ਆਮ ਆਦਮੀ ਪਾਰਟੀ ਦੀ ਸਰਕਾਰ ਅਖ਼ਬਾਰੀ ਬਿਆਨਬਾਜੀ ਵਿਚ ਅੱਵਲ, ਲੇਕਿਨ ਅਮਲੀ ਰੂਪ ਵਿਚ ਕਾਰਵਾਈਆ ਨਮੋਸੀਜਨਕ : ਮਾਨ

ਆਮ ਆਦਮੀ ਪਾਰਟੀ ਦੀ ਸਰਕਾਰ ਅਖ਼ਬਾਰੀ ਬਿਆਨਬਾਜੀ ਵਿਚ ਅੱਵਲ, ਲੇਕਿਨ ਅਮਲੀ ਰੂਪ ਵਿਚ ਕਾਰਵਾਈਆ ਨਮੋਸੀਜਨਕ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 2 ਸਤੰਬਰ ( ਮਨਪ੍ਰੀਤ ਸਿੰਘ ਖਾਲਸਾ):- “ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਵਜ਼ੀਰਾਂ ਤੇ ਐਮ.ਐਲੇ.ਏ. ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਮੀਡੀਆ, ਅਖ਼ਬਾਰਾਂ ਅਤੇ ਬਿਜਲਈ ਮੀਡੀਏ ਵਿਚ ਵੱਡੇ ਪੱਧਰ ਤੇ ਪੰਜਾਬ ਦੇ ਹਰ ਖੇਤਰ ਦੀ ਤਰੱਕੀ ਹੋਣ ਅਤੇ ਸੁਧਾਰ ਹੋਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ । ਲੇਕਿਨ ਜੇਕਰ ਇਨ੍ਹਾਂ ਦੀਆਂ ਕਾਰਵਾਈਆ ਅਤੇ ਕੰਮਾਂ ਦੀ ਨਿਪਰੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਇਕ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਉਦੀ ਹੈ ਕਿ ਪੰਜਾਬ ਦੇ ਸਮੁੱਚੇ ਪ੍ਰਬੰਧ, ਕਾਨੂੰਨੀ ਵਿਵਸਥਾਂ, ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਅਤੇ ਜਨਤਾ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਚੁੱਕੇ ਹਨ । ਜੋ ਕਿ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਥੋ ਦੇ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ ਤੇ ਸਮਾਰਟ ਸਕੂਲ ਚਲਾਉਣ ਦੀਆਂ ਗੱਲਾਂ ਤਾਂ ਕੀਤੀਆ ਜਾ ਰਹੀਆ ਹਨ, ਪਰ ਇਨ੍ਹਾਂ ਸਕੂਲਾਂ ਵਿਚ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਚਲਾਉਣ ਲਈ ਵੱਡੀ ਗਿਣਤੀ ਵਿਚ ਇਨ੍ਹਾਂ ਸਕੂਲਾਂ ਵਿਚ ਪ੍ਰਿੰਸੀਪਲ ਅਤ ਲੋੜੀਦਾ ਸਟਾਫ ਹੀ ਨਹੀ ਹੈ । ਬੀਤੇ 5 ਸਾਲਾਂ ਤੋਂ ਖਾਲੀ ਪਈਆ ਅਸਾਮੀਆ ਭਰੀਆ ਹੀ ਨਹੀ ਗਈਆ । ਇਸ ਸੰਬੰਧੀ ਮੋਗਾ ਜਿ਼ਲ੍ਹੇ ਦੇ ਸਮਾਰਟ ਸਕੂਲਾਂ ਬਾਰੇ ਅਖ਼ਬਾਰਾਂ ਵਿਚ ਪ੍ਰਕਾਸਿਤ ਹੋਈ ਰਿਪੋਰਟ ਦਰਸਾਉਦੀ ਹੈ ਕਿ 83 ਸਰਕਾਰੀ ਸਕੂਲਾਂ ਵਿਚੋ 53 ਵਿਚ ਪ੍ਰਿੰਸੀਪਲ ਹੀ ਨਹੀ ਹਨ । ਇਸੇ ਤਰ੍ਹਾਂ ਜੋ ਸਿਹਤ ਸੰਬੰਧੀ ਸਹੂਲਤਾਂ ਦੇਣ ਅਤੇ ਵੱਡੇ ਪੱਧਰ ਤੇ ਮੁਹੱਲਾ ਕਲੀਨਿਕ ਖੋਲਣ ਦੀ ਇਸਤਿਹਾਰਬਾਜੀ ਕੀਤੀ ਜਾ ਰਹੀ ਹੈ, ਉਹ ਵੀ ਕੇਵਲ ਬੋਗਸ ਬਣਕੇ ਰਹਿ ਗਈ ਹੈ । ਕਿਉਂਕਿ ਸ. ਭਗਵੰਤ ਸਿੰਘ ਮਾਨ ਦੇ ਆਪਣੇ ਜਿ਼ਲ੍ਹੇ ਸੰਗਰੂਰ ਅਤੇ ਮੇਰੇ ਪਾਰਲੀਮੈਟ ਹਲਕੇ ਦੇ ਸਮੁੱਚੇ ਕਮਿਊਨਟੀ ਹੈਲਥ ਸੈਟਰਾਂ ਵਿਚ ਲੋੜੀਦੇ ਡਾਕਟਰ, ਸਰਜਨ, ਨਰਸਾਂ, ਸਟਾਫ, ਸਪੀਵਰ ਅਤੇ ਇਨ੍ਹਾਂ ਹਸਪਤਾਲਾਂ ਵਿਚ ਸਿਹਤ ਨਾਲ ਸੰਬੰਧਤ ਲੋੜੀਦੀਆਂ ਮਸੀਨਾਂ, ਉਪਕਰਨਾਂ ਦੀ ਵੀ ਬਹੁਤ ਵੱਡੀ ਘਾਟ ਹੈ ਜੋ ਮੈਂ ਸਮੁੱਚੇ ਪਾਰਲੀਮੈਟ ਹਲਕੇ ਦੇ ਸਿਹਤ ਸੈਟਰਾਂ ਦਾ ਨਿਰੀਖਣ ਕਰਨ ਉਪਰੰਤ ਸਰਕਾਰ ਨੂੰ ਇਹ ਖਾਲੀ ਅਸਾਮੀਆ ਅਤੇ ਲੋੜੀਦੇ ਉਪਕਰਨਾਂ ਦਾ ਪ੍ਰਬੰਧ ਕਰਨ ਦੀ ਲਿਖਤੀ ਬੇਨਤੀ ਕੀਤੀ ਹੈ ਜੋ ਬਿਲਕੁਲ ਵੀ ਪੂਰੀ ਨਹੀ ਕੀਤੀ ਗਈ । ਇਨ੍ਹਾਂ ਤੋ ਸਾਬਤ ਹੋ ਜਾਂਦਾ ਹੈ ਕਿ ਇਹ ਸਰਕਾਰ ਫੋਕੇ ਦਾਅਵਿਆ ਵਾਲੀ ਸਰਕਾਰ ਹੈ ਨਾ ਕਿ ਪੰਜਾਬ ਨਿਵਾਸੀਆ ਦੀਆਂ ਮੁਸਕਿਲਾਂ ਨੂੰ ਸੰਜ਼ੀਦਗੀ ਨਾਲ ਹੱਲ ਕਰਨ ਵਾਲੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੰਜਾਬ ਦੇ ਹਰ ਖੇਤਰ ਵਿਚ ਸਮੁੱਚਾ ਵਿਕਾਸ ਹੋਣ ਅਤੇ ਕਮੀਆ ਦੂਰ ਕਰਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਰੋਜਾਨਾ ਹੀ ਕੀਤੇ ਜਾ ਰਹੇ ਝੂਠੇ ਗੁੰਮਰਾਹਕੁਨ ਪ੍ਰਚਾਰ ਅਤੇ ਇਥੇ ਦਿਨੋ-ਦਿਨ ਨਸ਼ੀਲੀਆਂ ਵਸਤਾਂ ਦੇ ਵੱਧਦੇ ਜਾ ਰਹੇ ਕਾਰੋਬਾਰ, ਹਸਪਤਾਲਾਂ ਵਿਚ ਆਮ ਤੇ ਗਰੀਬ ਮਰੀਜਾਂ ਨੂੰ ਦਵਾਈਆ ਅਤੇ ਅੱਛੇ ਡਾਕਟਰਾਂ ਦੀ ਘਾਟ ਸਾਹਮਣੇ ਖੜ੍ਹੀ ਹੋਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਸਰਕਾਰ ਨੂੰ ਅਸਫ਼ਲ ਸਰਕਾਰ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਕਿਸਾਨ-ਮਜਦੂਰ, ਅਧਿਆਪਕ ਵਰਗ, ਵਿਦਿਆਰਥੀ, ਡਾਕਟਰ ਰੋਜਾਨਾ ਹੀ ਵੱਡੇ-ਵੱਡੇ ਧਰਨੇ ਅਤੇ ਰੋਸ ਰੈਲੀਆ ਕਰ ਰਹੇ ਹਨ, ਜੇਕਰ ਸਭ ਪਾਸੇ ਪ੍ਰਗਤੀ ਤੇ ਵਿਕਾਸ ਹੋ ਰਿਹਾ ਹੁੰਦਾ ਤਾਂ ਪੰਜਾਬ ਦੀ ਫਿਜਾ ਵਿਚ ਪੰਜਾਬ ਸਰਕਾਰ ਮੁਰਦਾਬਾਦ, ਰਿਵਸਤਖੋਰੀ ਅਫਸਰਸਾਹੀ ਮੁਰਦਾਬਾਦ ਦੇ ਨਾਅਰੇ ਨਾ ਗੂੰਜਦੇ । ਦੂਸਰਾ ਕਿਸਾਨਾਂ ਨੂੰ ਅਜੇ ਤੱਕ ਉਨ੍ਹਾਂ ਦੀਆਂ ਫ਼ਸਲਾਂ ਦੀ ਐਮ.ਐਸ.ਪੀ ਅਨੁਸਾਰ ਇਹ ਸਰਕਾਰ ਕੀਮਤਾਂ ਦਿਵਾਉਣ ਦੀ ਜਿੰਮੇਵਾਰੀ ਵੀ ਪੂਰਨ ਨਹੀ ਕਰ ਸਕੀ । ਮੱਕੀ, ਬਾਜਰਾਂ, ਸੂਰਜਮੁੱਖੀ, ਜਵਾਰ, ਗੰਨਾ ਆਦਿ ਦੀਆਂ ਐਮ.ਐਸ.ਪੀ ਅਨੁਸਾਰ ਕੀਮਤਾਂ ਨਹੀ ਦਿਵਾ ਸਕੀ । ਇਹੋ ਅਮਲ ਹਰਿਆਣਾ ਵਿਚ ਵੀ ਹੋ ਰਿਹਾ ਹੈ । ਇਸ ਲਈ ਇਹ ਕਹਿਣਾ ਜਾਂ ਪ੍ਰਚਾਰ ਕਰਨਾ ਕਿ ਪੰਜਾਬ ਅਤੇ ਹਰਿਆਣੇ ਦੇ ਆਮ ਪਿੰਡਾਂ ਤੇ ਸ਼ਹਿਰਾਂ ਦੇ ਨਿਵਾਸੀ ਹਰ ਪੱਖੋ ਸੰਤੁਸਟ ਹਨ, ਕੇਵਲ ਅਖ਼ਬਾਰੀ ਪ੍ਰਚਾਰ ਤਾਂ ਕਿਹਾ ਜਾ ਸਕਦਾ ਹੈ ਅਮਲੀ ਰੂਪ ਵਿਚ ਰੋਜਾਨਾ ਰਸੋਈ ਵਿਚ ਵਰਤੋ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਬੇਸੁਮਾਰ ਵੱਧ ਜਾਣ ਕਾਰਨ ਹਾਹਾਕਾਰ ਮੱਚੀ ਹੋਈ ਹੈ । ਕਹਿਣ ਤੋ ਭਾਵ ਰੋਮ ਜਲ ਰਿਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ, ਦੀ ਕਹਾਵਤ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਤੇ ਪੂਰਨ ਰੂਪ ਵਿਚ ਢੁੱਕਦੀ ਹੈ ।