ਅਦਾਲਤ ਵਲੋਂ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ

ਅਦਾਲਤ ਵਲੋਂ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ

ਅੰਮ੍ਰਿਤਸਰ ਟਾਈਮਜ਼

ਡਮਟਾਲ- ਦਿੱਲੀ ਦੀ ਅਦਾਲਤ ਵਲੋਂ ਪਿੰਡ ਛੰਨੀ ਬੇਲੀ ਵਿਖੇ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਅਦਾਲਤ ਨੇ ਕਰੀਬ 5 ਕਰੋੜ, 96 ਲੱਖ, 67 ਹਜ਼ਾਰ, 79 ਰੁਪਏ ਦੀ ਜਾਇਦਾਦ ਨੰੂ ਜ਼ਬਤ ਕਰਨ ਦਾ ਫ਼ੈਸਲਾ ਸੁਣਾਇਆ ਹੈ ਜਦਕਿ ਨਸ਼ਾ ਤਸਕਰਾਂ ਨਾਲ ਨਾਜਾਇਜ਼ ਕਾਰੋਬਾਰ 'ਚ ਜੁੜੇ 2 ਹੋਰ ਲੋਕਾਂ ਦੀ ਕਰੋੜਾਂ ਦੀ ਜਾਇਦਾਦ ਨੂੰ ਵੀ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । ਥਾਣਾ ਡਮਟਾਲ ਤਹਿਤ ਨਸ਼ੇ ਦੇ ਕਾਰੋਬਾਰ ਲਈ ਪ੍ਰਦੇਸ਼ ਭਰ 'ਚ ਮਸ਼ਹੂਰ ਪਿੰਡ ਛੰਨੀ ਬੇਲੀ ਵਿਖੇ ਨਸ਼ਾ ਤਸਕਰ ਪਰਮਿੰਦਰ ਉਰਫ਼ ਗੋਬਿੰਦਾ ਪੁੱਤਰ ਸੁਰਜਣ ਸਿੰਘ ਤੇ ਉਸ ਦੀ ਮਾਤਾ ਰਾਜ ਕੁਮਾਰੀ ਪਤਨੀ ਸੁਰਜਣ ਸਿੰਘ ਨੂੰ ਸਾਲ 2020 'ਵਿਚ ਦੋ ਵੱਖ-ਵੱਖ ਮਾਮਲਿਆਂ 'ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ।ਥਾਣਾ ਡਮਟਾਲ ਦੇ ਇੰਚਾਰਜ ਹਰੀਸ਼ ਗੁਲੇਰੀਆ ਵਲੋਂ ਕੀਤੀ ਜਾਂਚ ਵਿਚ ਪਰਮਿੰਦਰ ਉਰਫ਼ ਗੋਬਿੰਦਾ ਤੇ ਉਸ ਦੀ ਮਾਤਾ ਰਾਜ ਕੁਮਾਰੀ ਸਮੇਤ ਦੋ ਹੋਰ ਸਾਥੀ ਸ਼ੇਰਾ ਨੰਦ ਤੇ ਮੰਗਤ ਰਾਮ ਵਾਸੀ ਛੰਨੀ ਬੇਲੀ ਦੀ ਕਰੋੜਾਂ ਦੀ ਚੱਲ/ਅਚੱਲ ਜਾਇਦਾਦ ਨੂੰ ਵੀ ਇਸ ਕੇਸ ਨਾਲ ਜੋੜ ਦਿੱਤਾ ਗਿਆ ਸੀ । ਡੀ.ਐਸ.ਪੀ. ਨੂਰਪੁਰ ਸੁਰੇਂਦਰ ਸ਼ਰਮਾ ਨੇ ਦੱਸਿਆ ਕਿ ਜਲਦ ਹੀ ਜਾਇਦਾਦ ਨੂੰ ਕਬਜ਼ੇ 'ਚ ਲਿਆ ਜਾਵੇਗਾ ।