ਪੰਜਾਬ 'ਚ ਅਕਾਲੀ ਦਲ-ਬਸਪਾ  ਗਠਜੋੜ ਨੂੰ ਲਗ ਸਕਦਾ ਏ ਝਟਕਾ ! 

ਪੰਜਾਬ 'ਚ ਅਕਾਲੀ ਦਲ-ਬਸਪਾ  ਗਠਜੋੜ ਨੂੰ ਲਗ ਸਕਦਾ ਏ ਝਟਕਾ ! 

 ਸੁਪਰੀਮੋ ਮਾਇਆਵਤੀ ਨੇ ਕੀਤਾ  ਐਲਾਨ ਕਿ ਕਿਸੇ ਨਾਲ ਸਮਝੌਤਾ ਨਹੀਂ

*ਭਾਜਪਾ ਵਲੋਂ ਗਠਜੋੜ ਦੀ ਹਰੀ ਝੰਡੀ ਨਾ ਦੇਣ ਕਰਕੇ ਬਾਦਲਕੇ ਬਸਪਾ ਨਾਲ ਗਠਜੋੜ ਲਈ ਮੁੜ ਉਤਾਵਲੇ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ -  ਅਕਾਲੀ ਦਲ ਨੂੰ ਪੰਜਾਬ ਵਿਚ ਬਸਪਾ ਨਾਲ ਗਠਜੋੜ ਨੂੰ ਲੈ ਕੇ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਬਸਪਾ ਮੁਖੀ ਮਾਇਆਵਤੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਵੱਡਾ ਐਲਾਨ ਕੀਤਾ ਸੀ, ਜਿੱਥੇ ਉਹ ਅਕਾਲੀ ਦਲ ਨਾਲ ਗਠਜੋੜ ਤੋਂ ਕਿਤੇ ਨਾ ਕਿਤੇ ਕਿਨਾਰਾ ਕਰਦੇ ਹੋਏ ਨਜ਼ਰ ਆ ਰਹੇ ਹਨ।ਦਰਅਸਲ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਆਪਣੇ 68ਵੇਂ ਜਨਮ ਦਿਨ ਮੌਕੇ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਬਸਪਾ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਹੀ ਲੜੇਗੀ ਅਤੇ ਜਾਤੀਵਾਦੀ, ਪੂੰਜੀਵਾਦੀ ਅਤੇ ਸੌੜੀ ਸੋਚ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੇਗੀ। ਇਹ ਚੋਣ ਕਿਸੇ ਵੀ ਗਠਜੋੜ ਜਾਂ ਪਾਰਟੀ ਨਾਲ ਨਹੀਂ ਲੜੇਗੀ।ਮਾਇਆਵਤੀ ਨੇ  ਚੋਣਾਂ ਤੋਂ ਬਾਅਦ ਗੱਠਜੋੜ ਤੋਂ ਇਨਕਾਰ ਨਹੀਂ ਕੀਤਾ ਹੈ।  ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਬਸਪਾ ਢੁੱਕਵੀਂ ਨੁਮਾਇੰਦਗੀ ਮਿਲਣ ’ਤੇ ਕੇਂਦਰ ਦੀ ਸਰਕਾਰ ’ਚ ਸ਼ਾਮਲ ਹੋ ਸਕਦੀ ਹੈ।ਉਨ੍ਹਾਂ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਬਸਪਾ ਦਾ ਜਿਹੜੇ-ਜਿਹੜੇ ਸੂਬਿਆਂ ਵਿਚ ਹੋਰਾਂ ਪਾਰਟੀਆਂ ਨਾਲ ਗਠਜੋੜ ਹੈ, ਉਸ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਸਪਾ ਦਾ ਗਠਜੋੜ ਅਕਾਲੀ ਦਲ ਨਾਲ ਹੈ ਤਾਂ ਕਿਤੇ ਨਾ ਕਿਤੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਬਸਪਾ ਅਕਾਲੀ ਦਲ ਨਾਲ ਗਠਜੋੜ ਤੋਂ ਕਿਨਾਰਾ ਕਰ ਰਹੇ ਹਨ।   

ਮਾਇਆਵਤੀ ਨੇ ਕਿਹਾ ਕਿ  ਸਾਡੀ ਪਾਰਟੀ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਗਰੀਬਾਂ, ਅਣਗੌਲੇ ਵਰਗਾਂ ਖਾਸ ਕਰਕੇ ਅਨੁਸੂਚਿਤ ਜਾਤੀ, ਆਦਿਵਾਸੀਆਂ, ਅਤਿ ਪਛੜੇ ਵਰਗਾਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀ ਸਮਾਜ ਦੇ ਲੋਕਾਂ ਦੇ ਬਲਬੂਤੇ 'ਤੇ ਹੀ ਪੂਰੀ ਤਿਆਰੀ ਅਤੇ ਤਾਕਤ ਨਾਲ ਇਕੱਲੇ ਲੜੇਗੀ। 

ਉਂਜ ਰਿਪੋਰਟਾਂ ਸਨ ਕਿ ਕੁਝ ਗੱਠਜੋੜ ਮੈਂਬਰਾਂ ਨੇ ਮਾਇਆਵਤੀ ਨੂੰ ‘ਇੰਡੀਆ’ ’ਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਮਾਜਵਾਦੀ ਪਾਰਟੀ ਨੇ ਸੰਕੇਤ ਦਿੱਤੇ ਸਨ ਕਿ ਉਹ ਬਸਪਾ ਨੂੰ ਗੱਠਜੋੜ ’ਚ ਸ਼ਾਮਲ ਕਰਨ ਦੇ ਇੱਛੁਕ ਨਹੀਂ ਹਨ। -

ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਤੇ ਬਸਪਾ ਵਿਚਾਲੇ ਲੰਬੇ ਸਮੇਂ ਤੋਂ ਰਿਸ਼ਤੇ ਸੁਖਾਵੇਂ ਨਹੀਂ ਚੱਲ ਰਹੇ ਸਨ। ਹਾਲਾਂਕਿ ਬਸਪਾ ਸੁਪਰੀਮੋ ਦਾ ਇਹ ਐਲਾਨ ਅਕਾਲੀ ਦਲ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ, ਕਿਉਂਕਿ ਹੁਣ ਤੱਕ ਅਕਾਲੀ ਦਲ ਪਾਰਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਉਨ੍ਹਾਂ ਦਾ ਗਠਜੋੜ ਬਸਪਾ ਨਾਲ ਹੀ ਸੀ। ਹਾਲਾਂਕਿ ਦੋਵਾਂ ਪਾਰਟੀਆਂ ਦੇ ਸੂਬਾਈ ਆਗੂਆਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਬੀਤੇ ਦਿਨੀਂ ਜਸਬੀਰ ਸਿੰਘ ਗੜੀ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਵੱਡੀ ਪਲਾਨਿੰਗ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਵਿਚ ਪਾਰਟੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਜਾਵੇਗਾ। ਮਾਇਆਵਤੀ ਦੇ ਐਲਾਨ ਮਗਰੋਂ ਹੁਣ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਭਖ ਗਈ ਹੈ। 

ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਵੱਖ ਹੋ ਗਏ ਸਨ। ਇਸ ਤੋਂ ਬਾਅਦ ਅਕਾਲੀ ਦਲ ਅਤੇ ਬਸਪਾ ਵਿਚਾਲੇ ਗਠਜੋੜ ਹੋ ਗਿਆ। ਦੋਵਾਂ ਪਾਰਟੀਆਂ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਜਿਸ ਵਿੱਚ ਅਕਾਲੀ ਦਲ ਨੂੰ ਤਿੰਨ ਅਤੇ ਬਸਪਾ ਨੂੰ ਇਕ ਸੀਟ ਮਿਲੀ ਸੀ ਪਰ ਲੰਬੇ ਸਮੇਂ ਤੋਂ ਉਨ੍ਹਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ। ਇਲਜ਼ਾਮ ਸਨ ਕਿ ਦੋਵਾਂ ਵਿਚਾਲੇ ਮੁਲਾਕਾਤ ਵੀ ਨਹੀਂ ਹੋ ਰਹੀ ਸੀ। ਨਾਲ ਹੀ ਅਕਾਲੀ ਦਲ ਨੇ ਵੀ ਆਪਣੇ ਪ੍ਰੋਗਰਾਮ ਵਿੱਚ ਬਸਪਾ ਆਗੂਆਂ ਨੂੰ ਸ਼ਾਮਲ ਨਹੀਂ ਕੀਤਾ।