ਸਿਹਤ ਲਈ ਬੇਹੱਦ ਹਾਨੀਕਾਰਕ ਹਨ ਪ੍ਰੋਸੈਸਡ ਖਾਣ ਪੀਣ ਤੇ ਆਰਟੀਫੀਸ਼ਅਲ ਮਿੱਠਾ

ਸਿਹਤ ਲਈ ਬੇਹੱਦ ਹਾਨੀਕਾਰਕ ਹਨ ਪ੍ਰੋਸੈਸਡ ਖਾਣ ਪੀਣ ਤੇ ਆਰਟੀਫੀਸ਼ਅਲ ਮਿੱਠਾ

ਜਿਉਂ-ਜਿਉਂ ਇਨਸਾਨ ਤਰੱਕੀ ਕਰਦਾ ਹੈ, ਉਸ ਦਾ ਰਹਿਣ-ਸਹਿਣ ਬਦਲ ਜਾਂਦਾ ਹੈ। ਅੱਜ ਇਕ ਨਵੀਂ ਸਮੱਸਿਆ, ਜੋ ਸਾਡੇ ਬਦਲਦੇ ਰਹਿਣ-ਸਹਿਣ ਨਾਲ ਆਈ ਹੈ, ਉਹ ਹੈ ਬਾਹਰ ਦੇ ਖਾਣੇ ਦੀ ਵਧਦੀ ਵਰਤੋਂ।

ਇਸ ਵੇਲੇ ਮੈਂ ਗੱਲ ਕਰਦਾ ਹਾਂ ਪ੍ਰੋਸੈਸਡ ਫੂਡ ਦੀ, ਜਿਸ 'ਚ ਬੇਕਰੀ, ਜੰਕ ਫੂਡ, ਸੈਮੀ ਕੂਕਡ ਫੂਡ (ਅੱਧ ਪੱਕਿਆ ਖਾਣਾ), ਰੈਡੀ ਟੂ ਈਟ ਫੂਡ (ਪੱਕਿਆ ਪਕਾਇਆ) ਇਹ ਆਉਂਦੇ ਹਨ। ਕਹਿਣ ਦਾ ਭਾਵ ਕਿ ਜੂਸ ਤੋਂ ਲੈ ਕੇ ਸਟੋਰ 'ਤੇ ਪਈ ਬਰੈੱਡ ਤੱਕ ਇਨ੍ਹਾਂ ਨੂੰ ਖਾਣ ਨਾਲ ਸਾਡੀ ਸਿਹਤ ਉੱਤੇ ਕਈ ਤਰ੍ਹਾਂ ਦੇ ਮਾੜੇ ਅਸਰ ਪੈਂਦੇ ਹਨ, ਜਿਨ੍ਹਾਂ 'ਚ ਪ੍ਰਮੁੱਖ ਹਨ ਕੈਂਸਰ, ਮੋਟਾਪਾ, ਸ਼ੂਗਰ ਅਤੇ ਦਿਲ ਦੀ ਬਿਮਾਰੀ, ਜਿਸ ਕਰਕੇ ਛੋਟੀ ਉਮਰ 'ਚ ਹੀ ਮੌਤ ਹੋ ਜਾਂਦੀ ਹੈ। ਪਿਛਲੇ ਸਾਲ ਦੋ ਪ੍ਰਮੁੱਖ ਖੋਜਾਂ ਹੋਈਆਂ ਹਨ, ਇਕ ਅਮਰੀਕਾ 'ਚ ਅਤੇ ਦੂਜੀ ਇਟਲੀ 'ਚ। ਅਮਰੀਕਨ ਕੈਂਸਰ ਸੁਸਾਇਟੀ ਦੀ ਖੋਜ 31 ਅਗਸਤ, 2022 ਨੂੰ ਬ੍ਰਿਟਿਸ਼ ਮੈਡੀਕਲ ਜਰਨਲ 'ਚ ਛਪੀ ਹੈ, ਜਿਸ ਮੁਤਾਬਕ ਅਲਟਰਾ ਪ੍ਰੋਸੈਸਡ ਖਾਣਾ, ਜਿਵੇਂ ਹਾਟ-ਡਾਗ, ਬਰਗਰ, ਪੀਜ਼ਾ, ਚਿਪਸ ਆਦਿ ਆਦਮੀਆਂ ਵਿਚ ਕੋਲਨ ਅਤੇ ਰੈਕਟਲ ਕੈਂਸਰ ਦਾ ਜੋਖ਼ਮ ਵਧਾ ਦਿੰਦੇ ਹਨ। ਇਨ੍ਹਾਂ ਕਰਕੇ ਦੋਵਾਂ ਆਦਮੀਆਂ ਅਤੇ ਔਰਤਾਂ 'ਚ ਦਿਲ ਦੇ ਰੋਗ ਵਧਣ ਕਰਕੇ ਛੇਤੀ ਮੌਤ ਹੋ ਜਾਂਦੀ ਹੈ। ਇਸ 'ਚ ਇਟਲੀ ਦੀ ਟੀਮ ਨੇ ਲੱਭਿਆ ਕਿ ਫੂਡ ਪ੍ਰੋਸੈਸਿੰਗ ਨਾਲ ਖਾਣੇ ਦੀ ਪੌਸ਼ਟਿਕਤਾ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਮੌਤ ਦਰ ਵਧਦੀ ਹੈ। ਇਹ ਖੋਜ ਉਨ੍ਹਾਂ ਨੇ 22000 ਮਨੁੱਖਾਂ 'ਤੇ ਕੀਤੀ ਹੈ। ਕੁੱਲ ਮਿਲਾ ਕਿ ਇਹ ਕਿਹਾ ਕਿ ਪ੍ਰੋਸੈਸਡ ਫੂਡ ਨੂੰ ਲਗਾਤਾਰ ਖਾ ਕੇ ਕੋਲੇਟਰਲ ਕੈਂਸਰ ਹੋਣ ਦਾ ਖ਼ਤਰਾ 29 ਫ਼ੀਸਦੀ ਵੱਧ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਅਨੇਕਾਂ ਰਿਪੋਰਟਾਂ ਤੁਹਾਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਤੋਂ ਮਿਲ ਜਾਂਦੀਆਂ ਹਨ, ਜੋ ਪ੍ਰੋਸੈਸਡ ਫੂਡ ਨੂੰ ਖ਼ਤਰੇ ਦੀ ਘੰਟੀ ਦੱਸਦੀਆਂ ਹਨ।

ਪ੍ਰੀਜ਼ਰਵੇਟਿਵ:- ਡੱਬਾ ਬੰਦ ਖਾਣ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਉਨ੍ਹਾਂ 'ਚ ਅਲੱਗ-ਅਲੱਗ ਤਰ੍ਹਾਂ ਦੇ 'ਪ੍ਰੀਜ਼ਰਵੇਟਿਵ' (ਇਕ ਤਰ੍ਹਾਂ ਦੇ ਰਸਾਇਣ) ਪਾਏ ਜਾਂਦੇ ਹਨ। ਅੱਡ-ਅੱਡ ਪਦਾਰਥਾਂ 'ਚ ਅਲੱਗ-ਅਲੱਗ 'ਪ੍ਰੀਜ਼ਰਵੇਟਿਵ' ਪੈਂਦੇ ਹਨ। ਕੁਝ ਤਾਂ ਸਾਧਾਰਨ ਹੀ ਹਨ, ਜਿਸ ਤਰ੍ਹਾਂ ਨਮਕ, ਆਰਟੀਫੀਸ਼ਲ ਖੰਡ ਦੀ ਮਾਤਰਾ ਵਧਾ ਕਿ ਪਾਉਣਾ। ਨਮਕ ਨਾਲ ਸੋਡੀਅਮ ਪੋਟਾਸ਼ੀਅਮ ਵੱਧ ਗਿਆ, ਇਸ ਤੋਂ ਅੱਗੇ ਬ੍ਰੈਡ ਦੇ ਨਾਲ-ਨਾਲ ਜੋ ਚੀਜ਼ 'ਚ ਲਗਾਈ ਜਾਂਦੀ ਹੈ, ਉਸ ਦਾ ਸੋਡੀਅਮ ਵੀ ਨਾਲ ਜਮ੍ਹਾਂ ਹੋ ਜਾਂਦਾ ਹੈ। ਭਾਵ ਨਮਕ ਦੀ ਦੂਹਰੀ ਮਾਰ, ਜੋ ਕਿ ਬੀ.ਪੀ. ਅਤੇ ਦਿਲ ਵਾਸਤੇ ਠੀਕ ਨਹੀਂ। ਇਸੇ ਤਰ੍ਹਾਂ ਵਧੇ ਮਿੱਠੇ ਨਾਲ 'ਡਾਈਬਟੀਜ਼' (ਜਿਸ ਨੂੰ ਸ਼ੂਗਰ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ) ਹੋਣ ਦਾ ਖ਼ਤਰਾ ਹੈ। ਲਗਾਤਾਰ ਕਾਰਬੋਨੇਟਿਡ ਠੰਢੇ ਪੀਣ ਨਾਲ ਕੈਂਸਰ ਤੇ ਟਿਊਮਰ ਹੋਣ ਦਾ ਵੀ ਖ਼ਤਰਾ ਬਣ ਜਾਂਦਾ ਹੈ।

ਬੇਕਰੀ:- ਬੇਕਰੀ ਵਿਚ ਬ੍ਰੈੱਡ, ਬਰਗਰ, ਪੀਜ਼ਾ, ਕੁਲਚੇ, ਹਾਟ-ਡਾਗ ਆਦਿ ਤੋਂ ਇਲਾਵਾ ਬਿਸਕੁੱਟ, ਨਮਕੀਨ, ਚਿਪਸ, ਚਾਕਲੇਟ ਆਉਂਦੇ ਹਨ। ਇਨ੍ਹਾਂ 'ਚ ਅੱਡ-ਅੱਡ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਦੇ ਨਾਲ-ਨਾਲ ਹੋਰ ਇਮਲਸੀਫਾਈਅਰ (Emulsifier) ਸਟੇਬਲਾਈਜ਼ਰ, ਆਰਟੀਫੀਸ਼ਲ ਫਲੇਵਰ (ਨਕਲੀ ਸੁਗੰਧ ਅਤੇ ਸਵਾਦ) ਵਰਗੇ ਪਦਾਰਥ ਆ ਜਾਂਦੇ ਹਨ। ਇਨ੍ਹਾਂ ਦੀ ਗੱਲ ਕਰਨੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਸ਼ਹਿਰ ਹੋਵੇ ਜਾਂ ਪਿੰਡ ਹਰ ਘਰ 'ਚ ਰੋਜ਼ ਮਰਤਬਾ ਵਰਤੇ ਜਾਣ ਵਾਲੇ ਉਤਪਾਦ ਹਨ। ਇਸ 'ਚ ਬ੍ਰੈੱਡ ਦੀ ਹੀ ਗੱਲ ਕਰ ਲਈਏ ਤਾਂ ਅੱਜ ਬਹੁਤੇ ਲੋਕ ਚਿੱਟੀ ਬ੍ਰੈੱਡ ਲੈਂਦੇ ਹਨ। ਇਸ 'ਚ ਆਟਾ ਨਹੀਂ ਮੈਦਾ ਹੁੰਦਾ ਹੈ। ਇਸ ਤੋਂ ਬਾਅਦ ਬਰਾਊਨ ਬ੍ਰੈਡ ਆਉਂਦੀ ਹੈ, ਜਿਸ ਨੂੰ ਲੋਕ ਸਮਝਦੇ ਹਨ ਕਿ ਉਹ ਆਟਾ ਬ੍ਰੈੱਡ ਹੈ ਜਦਕਿ ਉਸ 'ਚ ਰੰਗ ਵੀ ਹੁੰਦਾ ਹੈ। ਇਸ ਤੋਂ ਇਲਾਵਾ ਆਟਾ ਬ੍ਰੈੱਡ ਹੈ, ਇਸ 'ਚ ਵੀ ਆਟਾ ਸਿਰਫ 53 ਫੀਸਦੀ ਅਤੇ ਇਨ੍ਹਾਂ ਸਭ 'ਚ ਉਪਰੋਂ ਕਣਕ ਵਾਲੇ ਗਲੂਟਿਨ ਤੋਂ ਇਲਾਵਾ ਗਲੂਟਿਨ ਹੋਰ ਪਾਇਆ ਜਾਂਦਾ ਹੈ। ਜਦੋਂ ਕਿ ਇਸ ਵੇਲੇ ਮੋਟੇ ਅਨਾਜ (ਮਿਲਟ) ਦੀ ਖੇਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਕਣਕ ਨੂੰ ਮਾੜੀ ਦੱਸ ਕੇ। ਪਰ ਪਹਿਲ ਦੇ ਆਧਾਰ 'ਤੇ ਮੋਟੇ ਅਨਾਜਾਂ ਨੂੰ ਵਰਤ ਕਿ ਜਿਹੜੀ ਬ੍ਰੈੱਡ ਬਣਾਈ ਗਈ ਅਤੇ ਨਾਂਅ ਦਿੱਤਾ 'ਮਿਲਟ ਬ੍ਰੈੱਡ' ਦਾ, ਉਸ 'ਚ ਕਣਕ ਦਾ ਆਟਾ 44 ਫੀਸਦੀ, ਰਾਗੀ ਆਟਾ 8.8 ਫੀਸਦੀ, ਬਾਜਰੇ ਦਾ ਆਟਾ 3.9 ਫੀਸਦੀ ਅਤੇ ਜਵਾਰ ਦਾ ਆਟਾ 1 ਫੀਸਦੀ ਹੈ। ਮਿਲਟ ਪੀਜ਼ਾ ਬੇਸ 'ਚ ਆਟਾ 45.5 ਫੀਸਦੀ ਹੈ। ਰਾਗੀ ਆਟਾ (ਫਿੰਗਰ ਮਿਲਟ) 10.1 ਫੀਸਦੀ, ਬਾਜਰਾ (ਪਰਲ ਮਿਲਟ) 2.5 ਫੀਸਦੀ ਅਤੇ ਜਵਾਰ 1 ਫੀਸਦੀ। ਇਸ 'ਚ ਸੋਚਣ ਵਾਲੀ ਗੱਲ ਇਹ ਹੈ ਕਿ ਕਣਕ ਨੂੰ ਗਲੂਟਿਨ ਕਰਕੇ ਮਾੜਾ ਕਿਹਾ ਜਾਂਦਾ ਹੈ। ਮਿਲਟ ਦੇ ਪਦਾਰਥ ਬਣਾਉਣ ਵੇਲੇ ਕਣਕ ਦੇ ਆਟੇ ਤੋਂ ਇਲਾਵਾ ਗਲੂਟਿਨ ਫੇਰ ਪਾਈ ਜਾਂਦੀ ਹੈ। ਕਈ ਲੋਕ ਕਣਕ ਦੀ ਰੋਟੀ ਨੂੰ ਮਾੜਾ ਕਹਿਣਗੇ ਪਰ ਕੀ 50 ਰੁਪਏ ਦੀ ਮਿਲਟ ਬ੍ਰੈੱਡ ਖਰੀਦ ਕਿ ਇਹ ਸਭ ਕੁਝ ਠੀਕ ਹੋ ਜਾਵੇਗਾ।

ਸਾਫਟ ਡਰਿੰਕ (ਠੰਢਾ):- ਅੱਜ ਮਲਟੀਨੈਸ਼ਨਲ ਕੰਪਨੀਆਂ ਦੇ ਬਣਾਏ ਹੋਏ ਠੰਢਿਆਂ ਨੇ ਲੋਕਾਂ ਦੇ ਘਰਾਂ 'ਚੋਂ ਪੁਰਾਤਨ ਠੰਢੇ ਜਿਵੇਂ ਸ਼ਿਕੰਜਵੀ, ਸੱਤੂ, ਕੱਚੀ ਲੱਸੀ (ਦੁੱਧ ਦੀ ਲੱਸੀ) ਵਰਗੇ ਠੰਢੇ ਖ਼ਤਮ ਕਰ ਦਿੱਤੇ ਹਨ। ਇਸ ਦੇ ਨਾਲ ਰੂਹਅਫਜ਼ਾ, ਰਸਨਾ, ਸੂਕੇਸ਼ ਬਾਜ਼ਾਰ 'ਚ ਆਏ, ਜਿਨ੍ਹਾਂ ਦਾ 10 ਤੋਂ 20 ਐਮ.ਐਲ. ਪਾਓ ਬਾਕੀ ਪਾਣੀ ਪਾਓ ਅਤੇ ਪੀ ਲਓ। ਇਸ ਵੇਲੇ ਠੰਢਿਆਂ 'ਚ ਸਭ ਤੋਂ ਵੱਧ ਖਪਤ ਕੋਲਾਜ਼ ਦੀ ਹੈ। ਇਨ੍ਹਾਂ ਦੇ ਅਲੱਗ-ਅਲੱਗ ਸਵਾਦ ਹਨ। ਇਸੇ ਵੇਲੇ ਤਾਂ ਚਾਟੀ ਦੀ ਲੱਸੀ, ਨਿੰਬੂ ਪਾਣੀ, ਜਲਜ਼ੀਰਾ ਵੀ ਬੋਤਲਾਂ ਜਾਂ ਟੈਟਰਾ ਪੈਕ 'ਚ ਬੰਦ ਹੋ ਕੇ ਬਰੈਂਡਡ ਮਿਲਦਾ ਹੈ। ਇਨ੍ਹਾਂ 'ਚ 'ਪ੍ਰੀਜ਼ਰਵੇਟਿਵ' ਪਾਉਣ ਤੋਂ ਬਿਨਾਂ ਇਨ੍ਹਾਂ ਨੂੰ ਜ਼ਿਆਦਾ ਸਮੇਂ ਬਾਅਦ ਨਹੀਂ ਵਰਤਿਆ ਜਾ ਸਕਦਾ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕਿਹਾ ਹੈ ਕਿ ਇਨ੍ਹਾਂ ਕਾਰਬੋਨੇਟਿਡ ਠੰਢਿਆਂ ਵਿਚ ਆਰਟੀਫੀਸ਼ਅਲ ਮਿੱਠਾ ਪਾਇਆ ਜਾਂਦਾ ਹੈ। ਇਸ ਦਾ ਨਾਂਅ ਹੈ ਅਸਪਾਰਟਅੇਮ ਇਸ ਦੇ ਵਪਾਰਕ ਨਾਂਅ ਹਨ ਇਕੂਅਲ ਨਿਊਟਰਸਵੇਟ ਕੈਂਡਰਲ ਅਤੇ ਸ਼ੂਗਰ ਟਵਿਨ ਏਸ ਦਾ ਐਡਿਟਿਵ ਨੰਬਰ ਹੈ 951, ਇਹ ਆਮ ਖੰਡ ਨਾਲੋਂ 200 ਗੁਣਾ ਮਿੱਠਾ ਹੈ। ਡਬਲਿਊ.ਐੱਚ.ਓ. ਅਨੁਸਾਰ ਇਸ ਦਾ ਸਿੱਧਾ ਅਸਰ ਲਿਵਰ (ਜਿਗਰ) 'ਤੇ ਦੇਖਣ ਨੂੰ ਮਿਲਿਆ ਹੈ, ਭਾਵ ਜਿਗਰ ਦਾ ਕੈਂਸਰ ਹੋਣ ਦਾ ਜੋਖ਼ਮ ਵਧ ਜਾਂਦਾ ਹੈ। ਇਸ ਵੇਲੇ ਇਹ ਸਮਝਣ ਦੀ ਲੋੜ ਹੈ ਕਈਆਂ 'ਤੇ ਤਾਂ ਇਸ ਦਾ ਨੰਬਰ ਲਿਖਿਆ ਹੈ, ਪਰ ਕਈ ਅਜਿਹੇ ਉਤਪਾਦ ਵੀ ਹਨ, ਜਿਨ੍ਹਾਂ 'ਤੇ 'ਸਵੀਟਨਰ' ਹੀ ਲਿਖਿਆ ਹੈ। ਹਾਲਾਂਕਿ ਇਸ ਨੂੰ ਬਣਾਉਣ ਵਾਲੇ ਇਹ ਕਹਿੰਦੇ ਨੇ ਜੇ 70 ਕਿਲੋ ਦਾ ਮਨੁੱਖ 5 ਲੀਟਰ ਇਕ ਦਿਨ 'ਚ ਪੀਊ ਤਾਂ ਇਹ ਹਾਨੀਕਾਰਕ ਹੈ। ਇਸ ਦੇ ਇਵਜ਼ 'ਚ ਡਬਲਿਊ.ਐੱਚ.ਓ. ਨੇ ਕਿਹਾ ਹੈ ਕਿ ਇਹ ਹੋਰ ਖਾਣੇ ਦੇ ਪਦਾਰਥਾਂ 'ਚ ਵੀ ਮੌਜੂਦ ਹੈ, ਜਿਸ ਦਾ ਸੇਵਨ ਲੋਕ ਆਮ ਤੌਰ 'ਤੇ ਕਰਦੇ ਹਨ। ਇਸ ਲਈ ਇਹ ਇਸ ਮਾਤਰਾ ਤੋਂ ਉੱਪਰ ਸਰੀਰ 'ਚ ਜਾਣ ਦੀ ਪੂਰੀ ਸੰਭਾਵਨਾ ਹੈ। ਜਿਹੜੀ ਚੀਜ਼ ਦਾ ਅਸਰ ਸਿਹਤ 'ਤੇ ਮਾੜਾ ਹੈ ਘੱਟ ਪੀਣ ਨਾਲ ਦੇਰ ਨਾਲ ਅਸਰ ਕਰ ਜਾਵੇਗਾ। ਇਸ ਤਰ੍ਹਾਂ ਇਕ 'ਬਲੈਕ ਪਾਣੀ' ਚੱਲਿਆ ਹੈ ਕਿ ਇਹ ਪਹਾੜਾਂ ਤੋਂ ਜੋ ਪੱਤਿਆਂ ਦਾ ਅਰਕ (ਰਸ) ਇਕੱਠਾ ਹੁੰਦਾ ਹੈ, ਸਿਹਤ ਲਈ ਬਹੁਤ ਵਧੀਆ ਹੈ। ਇਸ ਪਾਣੀ 'ਚ ਵੀ 'ਸਵੀਟਨਰ' ਪਾਇਆ ਗਿਆ ਹੈ ਪਰ ਲੇਬਲ 'ਤੇ ਕੁਝ ਨਹੀਂ ਲਿਖਿਆ ਕਿ ਉਸ ਦਾ ਨੰਬਰ ਕੀ ਹੈ। ਇਸ ਦੀ 750 ਐਮ.ਐਲ. ਦੀ ਬੋਤਲ 55 ਰੁਪਏ ਵਿਚ ਮਿਲਦੀ ਹੈ। ਇਸ ਵੇਲੇ ਕਾਪਰ ਵਾਲਾ ਪਾਣੀ ਵੀ ਬਾਜ਼ਾਰ 'ਚ ਮਿਲਣ ਲੱਗ ਪਿਆ ਹੈ, ਜਿਸ 'ਚ ਕਾਪਰ ਸਲਫੇਟ (ਨੀਲਾ ਥੋਥਾ) (0.00041%) ਹੈ। ਜੂਸ 'ਚ ਕੁਦਰਤੀ ਸ਼ੂਗਰ (fructose) ਹੁੰਦੀ ਹੈ। ਉਹ ਵੀ ਜਦੋਂ ਇਕਦਮ ਸਰੀਰ 'ਚ ਜਾਂਦੀ ਹੈ ਤਾਂ ਕਈ ਵਾਰ ਵਾਧੂ ਹੋਣ ਕਰਕੇ ਵਰਤੀ ਨਹੀਂ ਜਾਂਦੀ ਅਤੇ ਫੈਟ ਦੇ ਰੂਪ 'ਚ ਸਰੀਰ 'ਚ ਜਮ੍ਹਾਂ ਹੋ ਜਾਂਦੀ ਹੈ। ਇਸ ਵੇਲੇ ਜਿਹੜੇ ਪੈਕਡ ਜੂਸ ਆ ਰਹੇ ਹਨ, ਇਨ੍ਹਾਂ 'ਚ ਕੁਦਰਤੀ ਸ਼ੂਗਰ ਦੇ ਨਾਲ ਅਸਪਾਰਟਮ ਪਾਈ ਜਾਂਦੀ ਹੈ, ਇਸ ਨੂੰ ਮਿੱਠਾ ਕਰਕੇ ਇਸ ਦਾ ਸਵਾਦ ਅਤੇ ਤਾਜ਼ਾ ਰੱਖਣ ਲਈ ਇਸ 'ਚ ਸੋਡੀਅਮ ਬੈਨਜੋਓਅੇਟ (211) ਬੈਨਜੋਇਕ ਏਸਿਡ, ਸਲਫਰ ਡਾਇਅਕਸਾਈਡ, ਸੋਰਬਿਕ ਏਸਿਡ, ਸੋਡੀਅਮ ਕਾਰਬੋਕਸੀਮੀਥਾਈਲ ਸੇਲੂਲੋਸ (Benzoic acid, Sulpher dioxide, Sorbic acid, Sodium Carboxymethhylcelulose (CMC) ਵਰਗੇ ਰਸਾਇਣ ਪਾਏ ਜਾਂਦੇ ਹਨ। ਇਸ 'ਚ ਘੋਖਣ ਵਾਲੀ ਗੱਲ ਹੈ ਕਿ ਸੋਡੀਅਮ ਬੈਨਜੋਓਅੇਟ ਬਦਲ ਜਾਂਦਾ ਹੈ ਬੈਨਜ਼ੀਨ ਵਿਚ, ਜੋ ਕੈਂਸਰ ਕਰ ਸਕਦਾ ਹੈ, ਭਾਵ ਇਹ ਵੀ ਕੈਂਸਰ ਵੱਲ ਇਸ਼ਾਰਾ ਕਰਦਾ ਹੈ। ਮਿਉਨੀਜ਼ ਅਤੇ ਐਮ.ਐਸ.ਜੀ. (ਮੋਨੋਸੋਡੀਅਮ ਗਲੂਟਾਮੇਟ):- ਇਹ ਤਕਰੀਬਨ ਸਾਰੇ ਜੰਕ ਫੂਡ ਜਿਵੇਂ, ਬਰਗਰ, ਪੀਜ਼ੇ, ਪਾਸਤਾ, ਸੈਂਡਵਿਚ ਆਦਿ ਦੇ ਨਾਲ-ਨਾਲ ਚਿਪਸ, ਸੂਪ ਫਾਸਟ-ਕੈਨਡ ਫੂਡ ਆਦਿ 'ਚ ਪੈਂਦੇ ਹਨ। ਮਿਉਨੀਜ਼ ਤਾਂ ਤਕਰੀਬਨ ਘਰਾਂ 'ਚ ਵੀ ਸੈਂਡਵਿਚ ਜਾਂ ਫਿਰ ਪਾਸਤਾ, ਪੀਜ਼ਾ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ, ਸਵਾਦ ਵਧਾਉਣ ਲਈ। ਇਸ 'ਚ ਸੈਚੂਰੇਟਡ ਫੈਟ ਹੋਣ ਕਾਰਨ ਇਹ ਕੋਲੇਸਟ੍ਰੋਲ ਵਧਾਉਂਦੀ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਵਧਦੀ ਹੈ। ਐਮ.ਐਸ.ਜੀ. ਜਾਂ ਅਜੀਨੋ ਮੋਟੋ ਇਹ ਇਕ ਚੀਨੀ ਮਾਲਟ ਹੈ, ਜੋ ਸਵਾਦ ਵਧਾਉਂਦਾ ਹੈ ਅੱਜ ਇਹ ਇਕੱਲਾ ਬਾਹਰਲੇ ਖਾਣੇ 'ਚ ਹੀ ਨਹੀਂ, ਸਗੋਂ ਘਰ ਦੀ ਰਸੋਈ 'ਚ ਵੀ ਵੜ ਚੁੱਕਾ ਹੈ। ਇਸ ਦਾ ਸੇਵਨ ਦਿਮਾਗ ਦੇ ਖੁਸ਼ੀ ਵਾਲੇ ਹਿੱਸੇ ਨੂੰ ਉਤੇਜਿਤ ਕਰ ਦਿੰਦਾ, ਜਿਸ ਕਾਰਨ ਲੋਕਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। ਪੁਰਾਣੇ ਜੰਕ ਫੂਡ ਯਾਨੀ ਸਮੋਸੇ, ਟਿੱਕੀ, ਭਟੂਰੇ, ਪੂਰੀ ਛੋਲੇ ਇਹ ਸਭ ਦੀ ਵੀ ਸ਼ਹਿਰਾਂ 'ਚ ਵਿਕਰੀ ਕਈ ਗੁਣਾ ਵੱਧ ਚੁੱਕੀ ਹੈ। ਇਸ 'ਚ ਕਦੇ ਨੋਟ ਕਰਕੇ ਦੇਖੋ ਕਿ ਜਿਸ ਤੇਲ 'ਚ ਤਲੇ ਜਾਂਦੇ ਹਨ, ਉਹ ਕਾਲਾ ਹੋਇਆ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਤੇਲ ਵਾਰੀ-ਵਾਰੀ ਗਰਮ ਹੋ ਕਿ ਕੜ੍ਹੀ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੇ ਖ਼ਤਰਨਾਕ ਕੈਮੀਕਲ ਬਣਦੇ ਹਨ ਜਿਵੇਂ ਕਿ ਪਾਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਇਹ ਕੈਂਸਰ ਦਾ ਕਾਰਣ ਵੀ ਬਣਦਾ ਹੈ।  ਇਥੋਂ ਤੱਕ ਇਨ੍ਹਾਂ ਦੇ ਸੇਵਨ ਜਾਂ ਇਸ ਨੂੰ ਲਗਾਤਾਰ ਸੁੰਘਣ ਨਾਲ ਵੀ ਜੀਨੋਟਾਕਸਿਕ, ਮੁਟਾਜੀਨਿਕ ਅਤੇ ਰਸੋਲੀ ਜੀਨੋਟਾਕਸਿਕ ਆਦਿ ਕਈ ਤਰ੍ਹਾਂ ਦੇ ਕੈਂਸਰ ਬਣਦੇ ਹਨ।

ਇਸ ਤੋਂ ਵੱਧ ਕੀ ਦੇਖੀਏ ਕਿ ਚੌਲਾਂ ਨੂੰ ਜਦੋਂ ਪ੍ਰਸੈਸ ਭਾਵ ਪਾਲਿਸ਼ ਕੀਤਾ ਜਾਂਦਾ ਹੈ ਤਾਂ ਉਸ ਤੋਂ ਤਕਰੀਬਨ ਸਾਰੇ ਵਿਟਾਮਿਨ ਉਤਾਰ ਦਿੱਤੇ ਜਾਂਦੇ ਹਨ। ਫਿਰ ਆਰਟੀਫੀਸ਼ਲ ਵਿਟਾਮਿਨ ਉਸ 'ਚ ਪਾਏ ਜਾਂਦੇ ਹਨ। ਇਸ ਨੂੰ ਫੋਰਟੀਫਾਈਡ ਚੌਲ ਕਹਿੰਦੇ ਹਨ। ਇਸੇ ਤਰ੍ਹਾਂ ਹੁਣ ਕੌਫ਼ੀ ਅਤੇ ਚਾਹ ਜੋ ਪਹਿਲਾਂ ਚਾਹ ਦੇ ਬਾਗ਼ਾਂ 'ਚੋਂ ਆਉਂਦੀ ਸੀ, ਹੁਣ ਉਹ ਲੈਬ 'ਚ ਤਿਆਰ ਹੋਊਗੀ। ਅਮਰੀਕੀ ਕੰਪਨੀ ਅਟੋਮਾ ਮੋਲੀਕੂਲਰ ਨੇ ਸਿੰਥੇਟਿਕ ਕੌਫ਼ੀ ਬਣਾਈ ਹੈ, ਜਿਸ 'ਚ ਕੋਈ ਆਰਗੈਨਿਕ ਤਾਂ ਛੱਡੋ ਕੌਫ਼ੀ ਬੀਨਜ਼ ਵੀ ਨਹੀਂ ਵਰਤੇ ਜਾਣਗੇ। ਇਹ ਸਿੰਥੈਟਿਕ ਕੌਫ਼ੀ ਕੀ ਰੰਗ ਲਿਆਏਗੀ, ਇਸ ਬਾਰੇ ਤਾਂ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।

ਪਹਿਲਾਂ ਹੀ ਸਿੰਥੈਟਿਕ ਦੁੱਧ ਨੇ ਡੇਅਰੀ ਦਾ ਧੰਦਾ ਖਤਮ ਕਰ ਦਿੱਤਾ ਹੈ। ਹੁਣ ਖੇਤੀ ਨੂੰ ਵੀ ਸਿੰਥੈਟਿਕ ਲੈਬ ਗਰੋਨ ਚੀਜ਼ਾਂ ਖ਼ਤਮ ਕਰਨਗੀਆਂ। ਹੈਰਾਨੀ ਦੀ ਗੱਲ ਹੈ ਕਿ ਪੜ੍ਹੇ-ਲਿਖੇ ਲੋਕ ਵੀ ਸਿਰਫ ਇਹ ਗੱਲ ਕਹਿੰਦੇ ਹਨ ਕਿ ਕਿਸਾਨ ਜ਼ਹਿਰਾਂ ਦੀ ਖੇਤੀ ਕਰਦੇ ਹਨ। ਗੱਲ ਇਹ ਹੈ ਕਿ ਉਹ ਖਾਦਾਂ ਅਤੇ ਕੀਟਨਾਸ਼ਕ ਜੋ ਮਾਹਿਰਾਂ ਵਲੋਂ ਸਿਫਾਰਸ਼ ਕੀਤੀਆਂ ਗਈਆਂ ਹਨ, ਹੀ ਪਾਉਂਦੇ ਹਨ। ਉਹ ਵੀ ਉਦੋਂ ਜਦੋਂ ਕੀੜਾ ਜਾਂ ਬਿਮਾਰੀ ਲੱਗੇ। ਜਿਸ ਤਰ੍ਹਾਂ ਪ੍ਰੋਸੈਸਡ ਖਾਣੇ ਦਾ ਕਾਰੋਬਾਰ ਕਰਨ ਵਾਲੇ ਕਹਿੰਦੇ ਹਨ ਕਿ ਉਹ ਮਨਜ਼ੂਰਸ਼ੁਦਾ ਪ੍ਰੀਜ਼ਰਵੇਟਿਵ, ਐਸਿਡ, ਰੰਗ ਜਾਂ ਹੋਰ ਸਾਮਾਨ ਵਰਤਦੇ ਹਨ। ਗੱਲ ਕੀ ਸਾਡਾ ਰਹਿਣ-ਸਹਿਣ ਬਦਲ ਚੁੱਕਾ ਹੈ। ਅਸੀਂ ਦਿਖਾਵਾ ਕਰਦੇ ਹਾਂ ਕੁਦਰਤੀ ਅਤੇ ਆਰਗੈਨਿਕ ਦਾ, ਪਰ ਅਸੀਂ ਕਿੰਨੇ ਡੰਗ ਘਰ ਦੀ ਰੋਟੀ ਖਾਂਦੇ ਹਾਂ ਅਤੇ ਵਿਚਾਲੇ ਹੋਰ ਕੋਈ ਸਨੈਕ ਨਹੀਂ ਖਾਂਦੇ। ਜਿੰਨੇ ਵੱਡੇ ਸ਼ਹਿਰ, ਬਾਹਰ ਦਾ ਖਾਣਾ-ਪੀਣਾ ਓਨਾ ਹੀ ਜ਼ਿਆਦਾ। ਦੂਜਾ ਹੈ ਦੋਵੇਂ ਜੀਅ ਨੌਕਰੀਆਂ ਕਰਦੇ ਹਨ, ਘਰ ਰੋਟੀ ਨਹੀਂ ਬਣਦੀ, ਬਾਹਰੋਂ ਹੀ ਆਉਂਦੀ ਹੈ, ਜਿਸ 'ਚ ਕੋਈ ਨਾ ਕੋਈ ਰਸਾਇਣ ਹੁੰਦਾ ਹੀ ਹੈ, ਜਿਸ ਤਰ੍ਹਾਂ ਬਾਹਰ ਦਾ ਖਾਣ-ਪੀਣ ਵਧਿਆ ਉਸੇ ਤਰ੍ਹਾਂ ਬਿਮਾਰੀਆਂ।

ਇਸ ਗੱਲ ਦੀ ਘੋਖ ਕਰਨੀ ਬਣਦੀ ਹੈ ਕਿ ਵੱਧ ਰਹੀਆਂ ਬਿਮਾਰੀਆਂ ਲਈ ਕੌਣ ਜ਼ਿੰਮੇਵਾਰ ਹਨ। ਕਿਸਾਨ, ਪ੍ਰੋਸੈਸਡ ਫੂਡ ਇੰਡਸਟਰੀ, ਸਾਡੇ ਡਾਕਟਰ ਜੋ ਐਂਟੀਬਾਇਊਟਿਕ ਅਤੇ ਕਈ-ਕਈ ਦਵਾਈਆਂ ਦੇ ਮਿਸ਼ਰਣਾਂ ਦੀ ਸਿਫਾਰਿਸ਼ ਕਰਦੇ ਹਨ। ਮਿਊਂਸਪਲ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਜੋ ਗੰਦਾ ਪਾਣੀ ਦਰਿਆਵਾਂ 'ਚ ਪਾਈ ਜਾਂਦੇ ਹਨ, ਜੋ ਅੱਗੇ ਪੀਣ ਲਈ ਵਰਤਿਆ ਜਾਂਦਾ ਹੈ ਜਾਂ ਉਹ ਇੰਡਸਟਰੀ ਜੋ ਗੰਦਾ ਪਾਣੀ ਧਰਤੀ ਹੇਠਲੇ ਪਾਣੀ 'ਚ ਪਾ ਕੇ ਪਲੀਤ ਕਰੀ ਜਾਂਦੀ ਹੈ ਜਾਂ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਚੈੱਕ ਕਰਨ ਦੀ ਜਾਂ ਲੋਕ ਆਪ ਜਿਹੜੇ ਆਪਣੇ ਨਿੱਜੀ ਫਾਇਦੇ ਖ਼ਾਤਰ ਉਪਰੋਕਤ ਸਭ ਕੱਝ ਕਰਨ ਅਤੇ ਜਰਨ 'ਚ ਸਹਾਈ ਹੁੰਦੇ ਹਨ।

 

ਡਾਕਟਰ ਅਮਨਪ੍ਰੀਤ ਸਿੰਘ ਬਰਾੜ