ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾ ਫ਼ਤਹ ਮਾਰਚ ਨਾਲ ਹੋਣਗੇ ਸ਼ੁਰੂ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾ ਫ਼ਤਹ ਮਾਰਚ ਨਾਲ ਹੋਣਗੇ ਸ਼ੁਰੂ

 16 ਅਪ੍ਰੈਲ ਨੂੰ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਖਾਲਸਾ ਫ਼ਤਹ ਮਾਰਚ ਪੰਥਕ ਰਵਾਇਤਾਂ ਅਨੁਸਾਰ ਹੋਵੇਗਾ ਆਰੰਭ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 15 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ 16 ਅਪ੍ਰੈਲ ਨੂੰ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਖਾਲਸਾ ਫ਼ਤਹ ਮਾਰਚ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ਇਹ ਖਾਲਸਾ ਫ਼ਤਹ ਮਾਰਚ ਸਜਾਇਆ ਜਾ ਰਿਹਾ ਹੈ। ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਦਿੱਲੀ ਵਿਖੇ ਵੀ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਅਤੇ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਈ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਦੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੀ ਆਰੰਭਤਾ 16 ਅਪ੍ਰੈਲ ਨੂੰ ਦਿੱਲੀ ਤੋਂ ਖਾਲਸਾ ਫ਼ਤਹ ਮਾਰਚ ਨਾਲ ਹੋਵੇਗੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸਵੇਰੇ 9 ਵਜੇ ਫ਼ਤਹ ਮਾਰਚ ਦੀ ਆਰੰਭ ਹੋਵੇਗੀ, ਜੋ ਵੱਖ-ਵੱਖ ਥਾਵਾਂ ਤੋਂ ਹੋ ਕੇ ਰਾਤ ਨੂੰ ਡੀਡੀਏ ਗਰਾਊਂਡ ਹਰੀ ਨਗਰ ਦਿੱਲੀ ਵਿਖੇ ਪੁੱਜੇਗਾ। ਇਥੇ ਦੋ ਦਿਨਾਂ ਸਮਾਗਮ ਆਯੋਜਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੀਡੀਏ ਗਰਾਊਂਡ ਵਿਖੇ 17 ਅਪ੍ਰੈਲ ਨੂੰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਸਜਾਇਆ ਜਾਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਜਥੇ ਹਾਜ਼ਰੀ ਭਰਨਗੇ। ਇਸੇ ਤਰ੍ਹਾਂ 18 ਅਪ੍ਰੈਲ ਨੂੰ ਡੀਡੀਏ ਗਰਾਊਂਡ ਵਿਖੇ ਹੀ ਖਾਲਸਈ ਖੇਡਾਂ ਕਰਵਾਈਆਂ ਜਾਣਗੀਆਂ। 20 ਅਪ੍ਰੈਲ ਨੂੰ ਖਾਲਸਈ ਫ਼ਤਹ ਮਾਰਚ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਫ਼ਤਹ ਨਗਰ ਦਿੱਲੀ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗਾ, ਜੋ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮਾਂ ਦੀਆਂ ਤਿਆਰੀਆਂ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।