ਬੈਸਾਖੀ : ਸੱਭਿਆਚਾਰਕ ਅਤੇ ਧਾਰਮਿਕ ਮਹੱਤਵ
ਬੈਸਾਖੀ ਮੌਸਮੀ ਤਿਉਹਾਰ ਹੈ ਜਿਹੜਾ ਕਿ ਹਰ ਸਾਲ ਅਪ੍ਰੈਲ ਮਹੀਨੇ ਦੇ ਮੱਧ ਵਿਚ ਮਨਾਇਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਵਿਚ ਇਸਨੇ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ ਪਰ ਨਾਲ ਹੀ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਚਿਹਰੇ ਤੇ ਰੌਣਕ, ਖੁਸ਼ੀਆਂ ਅਤੇ ਖੇੜੇ ਲਿਆਉਣ ਵਾਲਾ ਇਹ ਤਿਉਹਾਰ ਖੇਤੀ ਨਾਲ ਜੁੜਿਆ ਹੋਇਆ ਹੈ। ਇਸ ਦਿਵਸ ਮੌਕੇ ਕਣਕ ਦੀ ਪੈਦਾਵਾਰ ਨੂੰ ਪ੍ਰਮੁਖਤਾ ਨਾਲ ਦੇਖਿਆ ਜਾਂਦਾ ਹੈ ਜਿਸ ਦੀ ਸੁਰੱਖਿਆ ਅਤੇ ਵਾਧੇ ਲਈ ਨਿਰੰਤਰ ਅਰਦਾਸ ਕੀਤੀ ਜਾਂਦੀ ਹੈ।
ਇਸ ਖਿੱਤੇ ਵਿਚ ਪੈਦਾ ਹੋਣ ਵਾਲੇ ਅਨਾਜ ਨੇ ਕੇਵਲ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਦੀ ਹੀ ਪੂਰਤੀ ਨਹੀਂ ਕੀਤੀ ਬਲਕਿ ਦੇਸ਼ ਦੀਆਂ ਅੰਨ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਵੱਡਾ ਹਿੱਸਾ ਪਾਇਆ ਹੈ। ਇਸ ਲਈ ਇਹ ਫਸਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ ਦੇ ਲੋਕਾਂ ਲਈ ਖੁਸ਼ੀਆਂ ਪੈਦਾ ਕਰਨ ਵਿਚ ਯੋਗਦਾਨ ਪਾਉਂਦੀ ਹੈ। ਇਸ ਮੌਸਮ ਦੌਰਾਨ ਪੰਜਾਬ ਦੇ ਲੋਕਾਂ ਦੇ ਚਿਹਰੇ ’ਤੇ ਦਿਖਾਈ ਦਿੰਦੀ ਖੁਸ਼ੀ ਨੂੰ ਭਾਵੇਂ ਬਹੁਤ ਸਾਰੇ ਕਵੀਆਂ ਨੇ ਰੂਪਮਾਨ ਕੀਤਾ ਹੈ ਪਰ ਧਨੀ ਰਾਮ ਚਾਤ੍ਰਿਕ ਦੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਸਿਰਲੇਖ ਅਧੀਨ ਕਵਿਤਾ ਦਾ ਪੰਜਾਬੀਆਂ ਦੇ ਮਨਾਂ ’ਤੇ ਸਭ ਤੋਂ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਪੰਜਾਬ ਦੇ ਲੋਕ ਬਹੁਤ ਹੀ ਖੁਸ਼ੀ, ਜੋਸ਼, ਉਤਸ਼ਾਹ ਅਤੇ ਚਾਅ ਨਾਲ ਇਸ ਕਵਿਤਾ ਦਾ ਗਾਇਨ ਕਰਦੇ ਹਨ ਅਤੇ ਹੁਣ ਇਹ ਕਵਿਤਾ ਲੋਕ ਮਨਾਂ ਵਿਚ ਪ੍ਰਵੇਸ਼ ਕਰ ਗਈ ਹੈ।
ਇਸ ਤਿਉਹਾਰ ਨੇ ਪੰਜਾਬੀਆਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ। ਇਸ ਕਰਕੇ ਫਸਲ ਦੇ ਪੱਕ ਕੇ ਵਿਕ ਜਾਣ ਉਪਰੰਤ ਹੀ ਕਿਸਾਨਾਂ ਵੱਲੋਂ ਸਮੂਹ ਪਰਿਵਾਰਕ, ਸਮਾਜਕ ਅਤੇ ਧਾਰਮਕ ਕਾਰਜਾਂ ਵਿਚ ਯੋਗਦਾਨ ਪਾਇਆ ਜਾਂਦਾ ਹੈ। ਇਸ ਲਈ ਇਸ ਤਿਉਹਾਰ ਮੌਕੇ ਕੇਵਲ ਮੇਲਿਆਂ ਵਿਚ ਹੀ ਰੌਣਕ ਦੇਖਣ ਨੂੰ ਨਹੀਂ ਮਿਲਦੀ ਬਲਕਿ ਧਾਰਮਕ ਅਸਥਾਨਾਂ ’ਤੇ ਵੀ ਵੱਡੀ ਗਿਣਤੀ ਵਿਚ ਲੋਕ ਹਾਜ਼ਰੀ ਭਰਦੇ ਹਨ।
ਪੰਜਾਬ ਦੇ ਲੋਕਾਂ ’ਤੇ ਗੁਰੂ ਸਾਹਿਬਾਨ ਦਾ ਸਭ ਤੋਂ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਤੇ ਹਰ ਧਰਮ ਨਾਲ ਸੰਬੰਧਿਤ ਵਿਅਕਤੀ ਗੁਰੂ-ਘਰ ਪ੍ਰਤੀ ਆਸਥਾ ਰੱਖਦਾ ਹੈ। ਆਵਾਜਾਈ ਅਤੇ ਆਰਥਿਕਤਾ ਕਮਜ਼ੋਰ ਹੋਣ ਕਰਕੇ ਪਹਿਲਾਂ ਆਮ ਲੋਕ ਕੇਵਲ ਦੀਵਾਲੀ ਅਤੇ ਬੈਸਾਖੀ ਨੂੰ ਹੀ ਗੁਰੂ-ਘਰਾਂ ਵਿਚ ਹਾਜ਼ਰੀ ਭਰਦੇ ਸਨ ਪਰ ਜਿਉਂ-ਜਿਉਂ ਇਹ ਦੋਵੇਂ ਸਾਧਨ ਮਜ਼ਬੂਤ ਹੁੰਦੇ ਗਏ ਗੁਰਧਾਮਾਂ ਵਿਚ ਸਾਰਾ ਸਾਲ ਹੀ ਰੌਣਕ ਵੀ ਵੱਧਦੀ ਗਈ।
ਸਿੱਖ ਧਰਮ ਨਾਲ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਰਾਂ ਮਹੀਨਿਆਂ ਨਾਲ ਸੰਬੰਧਿਤ ਬਾਣੀ ਦੀ ਰਚਨਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਇਸ ਮਹੀਨੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦੇ ਹਨ - ਵੈਸਾਖੁ ਭਲਾ ਸਾਖਾ ਵੇਸ ਕਰੇ॥ ਇਸਦਾ ਭਾਵ ਹੈ ਕਿ ਇਸ ਮਹੀਨੇ ਵਿਚ ਪਤਝੜ ਤੋਂ ਬਾਅਦ ਰੌਣਕ ਪਰਤ ਰਹੀ ਹੈ, ਰੁੱਖਾਂ ’ਤੇ ਕਰੂੰਬਲਾਂ ਫੁੱਟ ਗਈਆਂ ਹਨ ਅਤੇ ਰੁੰਡ-ਮੁੰਡ ਹੋਏ ਰੁੱਖਾਂ ਦੀ ਪਛਾਣ ਸੰਭਵ ਹੋ ਗਈ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹੀਨੇ ਵਿਚ ਪ੍ਰਭੂ-ਪ੍ਰੀਤ ਪੈਦਾ ਕਰਨ ਦਾ ਮਹੱਤਵ ਦੱਸਿਆ ਹੈ।
ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਵਿਚ ਵੀ ਸੰਗਤ ਨੂੰ ਦੀਵਾਲੀ ਅਤੇ ਬੈਸਾਖੀ ਦੇ ਮੌਕੇ ਗੁਰੂ-ਘਰ ਆਉਣ ਦਾ ਆਦੇਸ਼ ਕੀਤਾ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਤਿਉਹਾਰ ਵਿਸ਼ੇਸ਼ ਰੂਪ ਧਾਰਨ ਕਰ ਗਿਆ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਇਸ ਮਹੀਨੇ ਵਿਚ ਰੁੱਖਾਂ ਦੇ ਨਵੇਂ ਰੂਪ ਦਾ ਜ਼ਿਕਰ ਕੀਤਾ ਹੈ ਜਿਹੜਾ ਕਿ ਉਹਨਾਂ ਦੀ ਪਛਾਣ ਨੂੰ ਕਾਇਮ ਕਰਨ ਲਈ ਮਹੱਤਵਪੂਰਨ ਹੈ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹੀਨੇ ਮਨੁੱਖਾਂ ਦੀ ਸਦੀਵੀ ਪਛਾਣ ਕਾਇਮ ਕਰਨ ਦਾ ਸਫ਼ਲ ਯਤਨ ਕੀਤਾ ਹੈ।
ਗੁਰੂ ਜੀ ਦੁਆਰਾ ਖ਼ਾਲਸੇ ਦੀ ਸਿਰਜਨਾ ਨੂੰ ਵਿਸ਼ੇਸ਼ ਰੂਪ ਵਿਚ ਦੇਖਿਆ ਜਾਂਦਾ ਹੈ ਜਿਸ ਨੇ ਸਮਾਜ ਵਿਚੋਂ ਜਾਤਪਾਤ, ਊਚ-ਨੀਚ, ਭੇਦਭਾਵ ਅਤੇ ਅਮੀਰ-ਗਰੀਬ ਦੀ ਪਛਾਣ ਨੂੰ ਖਤਮ ਕਰਕੇ ਇਕ ਨਿਸ਼ਾਨ ਅਤੇ ਇਕ ਵਿਧਾਨ ਅਧੀਨ ਸਭਨਾਂ ਨੂੰ ਪ੍ਰਵਾਨ ਕਰਨ ਦਾ ਵਿਲੱਖਣ ਕਾਰਜ ਕੀਤਾ ਹੈ। ਗੁਰੂ ਜੀ ਨੇ ਸਿੱਖਾਂ ਨੂੰ ਅਜਿਹੀ ਵਿਲੱਖਣ ਪਛਾਣ ਪ੍ਰਦਾਨ ਕੀਤੀ ਹੈ ਜਿਹੜੀ ਕਿ ਹਰ ਮੌਸਮ, ਦਸ਼ਾ ਅਤੇ ਦਿਸ਼ਾ ਵਿਚ ਲੁਕੋ ਸਕਣੀ ਅਸੰਭਵ ਹੈ। ਸਿੱਖ ਦੀ ਇਹ ਵਿਲੱਖਣ ਪਛਾਣ ਉਸ ਨੂੰ ਹਮੇਸ਼ਾਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ, ਸਰਬੱਤ ਦਾ ਭਲਾ ਮੰਗਦੀ ਹੈ ਅਤੇ ਪਰਉਪਕਾਰ ਦੇ ਕਾਰਜ ਕਰਦੀ ਹੈ। ਭਾਈ ਨੰਦ ਲਾਲ ਜੀ ਦੁਆਰਾ ਰਚਿਤ ਇਹ ਪੰਕਤੀਆਂ ਗੁਰੂ ਜੀ ਦੁਆਰਾ ਪੈਦਾ ਕੀਤੇ ਗਏ ਖ਼ਾਲਸੇ ਦੇ ਉਦੇਸ਼ ਦੀ ਰੂਪ-ਰੇਖਾ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ:
ਖਾਲਸਾ ਸੋਇ ਨਿਰਧਨ ਕੋ ਪਾਲੈ, ਖਾਲਸਾ ਸੋਇ ਦੁਸ਼ਟ ਕੋ ਗਾਲੈ।
ਖਾਲਸਾ ਸੋਇ ਨਾਮ ਜਪ ਕਰੈ, ਖਾਲਸਾ ਸੋਇ ਮਲੇਛ ਪਰ ਚੜ੍ਹੈ।
ਖਾਲਸਾ ਸੋਇ ਨਾਮ ਸਿਉ ਜੋੜੈ, ਖਾਲਸਾ ਸੋਇ ਬੰਧਨ ਕੋ ਤੋੜੈ।
ਖਾਲਸਾ ਸੋਇ ਜੋ ਚੜ੍ਹੇ ਤੁਰੰਗ, ਖਾਲਸਾ ਸੋਇ ਜੋ ਕਰੇ ਨਿਤ ਜੰਗ।
ਖਾਲਸਾ ਸੋਇ ਸ਼ਸਤਰ ਕੋ ਧਾਰੈ, ਖਾਲਸਾ ਸੋਇ ਦੁਸ਼ਟ ਕੋ ਮਾਰੈ।
ਪਰਮਾਤਮਾ ਨਾਲ ਜੁੜਨ ਅਤੇ ਸਰਬੱਤ ਦੀ ਭਲਾਈ ਵਾਲੇ ਜਿਹੜੇ ਕਾਰਜਾਂ ਦੀ ਨਿਸ਼ਾਨਦੇਹੀ ਉਕਤ ਪੰਕਤੀਆਂ ਵਿਚ ਕੀਤੀ ਗਈ ਹੈ ਜਿਸ ’ਤੇ ਚੱਲਦੇ ਹੋਏ ਸਿੱਖਾਂ ਦੇ ਦੇਸ-ਦੁਨੀਆਂ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਭਾਵੇਂ ਕਿ ਪੰਜਾਬ ਵਿਚ ਤਖ਼ਤ ਸੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ ਅਤੇ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਸਿੱਖਿਆ ਨੂੰ ਹਿਰਦੇ ਵਿਚ ਗ੍ਰਹਿਣ ਕਰਦੀ ਹੈ ਪਰ ਹੁਣ ਇਸ ਦਾ ਪ੍ਰਭਾਵ ਦੁਨੀਆਂ ਦੇ ਵਿਭਿੰਨ ਦੇਸਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵਰਗੇ ਵੱਡੇ ਮੁਲਕਾਂ ਵੱਲੋਂ ਮਾਨਤਾ ਦੇਣ ਨਾਲ ਇਸ ਤਿਉਹਾਰ ਨੂੰ ਅੰਤਰ-ਰਾਸ਼ਟਰੀ ਪਛਾਣ ਪ੍ਰਾਪਤ ਹੋਈ ਹੈ। ਕਈ ਦੇਸਾਂ ਵਿਚ ‘ਦਸਤਾਰ ਦਿਵਸ’ ਵਜੋਂ ਇਸ ਤਿਉਹਾਰ ਨੂੰ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੁੰਦਾ ਜਾ ਰਿਹਾ ਹੈ।
ਭਾਵੇਂ ਕਿ ਇਸ ਤਿੳਹਾਰ ਦੀ ਪਛਾਣ ਅਤੇ ਪ੍ਰਸਿੱਧੀ ਨੇ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਵਧਾਇਆ ਹੈ ਪਰ ਨਾਲ ਹੀ ਕੁੱਝ ਅਜਿਹੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਇਆ ਹੈ ਜਿਹੜੀਆਂ ਕਿ ਜੀਵਨ ਵਿਚ ਖੁਸ਼ੀਆਂ ਅਤੇ ਖੇੜੇ ਲਿਆਉਣ ਦਾ ਅਧਾਰ ਮੰਨੀਆਂ ਗਈਆਂ ਹਨ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਪਾਣੀ ਹੈ। ਪਾਣੀ ਨੇ ਪੰਜਾਬ ਦੀ ਜ਼ਮੀਨ ਨੂੰ ਖ਼ੁਸ਼ਹਾਲ ਬਣਾਇਆ ਹੈ ਜਿਸ ਕਰਕੇ ਇਸ ਇਲਾਕੇ ਨੂੰ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਖਿੱਤੇ ਵੱਜੋਂ ਜਾਣਿਆ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਪਾਣੀ ਵਿਚ ਬਾਣੀ ਦਾ ਸੁਮੇਲ ਕਰਕੇ ਖ਼ਾਲਸੇ ਦੀ ਸਿਰਜਨਾ ਕੀਤੀ ਤਾਂ ਇਸ ਨੇ ਜਿੱਥੇ ਬਾਹਰੀ ਹਮਲਾਵਰਾਂ ਦਾ ਟਾਕਰਾ ਕੀਤਾ ਉੱਥੇ ਸਮਾਜ ਵਿਚ ਗੁਰੂ ਸਾਹਿਬਾਨ ਦੁਆਰਾ ਪੈਦਾ ਕੀਤੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਜਿਸ ਦੇ ਸਿੱਟੇ ਵੱਜੋਂ ਆਮ ਲੋਕਾਂ ਨੇ ਉਹਨਾਂ ਨੂੰ ਆਪਣੇ ਆਗੂ ਪ੍ਰਵਾਨ ਕਰ ਲਿਆ ਸੀ ਅਤੇ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਸਮਝੇ ਜਾਂਦੇ ਅੰਗਰੇਜ਼ ਵੀ ਉਹਨਾਂ ਨਾਲ ਸੰਧੀ ਕਰਨ ਲਈ ਮਜਬੂਰ ਹੋ ਗਏ ਸਨ।
ਮੌਜੂਦਾ ਸਮੇਂ ਵਿਚ ਪੰਜਾਬ ਵੱਲੋਂ ਪੈਦਾ ਕੀਤੇ ਜਾ ਰਹੇ ਅਨਾਜ ਦੀ ਪੁਰਾਤਨ ਗੁਣਵੱਤਾ ਗੁਆਚਦੀ ਜਾ ਰਹੀ ਹੈ ਅਤੇ ਦੂਜੇ ਰਾਜਾਂ ਵਿਚ ਪੈਦਾ ਹੋ ਰਹੀ ਕਣਕ ਦਾ ਆਟਾ ਪੰਜਾਬ ਦੀਆਂ ਆਟਾ-ਚੱਕੀਆਂ ’ਤੇ ਆਮ ਦੇਖਿਆ ਜਾ ਸਕਦਾ ਹੈ। ਅਨਾਜ ਦੀ ਗੁਣਵੱਤਾ ਨੂੰ ਉੱਚਾ ਚੁੱਕਣਾ ਅਤੇ ਪਾਣੀ ਨੂੰ ਬਚਾਉਣਾ ਹੀ ਭਵਿੱਖ ਦੀਆਂ ਨਸਲਾਂ ਦੀਆਂ ਖੁਸ਼ੀਆਂ ਖੇੜਿਆਂ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾ ਸਕਦਾ ਹੈ।
ਖੇਤੀ ਦੇ ਨਾਲ-ਨਾਲ ਖ਼ਲਕਤ ਵਿਚ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਕੇ ਹੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। ਨਹੀਂ ਤਾਂ ਜਿਸ ਤਰ੍ਹਾਂ ਝੂਠ, ਬੇਈਮਾਨੀ ਅਤੇ ਨਸ਼ਿਆਂ ਦਾ ਬੋਲਬਾਲਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਉਹ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਨਾਲ ਹੀ ਮਾਣ ਪੈਦਾ ਕਰ ਰਹੇ ਆਦਰਸ਼ਾਂ ਨੂੰ ਵੀ ਖੋਰਾ ਲਗਾ ਰਿਹਾ ਹੈ। ਬੈਸਾਖੀ ਦੇ ਤਿੳਹਾਰ ਮੌਕੇ ਆਪਣੇ ਪਿਛੋਕੜ ਵੱਲ ਝਾਤ ਮਾਰਨ ਦੀ ਲੋੜ ਹੈ ਜਿਸ ਵਿਚੋਂ ਸ਼ੁੱਧ ਪਾਣੀ, ਸ਼ੁੱਧ ਅਨਾਜ, ਸ਼ੁੱਧ ਆਚਾਰ, ਸ਼ੁੱਧ ਵਿਹਾਰ ਅਤੇ ਸ਼ੁੱਧ ਵਿਚਾਰ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਸੰਸਾਰ ਵਿਚ ਉੱਚਤਮ ਸਥਾਨ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Comments (0)