ਹਰਿਆਣਾ ਸਰਕਾਰ ਪੂਰੇ ਦੇਸ਼ ਦੀਆਂ ਧੀਆਂ ਨੂੰ ਖੂਹ 'ਚ ਧੱਕਣ ਲਈ ਰਾਮ ਰਹੀਮ ਨੂੰ ਦੇ ਰਹੀ ਹੈ ਬਾਰ ਬਾਰ ਪੈਰੋਲ: ਸਵਾਤੀ ਮਾਲੀਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 20 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲਣ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਸਬੰਧੀ ਹਰਿਆਣਾ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ ਅਤੇ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣ ਲਈ ਦਸਿਆ ਹੈ ।
ਸਵਾਤੀ ਮਾਲੀਵਾਲ ਨੇ ਆਪਣੇ ਟਵਿਟਰ ਹੈਂਡਲ 'ਤੇ ਟਵੀਟ ਕੀਤਾ ਅਤੇ ਲਿਖਿਆ, ''ਇਕ ਵਾਰ ਫਿਰ ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਲਈ ਪੈਰੋਲ ਦਿੱਤੀ ਗਈ। ਹਰਿਆਣਾ ਸਰਕਾਰ ਗੁਪਤ ਰੂਪ ਵਿਚ ਇਸ ਦੀ ਸੁਰੱਖਿਆ ਕਰ ਰਹੀ ਹੈ। ਸਿਰਫ਼ ਕੁਝ ਵੋਟਾਂ ਹਾਸਲ ਕਰਨ ਲਈ ਹਰਿਆਣਾ ਸਰਕਾਰ ਪੂਰੇ ਦੇਸ਼ ਦੀਆਂ ਧੀਆਂ ਨੂੰ ਖੂਹ 'ਚ ਧੱਕਣ 'ਤੇ ਤੁਲੀ ਹੋਈ ਹੈ।'' ਉਨ੍ਹਾਂ ਅੱਗੇ ਲਿਖਿਆ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਮਰਿਯਾਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਾਣ ਪ੍ਰਤੀਸ਼ਥਾ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਨੇ ਮਰਿਯਾਦਾ ਲਈ ਲੜਾਈ ਲੜੀ ਸੀ ਤੇ ਦੂਜੇ ਪਾਸੇ ਇਸ ਸਮੇਂ ਇਸ ਬਲਾਤਕਾਰੀ ਅਤੇ ਕਾਤਲ ਨੂੰ ਆਜ਼ਾਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ 5 ਜਨਵਰੀ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਵਜੋਂ ਸਵਾਤੀ ਮਾਲੀਵਾਲ ਦੇ ਨਾਂ ਦਾ ਐਲਾਨ ਕੀਤਾ ਸੀ। ਉਹ 'ਆਪ' ਦੀ ਪਹਿਲੀ ਮਹਿਲਾ ਸੰਸਦ ਮੈਂਬਰ ਹੈ। ਸਵਾਤੀ ਨੂੰ ਸਾਲ 2015 ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ, ਉਸਨੇ ਤੇਜ਼ਾਬ ਹਮਲਿਆਂ, ਜਿਨਸੀ ਉਤਪੀੜਨ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਪਹਿਲਕਦਮੀਆਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਉਸ ਦੇ ਯਤਨਾਂ ਕਾਰਨ, ਅੱਜ ਉਹ ਭਾਰਤ ਵਿੱਚ ਸਮਾਜਿਕ ਸਰਗਰਮੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹੈ।
Comments (0)