ਸਾਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਬਲਕਿ ਮਾਣ ਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ: ਭਾਈ ਭਿਓਰਾ/ ਭਾਈ ਤਾਰਾ 

ਸਾਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਬਲਕਿ ਮਾਣ ਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ: ਭਾਈ ਭਿਓਰਾ/ ਭਾਈ ਤਾਰਾ 

 ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਬੰਦੀ ਸਿੰਘਾਂ ਵਲੋਂ ਜੁਆਬ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਭਾਰਤ ਦੀ ਪਾਰਲੀਮੈਂਟ ਵਿੱਚ ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਦਿੱਤੇ ਬਿਆਨ ਤੋਂ ਬਾਅਦ ਜੇਲ੍ਹ ‘ਚ ਬੰਦ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਕਤਲ ਵਿਚ ਨਾਮਜਦ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਓਰਾ ਨੇ ਜੇਲ੍ਹ ਤੋਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਬੰਦੀ ਸਿੰਘਾਂ ਸਬੰਧੀ ਦਿੱਤੇ ਬਿਆਨ ਦਾ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀ ਢੁਕਵਾਂ ਜੁਆਬ ਭੇਜਿਆ ਗਿਆ ਹੈ ।

ਸਾਡੇ ਧਿਆਨ ਵਿੱਚ ਆਇਆ ਹੈ ਕਿ ਹਿੰਦੂ-ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮੁਆਫ਼ੀ ਦਾ ਹੱਕਦਾਰ ਨਹੀਂ ਹੋ ਸਕਦਾ। ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਦੋ-ਟੁੱਕ ਜੁਆਬ ਹੈ।

ਅਮਿਤ ਸ਼ਾਹ ਜੀ, ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ, ਸਾਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ। ਬਲਕਿ ਸਾਨੂੰ ਮਾਣ ਤੇ ਤਸੱਲੀ  ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲੱਗੀਆਂ ਹਨ। ਭਾਰਤੀ ਨਿਜ਼ਾਮ ਦੇ ਸੰਦਾਂ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ‘ਤੇ ਹੋ ਰਹੇ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਅਤੇ ਗ਼ੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਵਾਉਣ ਲਈ ਲੜਦਿਆਂ ਅਸੀ ਤੁਹਾਡੇ ਮੁਲਕ ਦੇ ਕੈਦ-ਖ਼ਾਨਿਆਂ ਵਿੱਚ ਕੈਦ ਹੋਏ ਹਾਂ। ਤੁਸੀ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ, ਪਰ ਅਸੀ ਭਾਰਤ-ਪੰਜਾਬ ਜੰਗ ਦੇ ਕੈਦੀ ਹਾਂ। ਅਸੀ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰਿਆਇਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ।

ਸਾਡੀ ਅਰਜੋਈ ਅਕਾਲ ਪੁਰਖ ਅੱਗੇ ਹੈ। ਅਸੀ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਇਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਅਤੇ ਅੱਗੋਂ ਵੀ ਉਸੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕੱਟਾਂਗੇ । ਸਾਡੀ ਅਸਲ ਤਾਕਤ ਗੁਰੂ ਪੰਥ ਹੈ ਅਤੇ ਸਾਡੇ ਤੇ ਮੇਹਰ ਅਤੇ ਥਾਪੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਸਾਡੀ ਕੌਮ ਸਾਡੇ ਲਈ ਚਿੰਤਤ ਹੈ ਅਤੇ ਸਾਡੀ ਬੰਦ ਖ਼ਲਾਸੀ ਲਈ ਸੰਘਰਸ਼ੀਲ ਹੈ, ਇਹ ਹੀ ਸਾਡੇ ਲਈ ਮਾਣ ਤੇ ਹੌਸਲੇ ਵਾਲੀ ਗੱਲ ਹੈ।

ਸਾਡੇ ਲਈ ਪ੍ਰੇਰਣਾ-ਦਾਇਕ ਤੇ ਪ੍ਰੇਰਣਾ ਸ੍ਰੋਤ ਹੈ ਸਾਡਾ ਵਿਰਸਾ, ਗੌਰਵਮਈ ਪ੍ਰੰਪਰਾਵਾਂ ਅਤੇ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸ਼ਹਾਦਤਾਂ ਦੀਆਂ ਦਾਸਤਾਨਾਂ ਨਾਲ ਬੇਅੰਤ ਮਾਲੋ-ਮਾਲ ਹੈ। ਜਿਸ ਦਿਨ, ਜਿਸ ਘੜੀ ਦਸਮ ਪਾਤਿਸ਼ਾਹ ਦਾ ਸਾਜਿਆ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜੰਗ ਜਿੱਤੇਗਾ, ਅਸੀਂ ਬੰਦੀ ਸਿੰਘ ਸਹੀ ਅਰਥਾਂ ਵਿੱਚ ਉਸ ਦਿਨ, ਉਸ ਮੁਬਾਰਕ ਘੜੀ ਆਜ਼ਾਦ  ਹੋਵਾਂਗੇ