ਐਸਜੀਪੀਸੀ ਪ੍ਰਧਾਨ ਅਤੇ ਸਕੱਤਰ ਵਲੋਂ ਗ੍ਰਿਹ ਮੰਤਰਾਲੇ ਨੂੰ ਭਾਈ ਰਾਜੋਆਣਾ ਦੇ ਮਾਮਲੇ ਲਈ ਲਿਖੀ ਚਿਠੀਆਂ ਦਾ ਜੁਆਬ ਅਤੇ ਮਿਲਣ ਦਾ ਸਮਾਂ ਨਾ ਦੇਣਾ ਪੰਥ ਲਈ ਵੱਡੀ ਚਿੰਤਾ ਦਾ ਵਿਸ਼ਾ: ਬੀਬੀ ਰਣਜੀਤ ਕੌਰ

ਐਸਜੀਪੀਸੀ ਪ੍ਰਧਾਨ ਅਤੇ ਸਕੱਤਰ ਵਲੋਂ ਗ੍ਰਿਹ ਮੰਤਰਾਲੇ ਨੂੰ ਭਾਈ ਰਾਜੋਆਣਾ ਦੇ ਮਾਮਲੇ ਲਈ ਲਿਖੀ ਚਿਠੀਆਂ ਦਾ ਜੁਆਬ ਅਤੇ ਮਿਲਣ ਦਾ ਸਮਾਂ ਨਾ ਦੇਣਾ ਪੰਥ ਲਈ ਵੱਡੀ ਚਿੰਤਾ ਦਾ ਵਿਸ਼ਾ: ਬੀਬੀ ਰਣਜੀਤ ਕੌਰ

 ਦਿੱਲੀ ਦੀ ਪਾਰਲੀਮੈਂਟ ਮੂਹਰੇ ਇਕ ਵੱਡਾ ਰੋਸ ਮੁਜਾਹਿਰਾ ਕਰਕੇ ਸਰਕਾਰ ਉੱਤੇ ਫਾਂਸੀ ਨੂੰ ਰੱਦ ਕਰਣ ਦਾ ਬਣਾਇਆ ਜਾਏ ਦਬਾਅ

ਦਿੱਲੀ ਕਮੇਟੀ ਦੇ ਆਗੂਆਂ ਨੇ ਪਹਿਲਾਂ ਉਲੀਕਿਆ ਗਿਆ ਰੋਸ ਮਾਰਚ ਸਾਜ਼ਿਸ਼ ਤਹਿਤ ਕਰਵਾਇਆ ਸੀ ਰੱਦ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਬੀਤੇ ਦਿਨ ਮੀਡੀਆ ਵਿਚ ਜਾਰੀ ਹੋਈ ਖ਼ਬਰ ਕਿ ਸਿੱਖ ਸਿਆਸੀ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਣ ਲਈ ਐਸਜੀਪੀਸੀ ਪ੍ਰਧਾਨ ਅਤੇ ਸਕੱਤਰ ਵਲੋਂ ਗ੍ਰਿਹ ਮੰਤਰਾਲੇ ਨੂੰ ਲਿਖੀ ਚਿਠੀਆਂ ਦਾ ਜੁਆਬ ਅਤੇ ਮਾਮਲੇ ਲਈ ਮਿਲਣ ਦਾ ਸਮਾਂ ਨਾ ਦੇਣਾ ਸਿੱਖ ਪੰਥ ਲਈ ਬਹੁਤ ਵੱਡੀ ਚਿੰਤਾ ਦੇ ਨਾਲ ਨਮੋਸ਼ੀ ਦਾ ਵਿਸ਼ਾ ਹੈ । ਇਸ ਲਈ ਦਿੱਲੀ ਗੁਰਦਵਾਰਾ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨ ਜੋ ਕਿ ਹੁਣ ਕੇਂਦਰ ਵਲੋਂ ਮਿਲੇ ਓਹਦੇ ਦਾ ਸੁਖ ਲੈ ਰਹੇ ਹਨ ਜਿੰਮੇਵਾਰ ਹਨ । ਜਦੋ ਇਨ੍ਹਾਂ ਦਾ ਕੌਈ ਵੀ ਨਿਜੀ ਮਸਲਾ ਪੈਂਦਾ ਹੈ ਇਹ ਤੁਰੰਤ ਮਨਿਸਟਰਾਂ ਕੋਲ ਬੈਠੇ ਫੋਟੋਆਂ ਖਿੱਚਵਾਂਦੇ ਦਿਖਦੇ ਹਨ ਪਰ ਜਦੋ ਵੀ ਪੰਥ ਦਾ ਕੌਈ ਮਸਲਾ ਖੜਾ ਹੋਇਆ ਹੈ ਇਨ੍ਹਾਂ ਨੇ ਓਸ ਨੂੰ ਸਵਾਰਨ ਦੀ ਥਾਂ ਤੇ ਵਿਗਾੜਿਆ ਹੀ ਹੈ । ਜਿਸ ਦਾ ਫਾਇਦਾ ਮੌਜੂਦਾ ਸਰਕਾਰ ਨੂੰ ਮਿਲਦਾ ਹੈ ਤੇ ਓਹ ਸਿੱਖਾਂ ਨੂੰ ਇਨ੍ਹਾਂ ਵਰਗਿਆਂ ਕਰਕੇ ਮੁੜ ਗੁਲਾਮਾਂ ਵਾਲਾ ਅਹਿਸਾਸ ਕਰਵਾ ਰਹੇ ਹਨ ।  ਬੀਬੀ ਰਣਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਸੀਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਚਰਨ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਸਿੱਖ ਪੰਥ ਦੀਆਂ ਸਮੂਹ ਰਾਜਨੀਤਿਕ, ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਭਾਈ ਰਾਜੋਆਣਾ ਜੀ ਦੇ ਹਕ਼ ਵਿਚ ਦਿੱਲੀ ਦੀ ਪਾਰਲੀਮੈਂਟ ਮੂਹਰੇ ਇਕ ਵੱਡਾ ਰੋਸ ਮੁਜਾਹਿਰਾ ਕਰਕੇ ਸਰਕਾਰ ਉੱਤੇ ਫਾਂਸੀ ਨੂੰ ਰੱਦ ਕਰਣ ਦਾ ਦਬਾਅ ਬਣਾਇਆ ਜਾਏ ਕਿਉਂਕਿ ਦਿੱਲੀ ਕਮੇਟੀ ਦੇ ਆਗੂਆਂ ਨੇ ਪੰਥਵਿਰੋਧੀ ਕਾਰਵਾਈ ਕਰਦਿਆਂ ਮੌਜੂਦਾ ਸਰਕਾਰਾਂ ਨੂੰ ਖੁਸ਼ ਕਰਣ ਲਈ ਪਹਿਲਾਂ ਉਲੀਕੇ ਗਏ ਰੋਸ ਮਾਰਚ ਨੂੰ ਇਕ ਸਾਜ਼ਿਸ਼ ਤਹਿਤ ਰੱਦ ਕਰਵਾਇਆ ਗਿਆ ਸੀ ।