ਦਿੱਲੀ ਸਿੱਖ ਕਤਲੇਆਮ ਪੀੜੀਤਾਂ ਨੂੰ ਝਟਕਾ, ਟਾਈਟਲਰ ਦੀ ਅਗਾਉ ਜਮਾਨਤ ਮੰਜੂਰ

ਦਿੱਲੀ ਸਿੱਖ ਕਤਲੇਆਮ ਪੀੜੀਤਾਂ ਨੂੰ ਝਟਕਾ, ਟਾਈਟਲਰ ਦੀ ਅਗਾਉ ਜਮਾਨਤ ਮੰਜੂਰ

ਸੀਬੀਆਈ ਦੀ ਢਿੱਲੀ ਕਾਰਵਾਈ ਅਤੇ ਦਿੱਲੀ ਕਮੇਟੀ ਦੀ ਗੰਦੀ ਰਾਜਨੀਤੀ ਕਰਕੇ ਸਿੱਖਾਂ ਨੂੰ ਮਿਲੀ ਨਮੋਸ਼ੀ: ਜੀਕੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਨਵੰਬਰ 1984 ਸਿੱਖ ਕਤਲੇਆਮ ਵਿਚ ਨਾਮਜਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਵੀਰਵਾਰ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਸਿੱਖ ਕਤਲੇਆਮ ਦੇ ਪੀੜੀਤਾਂ ਨੂੰ ਵੱਡਾ ਝਟਕਾ ਦੇਂਦਿਆਂ ਕਿ ਸਿੱਖਾਂ ਇਸ ਮੁੱਲਕ ਅੰਦਰ ਇਨਸਾਫ਼ ਮਿਲਣਾ ਮੁਸ਼ਕਿਲ ਹੈ, ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਉਸ ਨੂੰ ਪੁਲ ਬੰਗਸ਼ ਖੇਤਰ ਕਤਲ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। 

ਜ਼ਮਾਨਤ ਦਿੰਦੇ ਹੋਏ ਵਿਸ਼ੇਸ਼ ਜੱਜ ਵਿਕਾਸ ਢੁਲ ਨੇ ਟਾਈਟਲਰ 'ਤੇ ਕੁਝ ਸ਼ਰਤਾਂ ਲਗਾਈਆਂ ਹਨ। ਜੱਜ ਨੇ ਕਿਹਾ ਕਿ ਉਹ ਕੇਸ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਅਤੇ ਬਿਨਾਂ ਇਜਾਜ਼ਤ ਦੇ ਦੇਸ਼ ਨਹੀਂ ਛੱਡਣਗੇ।

ਦੱਸ ਦਈਏ ਕਿ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਇਕ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਜਗਦੀਸ਼ ਟਾਈਟਲਰ ਓਸ ਸਮੇਂ ਭੀੜ ਦੀ ਅਗਵਾਈ ਅਤੇ ਉਨ੍ਹਾਂ ਨੂੰ ਉਕਸਾਣ ਦਾ ਹਿੰਦ ਦੇ ਕਨੂੰਨ ਦੀਆਂ ਵੱਖ ਵੱਖ ਧਾਰਾਵਾਂ ਅੰਦਰ ਮੁਲਜ਼ਮ ਹੈ। 

ਬੁੱਧਵਾਰ ਨੂੰ ਵਿਸ਼ੇਸ਼ ਜੱਜ ਨੇ ਟਾਈਟਲਰ ਅਤੇ ਸੀਬੀਆਈ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਣਵਾਈ ਦੌਰਾਨ ਸੀਬੀਆਈ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਗਵਾਹਾਂ ਨੇ ਬੜੀ ਹਿੰਮਤ ਦਿਖਾਉਂਦੇ ਹੋਏ ਅੱਗੇ ਆਏ ਹਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਦਿੱਲੀ ਕਮੇਟੀ ਦੇ ਸਾਬਕਾ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੀਬੀਆਈ ਅਤੇ ਦਿੱਲੀ ਕਮੇਟੀ ਦੀ ਢਿੱਲੀ ਕਾਰਵਾਈ ਕਰਕੇ ਸਿੱਖਾਂ ਨੂੰ ਨਮੋਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਇਕ ਟੀਮ ਜਿਸ ਵਿਚ ਜਸਵਿੰਦਰ ਸਿੰਘ ਜੌਲੀ ਅਤੇ ਹਰਪ੍ਰੀਤ ਸਿੰਘ ਹੋਰਾਂ ਸਨ ਨੇ ਬਹੁਤ ਮਿਹਨਤ ਕਰਕੇ ਇਸ ਮਾਮਲੇ ਨੂੰ ਮੁੜ ਖੁਲਵਾਇਆ ਸੀ ਤੇ ਟਾਈਟਲਰ ਦੇ ਜੇਲ੍ਹ ਅੰਦਰ ਜਾਣ ਦਾ ਰਾਹ ਪੱਧਰਾ ਕੀਤਾ ਸੀ ਪਰ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਗੰਦੀ ਰਾਜਨੀਤੀ ਦੋਸ਼ੀਆਂ ਦੇ ਹੋਂਸਲੇ ਵਧਾ ਰਹੀ ਹੈ ਜਿਸ ਕਰਕੇ ਪੰਥ ਅਤੇ ਕਤਲੇਆਮ ਦੇ ਪੀੜੀਤਾਂ ਨੂੰ ਇਨਸਾਫ਼ ਨਾ ਮਿਲਣ ਕਰਕੇ ਨਮੋਸ਼ੀਆਂ ਸਹਿਣ ਕਰਨੀਆਂ ਪੈ ਰਹੀਆਂ ਹਨ ।