ਦਿੱਲੀ ਕਮੇਟੀ ਨਹੀਂ ਕਰੇਗੀ ਸਿਵਲ ਕੋਡ ਦਾ ਵਿਰੋਧ :ਹਰਮੀਤ ਸਿੰਘ ਕਾਲਕਾ

ਦਿੱਲੀ ਕਮੇਟੀ ਨਹੀਂ ਕਰੇਗੀ ਸਿਵਲ ਕੋਡ ਦਾ ਵਿਰੋਧ  :ਹਰਮੀਤ ਸਿੰਘ ਕਾਲਕਾ
ਹਰਮੀਤ ਸਿੰਘ ਕਾਲਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 7 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਅਜ ਇਕ ਅਹਿਮ ਮੀਟਿੰਗ ਕੀਤੀ ਗਈ ਸੀ ਜਿਸ ਉਪਰੰਤ ਉਨ੍ਹਾਂ ਵਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।  

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਦੇ ਸੰਮੇਲਨ ਵਿੱਚ 13 ਰਾਜਾਂ ਦੇ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਵਿੱਚ ਸਾਬਕਾ ਜੱਜ, ਬੁੱਧੀਜੀਵੀ ਅਤੇ ਆਈਏਐਸ ਅਧਿਕਾਰੀ ਸ਼ਾਮਲ ਸਨ। ਸਾਰਿਆਂ ਨੇ ਇੱਕੋ ਗੱਲ ਕਹੀ ਕਿ ਹੁਣ ਤੱਕ ਯੂ.ਸੀ.ਸੀ. ਸਬੰਧੀ ਕੋਈ ਡਰਾਫਟ ਸਾਹਮਣੇ ਨਹੀਂ ਆਇਆ ਅਤੇ ਅਸੀਂ ਬੇਲੋੜੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਇਹ ਠੀਕ ਨਹੀਂ ਹੈ। 

ਉਨ੍ਹਾਂ ਕਿਹਾ ਕਿ ਅਸੀਂ 11 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜੋ ਸਰਕਾਰ ਅੱਗੇ ਆਪਣੀ ਗੱਲ ਰੱਖੇਗੀ ਕਿ ਸਿੱਖਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ। 

ਨਾਲ ਹੀ ਕਾਲਕਾ ਨੇ ਕਿਹਾ ਕਿ ਐਸਜੀਪੀਸੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕੀਤਾ ਹੈ, ਪਰ ਉਹ ਦੱਸਣ ਕਿ ਉਹ ਕਿਸ ਗੱਲ ਦਾ ਵਿਰੋਧ ਕਰ ਰਹੇ ਹਨ.? ਕੀ ਖਰੜਾ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਗਿਆ ਹੈ.? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਮੁੱਦੇ ’ਤੇ ਸਾਰਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਗੱਲ ਕਰੇ ਪਰ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਉਹਨਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਨਾ ਤਾਂ ਅਸੀਂ ਇਸ ਦੇ ਖਿਲਾਫ ਹਾਂ ਅਤੇ ਨਾ ਹੀ ਇਸ ਦੇ ਹੱਕ ਵਿਚ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇਸ ਦਾ ਵਿਰੋਧ ਨਹੀਂ ਕਰਾਂਗੇ, ਕਿਉਂਕਿ ਸਾਡੇ ਸਾਹਮਣੇ ਕੋਈ ਖਰੜਾ ਨਹੀਂ ਆਇਆ ਹੈ।