ਨਜ਼ਾਇਜ਼ ਸਬੰਧਾਂ ਅਤੇ ਜ਼ਾਇਦਾਦ ਦੇ ਲਾਲਚ ਕਾਰਨ ਜਵਾਈ ਨੇ ਹੀ ਕੀਤਾ ਅਮਰੀਕਾ ਵਿੱਚ ਸਿੱਖ ਪਰਿਵਾਰ ਦਾ ਕਤਲ

ਨਜ਼ਾਇਜ਼ ਸਬੰਧਾਂ ਅਤੇ ਜ਼ਾਇਦਾਦ ਦੇ ਲਾਲਚ ਕਾਰਨ ਜਵਾਈ ਨੇ ਹੀ ਕੀਤਾ ਅਮਰੀਕਾ ਵਿੱਚ ਸਿੱਖ ਪਰਿਵਾਰ ਦਾ ਕਤਲ
ਤਸਵੀਰ ਵਿੱਚ ਵਿਚਕਾਰ ਦੋਸ਼ੀ ਗੁਰਪ੍ਰੀਤ; ਖੱਬੇ ਹੱਥ ਮ੍ਰਿਤਕ ਸ਼ਲਿੰਦਰ ਕੌਰ; ਸੱਜੇ ਹੱਥ ਮ੍ਰਿਤਕ ਅਮਰਜੀਤ ਕੌਰ

ਵੈਸਟ ਚੈਸਟਰ: ਅਮਰੀਕਾ ਦੇ ਸ਼ਹਿਰ ਵੈਸਟ ਚੈਸਟਰ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ 'ਚ ਪੁਲਿਸ ਜਾਂਚ ਵਿੱਚ ਅਹਿਮ ਖੁਲਾਸਾ ਹੋਇਆ ਹੈ। ਪੁਲਿਸ ਨੇ ਗੁਰਪ੍ਰੀਤ ਸਿੰਘ (37) ਨੂੰ ਆਪਣੀ ਪਤਨੀ, ਸੱਸ, ਸਹੁਰਾ ਅਤੇ ਪਤਨੀ ਦੀ ਮਾਸੀ ਨੂੰ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। 

ਦੱਸ ਦਈਏ ਕਿ ਬੀਤੇ ਮਹੀਨੇ ਸ਼ਲਿੰਦਰ ਕੌਰ (39), ਪਿਤਾ ਹਰਕੀਰਤ ਸਿੰਘ ਪਨਾਗ (59), ਮਾਤਾ ਪਰਮਜੀਤ ਕੌਰ (62) ਅਤੇ ਮਾਸੀ ਅਮਰਜੀਤ ਕੌਰ (58) ਦਾ ਉਹਨਾਂ ਦੇ ਘਰ ਅੰਦਰ ਹੀ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਸਭ ਤੋਂ ਪਹਿਲੀ ਜਾਣਕਾਰੀ ਗੁਰਪ੍ਰੀਤ ਸਿੰਘ ਨੇ ਫੋਨ ਕਰਕੇ ਪੁਲਿਸ ਨੂੰ ਦਿੱਤੀ ਸੀ। 


ਕਤਲ ਦੀ ਜਾਂਚ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਅਫਸਰ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਗੁਰਪ੍ਰੀਤ ਦੀ ਗ੍ਰਿਫਤਾਰੀ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਇਸ ਨੂੰ ਇੱਕ ਵਹਿਸ਼ੀਆਨਾ ਜ਼ੁਲਮ ਦੱਸਿਆ ਤੇ ਕਿਹਾ ਕਿ ਗੁਰਪ੍ਰੀਤ ਨੂੰ ਇਸ ਲਈ ਮੌਤ ਦੀ ਸਜ਼ਾ ਹੋ ਸਕਦੀ ਹੈ। 

ਕਿਉਂ ਕੀਤਾ ਕਤਲ?
ਸ਼ਲਿੰਦਰ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਸ਼ਲਿੰਦਰ ਕੌਰ ਦੇ ਮਾਪਿਆਂ ਦਾ ਪਿੰਡ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਮਹੱਦੀਆਂ ਹੈ। ਇਸ ਪਰਿਵਾਰ ਕੋਲ ਮਹੱਦੀਆਂ ਪਿੰਡ ਵਿੱਚ ਵੀ ਕਾਫੀ ਜ਼ਮੀਨ ਹੈ ਤੇ ਹੋਰ ਵੀ ਕਾਫੀ ਜ਼ਾਇਦਾਦ ਹੈ ਜਿਸ ਦੀ ਇਕਲੌਤੀ ਵਾਰਸ ਸ਼ਲਿੰਦਰ ਕੌਰ ਸੀ। ਦੋਸ਼ੀ ਗੁਰਪ੍ਰੀਤ ਸਿੰਘ ਦਾ ਪਿੰਡ ਮਾਨੂਪੁਰ ਗੋਸਲਾਂ, ਨਜ਼ਦੀਕ ਖੰਨਾ ਹੈ। ਅਮਰੀਕਾ ਰਹਿੰਦੀ ਸ਼ਲਿੰਦਰ ਕੌਰ ਨਾਲ ਵਿਆਹ ਤੋਂ ਬਾਅਦ ਗੁਰਪ੍ਰੀਤ ਸਿੰਘ ਅਮਰੀਕਾ ਗਿਆ ਸੀ। ਸ਼ਲਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਕੋਲ 11 ਅਤੇ 9 ਸਾਲ ਦੀਆਂ ਦੋ ਬੱਚੀਆਂ ਅਤੇ 5 ਸਾਲਾਂ ਦਾ ਇੱਕ ਪੁੱਤਰ ਹੈ।


ਤਸਵੀਰ ਵਿੱਚ ਖੱਬੇ ਤੋਂ ਸੱਜੇ; ਹਰਕੀਰਤ ਸਿੰਘ ਪਨਾਗ, ਪਰਮਜੀਤ ਕੌਰ ਅਤੇ ਅਮਰਜੀਤ ਕੌਰ

ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਜਿੱਥੇ ਨਸ਼ੇ ਦਾ ਆਦੀ ਸੀ ਉੱਥੇ ਹੀ ਉਸ ਦੇ ਕਿਸੇ ਹੋਰ ਔਰਤ ਨਾਲ ਨਜ਼ਾਇਜ਼ ਸਬੰਧ ਸਨ। ਇਹਨਾਂ ਨਜ਼ਾਇਜ਼ ਸਬੰਧਾਂ ਬਾਰੇ ਉਸਦੀ ਪਤਨੀ ਸ਼ਲਿੰਦਰ ਕੌਰ ਨੂੰ ਪਤਾ ਲੱਗ ਗਿਆ ਸੀ ਜਿਸ ਕਾਰਨ ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਸੀ। ਗੁਰਪ੍ਰੀਤ ਸਿੰਘ ਨੇ ਇਹਨਾਂ ਕਤਲਾਂ ਦੀ ਇਹ ਸਾਜਿਸ਼ ਜ਼ਾਇਦਾਦ ਆਪਣੇ ਕਬਜ਼ੇ ਵਿੱਚ ਕਰਨ ਅਤੇ ਆਪਣੇ ਨਜ਼ਾਇਜ਼ ਸਬੰਧਾਂ ਵਿੱਚ ਅੜਿੱਕਾ ਬਣ ਰਹੀ ਆਪਣੀ ਪਤਨੀ ਨੂੰ ਰਾਹ ਤੋਂ ਹਟਾਉਣ ਲਈ ਘੜੀ। 

ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਦੇ ਚਾਚੇ ਕੁਲਦੀਪ ਸਿੰਘ ਸੇਖੋਂ ਨੇ ਮ੍ਰਿਤਕ ਹਰਕੀਰਤ ਸਿੰਘ ਪਨਾਗ ਦੀ ਫਤਹਿਗੜ੍ਹ ਸਾਹਿਬ-ਚੰਡੀਗੜ੍ਹ ਸੜਕ 'ਤੇ ਪੈਂਦੀ 22 ਕਿੱਲ੍ਹੇ ਜ਼ਮੀਨ ਉੱਤੇ ਬਿਆਨੇ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।

 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ