ਨਵੰਬਰ 2015 ’ਚ ਪਿੰਡ ਮੱਲਕੇ ਅੰਦਰ ਹੋਈ ਡੇਰਾ ਪ੍ਰੇਮੀਆਂ ਵਲੋਂ ਬੇਅਦਬੀ ਦੇ ਗਵਾਹ ਸ. ਗੁਰਸੇਵਕ ਸਿੰਘ ਫ਼ੌਜੀ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

ਨਵੰਬਰ 2015 ’ਚ ਪਿੰਡ ਮੱਲਕੇ ਅੰਦਰ ਹੋਈ ਡੇਰਾ ਪ੍ਰੇਮੀਆਂ ਵਲੋਂ ਬੇਅਦਬੀ ਦੇ ਗਵਾਹ ਸ. ਗੁਰਸੇਵਕ ਸਿੰਘ ਫ਼ੌਜੀ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਜ਼ਿਲ੍ਹਾ ਮੋਗਾ ਦੇ ਪਿੰਡ ਮੱਲਕੇ ਵਿਖੇ ਨਵੰਬਰ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਖ ਗਵਾਹ ਸ. ਗੁਰਸੇਵਕ ਸਿੰਘ ਫ਼ੌਜੀ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਗਿਆ। ਸ. ਗੁਰਸੇਵਕ ਸਿੰਘ ਇਸ ਬੇਅਦਬੀ ਮਾਮਲੇ ਦਾ ਮੁੱਖ ਗਵਾਹ ਸੀ, ਜਿਸ ਦੀ ਗਵਾਹੀ ’ਤੇ ਡੇਰਾ ਪ੍ਰੇਮੀਆਂ ਨੂੰ ਸਜ਼ਾਵਾਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਨਮਾਨਿਤ ਕਰਨ ਮੌਕੇ ਸ. ਗੁਰਸੇਵਕ ਸਿੰਘ ਫ਼ੌਜੀ ਨੇ ਕਿਹਾ ਕਿ ਸਿੱਖ ਸੰਸਥਾ ਵੱਲੋਂ ਮਿਲਿਆ ਮਾਣ ਹੋਰ ਵੀ ਕੌਮੀ ਕਾਰਜ ਕਰਨ ਲਈ ਪ੍ਰੇਰਿਤ ਕਰੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 2015 ਵਿਚ ਪਿੰਡ ਮੱਲਕੇ ਵਿਖੇ ਵਾਪਰੀ ਘਟਨਾ ਦੇ ਮੁੱਖ ਗਵਾਹ ਸ. ਗੁਰਸੇਵਕ ਸਿੰਘ ਫ਼ੌਜੀ ਨੇ ਆਪਣੀ ਜੁੰਮੇਵਾਰੀ ਪੂਰੀ ਦ੍ਰਿੜ੍ਹਤਾ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਸ. ਗੁਰਸੇਵਕ ਸਿੰਘ ਨੂੰ ਗਵਾਹੀ ਤੋਂ ਮੁਕਰਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਗਈਆਂ। ਡੇਰਾ ਪ੍ਰੇਮੀਆਂ ਵੱਲੋਂ ਇਨ੍ਹਾਂ ਨੂੰ 15 ਲੱਖ ਰੁਪਏ ਦਾ ਲਾਲਚ ਦੇ ਕੇ ਗਵਾਹੀ ਨਾ ਦੇਣ ਲਈ ਕਿਹਾ ਗਿਆ, ਪਰ ਇਨ੍ਹਾਂ ਨੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਪੈਸਿਆਂ ਦੀ ਪ੍ਰਵਾਹ ਨਾ ਕੀਤੀ। ਅਜਿਹੇ ਕੌਮ ਪ੍ਰਸਤੀ ਵਾਲੇ ਲੋਕ ਸੰਗਤਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਇਨ੍ਹਾਂ ਵੱਲੋਂ ਦਿੱਤੀ ਗਈ ਗਵਾਹੀ ਨਾਲ ਹੀ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਕੁਰਬਾਨੀ ਵਾਲੇ ਅਤੇ ਪੰਥ ਪ੍ਰਸਤ ਗੁਰਸਿੱਖਾਂ ਨਾਲ ਹਮੇਸ਼ਾ ਖੜ੍ਹਦੀ ਰਹੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਕੇਵਲ ਸਿੰਘ ਬਾਦਲ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਅਮਰੀਕ ਸਿੰਘ ਵਿਛੋਆ, ਬੀਬੀ ਗੁਰਪ੍ਰੀਤ ਕੌਰ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਹਾਜ਼ਰ ਸਨ।