ਬਰਤਾਨੀਆ ਵਿਚ ਤੂੰਬੀ ਤੇ ਢੋਲ ਉੱਤੇ ਵਿਦੇਸ਼ੀ ਨਚਾਉਣ ਵਾਲਾ ਗਾਇਕ ਮਲਕੀਤ ਸਿੰਘ

ਬਰਤਾਨੀਆ ਵਿਚ ਤੂੰਬੀ ਤੇ ਢੋਲ ਉੱਤੇ ਵਿਦੇਸ਼ੀ ਨਚਾਉਣ ਵਾਲਾ ਗਾਇਕ ਮਲਕੀਤ ਸਿੰਘ

*ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਵੀ ਇੱਕ ਗੀਤ ਲੈ ਕੇ ਆਉਣ ਦੀ ਤਿਆਰੀ  ਵਿਚ ਨੇ ਮਲਕੀਤ ਸਿੰਘ

*ਮੈਨੂੰ ਸਟੂਡੈਂਟਾਂ ਨੇ ਗਾਇਕ ਬਣਾਇਆ-ਮਲਕੀਤ ਸਿੰਘ

1980ਵਿਆਂ ਵਿੱਚ ‘ਗੁੜ ਨਾਲੋਂ ਇਸ਼ਕ ਮਿੱਠਾ’ ਵਰਗੇ ਗੀਤਾਂ ਨਾਲ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ  ਗੋਲਡਨ ਸਟਾਰ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਕਈ ਹਿੱਟ ਗਾਣੇ ਦਿੱਤੇ ਹਨ ਤੇ ਅੱਜ ਵੀ ਉਹ ਆਪਣੇ ਗੀਤਾਂ ਰਾਹੀਂ ਪੰਜਾਬੀ ਇੰਡਸਟਰੀ ਵਿੱਚ ਕਾਇਮ ਹਨ।ਸਾਲ 1962 ਵਿੱਚ ਪੰਜਾਬ ਦੇ ਹੁਸੈਨਪੁਰ ਵਿੱਚ ਜਨਮੇ ਮਲਕੀਤ ਸਿੰਘ ਸਾਲ 1984 ਵਿੱਚ ਬ੍ਰਿਟੇਨ ਦੇ ਬਰਮਿੰਘਮ ਵਿੱਚ ਆ ਕੇ ਵਸ ਗਏ ਸਨ।ਮਲਕੀਤ ਸਿੰਘ ਨੂੰ ਬ੍ਰਿਟੇਨ ਦੀ ਮਹਾਰਾਣੀ ਵੱਲੋਂ 2008 ਵਿੱਚ ਐੱਮਬੀਈ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਸਾਲ 2012 ਵਿੱਚ ਮਲਕੀਤ ਸਿੰਘ ਨੂੰ ‘ਬਰਮਿੰਘਮਜ਼ ਬ੍ਰੌਡ ਸਟ੍ਰੀਟ ਵਾਕ ਆਫ ਸਟਾਰਜ਼ ਨਾਲ ਵੀ ਸਨਮਾਨਿਆ ਗਿਆ ਸੀ।

ਮਲਕੀਤ ਸਿੰਘ ਨੂੰ ਜਦੋਂ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਗਾਇਕੀ ਬਾਰੇ ਪੁੱਛਿਆ ਤਾਂ ਉਹ ਕਹਿੰਦੇ, “ ਮੈਨੂੰ ਸਟੂਡੈਂਟਾਂ ਨੇ ਗਾਇਕ ਬਣਾਇਆ।ਅੱਜ ਵੀ ਵਿਦੇਸ਼ਾਂ ਵਿੱਚ ਮੈਂ ਸ਼ੋਅਜ਼ ਕਰਨ ਲਈ ਜਾਂਦਾ ਹਾਂ ਤਾਂ ਖਾਲਸਾ ਕਾਲਜ, ਜਲੰਧਰ ਦੇ ਮੇਰੇ ਸਾਥੀ ਮੈਨੂੰ ਆਪਣੇ ਪਰਿਵਾਰਾਂ ਨਾਲ ਮਿਲਦੇ ਹਨ।ਮੈਂ ਉੁਨ੍ਹਾਂ ਨੂੰ ਕਹਿੰਦਾ ਹਾਂ ਕਿ ਮੈਂ ਤੁਹਾਡਾ ਕਰਜ਼ਦਾਰ ਹਾਂ। ਤੁਸੀਂ ਹੀ ਮੈਨੂੰ ਸਟਾਰ ਬਣਾਇਆ ਹੈ।ਜਦੋਂ ਮੈਂ ਯੂਨੀਵਰਸਿਟੀ ਵਿੱਚ ਗਾਉਂਦਾ ਹੁੰਦਾ ਸੀ, ‘ਗੁੜ ਨਾਲੋਂ ਇਸ਼ਕ ਮਿੱਠਾ’ ਤਾਂ ਕੁੜੀਆਂ ਅਤੇ ਮੁੰਡਿਆਂ ਨੇ ਕਹਿਣਾ ‘ਓਹੋ, ਹਾਏ-ਹਾਏ’। ਇਸੇ ਕਾਰਨ ਉਹ ਗਾਣਾ ਮੇਰੇ ਰਿਕਾਰਡ ਕਰਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਹਿੱਟ ਸੀ। ਸਾਰੇ ਕਹਿੰਦੇ ਸੀ ਕਿ ਖਾਲਸਾ ਕਾਲਜ ਜਲੰਧਰ ਦੇ ਮੁੰਡੇ ਮਲਕੀਤ ਸਿੰਘ ਦਾ ਗਾਣਾ ਹੈ।”

ਮਲਕੀਤ ਸਿੰਘ ਕਹਿੰਦੇ ਹਨ, “ਗਾਣਾ ਗਾਉਣਾ ਮੇਰਾ ਪਹਿਲਾਂ ਦਾ ਸ਼ੌਂਕ ਸੀ। ਫਿਰ ਮੈਂ ਬ੍ਰਿਟੇਨ ਆ ਗਿਆ। ਉੱਥੇ ਮੈਂ ਕਾਫੀ ਮਿਹਨਤ ਕੀਤੀ। ਮੇਰੇ ਦੋਸਤ-ਮਿੱਤਰ ਮੈਨੂੰ ਕਹਿੰਦੇ ਤੁਸੀਂ ਪੰਜਾਬ ਵਿੱਚ ਤਾਂ ਕਾਫੀ ਚੰਗਾ ਗਾਉਂਦੇ ਸੀ, ਇੱਥੇ ਵੀ ਕੁਝ ਰਿਕਾਰਡਿੰਗ ਕਰੋ।ਉਸ ਵੇਲੇ ਲੰਡਨ ਵਿੱਚ ਸਾਜ਼ ਵਜਾਉਣ ਵਾਲੇ ਨਹੀਂ ਹੁੰਦੇ ਸੀ। ਫਿਰ ਇੰਡੀਆ ਤੋਂ ਇੱਕ ਭੰਗੜੇ ਦੀ ਟੀਮ ਲੰਡਨ ਆਈ ਜਿਸ ਵਿੱਚ ਇੱਕ ਢੋਲ ਵਾਲਾ ਸੀ, ਇੱਕ ਹਰਮੋਨੀਅਮ ਵਾਲਾ ਸੀ। ਤੂੰਬੀ ਮੈਂ ਖੁਦ ਵਜਾ ਲੈਂਦਾ ਸੀ।ਗੁੜ ਨਾਲੋਂ ਇਸ਼ਕ ਮਿੱਠਾ ਮੈਂ ਬਰਮਿੰਘਮ ਵਿੱਚ ਰਿਕਾਰਡ ਕੀਤਾ। ਜਦੋਂ ਮੈਂ ਇਹ ਗੀਤ ਰਿਲੀਜ਼ ਕੀਤਾ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ। ਅਸੀਂ ਵੀ ਜੋਸ਼-ਜੋਸ਼ ਵਿੱਚ 11-12 ਮਿੰਟ ਦਾ ਗਾਣਾ ਰਿਲੀਜ਼ ਕਰ ਦਿੱਤਾ।ਲੋਕ ਨੱਚਣਾ ਚਾਹੁੰਦੇ ਸੀ। ਗੁੜ ਨਾਲੋਂ ਇਸ਼ਕ ਮਿੱਠਾ ਗਾਣਾ ਇੰਨਾ ਮਸ਼ਹੂਰ ਹੋਇਆ ਕਿ ਮੈਨੂੰ ਕੌਂਸਰਟ ਮਿਲਣੇ ਸ਼ੁਰੂ ਹੋ ਗਏ। ਫਿਰ ਮੈਂ ਇੱਕ ਗਾਇਕ ਬਣ ਗਿਆ ਤੇ ਮੇਰੀ ਪ੍ਰੋਫੈਸ਼ਨਲ ਲਾਈਫ ਸ਼ੁਰੂ ਹੋ ਗਈ। ਫਿਰ ਤੂਤਕ-ਤੂਤਕ ਤੂਤੀਆਂ ਗਾਣਾ ਹਿੱਟ ਹੋ ਗਿਆ।

ਬ੍ਰਿਟੇਨ ਵਿੱਚ ਆਪਣੇ ਕਰੀਅਰ ਬਾਰੇ ਮਲਕੀਤ ਸਿੰਘ ਕਹਿੰਦੇ ਹਨ, “ਤੂਤਕ-ਤੂਤਕ ਤੂਤੀਆਂ ਤੱਕ ਮੈਂ ਕੰਮ ਕਰਦਾ ਰਿਹਾ। ਉਸ ਵੇਲੇ ਬੀਬੀਸੀ ਹੀ ਮੁੱਖ ਤੌਰ ਉੱਤੇ ਹੁੰਦਾ ਸੀ। ਬੀਬੀਸੀ ਉੱਤੇ ਸਾਡੇ ਗਾਣੇ ਲਗਦੇ ਸਨ। ਹੁਣ ਤਾਂ ਹੋਰ ਵੀ ਪੰਜਾਬੀ ਰੇਡੀਓ ਬ੍ਰਿਟੇਨ ਵਿੱਚ ਆ ਗਏ ਹਨ।ਅਸੀਂ ਬੀਬੀਸੀ ਨਾਲ ਕਈ ਪ੍ਰੋਗਰਾਮ ਕੀਤੇ ਸਨ ਜਿਨ੍ਹਾਂ ਵਿੱਚ ਕਈ ਚੈਰਿਟੀ ਪ੍ਰੋਗਰਾਮ ਵੀ ਸਨ। ਪਹਿਲਾਂ ਸਾਡਾ ਗਾਣਾ ਕੇਵਲ ਢੋਲ ਤੇ ਤੁੰਬੀ ਦੇ ਨਾਲ ਥੋੜ੍ਹੇ ਮਿਊਜ਼ਿਕ ਨਾਲ ਹੀ ਰਿਕਾਰਡ ਹੋਇਆ ਸੀ।ਜਦੋਂ ਉਸ ਵੇਲੇ ਕਈ ਨੌਜਵਾਨਾਂ ਨੇ ਗਾਣਾ ਬੀਬੀਸੀ ਉੱਤੇ ਸੁਣਿਆ ਤਾਂ ਉਹ ਕਹਿੰਦੇ ਕਿ ਸਾਡਾ ਮਿਊਜ਼ਿਕ ਗੋਰਿਆਂ ਵਰਗਾ ਸਾਊਂਡ ਕਿਉਂ ਨਹੀਂ ਕਰਦਾ। ਇਹ ਤਾਂ ਥੋੜ੍ਹਾ ਦਮਦਾਰ ਹੋਣਾ ਚਾਹੀਦਾ ਹੈ।ਫਿਰ ਅਸੀਂ ਦੂਜੀ ਐਲਬਮ ਵਿੱਚ ਡਰੱਮ ਬੇਸ ਗਿਟਾਰ ਤੇ ਹੋਰ ਸਾਜਾਂ ਦੀ ਵਰਤੋਂ ਕੀਤੀ। ਇਨ੍ਹਾਂ ਸਾਜਾਂ ਦੀ ਵਰਤੋਂ ਕਰਨ ਵਾਲੇ ਅਸੀਂ ਪਹਿਲੇ ਸੀ।ਇਸ ਮਗਰੋਂ ਅਸੀਂ ਲੋਕ ਗੀਤਾਂ ਤੇ ਅੰਗਰੇਜ਼ੀ ਮਿਊਜ਼ਿਕ ਨੂੰ ਮਿਕਸ ਕਰਦੇ ਰਹੇ ਜੋ ਲੋਕਾਂ ਨੂੰ ਪਸੰਦ ਆਇਆ। ਅਸੀਂ ਬੋਲ ਉਹੀ ਰੱਖੇ ਤੇ ਪਹਿਰਾਵਾ ਵੀ ਨਹੀਂ ਬਦਲਿਆ ਬਸ ਮਿਊਜ਼ਿਕ ਵਿੱਚ ਬਦਲਾਅ ਕੀਤਾ ਤਾਂ ਜੋ ਨੌਜਵਾਨਾਂ ਨੂੰ ਪਸੰਦ ਆ ਸਕੇ।”

ਮਲਕੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਨਾਈਟ ਕਲੱਬਾਂ ਵਿੱਚ ਵੀ ਕਾਫੀ ਪੇਸ਼ਕਾਰੀਆਂ ਦਿੱਤੀਆਂ ਸਨ।ਇਥੇ ਕਦੇ ਕਿਸੇ ਭਾਰਤੀ ਨੇ ਪੇਸ਼ਕਾਰੀ ਨਹੀਂ ਦਿੱਤੀ ਸੀ।ਰਾਤ 12-12 ਵਜੇ ਤੱਕ ਨਾਈਟ ਕਲੱਬਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ। ਮੈਂ ਕਈ ਵਾਰ ਸਵੇਰੇ ਤਿੰਨ-ਤਿੰਨ ਵਜੇ ਸਟੇਜ ਉੱਤੇ ਚੜ੍ਹਦਾ ਹੁੰਦਾ ਸੀ। ਅਸੀਂ ਅੰਗਰੇਜ਼ਾਂ ਨੂੰ ਦੱਸ ਦਿੱਤਾ ਸੀ ਕਿ ਸੋਲਡ ਆਊਟ ਸ਼ੋਅ ਦੇ ਲਈ ਪੰਜਾਬੀ ਮਿਊਜ਼ਿਕ ਬੇਹੱਦ ਜ਼ਰੂਰੀ ਹੈ।ਅਸੀਂ ਨਾਈਟ ਕਲੱਬਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਨਾਲ ਜੋੜਿਆ। ਅਸੀਂ ਦੱਸਿਆ ਕਿ ਅੰਗਰੇਜ਼ੀ ਰੈਪਿੰਗ ਤੋਂ ਪਰੇ ਹੋ ਕੇ ਵੀ ਤੁਸੀਂ ਪੰਜਾਬੀ ਗੀਤਾਂ ਉੱਤੇ ਨੱਚ ਸਕਦੇ ਹੋ।” ਮਲਕੀਤ ਸਿੰਘ ਮੰਨਦੇ ਹਨ ਕਿ ਚੰਗੇ ਗਾਣੇ ਦਾ ਕੋਈ ਜੁੱਗ ਨਹੀਂ ਹੁੰਦਾ ਹੈ। ਉਹ ਕਹਿੰਦੇ ਹਨ, “ਲੋਕ ਕਹਿੰਦੇ ਹਨ ਕਿ ਉਹ ਮਾਡਰਨਾਈਜ਼ ਹੋ ਗਏ ਹਨ ਪਰ ਮੈਨੂੰ ਲਗਦਾ ਹੈ ਕਿ ਕੁਝ ਵੀ ਮਾਡਰਨਾਈਜ਼ ਨਹੀਂ ਹੋਇਆ ਹੈ। ਲੋਕ ਮੇਰੇ ਉਹੀ ਗੀਤ ਪਸੰਦ ਕਰਦੇ ਹਨ ਜੋ ਉਹ 40 ਸਾਲ ਪਹਿਲਾਂ ਸੁਣਨਾ ਚਾਹੁੰਦੇ ਸਨ।”

“ਮੈਂ ਜਾਗੋ ਆਈ ਗਾਇਆ, ਮਾਮਾ ਬੜਾ ਗ੍ਰੇਟ ਗਾਇਆ ਉਹ ਲੋਕਾਂ ਨੂੰ ਕਾਫੀ ਪਸੰਦ ਆਇਆ। ਕਈ ਗੀਤ ਮੈਂ ਵੱਖ-ਵੱਖ ਮਿਊਜ਼ਿਕ ਡਾਇਰੈਕਟਰਾਂ ਨਾਲ ਮਾਰਡਨ ਮਿਊਜ਼ਿਕ ਉੱਤੇ ਗਾਏ ਪਰ ਉਹ ਲੋਕਾਂ ਨੂੰ ਪਸੰਦ ਨਹੀਂ ਆਏ।”

ਮਲਕੀਤ ਸਿੰਘ ਕਹਿੰਦੇ ਹਨ ਕਿ ਜਿਵੇਂ ਲੋਕ ਅੱਜ ਵੀ ਸਰੋਂ ਦਾ ਸਾਗ ਤੇ ਮੱਕੇ ਦੀ ਰੋਟੀ ਖਾਣਾ ਪਸੰਦ ਕਰਦੇ ਹਨ ਉਵੇਂ ਹੀ ਮਿਊਜ਼ਿਕ ਨੂੰ ਜ਼ਿਆਦਾ ਮਾਡਰਨ ਕਰਨ ਦੀ ਲੋੜ ਨਹੀਂ ਹੈ। ਚੰਗਾ ਸੰਗੀਤ ਲੋਕ ਹਮੇਸ਼ਾ ਹੀ ਸੁਣਨਾ ਪਸੰਦ ਕਰਦੇ ਹਨ।ਜਦੋਂ ਗਾਣੇ ਦੇ ਬੋਲ ਲੋਕਾਂ ਨੂੰ ਸਮਝ ਆਉਣਗੇ ਤਾਂ ਹੀ ਗਾਣਾ ਚੱਲਦਾ ਹੈ।ਮਲਕੀਤ ਸਿੰਘ ਕਹਿੰਦੇ, “ਗੀਤ ਉਹੀ ਹੈ ਜੋ ਤੁਹਾਡੇ ਮਾਪਿਆਂ ਨੂੰ ਵੀ ਪਸੰਦ ਹੋਵੇ, ਤੁਹਾਨੂੰ ਵੀ ਪਸੰਦ ਹੋਵੇ ਤੇ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਹੋਵੇ।ਜਦੋਂ ਮੈਂ ਗੀਤ ਗਾਉਂਦਾ ਹਾਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਗੀਤ ਬੱਚੇ ਨੂੰ ਵੀ ਪਸੰਦ ਆਏ ਤੇ ਉਸ ਦੀ ਸਮਝ ਵਿੱਚ ਆਵੇ।ਮੈਂ ਕਈ ਤਜਰਬੇ ਵੀ ਕੀਤੇ ਹਨ। ਮੈ ਨਾਈਟ ਕਲੱਬਾਂ ਵਾਲੇ ਗਾਣੇ ਵੀ ਗਾਏ, ਮਾਵਾਂ ਠੰਢੀਆਂ ਛਾਵਾਂ ਵਰਗੇ ਗੀਤ ਵੀ ਗਾਏ।”

ਮਲਕੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਵੀ ਇੱਕ ਗੀਤ ਲੈ ਕੇ ਆਉਣ ਦੀ ਤਿਆਰੀ ਵਿੱਚ ਹਨ।ਉਹ ਕਹਿੰਦੇ, “ਮੈਨੂੰ ਸ੍ਰੀ ਦਰਬਾਰ ਸਾਹਿਬ ਵਰਗਾ ਸਕੂਨ ਕਿਤੇ ਹੋਰ ਨਹੀਂ ਮਿਲਦਾ। ਦਰਬਾਰ ਸਾਹਿਬ ਆ ਕੇ ਮੈਂ ਬਹੁਤ ਭਾਵੁਕ ਹੋ ਜਾਂਦਾ ਹੈ। ਮੈਂ ਇੱਕ ਗੀਤ ਲਿਖਣਾ ਚਾਹੁੰਦਾ ਹੈ। ਮੈਂ ਵਿਦੇਸ਼ੀਆਂ ਨੂੰ ਵੀ ਦਰਬਾਰ ਸਾਹਿਬ ਬਾਰੇ ਦੱਸਦਾ ਹਾਂ ਤੇ ਸਾਨੂੰ ਪਰਮੋਟ ਵੀ ਕਰਨਾ ਚਾਹੀਦਾ ਹੈ।