੇਣ ਲਈ ਹਰੀ ਝੰਡੀ ਨਹੀਂ ਮਿਲੀ ਪਰ ਪਾਕਿਸਤਾਨੀ ਸਿੱਖ 29 ਜੂਨ ਤੋਂ ਇਥੇ ਆ ਰਹੇ ਹਨ।"