ਨਿਊ ਜਰਸੀ ਸੈਨਿਟ ਅਤੇ ਐਸੰਬਲੀ ਨੇ ਸਾਂਝੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਤਸਲੀਮ ਕੀਤਾ

ਨਿਊ ਜਰਸੀ ਸੈਨਿਟ ਅਤੇ ਐਸੰਬਲੀ ਨੇ ਸਾਂਝੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਤਸਲੀਮ ਕੀਤਾ

ਨਿਊ ਯਾਰਕ: ਸੋਮਵਾਰ ਦਾ ਦਿਨ ਵਿਸ਼ਵ ਭਰ ਦੇ ਸਿੱਖਾਂ ਲਈ  ਇਕ ਨਿਵੇਕਲੀ ਖੁਸ਼ਖਬਰੀ ਲੈਕੇ ਆਇਆ ਹੈ। ਅਮਰੀਕਾ ਦੀ ਨਿਊ ਜਰਸੀ ਸਟੇਟ ਦੀ ਸੈਨਿਟ ਅਤੇ ਐਸੰਬਲੀ ਨੇ ਇੱਕ ਯੁਆਇੰਟ ਬਿਲ ਪਾਸ ਕੀਤਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਨਿਟ ਅਤੇ ਐਸੰਬਲੀ ਵਲੋਂ ਧਾਰਮਿਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰਖਣ ਦਾ ਦਰਜਾ ਦਿਤਾ ਗਿਆ ਹੈ। ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਦੇ ਤੌਰ 'ਤੇ ਪਰਵਾਨ ਕੀਤਾ ਹੈ। 

ਇਸ ਬਿਲ ਵਿੱਚ ਸਿੱਖ ਕੌਮ ਨੂੰ ਵਖਰਾ ਧਰਮ ਅਤੇ ਘਟ ਗਿਣਤੀ ਧਰਮ ਦੇ ਤੌਰ ਤੇ ਐਲਾਨਿਆ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ ਨੇ ਦਸਿਆ ਕਿ ਇਸ ਬਿਲ ਨੂੰ ਸੈਨਿਟ ਅਤੇ ਐਸੰਬਲੀ ਵਿੱਚ ਕਰਮਵਾਰ ਪਿਛਲੇ ਦਸੰਬਰ ਅਤੇ ਇਸ ਸਾਲ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ। ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨੁਮਾਇਦਿਆਂ ਵਲੋਂ ਮਿਜਊਰਟੀ ਸੈਨਿਟ ਆਫਿਸ ਨਾਲ ਮੀਟਿੰਗ ਕਰਕੇ ਬਿਲ ਵਿੱਚ ਕੁਝ ਸੋਧਾਂ ਕਰਕੇ ਦਰੁਸਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਹਿਮਤੀ ਤੋਂ ਬਾਅਦ ਦੁਬਾਰਾ ਸੈਨਿਟ ਵਿੱਚ 22 ਜੂਨ ਨੂੰ ਪੇਸ਼ ਕੀਤਾ ਗਿਆ। 

ਇਸ ਬਿੱਲ ਦੇ ਸਪੌਂਸਰ ਮਿਸਟਰ ਸਟੀਫਨ ਸਬੀਨੀ ਜੋ ਕਿ ਨਿਊਜਰਸੀ ਸਟੇਟ ਦੀ ਸੈਨਿਟ ਦੇ ਪ੍ਰਧਾਨ ਹਨ ਅਤੇ ਕੁ ਸਪਾਂਸਰ ਪੈਟਰਿਕ ਡੀਗਨੈਨ ਹਨ। ਮਿਸਟਰ ਪੈਟਰਿਕ ਡੀਗਨੈਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰਸਤਾਵ ਸੈਨਿਟ ਵਿੱਚ ਸੋਮਵਾਰ 29 ਜੂਨ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕਰ ਦਿਤਾ ਗਿਆ। 

ਉਹਨਾਂ ਕਿਹਾ, "ਅਸੀਂ ਨਿਊਜਰਸੀ ਸੈਨਿਟ ਤੇ ਐਸੰਬਲੀ ਦੇ ਤਹਿ ਦਿੱਲੋਂ ਧੰਨਵਾਦੀ ਹਾਂ।" ਅਮਰੀਕਾ ਦੀ ਨਿਊਜਰਸੀ ਇਕ ਇਹੋ ਜਿਹੀ ਸਟੇਟ ਹੈ ਜਿਥੇ ਸਿੱਖਾਂ ਦਾ ਭਾਰੀ ਬੋਲਬਾਲਾ ਹੈ। ਇਸ ਸਟੇਟ ਦੇ ਆਟੌਰਨੀ ਜਨਰਲ ਵੀ ਸ੍ਰ ਗੁਰਵੀਰ ਸਿੰਘ ਗਰੇਵਾਲ ਸਿੱਖ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਨਿਊਜਰਸੀ ਦੇ ਸਾਰੇ ਨਾਨਕ ਨਾਮ ਲੇਵਾ ਸਿੱਖਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿੰਨਾਂ ਦੀ ਸਖਤ ਮਿਹਨਤ ਦਾ ਪ੍ਰਭਾਵ ਨਿਊਜਰਸੀ ਦੀ ਰਾਜਨੀਤਕ ਲੀਡਰਸ਼ਿੱਪ ਵਿੱਚ ਹੈ।