ਜੇਕਰ ਸਿੱਖ ਲੀਡਰਸ਼ਿਪ ਨੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਸਮੂਹਿਕ ਉੱਦਮ ਨਾ ਕੀਤਾ ਤਾਂ ਕੌਮ ਸਾਨੂੰ ਨਹੀਂ ਕਰੇਗੀ ਮੁਆਫ਼ : ਮਾਨ

ਜੇਕਰ ਸਿੱਖ ਲੀਡਰਸ਼ਿਪ ਨੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਸਮੂਹਿਕ ਉੱਦਮ ਨਾ ਕੀਤਾ ਤਾਂ ਕੌਮ ਸਾਨੂੰ ਨਹੀਂ ਕਰੇਗੀ ਮੁਆਫ਼  : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 13 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-“1946 ਵਿਚ ਜਦੋ ਅੰਗਰੇਜ਼ ਹਕੂਮਤ ਆਪਣਾ ਰਾਜ ਭਾਗ ਛੱਡਕੇ ਜਾ ਰਹੀ ਸੀ, ਤਾਂ ਉਸ ਸਮੇ ਦੀ ਸਿੱਖ ਲੀਡਰਸਿਪ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ, ਸ. ਬਲਦੇਵ ਸਿੰਘ ਸਨ। ਜੋ ਅੰਗਰੇਜ਼ਾਂ ਨਾਲ ਸਿੱਖਾਂ ਦੇ ਬਿਨ੍ਹਾਂ ਤੇ ਗੱਲ ਕਰ ਰਹੇ ਸਨ । ਉਨ੍ਹਾਂ ਵੱਲੋ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਦ੍ਰਿੜਤਾ ਨਾਲ ਸਟੈਂਡ ਨਾ ਲੈਕੇ ਹਿੰਦੂਤਵ ਆਗੂਆਂ ਦੇ ਪਿੱਛ ਲੱਗ ਬਣਕੇ ਆਜਾਦ ਸਿੱਖ ਸਟੇਟ ਕਾਇਮ ਕਰਨ ਦੇ ਸਥਾਂਨ ਉਤੇ ਹਿੰਦੂਤਵ ਆਗੂਆ ਨਾਲ ਹੀ ਆਪਣੀ ਕੌਮੀ ਹੋਦ ਨੂੰ ਜੋੜਨ ਲਈ ਗੁਸਤਾਖੀ ਕਰਨ ਦੀ ਬਦੌਲਤ ਹੀ ਅੱਜ ਸਿੱਖ ਨੌਜਵਾਨ ਅਤੇ ਸਾਡੇ ਵਰਗੇ ਉਸ ਲੀਡਰਸਿਪ ਨੂੰ ਦੁਰਕਾਰ ਰਹੇ ਹਨ । ਮੌਜੂਦਾ ਸਿੱਖ ਕੌਮ ਦੀ ਬਣੀ ਸਥਿਤੀ ਲਈ ਉਸ ਲੀਡਰਸਿਪ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਕੋਸ ਰਹੇ ਹਾਂ ਅਤੇ ਬਿਲਕੁਲ ਵੀ ਮੁਆਫ਼ ਨਹੀ ਕਰ ਰਹੇ । ਉਸੇ ਤਰ੍ਹਾਂ ਜੇਕਰ ਅਜੋਕੇ ਸਮੇ ਵਿਚ ਜਦੋ ਸਵਾਰਥੀ ਲੀਡਰਸਿਪ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਸਿਆਸੀ, ਪਰਿਵਾਰਿਕ, ਨਿੱਜੀ ਮੁਫਾਦਾ ਵਿਚ ਗ੍ਰਸਤ ਹੋ ਕੇ ਸਿੱਖ ਕੌਮ ਨਾਲ ਧੋਖੇ ਕਰਦੀ ਆ ਰਹੀ ਹੈ, ਤਾਂ ਉਸ ਸਮੇ ਸਿੱਖ ਕੌਮ ਨੂੰ ਹਰ ਤਰਫ ਆਪਣੀ ਬਾਜ ਨਜਰ ਰੱਖਦੇ ਹੋਏ ਪਹਿਚਾਨਣਾ ਪਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਮਕਸਦ ਨੂੰ ਲੈਕੇ 1925 ਵਿਚ ਹੋਦ ਵਿਚ ਆਇਆ ਸੀ, ਉਸ ਮੀਰੀ-ਪੀਰੀ ਦੇ ਸਿਧਾਂਤ ਉਤੇ ਪਹਿਰਾ ਦੇਣ ਵਾਲਾ ਅਸਲ ਅਕਾਲੀ ਦਲ ਕਿਹੜਾ ਹੈ ? ਫਿਰ ਉਸਦੀ ਪਹਿਚਾਣ ਕਰਕੇ ਆਉਣ ਵਾਲੇ ਸਮੇ ਵਿਚ ਸਭ ਸਿੱਖਾਂ ਵੱਲੋ ਪਾਰਟੀਆਂ, ਧੜਿਆ ਦੀ ਸੌੜੀ ਸੋਚ ਤੋ ਉਪਰ ਉੱਠਕੇ ਉਸ ਅਕਾਲੀ ਦਲ ਨੂੰ ਹੀ ਵੋਟ ਪਾਉਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ । ਜੋ ਸਿੱਖਾਂ ਦੀ ਮਨੋਭਾਵਨਾ ਉਤੇ ਪੂਰਾ ਉੱਤਰਦਾ ਹੋਵੇ ਅਤੇ ਸੰਜ਼ੀਦਗੀ ਨਾਲ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਤੀਜੀ ਵਾਰ ਕਾਇਮ ਕਰਨ ਲਈ ਸੁਹਿਰਦ ਤੇ ਸਮਰੱਥ ਹੋਵੇ । ਜੇਕਰ ਸਿੱਖ ਕੌਮ ਤੇ ਸਿੱਖ ਲੀਡਰਸਿਪ ਇਸ ਜਿੰਮੇਵਾਰੀ ਨੂੰ ਪੂਰਨ ਨਾ ਕਰ ਸਕੀ ਤਾਂ ਆਉਣ ਵਾਲੀ ਸਿੱਖ ਪਨੀਰੀ ਸਾਨੂੰ ਉਸੇ ਤਰ੍ਹਾਂ ਮੁਆਫ਼ ਨਹੀ ਕਰੇਗੀ ਜਿਵੇ ਕਿ ਅੱਜ ਅਸੀ ਪੁਰਾਤਨ ਲੀਡਰਸਿਪ ਦੀਆਂ ਗਲਤੀਆ ਲਈ ਉਨ੍ਹਾਂ ਨੂੰ ਮੁਆਫ਼ ਨਹੀ ਕਰ ਰਹੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 77ਵੇਂ ਜਨਮ ਦਿਹਾੜੇ ਦੇ ਸਮਾਗਮ ਉਤੇ ਸਿੱਖ ਕੌਮ ਨੂੰ ਸੰਦੇਸ ਦੇਣ ਉਪਰੰਤ ਮੌਜੂਦਾ ਹਾਲਾਤਾਂ ਉਤੇ ਇਕ ਗੰਭੀਰ ਤਪਸਰਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਸੱਚ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਖ਼ਾਲਸਾਈ ਸਿਧਾਤਾਂ ਉਤੇ ਤੀਸਰੀ ਵਾਰ ਫਿਰ ਖ਼ਾਲਸਾ ਰਾਜ ਕਾਇਮ ਕਰਨ ਤੋ ਬਿਨ੍ਹਾਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦਰਪੇਸ ਆ ਰਹੇ ਸਮੁੱਚੇ ਗੰਭੀਰ ਮਸਲਿਆ ਦਾ ਨਾ ਤਾਂ ਹੱਲ ਹੋ ਸਕਦਾ ਹੈ ਅਤੇ ਨਾ ਹੀ ਅਸੀ ਇਸ ਰਾਜ ਭਾਗ ਤੋ ਬਿਨ੍ਹਾਂ ਅਣਖ-ਗੈਰਤ ਵਾਲੀ ਜਿੰਦਗੀ ਜਿਊਂਣ ਦੇ ਸਮਰੱਥ ਹੋ ਸਕਦੇ ਹਾਂ । ਇਸ ਸੱਚ ਨੂੰ ਗੁਰੂ ਸਾਹਿਬ ਨੇ ਵੀ ਆਪਣੇ ਮੁਖਾਰਬਿੰਦ ਤੋ ‘ਰਾਜ ਬਿਨ੍ਹਾ ਨਹੀ ਧਰਮ ਚਲੇ ਹੈ, ਧਰਮ ਬਿਨ੍ਹਾਂ ਸਭ ਦਲੈ ਮਲੈ ਹੈ’। ਉਚਾਰਕੇ ਬਹੁਤ ਪਹਿਲੇ ਉਜਾਗਰ ਕਰ ਦਿੱਤਾ ਸੀ । ਇਸ ਲਈ ਰਾਜ ਭਾਗ ਕਾਇਮ ਕਰਨਾ ਹਰ ਸਿੱਖ ਦੇ ਮਨ-ਆਤਮਾ ਦਾ ਫੈਸਲਾ ਹੋਣਾ ਚਾਹੀਦਾ ਹੈ ਫਿਰ ਹੀ ਸਮੂਹਿਕ ਤਾਕਤ ਬਣਕੇ ਇਸ ਮੰਜਿਲ ਦੀ ਅਵੱਸ ਪ੍ਰਾਪਤੀ ਹੋਵੇਗੀ । ਸ. ਮਾਨ ਨੇ ਇਕ ਗੰਭੀਰ ਮੁੱਦੇ ਨੂੰ ਛੋਹਦੇ ਹੋਏ ਜਾਗਰੂਕ ਕਰਦੇ ਹੋਏ ਕਿਹਾ ਕਿ ਸਿੱਖਾਂ ਵੱਲੋ ਦਿੱਤੇ ਜਾਣ ਵਾਲੇ ਅਹੁਦਿਆ ਤੋ ਅਸਤੀਫਿਆ ਅਤੇ ਹਿੰਦੂਆਂ ਦੇ ਦਿੱਤੇ ਜਾਣ ਵਾਲੇ ਅਸਤੀਫਿਆ ਵਿਚ ਬਹੁਤ ਵੱਡਾ ਫਰਕ ਹੈ । ਜਦੋ ਮੇਰੇ ਵਰਗਾਂ ਸਿੱਖ ਆਪਣੇ ਕਿਸੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ ਤਾਂ ਉਸਨੂੰ ਇਹ ਹਿੰਦੂਤਵ ਹੁਕਮਰਾਨ ਝੱਟ ਪ੍ਰਵਾਨ ਕਰ ਲੈਦੇ ਹਨ ਅਤੇ 5-5 ਸਾਲ ਦੀਆਂ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾ ਦਿੰਦੇ ਹਨ । ਲੇਕਿਨ ਹੁਣ ਜਦੋ ਇਕ ਹਿੰਦੂ ਸੋਚ ਵਾਲੇ ਪੰਜਾਬ ਦੇ ਗਵਰਨਰ ਨੇ ਆਪਣੇ ਅਹੁਦੇ ਤੋ ਅਸਤੀਫਾ ਦਿੱਤਾ ਹੈ ਤਾਂ ਉਸਨੂੰ ਕਈ ਦਿਨ ਲੰਘਣ ਤੋ ਬਾਅਦ ਵੀ ਨਾ ਤਾਂ ਪ੍ਰਵਾਨ ਕੀਤਾ ਗਿਆ ਹੈ। ਬਲਕਿ ਅਸਤੀਫਾ ਦੇਣ ਉਪਰੰਤ ਸਰਹੱਦਾਂ ਉਤੇ ਤਿੰਨ ਦਿਨਾਂ ਦੇ ਲੰਮੇ ਸਮੇ ਲਈ ਹਿੰਦੂਤਵ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਨੂੰ ਪੂਰਨ ਕਰਨ ਲਈ ਦੌਰੇ ਵੀ ਕਰ ਰਹੇ ਹਨ । ਇਹ ਫਰਕ ਹੈ ਸਿੱਖਾਂ ਅਤੇ ਹਿੰਦੂਆਂ ਵਿਚ । ਫਿਰ ਕਿਉਂ ਨਾ ਆਪਾ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਤੇ ਆਪਣੀ ਵਿਲੱਖਣ ਤੇ ਅਣਖੀਲੀ ਪਹਿਚਾਣ ਦਾ ਸੰਸਾਰਭਰ ਨੂੰ ਸੰਦੇਸ ਦਿੰਦੇ ਹੋਏ ਸਮੂਹਿਕ ਤੌਰ ਤੇ ਅਤੇ ਜਮਹੂਰੀਅਤ ਤੌਰ ਤੇ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਆਪਣੇ ਆਜਾਦੀ ਦੇ ਮਿਸਨ ਦੀ ਜਮਹੂਰੀ ਢੰਗਾਂ ਰਾਹੀ ਪ੍ਰਾਪਤੀ ਕਰਕੇ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਖ਼ਾਲਸਾ ਰਾਜ ਕਾਇਮ ਕਰੀਏ । ਜਿਸ ਵਿਚ ਬਰਾਬਰਤਾ, ਇਨਸਾਫ ਅਤੇ ਸਾਫ-ਸੁਥਰੇ ਰਾਜ ਪ੍ਰਬੰਧ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਆਪਣੇ ਕੌਮੀ ਸੰਦੇਸ ਨੂੰ ਦੁਨੀਆ ਦੇ ਹਰ ਕੋਨੇ-ਕੋਨੇ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈਏ ।