ਚਿੱਤਰ ਕਾਲਪਨਿਕ ਨੇ ਜਾਂ ਸਾਡੀ ਕਲਹ

ਚਿੱਤਰ ਕਾਲਪਨਿਕ ਨੇ ਜਾਂ ਸਾਡੀ ਕਲਹ

ਸਿੱਖ ਧਰਮ ਵਿੱਚ ਚਿੱਤਰਕਲਾ ਗੁਰੂ ਕਾਲ ਤੋਂ ਹੀ ਪ੍ਰਚਲਿਤ ਹੈ।

ਅਜਿਹੇ ਕਈ ਇਤਿਹਾਸਿਕ ਵਾਕਿਆਤ ਵੀ ਹੋਏ ਹਨ ਜਦੋਂ ਕਿਸੇ ਕਲਾਕਾਰ ਨੇ ਗੁਰੂ ਸਾਹਿਬ ਦੇ ਚਿੱਤਰ ਉਹਨਾਂ ਨੂੰ ਸਾਹਮਣੇ ਬਿਠਾਕੇ ਬਣਾਏ। ਉਹ ਪ੍ਰਤੱਖ ਚਿੱਤਰ ਵੀ ਗੁਰੂ ਸਾਹਿਬ ਦੇ ਨੈਣ-ਨਕਸ਼ ਇੰਨ ਬਿੰਨ ਦਰਸਾਉਣ ਦੀ ਥਾਂ ਵਕਤ ਦੀ ਸ਼ੈਲੀ ਅਨੁਸਾਰ ਚਿਤਰੇ ਗਏ ਸਨ। ਇਸੇ ਤਰ੍ਹਾਂ ਦੀ ਚਿੱਤਰਕਲਾ ਸਾਡੇ ਇਤਿਹਾਸਿਕ ਸਥਾਨਾਂ ਤੇ ਅਕਸਰ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ ਗੁਃ ਬਾਬਾ ਅਟੱਲ ਰਾਇ ਦੀਆਂ ਸਾਰੀਆਂ ਮੰਜ਼ਲਾਂ ਤੇ ਪੂਰਾ ਸਿੱਖ ਇਤਿਹਾਸ ਚਿੱਤਰਿਆ ਪਿਆ ਹੈ। ਅਜਿਹੀ ਸ਼ਾਇਦ ਕੋਈ ਇਤਿਹਾਸਿਕ ਘਟਨਾ ਹੋਵੇਗੀ, ਜਿਸ ਦਾ ਚਿੱਤਰ ਓਥੇ ਨਾ ਉੱਕਰਿਆ ਹੋਵੇ।

ਖ਼ੈਰ ਅੱਗੇ ਗੱਲ ਕਰਨ ਤੋਂ ਪਹਿਲਾਂ ਚਿੱਤਰਕਲਾ ਦੇ ਅਤੀਤ ਤੋਂ ਚੱਲੇ ਆ ਰਹੇ ਇੱਕ ਨੁਕਤੇ ਤੇ ਥੋੜ੍ਹੀ ਜਿਹੀ ਨਿਗਾਹ ਮਾਰ ਲਈਏ… ਆਦਿ ਕਾਲ ਤੋਂ ਚੱਲੀ ਆ ਰਹੀ ਚਿੱਤਰਕਲਾ ਵੱਖ-ਵੱਖ ਪੜਾਵਾਂ ਜਾਂ ਸ਼ੈਲੀਆਂ ਵਿੱਚੋਂ ਗੁਜ਼ਰਦੀ ਆਈ ਹੈ। ਇਸ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਇੱਕ ਗੱਲ ਸਾਂਝੀ ਰਹੀ ਹੈ ਕਿ ਚਿੱਤਰ ਵਿੱਚੋਂ ਸੁੰਦਰਤਾ ਡੁੱਲ੍ਹ-ਡੁੱਲ੍ਹ ਪੈਣੀ ਲਾਜ਼ਮੀ ਰਹੀ ਹੈ। ਆਮ ਕਰਕੇ ਚਿੱਤਰ ਰਾਜੇ-ਮਹਾਰਾਜਿਆਂ ਦੇ ਹੀ ਚਿੱਤਰੇ ਜਾਂਦੇ ਸਨ, ਸ਼ਾਇਦ ਇਸੇ ਲਈ ਚਿੱਤਰਕਾਰੀ ਵਿੱਚ ਸੁੰਦਰਤਾ ਨੂੰ ਹਾਵੀ ਰੱਖਣ ਦਾ ਸਬੱਬ ਵੀ ਬਣਿਆ ਰਿਹਾ। ਬੁਢੇਪਾ, ਰੋਗ, ਉਦਾਸੀ ਆਦਿ ਰਾਜਿਆਂ ਦੇ ਚਿੱਤਰਾਂ ਵਿੱਚੋਂ ਗਾਇਬ ਹੁੰਦੇ ਸਨ। ਸੌ ਹੱਥ ਰੱਸਾ ਸਿਰੇ ਤੇ ਗੰਢ, ਚਿੱਤਰਕਾਰੀ ਦਾ ਮਕਸਦ ਕਦੇ ਵੀ ਇੰਨ-ਬਿੰਨ ਤਸਵੀਰ ਪੇਸ਼ ਕਰਨਾ ਨਹੀਂ ਰਿਹਾ ਬਲਕਿ ਸੁੰਦਰ ਤਸਵੀਰ ਸਿਰਜਣ ਵੱਲ ਹੀ ਤਵੱਜੋ ਦਿੱਤੀ ਜਾਂਦੀ ਰਹੀ ਹੈ।

ਮੌਜੂਦਾ ਦੌਰ ਵਿੱਚ ਕੈਮਰੇ ਨਾਲ ਲਈ ਤਸਵੀਰ ਸਰੀਰਕ ਤੱਥ ਪੇਸ਼ ਕਰਦੀ ਹੈ ਪਰ ਚਿੱਤਰ ਰਾਹੀਂ ਚਿੱਤਰਕਾਰ ਸਰੀਰਕ ਤੱਥਾਂ ਦੀ ਥਾਂ ਸਖਸ਼ੀਅਤ ਦੇ ਤੱਤ ਪੇਸ਼ ਕਰਨ ਵੱਲ ਕੇਂਦਰਤ ਹੁੰਦਾ ਹੈ। ਇਹ ਵੀ ਯਾਦ ਰਹੇ ਕਿ ਮੌਜੂਦਾ ਦੌਰ ਵਿੱਚ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਸਿਰਫ਼ ਪਾਸਪੋਰਟ ਜਾਂ ਲਾਇਸੈਂਸ ਵਗੈਰਾ ਤੇ ਹੀ ਸਰੀਰਕ ਤੱਥ ਦਰਸਾਉਂਦੀਆਂ ਹਨ, ਜਦਕਿ ਹੋਰ ਤਸਵੀਰਾਂ ਲਈ ਲੱਖਾਂ ਤਰ੍ਹਾਂ ਦੇ ਫਿਲਟਰ ਓਹੀ ਸਦੀਆਂ ਪੁਰਾਣੀ ਸੁੰਦਰਤਾ ਪੇਸ਼ ਕਰਨ ਦੀ ਰੀਤ ਨੂੰ ਹੀ ਅੱਗੇ ਤੋਰ ਰਹੇ ਹਨ। ਅਜੋਕੀ ਧਾਰਣਾ ਹੈ ਕਿ ਨਾ ਬੰਦਾ ਲਾਇਸੈਂਸ ਤੇ ਲੱਗੀ ਫੋਟੋ ਜਿੰਨਾ ਬਦਸੂਰਤ ਹੁੰਦਾ ਹੈ ਨਾ ਫੇਸਬੁੱਕ ਤੇ ਲੱਗੀ ਫੋਟੋ ਜਿੰਨਾ ਖ਼ੂਬਸੂਰਤ।

ਗੱਲ ਦਾ ਅਗਲਾ ਪੱਖ… ਇਸੇ ਧਾਰਨਾ ਨੂੰ ਲੈ ਕੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਚਿੱਤਰੀਆਂ ਗਈਆਂ ਹਨ… ਕਿਸੇ ਚਿੱਤਰਕਾਰ ਨੇ ਦਾਅਵਾ ਨਹੀਂ ਕੀਤਾ ਕਿ ਉਸ ਦੀ ਤਸਵੀਰ ਗੁਰੂ ਸਾਹਿਬ ਦੀ ਇੰਨ-ਬਿੰਨ ਤਸਵੀਰ ਹੈ, ਅਜਿਹਾ ਕਰਨ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ… ਉਹਨਾਂ ਦੀ ਕੋਸ਼ਿਸ਼ ਚਿੱਤਰਕਲਾ ਦੇ ਮੁੱਢਲੇ ਅਸੂਲ ਅਨੁਸਾਰ ਗੁਰੂ ਸਾਹਿਬ ਦੇ ਸਰੀਰ ਦੀ ਤਸਵੀਰ ਰਾਹੀਂ ਉਹਨਾਂ ਦੀ ਸਖਸ਼ੀਅਤ ਪੇਸ਼ ਕਰਨਾ ਰਿਹਾ ਹੈ।

ਮੈਂ ਹੈਰਾਨ ਹੋਇਆ ਇੱਕ ਸੱਜਣ ਦੱਸ ਰਹੇ ਸਨ ਕਿ ਕਈ ਸਾਲਾਂ ਦੀ ਮਿਹਨਤ ਮਗਰੋਂ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਉਸ ਸਿੰਘ ਦਾ ਪਤਾ ਲਗਾ ਲਿਆ ਜਿਸ ਨੂੰ ਵੇਖ ਕੇ ਸ਼ੋਭਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਤਿਆਰ ਕੀਤੀ ਸੀ। ਕਾਸ਼ ਉਹ ਸੱਜਣ, ਸ਼ੋਭਾ ਸਿੰਘ ਨੂੰ ਫਰੋਲਣ ਦੀ ਥਾਂ ਇੰਨੇ ਸਾਲ ਆਪਣੇ ਮਨ ਨੂੰ ਫਰੋਲ ਲੈਂਦਾ ਤਾਂ ਸ਼ਾਇਦ ਉਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਪ੍ਰਤੱਖ ਦਰਸ਼ਨ ਹੋ ਜਾਂਦੇ। ਅਸੀਂ ਅੰਬ ਚੂਪਣ ਦੀ ਥਾਂ ਜੜ੍ਹਾਂ ਪੁੱਟਣ ਵੱਲ ਜ਼ਿਆਦਾ ਜ਼ੋਰ ਲਗਾ ਦਿੰਦੇ ਹਾਂ। ਸ਼ੋਭਾ ਸਿੰਘ ਦਾ ਜ਼ਿਕਰ ਹੋਇਆ ਤਾਂ ਉਸ ਦੀ ਇੱਕ ਗੱਲ ਹੋਰ ਸਾਂਝੀ ਕਰ ਦਿਆਂ ਜਿਸ ਨਾਲ ਹੁਣ ਤੱਕ ਲਿਖੇ ਤੇ ਮੋਹਰ ਲੱਗ ਜਾਵੇਗੀ। ਸ਼ੋਭਾ ਸਿੰਘ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਚਿੱਤਰ ਤਕਰੀਬਨ 40 ਸਾਲ ਆਪਣੀ ਗੈਲਰੀ ਵਿੱਚ ਰੱਖਣ ਮਗਰੋਂ ਜਨਤਕ ਕੀਤਾ ਤੇ ਉਸ ਮੁਤਾਬਿਕ ਉਹ ਛੇਵੇਂ ਪਾਤਸ਼ਾਹ ਦਾ ਚਿੱਤਰ ਦਹਾਕੇ ਲਗਾਕੇ ਵੀ ਪੂਰਾ ਨਹੀਂ ਕਰ ਸਕਿਆ, ਇਸ ਲਈ ਮਜਬੂਰੀ ਵੱਸ ਅੱਧ-ਅਧੂਰਾ ਹੀ ਛਪਵਾ ਦਿੱਤਾ… ਉਹ ਅੱਧ-ਅਧੂਰਾ ਚਿੱਤਰ ਇੰਨਾ ਖੂਬਸੂਰਤ ਹੈ ਕਿ ਕੋਈ ਘੰਟਿਆਂ ਬੱਧੀ ਨਿਗਾਹ ਗੱਡ ਕੇ ਉਸਨੂੰ ਬਿਨਾਂ ਥੱਕੇ, ਬਿਨਾਂ ਅੱਕੇ ਵੇਖਦਾ ਰਹਿ ਸਕਦਾ ਹੈ ਪਰ ਸ਼ੋਭਾ ਸਿੰਘ ਮੁਤਾਬਿਕ ਉਹ ਚਿੱਤਰ ਅੱਧ-ਅਧੂਰਾ ਹੈ… ਕਿਉਂਕਿ ਉਸ ਮੁਤਾਬਿਕ ਉਸ ਚਿੱਤਰ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਵੀ ਉੱਘੜਨੀ ਚਾਹੀਦੀ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ… ਰਬਾਬ ਤੇ ਕ੍ਰਿਪਾਨ ਦੋਵੇਂ… ਕਰਤਾਰ ਦੀ ਯਾਦ ਵਾਲੀ ਚੁੱਪ ਅਤੇ ਸੰਸਾਰ ਤੇ ਜੈਕਾਰੇ ਵਾਲੀ ਗਰਜ ਦੋਵੇਂ… ਤੇ ਉਹ ਕਹਿੰਦਾ ਮੈਂ ਅਸਫਲ ਰਿਹਾ ਅਜਿਹਾ ਕਰਨ ਵਿੱਚ… ਚਿੱਤਰਾਂ ਵਿੱਚੋਂ ਸਰੀਰ ਲੱਭਣ ਵਾਲਿਆਂ ਲਈ ਇਹ ਚਿੱਤਰ ਕਾਲਪਨਿਕ ਹੀ ਰਹਿਣਗੇ।

ਹੁਣ ਅਗਲੀ ਗੱਲ… ਮੰਨ ਲਵੋ ਗੁਰੂ ਸਾਹਿਬ ਦੇ ਵੇਲੇ ਵੀ ਅਜੋਕੀ ਤਕਨੀਕ ਹੁੰਦੀ ਤਾਂ ਕੀ ਸਿੱਖ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਪੂਜਾ ਕਰਦੇ? ਸੰਤ ਜਰਨੈਲ ਸਿੰਘ ਜੀ ਤੋਂ ਇੱਕ ਪੱਤਰਕਾਰ ਬੀਬੀ ਨੇ ਉਹਨਾਂ ਪਿੱਛੇ ਕੰਧ ਤੇ ਲੱਗੀ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਤਸਵੀਰ ਬਾਰੇ ਸਵਾਲ ਕੀਤਾ ਸੀ ਤਾਂ ਸੰਤ ਜੀ ਦਾ ਜਵਾਬ ਸੀ, “ਮੈਂ ਤਸਵੀਰ ਦਾ ਸਤਿਕਾਰ ਕਰਦਾ ਹਾਂ, ਪੂਜਾ ਨਹੀਂ”… ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੀ ਹਨ ਤੇ ਹਰਿਮੰਦਰ ਸਾਹਿਬ ਵਿੱਚ ਵੀ ਉੱਕਰੀਆਂ ਹੋਈਆਂ ਹਨ… ਕੋਈ ਉਹਨਾਂ ਦੀ ਪੂਜਾ ਨਹੀਂ ਕਰਦਾ… ਹਾਂ ਜੇ ਕਿਸੇ ਨੇ ਤੰਬਾਕੂ/ਬੀੜੀ ਆਦਿ ਤੇ ਗੁਰੂ ਸਾਹਿਬ ਦੀ ਕਾਲਪਨਿਕ ਆਖੀ ਜਾਣ ਵਾਲੀ ਤਸਵੀਰ ਛਾਪਣ ਦੀ ਹਿਮਾਕਤ ਕੀਤੀ ਤਾਂ ਪੰਥ ਨੇ ਸਖ਼ਤ ਵਿਰੋਧ ਕਰ ਅਗਲਿਆਂ ਨੂੰ ਜਾਂ ਤਾਂ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ ਜਾਂ ਸਜ਼ਾ ਵੀ ਦਿੱਤੀ… ਲਾਲਾ ਜਗਤ ਨਾਰਾਇਣ ਨੇ ਆਪਣੇ ਅਖਬਾਰ ਦੇ ਕੈਲੰਡਰ ਤੇ ਦਸ਼ਮੇਸ਼ ਪਿਤਾ ਦੇ ਬਰਾਬਰ ਆਪਣੀ ਤਸਵੀਰ ਛਾਪੀ ਸੀ, ਸੰਤਾਂ ਦੇ ਰੋਹ ਕਾਰਣ ਉਸਨੂੰ ਉਹ ਮਾਫ਼ੀ ਮੰਗ ਵਾਪਸ ਲੈਣਾ ਪਿਆ ਸੀ… ਜੇ ਦਸਵੇਂ ਪਾਤਸ਼ਾਹ ਦੀ ਤਸਵੀਰ ਕਾਲਪਨਿਕ ਸੀ, ਫਿਰ ਸੰਤਾਂ ਨੂੰ ਨਾਰਾਜ਼ ਹੋਣ ਦੀ ਕੀ ਲੋੜ ਸੀ… ਧਰਮ ਯੁੱਧ ਮੋਰਚੇ ਜੇ ਕਿਸੇ ਨੇ ਅੰਮ੍ਰਿਤਸਰ ਸਟੇਸ਼ਨ ਤੇ ਲੱਗੀ ਸ੍ਰੀ ਗੁਰੂ ਰਾਮ ਦਾਸ ਜੀ ਦਾ “ਕਾਲਪਨਿਕ” ਚਿੱਤਰ ਪਾੜ੍ਹਕੇ, ਉਸ ਚਿੱਤਰ (ਲਿਖਦਿਆਂ ਮੇਰੇ ਹੱਥ ਕੰਬਦੇ ਨੇ) ਤੇ ਬਣੇ ਚਿਹਰੇ ਤੇ ਜੁੱਤੀਆਂ ਮਾਰੀਆਂ ਤਾਂ ਸਿੰਘਾਂ ਨੇ ਉਸ ਨੂੰ ਸੋਧਣ ਵਿੱਚ ਰਤਾ ਢਿੱਲ ਨਾ ਕੀਤੀ… ਕਹਿਣ ਦਾ ਭਾਵ ਹੈ ਕਿ ਸਿੱਖ, ਚਿੱਤਰਕਾਰੀ ਨੂੰ ਸਵੀਕਾਰਦੇ ਹਨ… ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਚਿੱਤਰ ਸੂਰਤ ਦਰਸਾਉਣ ਲਈ ਨਹੀਂ, ਸੀਰਤ ਵਿਖਾਉਣ ਲਈ ਸਿਰਜੇ ਜਾਂਦੇ ਹਨ… ਅਸੀਂ ਨਾ ਤਾਂ ਹਿੰਦੂਆਂ ਵਾਂਗੂੰ ਚਿੱਤਰਾਂ ਨੂੰ ਰੱਬ ਮੰਨਦੇ ਹਾਂ ਤੇ ਨਾ ਹੀ ਤਾਲਿਬਾਨੀ ਕਿਸਮ ਦੀ ਨਫ਼ਰਤ ਕਰਦੇ ਹਾਂ।

ਜੇ ਚਿੱਤਰਕਾਰੀ ਕਾਲਪਨਿਕ ਹੈ ਤਾਂ ਇਤਿਹਾਸ ਨੂੰ ਵੀ ਸੱਚਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕੁਝ ਘਟਨਾਵਾਂ ਨੂੰ ਛੱਡਕੇ, ਕਦੇ ਵੀ ਇਤਿਹਾਸਕਾਰ ਮੌਕੇ ਤੇ ਮੌਜੂਦ ਨਹੀਂ ਰਹੇ। ਕਈ ਵਾਰੀ ਤਾਂ ਇਤਿਹਾਸਿਕ ਗ੍ਰੰਥ ਸੈਕੜੇਂ ਸਾਲ ਮਗਰੋਂ ਹੋਂਦ ਵਿੱਚ ਆਉਂਦੇ ਹਨ। ਹਰ ਇਤਿਹਾਸਕਾਰ ਤੇ ਅੱਗੋਂ ਉਸਦੇ ਵਿਆਖਿਆਕਾਰ ਹਰੇਕ ਘਟਨਾ ਨੂੰ ਆਪਣੇ ਅੰਦਾਜ਼ ਵਿੱਚ ਬਿਆਨ ਕਰਦੇ ਹਨ, ਆਪਣੀ ਸੋਝੀ ਮੁਤਾਬਿਕ ਉਹ ਇਤਿਹਾਸਿਕ ਘਟਨਾ ਦੇ ਪਾਤਰਾਂ ਦੇ ਮੂੰਹੋਂ ਵਾਕ ਉਚਾਰਣ ਕਰਵਾਉਂਦੇ ਹਨ। ਇੱਕ ਵਿਆਖਿਆਕਾਰ ਦੀ ਵਾਕ-ਬਣਤਰ ਦੂਜੇ ਨਾਲੋਂ ਵੱਖ ਹੁੰਦੀ ਹੈ ਪਰ ਇਸ ਸਭ ਕੁਝ ਨੂੰ ਅਸੀਂ ਕਾਲਪਨਿਕ ਨਹੀਂ ਆਖ ਸਕਦੇ। ਚਿੱਤਰਕਾਰ ਵਾਂਗ ਹੀ ਇਤਿਹਾਸਕਾਰ ਤੇ ਵਿਆਖਿਆਕਾਰ ਦਾ ਮਕਸਦ ਇੰਨ-ਬਿੰਨ ਗੱਲ ਕਰਨਾ ਨਹੀਂ ਹੁੰਦਾ ਸਗੋਂ ਇਤਿਹਾਸਿਕ ਸਖਸ਼ੀਅਤ ਨੂੰ ਸਰੋਤਿਆਂ ਅੱਗੇ ਖੂਬਸੂਰਤ ਢੰਗ ਨਾਲ ਪੇਸ਼ ਕਰਨਾ ਹੁੰਦਾ ਹੈ।

ਹੁਣ ਇੱਕ ਹੋਰ ਨਿਵੇਕਲਾ ਪੱਖ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ… ਉਹ ਹੈ ਕਿ ਦੁਨੀਆਂ ਵਿੱਚ ਕਿਸੇ ਵੀ ਹੋਰ ਧਰਮ ਨਾਲੋਂ ਸਭ ਤੋਂ ਵੱਧ ਸਿੱਖ ਹੀ ਤਸਵੀਰਾਂ ਨੂੰ ਮੱਥਾ ਟੇਕਦੇ ਹਨ… ਤੁਹਾਨੂੰ ਇਹ ਗੱਲ ਪੜ੍ਹਨ ਵਿੱਚ ਅਜੀਬ ਲੱਗੇਗੀ ਪਰ ਹੈ ਕੌੜੀ ਸੱਚਾਈ… ਉਹ ਲੋਕ ਵੀ ਮੱਥਾ ਟੇਕਦੇ ਹਨ ਜੋ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਕਾਲਪਨਿਕ ਆਖਕੇ ਉਹਨਾਂ ਦਾ ਵਿਰੋਧ ਕਰਦੇ ਹਨ।

ਉਪਰੋਕਤ ਗੱਲ ਨੂੰ ਸਾਹਮਣੇ ਲਿਆਉਣ ਤੋਂ ਪਹਿਲਾਂ ਮੈਨੂੰ ਕੁਝ ਹੋਰ ਨੁਕਤੇ ਸਾਂਝੇ ਕਰਨ ਦੀ ਲੋੜ ਹੈ ਫਿਰ ਤੁਹਾਨੂੰ ਗੱਲ ਬਿਲਕੁਲ ਸਾਫ਼ ਹੋ ਜਾਵੇਗੀ… ਸਿੱਖ ਧਰਮ ਵਿੱਚ ਸਭ ਤੋਂ ਵੱਧ ਸਤਿਕਾਰਯੋਗ ਹਨ ਗੁਰੂ ਸਾਹਿਬਾਨ, ਫਿਰ ਭਗਤ, ਪੰਜ ਪਿਆਰੇ, ਸਾਹਿਬਜ਼ਾਦੇ, ਬੇਅੰਤ ਸ਼ਹੀਦ, ਮਹਾਂਪੁਰਖ, ਯੋਧੇ, ਵਿਦਵਾਨ… ਤੇ ਅਜੋਕੇ ਸਮੇਂ ਵਿੱਚ ਵੱਖ ਵੱਖ ਸੰਪਰਦਾਵਾਂ ਨਾਲ ਜੁੜੇ ਵਿਅਕਤੀਆਂ ਲਈ ਉਹਨਾਂ ਦੇ ਡੇਰਿਆਂ ਦੇ ਆਗੂ… ਇਸੇ ਤਰ੍ਹਾਂ ਹੀ ਹੋਰ ਥੱਲੇ ਸਰਕਦੇ ਜਾਈਏ ਤਾਂ ਸਿਆਸੀ ਜਮਾਤਾਂ ਨਾਲ ਜੁੜੇ ਲੋਕਾਂ ਲਈ ਉਹਨਾਂ ਦੇ ਆਗੂ ਸਤਿਕਾਰਤ ਹੋਣਗੇ… ਇੰਨਾ ਹੇਠਾਂ ਆਏ ਹਾਂ ਤਾਂ ਹੇਠਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ… ਸਿਆਸੀ ਬੰਦੇ (ਸਾਰੇ ਨਹੀਂ) ਆਮ ਕਰਕੇ ਆਮ ਬੰਦੇ ਤੋਂ ਵੀ ਘੱਟ ਸੋਝੀ, ਘੱਟ ਇਮਾਨਦਾਰੀ ਵਾਲੇ ਹੁੰਦੇ ਹਨ, ਤੇ ਸਿਆਸਤ ਵਿੱਚ ਕਾਮਯਾਬ ਓਹੀ ਹੁੰਦਾ ਹੈ ਜੋ ਆਪਣੇ ਵਿਰੋਧੀ ਨਾਲੋਂ ਕਪਟ, ਛੱਲ, ਫ਼ਰੇਬ ਵਿੱਚ ਜ਼ਿਆਦਾ ਨਿਪੁੰਨ ਹੁੰਦਾ ਹੈ… ਸੰਸਾਰ ਦੇ ਕੁਝ ਕੁ ਸਿਆਸਤਦਾਨਾਂ ਨੂੰ ਛੱਡਕੇ ਬਹੁਤੇ ਦੂਜਿਆਂ ਨਾਲੋਂ ਵੱਧ ਫ਼ਰੇਬੀ, ਕਪਟੀ, ਝੂਠੇ ਹੋਣ ਕਰਕੇ ਹੀ ਸਿਆਸਤ ਦੀ ਟੀਸੀ ਤੱਕ ਪਹੁੰਚਦੇ ਰਹੇ ਹਨ… ਸਿਆਸਤਦਾਨ ਨੇ ਵਿਰੋਧੀਆਂ ਨੂੰ ਤਾਂ ਡੋਬਣਾ ਹੀ ਹੁੰਦਾ ਹੈ, ਨਾਲ ਨਾਲ ਉਸਨੂੰ ਆਪਣੇ ਸਾਥੀਆਂ ਤੇ ਵੀ ਨਿਗਾਹ ਰੱਖਣੀ ਪੈਂਦੀ ਹੈ ਕਿ ਉਹਨਾਂ ਵਿੱਚੋਂ ਵੀ ਕੋਈ ਤੈਰਦਾ ਨਾ ਰਹਿ ਸਕੇ… ਸੰਸਾਰ ਦੇ ਹਰ ਦੇਸ਼ ਦੀ ਇਹੀ ਕਹਾਣੀ ਹੈ, ਭਾਵੇਂ ਕੋਈ ਕਿੰਨਾ ਵੀ ਆਪਣੇ ਆਗੂ ਨੂੰ ਨਾਇਕ ਆਖੀ ਜਾਵੇ… ਇੱਥੇ ਗੱਲ ਛੱਡਦਾ ਹਾਂ ਹਾਲੇ, ਮੁੜ ਇੱਥੋਂ ਹੀ ਉਠਾਵਾਂਗਾ।

ਮੰਨ ਲਵੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅੱਗੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰੱਖਣੀਆਂ ਲਾਜ਼ਮੀ ਕਰ ਦਿੱਤੀਆਂ ਜਾਣ ਤਾਂ ਯਕੀਨਨ ਉਸ ਦਾ ਵਿਰੋਧ ਹੋਵੇਗਾ… ਇਸੇ ਕਿਸਮ ਦਾ ਵਿਰੋਧ ਭਗਤਾਂ ਤੇ ਸ਼ਹੀਦਾਂ ਦੀਆਂ ਤਸਵੀਰਾਂ ਬਾਰੇ ਵੀ ਕੀਤਾ ਜਾਵੇਗਾ… ਕਿਸੇ ਇੱਕ ਸੰਪਰਦਾ ਦੇ ਮਹਾਂਪੁਰਖ ਦੀ ਤਸਵੀਰ ਤਾਂ ਦੂਜੇ ਸੰਪਰਦਾ ਵਾਲਿਆਂ ਨੇ ਹੀ ਨਹੀਂ ਰੱਖਣ ਦੇਣੀ… ਇਹ ਸਭ ਛੱਡੋ ਕੀ ਕੋਈ ਸਿੱਖ ਕਿਸੇ ਸਿਆਸਤਦਾਨ ਦੀ ਤਸਵੀਰ ਗੁਰੂ ਸਾਹਿਬ ਅੱਗੇ ਰੱਖਣ ਦੀ ਇਜ਼ਾਜ਼ਤ ਦੇਵੇਗਾ? ਤੁਸੀਂ ਆਪ ਹੀ ਆਪਣੀ ਪਸੰਦ ਦੇ ਕਿਸੇ ਵੀ ਕਾਮਯਾਬ ਸਿੱਖ ਸਿਆਸਤਦਾਨ ਦੀ ਤਸਵੀਰ ਗੁਰੂ ਸਾਹਿਬ ਅੱਗੇ ਰੱਖਣ ਲਈ ਸਹਿਮਤ ਹੋਵੋਂਗੇ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਵਾਲੇ ਸਿੱਖ ਦਾ ਸਿਰ ਉਸ ਸਿਆਸਤਦਾਨ ਅੱਗੇ ਵੀ ਝੁਕ ਜਾਵੇ… ਹੈ ਕੋਈ ਇੰਨਾ ਉੱਚਾ ਸਿਆਸਤਦਾਨ ਜਿਸ ਦੀ ਤਸਵੀਰ ਗੁਰੂ ਸਾਹਿਬ ਅੱਗੇ ਟਿਕਾਈ ਜਾ ਸਕੇ?

ਅਜੋਕੀ ਸਿੱਖ ਸਿਆਸਤ ਵਿੱਚ ਦੂਜਿਆਂ ਨੂੰ ਠਿੱਬੀ ਲਾ ਕੇ ਸਫ਼ਲ ਹੋਏ ਬਾਦਲ ਨਾਲੋਂ ਵੱਡਾ ਸਿਆਸਤਦਾਨ ਹੋਰ ਕੋਈ ਹੈ ਨਹੀਂ, ਜੇ ਕੋਈ ਸੰਪਰਦਾ ਕੋਈ ਸੰਸਥਾ ਉਸ ਦੀ ਤਸਵੀਰ ਗੁਰੂ ਸਾਹਿਬ ਅੱਗੇ ਰੱਖਣ ਦੀ ਲਹਿਰ ਚਲਾਉਣ ਦੀ ਕੋਸ਼ਿਸ਼ ਕਰੇ ਤਾਂ ਸਿੱਖ ਉਸ ਦਾ ਕੀ ਹਸ਼ਰ ਕਰਨਗੇ, ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ।

ਇਸ ਪੱਖ ਦੀ ਆਖ਼ਰੀ ਦਲੀਲ… ਆਗਰੇ ਦੇ ਘਾਹੀ ਸਿੱਖ ਨੇ ਜਹਾਂਗੀਰ ਅੱਗਿਓਂ ਆਪਣੀ ਭੇਟਾ ਚੁੱਕ ਲਈ ਸੀ… ਜੇ ਜਹਾਂਗੀਰ, ਛੇਵੇਂ ਪਾਤਸ਼ਾਹ ਅਤੇ ਘਾਹੀ ਦੇ ਵਿਚਕਾਰ ਬੈਠਾ ਹੁੰਦਾ ਤਾਂ ਕੀ ਸਿੱਖ, ਜਹਾਂਗੀਰ ਨੂੰ ਵਿੱਚੋਂ ਉਠਾਏ ਬਿਨਾਂ ਹੀ ਗੁਰੂ ਸਾਹਿਬ ਨੂੰ ਮੱਥਾ ਟੇਕ ਦਿੰਦਾ? ਹਰਗਿਜ਼ ਨਹੀਂ… ਪਰ ਅਸੀਂ ਅਜਿਹਾ ਨਹੀਂ ਕਰਦੇ, ਇਸੇ ਲਈ ਜ਼ਿਕਰ ਕੀਤਾ ਸੀ ਕਿ ਤਸਵੀਰਾਂ ਨੂੰ ਸਭ ਤੋਂ ਵੱਧ ਮੱਥਾ ਸਿੱਖ ਹੀ ਟੇਕਦੇ ਹਨ…

ਹੁਣ ਛੱਡੀ ਗੱਲ ਮੁੜ ਉਠਾਉਂਦਾ ਹੋਇਆ ਦੱਸਣਾ ਚਾਹੁੰਦਾ ਹਾਂ ਕਿ ਦੂਜਿਆਂ ਨੂੰ ਪਛਾੜਕੇ ਸਿਆਸਤ ਦੀ ਟੀਸੀ ਤੇ ਪਹੁੰਚੇ ਹੋਏ ਸਿਆਸਤਦਾਨਾਂ ਦੀਆਂ ਤਸਵੀਰਾਂ ਹੀ ਕਰੰਸੀ ਤੇ ਛਪਦੀਆਂ ਹਨ… ਅਸੀਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਕਾਲਪਨਿਕ ਆਖ ਕੇ ਉਹਨਾਂ ਨੂੰ ਪ੍ਰਵਾਨ ਕਰਨ ਤੋਂ ਆਕੀ ਹੋ ਸਕਦੇ ਹਾਂ ਪਰ ਗੋਲਕ ਵਿੱਚ ਪਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਟੀਸੀ ਦੇ ਸਿਆਸਤਦਾਨਾਂ ਦੀਆਂ ਤਸਵੀਰਾਂ, ਗੁਰੂ ਸਾਹਿਬ ਦੇ ਸਰੂਪ ਨਾਲੋਂ ਸਾਡੇ ਝੁਕੇ ਹੋਏ ਸਿਰ ਦੇ ਜ਼ਿਆਦਾ ਨਜ਼ਦੀਕ ਹੁੰਦੀਆਂ ਹਨ… 

ਹੈਰਾਨੀ ਦੀ ਗੱਲ ਹੈ ਕਿ ਆਮ ਬੰਦੇ ਨਾਲੋਂ ਗਏ ਗੁਜ਼ਰੇ… ਛਲ, ਕਪਟ, ਫਰੇਬ ਵਿੱਚ ਆਪਣੇ ਸਮਕਾਲੀਆਂ ਨਾਲੋਂ ਜ਼ਿਆਦਾ ਗ਼ਰਕੇ ਹੋਏ ਸਿਆਸਤਦਾਨਾਂ ਦੇ ਚਿੱਤਰਾਂ ਅੱਗੇ ਸਿਰ ਝੁਕਾਉਂਦਿਆਂ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ… ਪਰ ਗੁਰੂ ਸਾਹਿਬ ਦੀਆਂ ਤਸਵੀਰਾਂ ਸਾਨੂੰ ਭਾਉਂਦੀਆਂ ਨਹੀਂ! 

ਸ਼ਬੀਹ-ਏ-ਸ਼ਰਾਬ ਆਗੇ ਸਿਰ ਝੁਕਾਏਂ ਹਮ

ਦੂਧ ਕੀ ਤਸਵੀਰ ਸੇ ਹਮੇਂ ਕਫ਼ ਹੋ ਜਾਤੀ ਹੈ

 

 ਇਕਬਾਲ ਸਿੰਘ ਫਰੀਮਾਂਟ