ਰਿਸ਼ਵਤ ਦੇਣ ਦੇ ਇਲਜ਼ਾਮਾਂ ਨੂੰ ਲੈ ਕੇ ਅਮਰੀਕਾ ਵਿਚ ਅਡਾਨੀ ਗਰੁੱਪ ਖਿਲਾਫ ਜਾਂਚ ਸ਼ੁਰੂ

ਰਿਸ਼ਵਤ ਦੇਣ ਦੇ ਇਲਜ਼ਾਮਾਂ ਨੂੰ ਲੈ ਕੇ ਅਮਰੀਕਾ ਵਿਚ ਅਡਾਨੀ ਗਰੁੱਪ ਖਿਲਾਫ ਜਾਂਚ  ਸ਼ੁਰੂ

ਬਲੂਮਬਰਗ ਦੀ ਰਿਪੋਰਟ ਵਿਚ ਦਾਅਵਾ ਕਿ ਅਮਰੀਕੀ ਵਕੀਲ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ

ਭਾਰਤ ਦੇ ਦਿੱਗਜ ਉਦਯੋਗਪਤੀ ਗੌਤਮ ਅਡਾਨੀ ਇੱਕ ਹੋਰ ਸੰਕਟ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਕ ਰਿਸ਼ਵਤ ਦੇਣ ਦੇ ਇਲਜ਼ਾਮਾਂ ਨੂੰ ਲੈ ਕੇ ਅਮਰੀਕਾ ਵਿਚ ਅਡਾਨੀ ਗਰੁੱਪ ਖਿਲਾਫ ਜਾਂਚ ਚੱਲ ਰਹੀ ਹੈ।ਅਮਰੀਕਾ ਦੀ ਮਸ਼ਹੂਰ ਮੀਡੀਆ ਸੰਸਥਾ ਬਲੂਮਬਰਗ ਨੇ ਇਸ ਸਬੰਧੀ ਲੰਬੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਬਲੂਮਬਰਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਸ ਜਾਂਚ ਦੇ ਜ਼ਰੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਅਡਾਨੀ ਗਰੁੱਪ ਦੀ ਕਿਸੇ ਕੰਪਨੀ ਜਾਂ ਉਸ ਨਾਲ ਜੁੜੇ ਕਿਸੇ ਵਿਅਕਤੀ ਨੇ ਊਰਜਾ ਪ੍ਰੋਜੈਕਟ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ ਜਾਂ ਨਹੀਂ।

 ਬਲੂਮਬਰਗ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕੀ ਵਕੀਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਜਾਂਚ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਦਫ਼ਤਰ ਅਤੇ ਵਾਸ਼ਿੰਗਟਨ ਵਿੱਚ ਨਿਆਂ ਵਿਭਾਗ ਦੀ ਫਰਾਡ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ। ਅਡਾਨੀ ਗਰੁੱਪ ਤੋਂ ਇਲਾਵਾ ਭਾਰਤੀ ਨਵਿਆਉਣਯੋਗ ਊਰਜਾ ਕੰਪਨੀ ਅਜ਼ੂਰ ਪਾਵਰ ਗਲੋਬਲ ਲਿਮਟਿਡ ਦੇ ਖਿਲਾਫ ਵੀ ਇਸ ਮਾਮਲੇ 'ਚ ਜਾਂਚ ਚੱਲ ਰਹੀ ਹੈ। ਬਲੂਮਬਰਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਨੇ ਇਕ ਈਮੇਲ ਬਿਆਨ ਵਿਚ ਆਪਣਾ ਪੱਖ ਦਿੰਦੇ ਹੋਏ ਕਿਹਾ ਸੀ ਕਿ ਸਾਡੇ ਕੋਲ ਆਪਣੇ ਚੇਅਰਮੈਨ ਖਿਲਾਫ ਅਜਿਹੀ ਕਿਸੇ ਜਾਂਚ ਬਾਰੇ ਕੋਈ ਜਾਣਕਾਰੀ ਨਹੀਂ ਹੈ।

 ਇੱਕ ਵਪਾਰਕ ਸਮੂਹ ਦੇ ਰੂਪ ਵਿੱਚ, ਅਡਾਨੀ ਸਮੂਹ ਕਨੂੰਨ ਦੇ ਅਨੁਸਾਰ ਉੱਚੇ ਮਿਆਰਾਂ ਦੇ ਨਾਲ ਕੰਮ ਕਰਦਾ ਹੈ, ਅਸੀਂ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਅਤੇ ਰਿਸ਼ਵਤਖੋਰੀ ਵਿਰੋਧੀ ਕਾਨੂੰਨਾਂ ਦੇ ਅਧੀਨ ਹਾਂ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ।ਇਸ ਬਲੂਮਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰੁਕਲਿਨ ਅਤੇ ਵਾਸ਼ਿੰਗਟਨ ਵਿੱਚ ਨਿਆਂ ਵਿਭਾਗ ਦੇ ਪ੍ਰਤੀਨਿਧੀਆਂ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਜ਼ੂਰ ਪਾਵਰ ਗਲੋਬਲ ਲਿਮਿਟੇਡ ਨੇ ਆਪਣਾ ਪਖ ਰਖਣ ਲਈ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੌਤਮ ਅਡਾਨੀ, ਉਸਦੀ ਕੰਪਨੀ ਅਤੇ ਅਜ਼ੂਰ 'ਤੇ ਨਿਆਂ ਵਿਭਾਗ ਦੁਆਰਾ ਕਿਸੇ ਗਲਤ ਕੰਮ ਦਾ ਦੋਸ਼ ਨਹੀਂ ਲਗਾਇਆ ਗਿਆ ਹੈ, ਅਤੇ ਜਾਂਚ ਵਿਚ ਹਮੇਸ਼ਾ ਮੁਕੱਦਮਾ ਨਹੀਂ ਚਲਾਇਆ ਜਾਂਦਾ । ਅਡਾਨੀ ਸਮੂਹ ਭਾਰਤ ਦਾ ਪ੍ਰਮੁੱਖ ਵਪਾਰਕ ਸਮੂਹ ਹੈ, ਜੋ ਬੰਦਰਗਾਹਾਂ, ਹਵਾਈ ਅੱਡਿਆਂ, ਪਾਵਰ ਲਾਈਨਾਂ ਅਤੇ ਹਾਈਵੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਤੇਜ਼ੀ ਨਾਲ ਵਧ ਰਿਹਾ ਸਮੂਹ ਦੁਨੀਆ ਭਰ ਤੋਂ ਪੂੰਜੀ ਨੂੰ ਆਕਰਸ਼ਿਤ ਕਰਦਾ ਹੈ। ਅਮਰੀਕੀ ਕਾਨੂੰਨ ਫੈਡਰਲ ਪ੍ਰੌਸੀਕਿਊਟਰਾਂ ਨੂੰ ਵਿਦੇਸ਼ੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਇਜਾਜ਼ਤ ਦਿੰਦਾ ਹੈ ਜੇਕਰ ਉਹ ਅਮਰੀਕੀ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਕੁਝ ਖਾਸ ਸਬੰਧਿਤ ਹੋਵੇ । 

ਹਿੰਡਨਬਰਗ ਰਿਸਰਚ ਦੇ ਦਾਅਵੇ ਇੱਕ ਝਟਕਾ

ਬਲੂਮਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੌਤਮ ਅਡਾਨੀ ਦੇ ਵਿਸ਼ਾਲ ਕਾਰੋਬਾਰੀ ਸਾਮਰਾਜ ਨੂੰ ਪਿਛਲੇ ਸਾਲ ਦੀ ਸ਼ੁਰੂਆਤ ਵਿਚ ਸ਼ਾਰਟ ਸੈਲਰ ਦੇ ਹਿੰਡਨਬਰਗ ਰਿਸਰਚ ਦੇ ਦਾਅਵਿਆਂ ਨਾਲ ਝਟਕਾ ਲਗਾ ਸੀ।

 ਹਿੰਡਨਬਰਗ ਨੇ ਦਾਅਵਾ ਕੀਤਾ ਸੀ ਕਿ ਅਡਾਨੀ ਸਮੂਹ ਨੇ ਆਪਣੇ ਸਟਾਕ ਦੀ ਕੀਮਤ ਵਿਚ ਹੇਰਾਫੇਰੀ ਕੀਤੀ ਅਤੇ ਲੇਖਾ-ਜੋਖਾ ਕਰਨ ਵਿਚ ਧੋਖਾਧੜੀ ਕੀਤੀ। ਇਸ ਦੇ ਜਵਾਬ ਵਿਚ ਅਡਾਨੀ ਸਮੂਹ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਹਿੰਡਨਬਰਗ ਰਿਸਰਚ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਕਾਫੀ ਗਿਰਾਵਟ ਆਈ ਸੀ। ਹਾਲਾਂਕਿ, ਬਾਅਦ ਵਿੱਚ ਹਿੰਡਨਬਰਗ ਖੋਜ ਦੇ ਦਾਅਵੇ ਸਹੀ ਸਾਬਤ ਨਹੀਂ ਹੋ ਸਕੇ। ਅਡਾਨੀ ਸਮੂਹ ਇਸ ਸੰਕਟ ਤੋਂ ਉਭਰਿਆ ਹੈ ਅਤੇ ਇਸ ਦੇ ਸ਼ੇਅਰਾਂ ਦੀ ਕੀਮਤ ਪਹਿਲਾਂ ਵਾਂਗ ਫਿਰ ਵਧ ਗਈ ਹੈ। ਬਲੂਮਬਰਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੇ ਬਾਵਜੂਦ, ਹਿੰਡੇਨਬਰਗ ਰਿਸਰਚ ਦੀ ਰਿਪੋਰਟ ਨੇ ਅਮਰੀਕੀ ਨਿਆਂ ਵਿਭਾਗ ਅਤੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਕੁਝ ਦਾਅਵਿਆਂ ਦੀ ਜਾਂਚ ਕਰਨ ਲਈ ਪ੍ਰੇਰਿਆ। ਸੂਤਰਾਂ ਮੁਤਾਬਕ ਅਡਾਨੀ ਗਰੁੱਪ ਦੀ ਜਾਂਚ ਹੁਣ ਆਖਰੀ ਪੜਾਅ 'ਤੇ ਹੈ। ਅਡਾਨੀ ਸਮੂਹ ਅਤੇ ਅਜ਼ੂਰ ਭਾਰਤ ਹਰੀ-ਊਰਜਾ ਖੇਤਰ ਵਿੱਚ ਅਹਿਮ ਸਥਾਨ ਰਖਦੇ ਹਨ।ਅਡਾਨੀ ਸਮੂਹ ਆਪਣੇ ਆਪ ਨੂੰ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਵਿਸ਼ਵ ਦੀ ਚੋਟੀ ਦੀ ਕੰਪਨੀ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।