ਪੰਜਾਬ ਵਿਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ? (ਕਰਮਜੀਤ ਸਿੰਘ ਚੰਡੀਗੜ੍ਹ) 

ਪੰਜਾਬ ਵਿਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ? (ਕਰਮਜੀਤ ਸਿੰਘ ਚੰਡੀਗੜ੍ਹ) 

ਕਰਮਜੀਤ ਸਿੰਘ ਚੰਡੀਗੜ੍ਹ 
(99150-91063)

ਹਾਲ ਹੀ 'ਚ ਇਕ ਪੰਜਾਬੀ ਅਖਬਾਰ ਵਿਚ ਛਪੀਆਂ ਦੋ ਵਿਦਵਤਾ ਭਰਪੂਰ ਰਚਨਾਵਾਂ 'ਸਾਹਿਤ ਤੇ ਚਿੰਤਨ ਪਰੰਪਰਾ' ਅਤੇ 'ਤਰਕਹੀਣ ਫ਼ੈਸਲਿਆਂ ਪਿਛਲਾ ਤਰਕ' ਵਿਚ ਲੇਖਕਾਂ ਕਰਮਵਾਰ ਸਵਰਾਜਬੀਰ ਅਤੇ ਕੰਵਲਜੀਤ ਸਿੰਘ ਚਿੰਤਨ ਨਾਲ ਜੁੜੇ ਡੂੰਘੇ ਫਿਕਰਾਂ ਦੀ ਯਾਦ ਕਰਵਾ ਰਹੇ ਹਨ। ਇਹ ਰਚਨਾਵਾਂ ਜਿੱਥੇ ਜਾਗਦੇ ਤੇ ਜਗਾਉਣ ਵਾਲੇ ਬੰਦਿਆਂ ਲਈ ਵੱਡੀ ਲਲਕਾਰ ਤੇ ਵੰਗਾਰ ਬਣ ਕੇ ਆਈਆਂ ਹਨ, ਉਥੇ ਤੁਹਾਨੂੰ ਕਿਸੇ ਹੱਦ ਤਕ ਪ੍ਰੇਸ਼ਾਨ ਵੀ ਕਰਦੀਆਂ ਹਨ ਅਤੇ ਸਤਾਉਂਦੀਆਂ ਵੀ ਹਨ।

ਇਕ ਲੇਖਕ ਦੀ ਪਿਆਸ ਇਹ ਜਾਨਣ ਵਿਚ ਹੈ ਕਿ ਪੰਜਾਬ ਦੀ ਜਰਖੇਜ਼ ਜ਼ਮੀਨ 'ਤੇ ਵੀਹਵੀਂ ਸਦੀ ਵਿਚ ਕੋਈ ਵੱਡਾ ਮੌਲਿਕ ਚਿੰਤਕ ਆਖਰਕਾਰ ਕਿਉਂ ਨਹੀਂ ਪੈਦਾ ਹੋਇਆ-ਇੱਕ ਅਜਿਹਾ ਚਿੰਤਕ ਜੋ ਪੰਜਾਬ ਦੀ ਮਿੱਟੀ ਦੇ ਅਦੁਭਤ, ਅਣਪਛਾਤੇ, ਅਣਦਿਸਦੇ-ਦਿਸਦੇ, ਅਣਦੇਖੇ ਅਤੇ ਅਣਵੰਡੇ ਰੰਗਾਂ ਦੇ ਸਾਰੇ ਭੇਤਾਂ ਅਤੇ ਰਹੱਸਾਂ ਨੂੰ ਜੱਗ ਜ਼ਾਹਰ ਕਰ ਦੇਵੇ, ਆਪਣੇ ਕਲਾਵੇ ਵਿਚ ਸਮੇਟ ਲਏ। ਦੂਜੇ ਸ਼ਬਦਾਂ ਵਿਚ ਘੁੱਪ ਹਨੇਰੇ ਵਿਚੋਂ ਕੋਈ ਵੀ ਚੰਦ ਬਣ ਕੇ ਸਾਹਮਣੇ ਕਿਉਂ ਨਹੀਂ ਆ ਸਕਿਆ?

ਦੂਜੇ ਪਾਸੇ ਗੰਭੀਰ ਕਾਰਨਾਂ ਦੀ ਗਹਿਰਾਈ ਵਿਚ ਉਤਰਿਆ ਦੂਜਾ ਲੇਖਕ ਸੱਚਮੁੱਚ ਬਹੁਤ ਦੂਰ ਤਕ ਗਿਆ ਹੈ। ਇਸ ਲੇਖਕ ਨੇ ਨਰਿੰਦਰ ਮੋਦੀ ਦੀ ਜਿੱਤ ਦੇ ਪ੍ਰਸੰਗ ਵਿਚ ਉਨ੍ਹਾਂ ਵਿਦਵਾਨਾਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ ਜੋ ਅਕਸਰ ਸਾਡੇ ਅੰਦਰ ਇਹ ਸਬਕ ਪੱਕਾ ਕਰਦੇ ਆ ਰਹੇ ਹਨ ਕਿ ਦੇਖੋ ਜੀ! ਲੋਕ ਹੀ ਮਹਾਨ ਹੁੰਦੇ ਹਨ, ਰੋਟੀ ਦਾ ਮਸਲਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ, ਬੇਰੁਜ਼ਗਾਰੀ ਮੁਲਕਾਂ ਦੇ ਤਖ਼ਤੇ ਪਲਟ ਦਿੰਦੀ ਹੈ ਆਦਿ-ਆਦਿ। ਲੇਖਕ ਵੱਲੋਂ ਉਠਾਏ ਇਹ ਨੁਕਤੇ ਵੱਡੀ ਬਹਿਸ ਦੀ ਮੰਗ ਕਰਦੇ ਹਨ ਕਿ ਭਾਰਤ ਵਿਚ ਮੋਦੀ ਦੀ ਜਿੱਤ ਨੇ ਦੇਸ਼ਭਗਤੀ, ਫ਼ੌਜੀ ਤਾਕਤ ਅਤੇ ਧਾਰਮਿਕ ਜਨੂੰਨ ਵਰਗੇ ਅਮੂਰਤ ਮੁੱਦਿਆਂ ਨੂੰ ਸਮੂਰਤ ਕਰ ਕੇ ਕਿਵੇਂ ਵਿਖਾ ਦਿੱਤਾ? ਅਤੇ ਉਨ੍ਹਾਂ ਸਾਰਿਆਂ ਮੁੱਦਿਆਂ ਦੀ ਪਿੱਠ ਕਿਉਂ ਤੇ ਕਿਵੇਂ ਲੁਆ ਦਿੱਤੀ ਜੋ ਸਿੱਧੇ ਤੇ ਅਸਿੱਧੇ ਰੂਪ ਵਿਚ ਰੋਟੀ ਨਾਲ ਜੁੜੇ ਹੋਏ ਸਨ? ਇਹ ਲੇਖਕ ਇਕਪਰਤੀ ਕਾਰਨਾਂ ਤੋਂ ਅੱਗੇ ਲਿਜਾ ਕੇ ਉਸ ਥਾਂ ਵੱਲ ਮੋੜ ਕੱਟਦਾ ਹੈ ਜਿਸ ਨੂੰ ਉਸ ਨੇ 'ਸਮੂਹਕ ਅੰਤਰਮੁੱਖਤਾ' ਦਾ ਨਾਂ ਦਿੱਤਾ ਹੈ। ਇਹੋ ਇਕ ਸੋਚ ਹੈ ਜਿਸ ਨੂੰ 'ਸਮੂਹਕ ਬਾਹਰਮੁਖਤਾ' ਨੇ ਹੁਣ ਤਕ ਰੋਕ ਕੇ ਰੱਖਿਆ ਹੋਇਆ ਸੀ ਜਾਂ ਇਸ ਨੂੰ ਅਣਹੋਇਆ ਕਰਾਰ ਦਿੱਤਾ ਹੋਇਆ ਸੀ।

ਇਹ ਸਮੂਹਿਕ ਅੰਤਰਮੁੱਖਤਾ ਅਤੇ ਸਮੂਹਿਕ ਬਾਹਰਮੁਖਤਾ ਕੀ ਹੁੰਦੀ ਹੈ? ਲੇਖਕ ਕੰਵਲਜੀਤ ਸਿੰਘ ਇਸ ਦੀ ਗੰਭੀਰ ਵਿਆਖਿਆ ਵਿਚ ਨਹੀਂ ਪੈਂਦੇ। ਸ਼ਾਇਦ ਜੇ ਇਸ ਦੀ ਵਿਆਖਿਆ ਹੋਣ ਲੱਗੀ ਤਾਂ ਖੱਬੇ ਪੱਖੀ ਰੁਝਾਨਾਂ ਦੀ ਹਮਾਇਤ ਉੱਤੇ ਉਸਰਿਆ ਇਹ ਲੇਖ ਬਾਹਰਮੁਖਤਾ ਦੇ ਸੰਕਲਪ ਦੀਆਂ ਨੀਹਾਂ ਕਮਜ਼ੋਰ ਕਰ ਦੇਵੇਗਾ। ਪਰ ਇਸ ਲੇਖ ਨੇ ਨਾ ਚਾਹੁੰਦਿਆਂ ਵੀ ਇੱਕ ਗੱਲ ਤਾਂ ਦੱਸ ਹੀ ਦਿੱਤੀ ਹੈ ਕਿ ਸਮਾਜਿਕ ਤੇ ਰਾਜਨੀਤਿਕ ਜੱਦੋਜਹਿਦਾਂ ਨੂੰ ਸਮੂਹਿਕ ਅੰਤਰਮੁੱਖਤਾ ਦੇ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ। ਕਿਉਂਕਿ ਇਸ ਲੇਖ ਦੀ ਅੰਦਰੂਨੀ ਬਣਤਰ ਵਿੱਚ ਖੱਬੇ ਪੱਖੀ ਰੁਝਾਨ ਨਜ਼ਰ ਆਉਂਦੇ ਜਿਨ੍ਹਾਂ ਦੀ ਉਸਾਰੀ ਕੁੱਲ ਮਿਲਾ ਕੇ ਬਾਹਰ ਮੁੱਖੀ ਸੰਕਲਪਾਂ ਉੱਤੇ ਹੀ ਨਿਰਭਰ ਹੁੰਦੀ ਹੈ । ਸਮੂਹਿਕ ਬਾਹਰਮੁਖਤਾ ਸਮਾਜਿਕ ਵਿਗਿਆਨਾਂ ਦੇ ਤਰਕ ਅਤੇ ਵਿਗਿਆਨਕ-ਤਰਕ ਮੁਤਾਬਕ ਹੀ ਪਰਿਭਾਸ਼ਿਤ ਹੁੰਦੀ ਹੈ ਜਦਕਿ ਸਮੂਹਿਕ ਅੰਤਰਮੁੱਖਤਾ ਮਨੁੱਖੀ ਮਨਾਂ ਦੇ ਉਸ ਜਗਤ ਨਾਲ ਜੁੜੀ ਹੁੰਦੀ ਹੈ ਜਿਸ ਵਿੱਚ ਸਮਾਜ ਦੇ ਉਤਰਾਵਾਂ ਚੜ੍ਹਾਵਾਂ ਬਾਰੇ ਜਾਂ ਸੰਘਰਸ਼ਾਂ ਦੀ ਤੋਰ ਬਾਰੇ ਜਾਂ ਉਨ੍ਹਾਂ ਦੇ ਭਵਿੱਖ ਬਾਰੇ ਪੱਕੀ ਤਰ੍ਹਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੋ ਸਕਦੈ ਉਹ ਉਤਰਾਵ ਚੜਾਵ ਆਪਣੇ ਆਪ ਵਿਚ ਤਰਕਹੀਣ ਵੀ ਜਾਪਦੇ ਹੋਣ ਪਰ ਫਿਰ ਵੀ ਉਸ ਪਿੱਛੇ ਕੋਈ ਨਾ ਕੋਈ ਤਰਕ ਜ਼ਰੂਰ ਹੁੰਦਾ ਹੈ। ਕੀ ਉਹ ਤਰਕ ਸਾਨੂੰ ਕਿਸੇ ਸਮਾਜ ਦੀ ਸਮੂਹਿਕ ਅੰਤਰਮੁੱਖਤਾ ਵਿੱਚੋਂ ਲੱਭਣੇ ਪੈਣਗੇ ਜਿਵੇਂ ਕਿ ਕੰਵਲਜੀਤ ਸਿੰਘ ਉਸ ਖਾਸ ਦਿਸ਼ਾ ਨੂੰ ਜਾਨਣ ਦੀ ਮਹੱਤਤਾ ਤੇ ਲੋੜ ਦਾ ਅਹਿਸਾਸ ਕਰਾ ਰਹੇ ਹਨ?

ਇੱਕ ਹੋਰ ਸਵਾਲ ਵੀ ਬਹਿਸ ਦੀ ਮੰਗ ਕਰਦਾ ਹੈ ਕਿ ਸਮੂਹਿਕ ਅੰਤਰਮੁੱਖਤਾ ਦਾ ਆਪਣਾ ਕੋਈ ਸੁਤੰਤਰ ਵਜੂਦ ਹੁੰਦਾ ਹੈ ਜਾਂ ਇਹ ਸਮੂਹਕ ਬਾਹਰਮੁਖਤਾ ਦਾ ਹੀ ਇੱਕ ਅਤਿ ਸੁਖਸ਼ਮ ਸਰੂਪ ਕਿਹਾ ਜਾ ਸਕਦਾ ਹੈ ਜੋ ਸਮਾਂ ਪਾ ਕੇ ਇਤਿਹਾਸ ਦੇ ਬਾਹਰਮੁਖੀ ਨਕਸ਼ਾ ਵਿੱਚ ਉੱਤਰ ਆਉਂਦਾ ਹੈ ? ਦੂਜੇ ਸ਼ਬਦਾਂ ਵਿੱਚ ਸਮੂਹਕ ਅੰਤਰਮੁੱਖਤਾ ਮਨ ਦੀ ਵਿਗਿਆਨ ਤੋਂ ਅੱਗੇ ਕਿਸੇ ਹੋਰ ਸਲਤਨਤ ਵੱਲ ਜਾਣ ਦਾ ਇਸ਼ਾਰਾ ਕਰਦੀ ਹੈ ਜਿਸ ਨੂੰ ਕਈ ਵਾਰੀ ਆ-ਮਨ ਜਾਂ ਆਤਮਾ ਕਿਹਾ ਜਾਂਦਾ ਹੈ? ਮੋਦੀ ਦੀ ਜਿੱਤ ਦੇ ਅਜਬ ਵਰਤਾਰੇ ਨੇ ਸਾਨੂੰ ਉਸ ਅਮੂਰਤ ਜਗਤ ਦੀ ਭਾਲ ਵਿੱਚ ਤੋਰਿਆ ਹੈ ਜੋ ਸਮੂਰਤ ਹੋ ਕੇ ਸਾਹਮਣੇ ਪ੍ਰਗਟ ਹੋਇਆ। ਇਸ ਲੇਖ ਨੇ ਬਹਿਸ ਨੂੰ ਬਹੁ ਪਰਤੀ ਵੀ ਬਣਾਇਆ ਹੈ ਅਤੇ ਸ਼ਾਇਦ ਅੰਤਰ ਵਿਰੋਧੀ ਵੀ।

ਪੰਜਾਬ ਨੇ ਵੱਡੇ ਮੌਲਿਕ ਚਿੰਤਕ ਕਿਉਂ ਨਹੀਂ ਪੈਦਾ ਕੀਤੇ ? ਜਾਂ ਕੀ ਕਿਸੇ ਯੁੱਗ ਦੀਆਂ ਸੰਕਟ ਗ੍ਰਸਤ ਹਾਲਤਾਂ ਮੌਲਿਕ ਚਿੰਤਨ ਲੈ ਕੇ ਆਉਂਦੀਆਂ ਹਨ? ਜਾਂ ਪੰਜਾਬੀ ਭਾਸ਼ਾ ਤੋਂ ਦੂਰੀ ਵੀ ਮੌਲਿਕ ਚਿੰਤਨ ਦੇ ਰਾਹ ਵਿੱਚ ਰੁਕਾਵਟ ਹੈ ਜਿਵੇਂ ਕਿ ਲੇਖ ਵਿੱਚ ਇਹ ਸੰਕੇਤ ਦਿੱਤੇ ਗਏ ਹਨ? ਜਰਮਨ ਸ਼ਾਇਰ ਰਿਲਕੇ(1875-1926) ਵੱਲੋਂ ਯੁੱਗ ਅਤੇ ਮੌਲਿਕ ਚਿੰਤਕ ਦੇ ਆਪਸੀ ਰਿਸ਼ਤੇ ਬਾਰੇ ਦਿੱਤੀ ਇਹ ਟਿੱਪਣੀ ਹੋਰ ਵੀ ਮਹੱਤਵਪੂਰਨ ਹੈ ਕਿ ਜੇਕਰ ਕੋਈ ਯੁਗ ਵੱਡਾ ਮਨੁੱਖ ਪੈਦਾ ਨਹੀਂ ਕਰਦਾ ਤਾਂ (ਹੋ ਸਕਦੈ ਕਿ ) ਵੱਡਾ ਮਨੁੱਖ ਇੱਕ ਯੁੱਗ ਦੀ ਹੀ ਸਿਰਜਣਾ ਕਰ ਦੇਵੇ। ਇਸ ਹਿਸਾਬ ਨਾਲ ਤਾਂ ਕਿਸੇ ਯੁੱਗ ਦੀ ਮਹਿਮਾ ਕਈ ਵਾਰ ਇੱਕੋ ਬੰਦੇ ਉੱਤੇ ਹੀ ਖਲੋ ਜਾਂਦੀ ਹੈ। ਸਪੇਨ ਦਾ ਚਿੱਤਰਕਾਰ ਸਲਵਾਡੋਰ ਡਾਲੀ ਜਦੋਂ ਸੁਚੇ ਮਾਣ ਵਿੱਚ ਇਹ ਐਲਾਨ ਕਰਦਾ ਹੈ ਕਿ ਡਾਲੀ ਤੋਂ ਬਿਨਾਂ ਸਪੇਨ ਕਿਸ ਕੰਮ ਦਾ ਹੈ? ਤਾਂ ਇਕੱਲੇ ਡਾਲੀ ਦਾ ਕਦ ਸਪੇਨ ਦੇ ਬਰਾਬਰ ਹੋ ਜਾਂਦਾ ਹੈ। ਇਹੋ ਜਿਹੇ ਹੁੰਦੇ ਹਨ ਮੌਲਿਕ ਚਿੰਤਕ!

ਇਸ ਲਈ ਚਿੰਤਨ ਬਾਰੇ ਸਵਰਾਜਬੀਰ ਵੱਲੋਂ ਉਠਾਏ ਸਵਾਲ ਸਾਨੂੰ ਕਿਸੇ ਵੱਡੀ ਬਹਿਸ ਵੱਲ ਲੈ ਕੇ ਜਾਂਦੇ ਹਨ। ਕੀ ਇਸ ਜਵਾਬ ਵਿੱਚ ਮੰਨਣਯੋਗ ਤਰਕ ਹੈ ਕਿ ਪੰਜਾਬ ਵਿੱਚ ਮੌਲਿਕ ਚਿੰਤਨ ਦੇ ਇਹੋ ਜਿਹੇ ਮੱਠ ਹੀ ਵੀਹਵੀਂ ਸਦੀ ਨੇ ਨਹੀਂ ਦਿੱਤੇ ਜਿਸ ਵਿਚੋਂ ਵੱਡੇ ਚਿੰਤਕ ਉੱਭਰਨ ਦੀ ਰਵਾਇਤ ਪੈਦਾ ਹੁੰਦੀ। ਪੰਜਾਬ ਵਿੱਚ ਸਥਾਪਤ ਡੇਰੇ ਜਾਂ ਕੋਈ ਇੱਕ ਡੇਰਾ ਵੀ ਚਿੰਤਨ ਦੀ ਕੋਈ ਯਾਦਗਾਰੀ ਰਵਾਇਤ ਸਥਾਪਤ ਕਰਦਾ ਨਜ਼ਰ ਨਹੀਂ ਆਉਂਦਾ । ਦੁਨਿਆਵੀ ਸਹੂਲਤਾਂ ਦੇ ਸਮਾਨ ਹੀ ਇਕੱਠੇ ਕਰ ਰੱਖੇ ਹਨ ਇਨ੍ਹਾਂ ਡੇਰਿਆਂ ਨੇ। ਫਿਰ ਕੋਈ ਮੌਲਿਕ ਦਰਸ਼ਨ ਜਾਂ ਦਾਰਸ਼ਨਿਕ ਆਉਂਦਾ ਤਾਂ ਕਿੱਥੋਂ ਆਉਂਦਾ?

ਇੱਕ ਹੋਰ ਸਵਾਲ 'ਤੇ ਵੀ ਵਿਦਵਾਨਾਂ ਨੇ ਅਜੇ ਨਿੱਠ ਕੇ ਵਿਚਾਰ ਕਰਨੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਹੋਂਦ ਵਿੱਚ ਆ ਗਏ ਤਾਂ ਉਸ ਤੋਂ ਪਿੱਛੋਂ ਵੱਡੀਆਂ ਰਚਨਾਵਾਂ, ਵੱਡੇ ਨਾਵਲਾਂ ਅਤੇ ਮਹਾਨ ਇਤਿਹਾਸਕਾਰਾਂ ਦੀ ਸਿਰਜਣਾ ਕਿਉਂ ਨਹੀਂ ਹੋ ਸਕੀ? ਸੁਰਿਤ- ਸ਼ਬਦ ਦੀ ਨੀਂਹ ਉੱਤੇ ਉਸਰੇ ਸਮਾਜ ਬਾਰੇ ਵੰਨ-ਸਵੰਨੇ ਸਕੂਲਜ਼ ਆਫ ਥਾਟ ਕਿਉਂ ਵਜੂਦ ਵਿੱਚ ਨਹੀਂ ਆ ਸਕੇ? ਜਦੋਂ ਵਿਸ਼ਵ ਪ੍ਰਸਿੱਧ ਇਤਿਹਾਸਕਾਰ ਟਾਇਨਬੀ ਜਿਸ ਨੇ ਸੱਭਿਆਤਾਵਾਂ ਦੇ ਚੜ੍ਹਦੇ ਤੇ ਲਹਿੰਦੇ ਸੂਰਜਾਂ ਦਾ ਅਤਿ ਗੰਭੀਰ ਮੁਤਾਲਿਆ ਕੀਤਾ ਹੈ, ਉਸ ਦੀ ਭਵਿੱਖਬਾਣੀ ਕਦੋਂ ਅਮਲ ਵਿੱਚ ਉਤਰੇਗੀ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਈ ਵਿਸ਼ੇਸ਼ ਗੱਲ ਦੱਸਣਗੇ। ਫਿਰ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਆਣ ਖਲੋਤਾ ਹੈ ਕਿ ਇਹ ਵਿਸ਼ੇਸ਼ ਗੱਲ ਕੌਣ ਦੱਸੇਗਾ? ਉਹ ਮੌਲਿਕ ਚਿੰਤਕ ਅਤੇ ਮੌਲਿਕ ਚਿੰਤਨ ਕਿੱਥੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਸੰਸਾਰ ਦੇ ਸਮੂਹਕ-ਅਨੁਭਵ ਨੂੰ ਕਸ਼ੀਦ ਕਰਕੇ ਆਪਣੀ ਗਲਵੱਕੜੀ ਵਿੱਚ ਲੈ ਲੈਣਗੇ ਅਤੇ ਦੁਨੀਆਂ ਨੂੰ ਕੋਈ ਨਵੀਂ ਸੇਧ ਦੇਣਗੇ। ਖਾਲਸਾ ਪੰਥ ਇਸ ਚੈਲਿੰਜ ਦਾ ਹੁੰਗਾਰਾ ਕਦੋਂ ਦੇਵੇਗਾ?

ਕੀ ਇਸ ਥਿਊਰੀ ਵਿੱਚ ਚੋਖਾ ਵਜ਼ਨ ਹੈ ਕਿ ਮੂੰਹ ਜ਼ੋਰ ਮੁਖਾਲਿਫ ਹਾਲਤਾਂ ਵੀ ਕਿਸੇ ਮੌਲਿਕ ਚਿੰਤਕ ਨੂੰ ਜਨਮ ਦਿੰਦੀਆਂ ਹਨ? ਜਾਂ ਸੁਲਤਾਨ ਬਾਹੂ ਦੀ ਇਹ ਬਾਗੀ ਸਤਰ ਮੌਲਿਕ ਚਿੰਤਨ ਦਾ ਇੱਕ ਮਾਹੌਲ ਪੈਦਾ ਕਰ ਰਹੀ ਹੈ ਕਿ 'ਉਸੇ ਰਾਹ ਵੱਲ ਜਾਈ ਜਾਈਏ ਬਾਹੂ ਜਿਸ ਥੀਂ ਖਲਕਤ ਡਰਦੀ ਹੂ' 

ਕੀ 1917 ਦੇ ਸੋਵੀਅਤ ਇਨਕਲਾਬ ਨੇ ਵੀ ਪੰਜਾਬ ਵਿੱਚ ਮੌਲਿਕ ਚਿੰਤਨ ਦੀ ਲਹਿਰ ਨੂੰ ਰੋਕ ਕੇ ਰਖਿਆ? ਇਸ ਦਿਲਚਸਪ ਸਵਾਲ ਨੂੰ ਵੀ ਬਹਿਸ ਦੇ ਘੇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਨਿਰਵਿਵਾਦ ਸੱਚ ਹੈ ਕਿ ਇਸ ਇਨਕਲਾਬ ਦੀ ਪਹੁੰਚ, ਪ੍ਰਭਾਵ, ਪ੍ਰਸਾਰ ਅਤੇ ਜਾਹੋ ਜਲਾਲ ਦਾ ਦਾਇਰਾ ਇਸ ਤੱਕ ਦੂਰ ਨਿਕਲ ਗਿਆ ਸੀ ਕਿ ਇਸ ਨੇ ਹਰ ਖੇਤਰ ਦੇ ਸਥਾਪਤ ਵਿਚਾਰ-ਪ੍ਰਵਾਹ ਨੂੰ ਜਾਂ ਪਿਛਾਂਹ ਵਲ ਧਕ ਦਿੱਤਾ ਜਾਂ ਪੂਰੀ ਤਰ੍ਹਾਂ ਕਾਬੂ ਵਿੱਚ ਕਰ ਲਿਆ ਅਤੇ ਜਾਂ ਫਿਰ ਧੁੰਦਲਾ ਕਰਕੇ ਰੱਖ ਦਿੱਤਾ। ਪੰਜਾਬ ਵੀ ਇਸ ਤੋਂ ਬਚ ਨਹੀਂ ਸਕਿਆ। ਵੀਹਵੀਂ ਸਦੀ ਦੇ ਕਈ ਦਹਾਕਿਆਂ ਵਿੱਚ ਮਾਰਕਸਵਾਦ-ਆਧਾਰਿਤ ਵਿਆਖਿਆ ਉੱਤੇ ਹੀ ਸਾਹਿਤ ਦੀ ਉਸਾਰੀ ਹੋਈ। ਆਲੋਚਨਾ ਦੇ ਖੇਤਰ ਵਿੱਚ ਸੇਖੋਂ-ਕਿਸ਼ਨ ਸਿੰਘ ਵਿਚਾਰ ਪ੍ਰਵਾਹ ਦੀ ਜੋੜੀ ਇਸ ਦੀ ਪ੍ਰਤੱਖ ਮਿਸਾਲ ਹੈ, ਹਾਲਾਂ ਕਿ ਇਹ ਦੋਵੇਂ ਚਿੰਤਕ ਮਹਾਨ ਸਾਹਿਤ ਦੀ ਵਿਆਖਿਆ ਕਰਦਿਆਂ ਇੱਕ ਦੂਜੇ ਨਾਲ ਟਕਰਾਉਂਦੇ ਨਜ਼ਰ ਵੀ ਆਉਂਦੇ ਹਨ। ਪਰ ਬੁਨਿਆਦ ਵਿੱਚ ਮਾਰਕਸਵਾਦ ਦੇ ਹੀ ਰੰਗ ਭਾਰੂ ਹਨ। ਸੱਤਰਵਿਆਂ ਵਿੱਚ ਨਿਕਲੇ 'ਸੇਧ' ਮੈਗਜ਼ੀਨ ਦੇ ਦਰਜਨਾਂ ਅੰਕ ਇਸੇ ਬਹਿਸ ਨੂੰ ਸਮਰਪਤ ਹਨ। ਇੰਝ ਕੱਚੀਆਂ ਬੁਨਿਆਦਾਂ ਉੱਤੇ ਖੜ੍ਹਾ ਇਹ ਵਿਚਾਰਧਾਰਕ ਢਾਂਚਾ ਹੁਣ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਕਰ ਹੀ ਰਿਹਾ ਹੈ, ਕਿਉਂਕਿ ਇਸ ਅਨੁਭਵ ਵਿਚ ਧਰਤ-ਅਸਮਾਨ ਦੇ ਕੁਦਰਤੀ ਨਜ਼ਾਰਿਆਂ ਦੀ ਉਹ ਥਰਥਰਾਹਟ ਨਹੀਂ ਜੋ ਅੰਤਰ-ਮਨ ਅਤੇ ਬਾਹਰਮੁਖੀ-ਮਨ ਨੂੰ ਇੱਕ ਵੱਡਾ ਧਰਵਾਸ ਦਿੰਦੀ ਹੈ।

ਭਾਈ ਵੀਰ ਸਿੰਘ ਦੀ ਚਰਚਿਤ ਕਵਿਤਾ 'ਕੰਬਦੀ ਰਹੀ ਕਲਾਈ' ਵਿਚ ਵੀ ਇੱਕ ਗੂੜ੍ਹਾ ਰਹੱਸ ਛੁਪਿਆ ਹੋਇਆ ਹੈ ਕਿ ਜਦ ਤਕ ਚਿੰਤਨ ਦੇ ਵਾਤਾਵਰਨ ਵਿਚ 'ਕੰਬਾਹਟ' ਦੀ ਲੜਾਕੀ ਚਿਣਗ ਸ਼ਾਮਿਲ ਨਹੀਂ ਹੁੰਦੀ, ਉਦੋਂ ਤਕ ਮੌਲਿਕ ਚਿੰਤਕ ਧਰਤੀ 'ਤੇ ਨਹੀਂ ਉਤਰ ਸਕਦੇ।