ਬਾਹਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ "ਸਵਤੰਤਰ ਭਾਰਤ ਮੇਂ ਰਾਜਨੀਤੀ"ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼

ਬਾਹਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 6 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਅਤੇ ਉਨ੍ਹਾਂ ਦੀ ਦਿੱਖ ਨੂੰ ਬਦਨਾਮ ਕਰਣ ਦੀਆਂ ਸਾਜ਼ਿਸ਼ ਲਗਾਤਾਰ ਵਧਦੀਆਂ ਜਾ ਰਹੀਆਂ ਹਨ ।  ਹੁਣ ਇਕ ਹੋਰ ਮਾਮਲਾ ਪ੍ਰਕਾਸ਼ ਵਿਚ ਆਇਆ ਹੈ ਜਿਸ ਅੰਦਰ ਐਨਸੀਆਰਟੀ ਨੇ ਬਾਹਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ "ਸਵਤੰਤਰ ਭਾਰਤ ਮੇਂ ਰਾਜਨੀਤੀ" ਤੋਂ ਮੁਗਲ ਦਰਬਾਰ ਚੈਪਟਰ ਨੂੰ ਬਾਹਰ ਕੱਢ ਕੇ "ਖੇਤਰੀ ਅਕਾਂਖਿਆਵਾਂ" ਚੈਪਟਰ ਜੋੜਿਆ ਗਿਆ ਹੈ। ਇਸ ਚੈਪਟਰ ਦਾ ਮੁੱਖ ਮਕਸਦ ਸਿੱਖਾਂ ਨੂੰ ਅੰਨਦਪੁਰ ਸਾਹਿਬ ਦੇ ਮਤੇ ਦੀ ਆੜ 'ਚ ਸੰਘਵਾਦ ਦੀ ਮਜ਼ਬੂਤੀ ਦੀ ਕੀਤੀ ਗਈ ਮੰਗ ਨੂੰ "ਸਿੱਖ ਰਾਸ਼ਟਰ" ਦੀ ਮੰਗ ਨਾਲ ਜੋੜ ਕੇ "ਵਖਵਾਦੀ" ਸਾਬਤ ਕਰਨ ਦਾ ਲਗਦਾ ਹੈ। ਡਾ. ਪਰਮਿੰਦਰ ਪਾਲ ਸਿੰਘ ਨੇ ਦਸਿਆ ਕਿ ਇਹ ਅਖੌਤੀ ਇਤਿਹਾਸ ਭਾਰਤ ਦੇ ਬੱਚਿਆਂ ਦੇ ਮੰਨਾਂ 'ਚ ਜ਼ਹਿਰ ਭਰ ਕੇ ਸਿੱਖਾਂ ਨੂੰ 'ਵਖਵਾਦੀ' ਮੰਨਣ ਦੀ ਧਾਰਨਾ ਉਤੇ ਮੋਹਰ ਲਾਉਂਦਾ ਹੋਇਆ ਸਿੱਖਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼ ਲਗਦਾ ਹੈ। ਜਦਕਿ ਪੰਜਾਬ ਦੇ ਵਾਧੂ ਅਧਿਕਾਰਾਂ ਦੀ ਮੰਗ ਨੂੰ ਜਬਰੀ ਵਖਵਾਦੀ ਸੋਚ ਨਾਲ ਜੋੜ ਕੇ ਇਸ ਇਤਿਹਾਸ ਦੀ ਆੜ ਲੈਂਦੇ ਹੋਏ ਆਪ੍ਰੇਸ਼ਨ ਬਲਿਊ ਸਟਾਰ ਅਤੇ 1984 ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਦੀ ਭਾਵਨਾ ਵੀ ਇਸ ਪਿੱਛੇ ਦਿੱਸਦੀ ਹੈ । ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਬਣਦੀ ਕਾਰਵਾਈ ਕਰਣੀ ਚਾਹੀਦੀ ਹੈ ਜਿਸ ਨਾਲ ਬੱਚਿਆਂ ਦੇ ਮਨਾ ਅੰਦਰ ਸਿੱਖਾਂ ਪ੍ਰਤੀ ਭੇਦਭਾਵ ਨਾ ਵੱਧ ਸਕੇ ।