ਸਿੱਖ ਪੰਥ ਵਿਚ ਜਾਤ-ਪਾਤ ਦੀ ਘੁਸਪੈਠ ਕਿਵੇਂ ਹੋਈ?

ਸਿੱਖ ਪੰਥ ਵਿਚ ਜਾਤ-ਪਾਤ ਦੀ ਘੁਸਪੈਠ ਕਿਵੇਂ ਹੋਈ?

ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਦੀ ਸਥਾਪਨਾ ਵੇਲੇ 'ਜਾਤ-ਪਾਤ' ਦਾ ਸੂਖਮ ਬੀਜ ਸਿੱਖ ਪੰਥ ਵਿਚ ਫੁੱਟਣ ਲੱਗ ਪਿਆ ਸੀ। ਭਾਵੇਂ ਕਿ ਮਿਸਲਾਂ ਵਿਚ ਉਹੀ ਲੋਕ ਭਰਤੀ ਹੋਏ, ਜੋ ਆਮ ਤੌਰ 'ਤੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਸਨ।

ਸ਼ਹਿਰਾਂ ਦਾ ਵਪਾਰੀ ਵਰਗ ਇਨ੍ਹਾਂ ਵਿਚ ਘੱਟ ਹੀ ਰਲਿਆ। ਪਰ ਇਤਿਹਾਸਕਾਰ ਏ.ਸੀ. ਬੈਨਰਜੀ ਲਿਖਦਾ ਹੈ ਕਿ ਕਿਸਾਨੀ ਵਰਗ ਸਿੱਖ ਸਿਧਾਂਤਾਂ ਵਿਚ ਅਜੇ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਸੀ ਹੋਇਆ, ਜਿਸ ਕਰਕੇ ਅਠ੍ਹਾਰਵੀਂ ਅਤੇ ਉੱਨ੍ਹੀਵੀਂ ਸਦੀ ਵਿਚ ਖ਼ਾਲਸਾ ਬਿਪਰਨ ਕੀ ਰੀਤ ਵੱਲ ਤੁਰ ਪਿਆ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੌਰਾਨ ਵੱਡੀ ਗਿਣਤੀ ਵਿਚ ਹਿੰਦੂ ਖੱਤਰੀਆਂ ਅਤੇ ਹੋਰ ਉੱਚ ਜਾਤੀ ਮਨਮਤੀ ਲੋਕਾਂ ਨੇ ਸਿੱਖ ਧਰਮ ਧਾਰਨ ਕਰ ਲਿਆ ਸੀ। ਇਸ ਦੌਰਾਨ ਭਾਵੇਂ ਕਿ ਸਿੱਖਾਂ ਦੀ ਗਿਣਤੀ ਤਾਂ ਤੇਜ਼ੀ ਨਾਲ ਵਧੀ ਪਰ ਸਿੱਖ ਸਿਧਾਂਤ ਅਤੇ ਸਿੱਖੀ ਜੀਵਨ 'ਤੇ ਅਮਲਾਂ ਵਿਚ ਫ਼ਰਕ ਪੈਣਾ ਸ਼ੁਰੂ ਹੋ ਗਿਆ। ਸਿੱਖ ਰਾਜ ਦੌਰਾਨ ਸਿੱਖ ਧਰਮ ਨੂੰ ਅਪਨਾਉਣ ਵਾਲੇ ਲੋਕਾਂ ਨੇ ਆਪਣੇ ਪਿਛਲੇ ਸੰਸਕਾਰ ਪੂਰੀ ਤਰ੍ਹਾਂ ਨਹੀਂ ਤਿਆਗੇ ਅਤੇ ਸਿੱਖ ਸਮਾਜ ਅੰਦਰ ਉਨ੍ਹਾਂ ਕਰਮ-ਕਾਂਡੀ ਤੇ ਆਨਮਤੀ ਸੰਸਕਾਰਾਂ ਦਾ ਬੋਲਬਾਲਾ ਸ਼ੁਰੂ ਹੋ ਗਿਆ, ਜਿਨ੍ਹਾਂ ਦਾ ਗੁਰੂ ਸਾਹਿਬਾਨ ਨੇ ਜ਼ੋਰਦਾਰ ਖੰਡਨ ਕੀਤਾ ਸੀ।

ਮਿਸਾਲ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦੇ ਵਿਆਹ ਅਤੇ ਹੋਰ ਸੰਸਕਾਰ ਬ੍ਰਾਹਮਣੀ ਰੀਤੀ ਅਨੁਸਾਰ ਹੋਏ। ਕੁਝ ਕੁ ਰਾਣੀਆਂ ਵੀ ਰਣਜੀਤ ਸਿੰਘ ਦੀ ਚਿਖਾ ਵਿਚ ਸੜ ਕੇ ਸਤੀ ਹੋ ਗਈਆਂ। ਇਵੇਂ ਹੀ ਸਿੱਖ ਸਮਾਜ ਅੰਦਰ ਜਾਤ-ਪਾਤ ਦਾ ਵਿਤਕਰਾ ਵੀ ਪੈਦਾ ਹੋ ਗਿਆ। ਹਾਲਾਂਕਿ ਮੁੱਢਲੇ ਤੌਰ 'ਤੇ ਜੱਟ ਵੀ ਕਥਿਤ ਦਲਿਤ ਸ਼੍ਰੇਣੀ ਵਿਚ ਆਉਂਦੇ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਹਿਲੇ ਖ਼ਾਲਸਾ ਰਾਜ ਵਿਚ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਕਾਰਨ ਜੱਟ-ਸਿੱਖ ਆਰਥਿਕ ਤੌਰ 'ਤੇ ਸਮਰੱਥ ਹੋ ਗਏ ਅਤੇ ਹਿੰਦੂ ਸਮਾਜ ਦੀਆਂ ਉੱਚ ਸ਼੍ਰੇਣੀਆਂ 'ਚੋਂ ਸਿੱਖ ਬਣੇ ਲੋਕਾਂ ਦੀ ਕਤਾਰ 'ਚ ਖੜ੍ਹੇ ਹੋ ਗਏ। ਇਨ੍ਹਾਂ ਵਲੋਂ ਅਖੌਤੀ ਸ਼ੂਦਰ ਆਖੀਆਂ ਜਾਂਦੀਆਂ ਦੂਜੀਆਂ ਸ਼੍ਰੇਣੀਆਂ 'ਚੋਂ ਸਿੱਖ ਬਣੇ ਲੋਕਾਂ ਨਾਲ ਜਾਤ-ਪਾਤ ਦਾ ਵਿਤਕਰਾ ਆਰੰਭ ਹੋ ਗਿਆ।

ਅਕਾਲੀ ਫ਼ੂਲਾ ਸਿੰਘ ਦੇ ਅਕਾਲ ਚਲਾਣੇ ਤੋਂ ਉਪਰੰਤ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਅਤੇ ਬਾਅਦ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਨ੍ਹਾਂ ਮਹੰਤਾਂ ਕੋਲ ਚਲੀ ਗਈ, ਜਿਨ੍ਹਾਂ 'ਚ ਬ੍ਰਾਹਮਣੀ ਕਰਮ-ਕਾਂਡਾਂ ਅਤੇ ਰੀਤੀ-ਰਿਵਾਜ਼ਾਂ ਦਾ ਬੋਲਬਾਲਾ ਸੀ। ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਪੰਥਕ ਏਕਤਾ ਨੂੰ ਖੇਰੂੰ-ਖੇਰੂੰ ਕਰਨ ਦੇ ਮਕਸਦ ਲਈ ਇਨ੍ਹਾਂ ਮਹੰਤਾਂ ਨੂੰ ਥਾਪੜਾ ਦਿੱਤਾ ਅਤੇ 'ਜਾਤ-ਪਾਤ' ਨੂੰ ਉਤਸ਼ਾਹਿਤ ਕਰਨ ਵਿਚ ਲੁਕਵੀਂ ਭੂਮਿਕਾ ਨਿਭਾਈ। ਇਸ ਦੌਰਾਨ ਜਿੱਥੇ ਗੁਰਦੁਆਰਿਆਂ ਅੰਦਰ ਮੂਰਤੀਆਂ ਸਥਾਪਿਤ ਹੋਣ ਲੱਗੀਆਂ, ਉੱਥੇ ਜਾਤ-ਪਾਤ ਦਾ ਵਿਤਕਰਾ ਵੀ ਕੀਤਾ ਜਾਣ ਲੱਗਾ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 'ਤੇ ਕਾਬਜ਼ ਪੁਜਾਰੀਆਂ ਨੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਦਾ ਕੜਾਹ ਪ੍ਰਸ਼ਾਦ ਕਬੂਲ ਕਰਨਾ ਬੰਦ ਕਰ ਦਿੱਤਾ। ਵੀਹਵੀਂ ਸਦੀ ਦੀ ਸ਼ੁਰੂਆਤ ਦੌਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸ ਦੌਰਾਨ 10 ਤੋਂ 12 ਅਕਤੂਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਜਲ੍ਹਿਆਂਵਾਲਾ ਬਾਗ਼ 'ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ। ਇਸ ਦੌਰਾਨ ਵੀ ਉਨ੍ਹਾਂ ਸਿੱਖਾਂ ਨੂੰ ਲੰਗਰ ਵਾਸਤੇ ਭਾਂਡੇ ਨਾ ਦਿੱਤੇ ਗਏ। 11 ਅਕਤੂਬਰ ਨੂੰ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਹਰਿਮੰਦਰ ਸਾਹਿਬ ਪ੍ਰਸ਼ਾਦ ਲੈ ਕੇ ਜਾਣਗੇ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮ੍ਰਿਤ ਛਕਿਆ ਅਤੇ ਬਾਅਦ ਵਿਚ ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦ ਪੁਜਾਰੀਆਂ ਨੇ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ਼ ਕੀਤੀ ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਸਖ਼ਤ ਸਟੈਂਡ ਲਿਆ। ਪੁਜਾਰੀ ਆਪਣੀ ਗੱਲ 'ਤੇ ਅੜੇ ਰਹੇ। ਅਖ਼ੀਰ ਫ਼ੈਸਲਾ ਹੋਇਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ। ਹੁਕਮ ਆਇਆ:

ਸੋਰਠਿ ਮ: ੩ ਦੁਤੁਕੀ॥

ਨਿਗੁਣਿਆ ਨੋ ਆਪੇ ਬਖਸਿ ਲਏ ਭਾਈ

ਸਤਿਗੁਰ ਕੀ ਸੇਵਾ ਲਾਇ॥

ਸਤਿਗੁਰ ਕੀ ਸੇਵਾ ਊਤਮ ਹੈ ਭਾਈ

ਰਾਮ ਨਾਮਿ ਚਿਤੁ ਲਾਇ॥੧॥ (ਅੰਗ: 638)

ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ ਵਿਚ ਆ ਗਈਆਂ। ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਕਰਨਾ ਪਿਆ ਅਤੇ ਪ੍ਰਸ਼ਾਦ ਸਾਰੀ ਸੰਗਤ ਵਿਚ ਵਰਤਾਇਆ ਗਿਆ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਪਵਿੱਤਰ ਭਾਵਨਾ ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨਾ ਵੀ ਸੀ। ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਕਥਿਤ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਿਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ-ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ ਵਿਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪੱਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਚੁੱਕਣ ਅਤੇ ਗੁਰਦੁਆਰਾ ਸੇਵਾ-ਸੰਭਾਲ 'ਚ ਬਰਾਬਰ ਭਾਈਵਾਲ ਬਣਾਉਣ ਲਈ ਕਮੇਟੀ ਦੇ ਮੈਂਬਰਾਂ ਵਿਚ ਵੀ ਇਨ੍ਹਾਂ ਦਾ ਰਾਖ਼ਵਾਂਕਰਨ ਆਰੰਭ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਇਕ ਆਦੇਸ਼ ਕੀਤਾ ਗਿਆ ਸੀ ਕਿ, 'ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਂਅ ਨਾਲ ਜਾਤ, ਗੋਤ ਦੀ ਵਰਤੋਂ ਨਾ ਕਰੇ। ਜਾਤ, ਗੋਤ ਦੀ ਵਰਤੋਂ ਕਰਨੀ ਮਨਮਤ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ।' ਪਰ ਇਸ ਦੇ ਉਲਟ ਅੱਜ ਵੱਡੀਆਂ-ਵੱਡੀਆਂ ਪੰਥਕ ਸ਼ਖ਼ਸੀਅਤਾਂ ਵੀ ਆਪਣੇ ਨਾਵਾਂ ਪਿੱਛੇ ਜਾਤਾਂ, ਗੋਤਾਂ ਦੇ ਨਾਂਅ ਲਾਉਣ ਵਿਚ ਫਖ਼ਰ ਸਮਝਦੇ ਹਨ।ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਿੱਖ ਸੰਸਥਾ ਦੇ ਕਈਅਹੁਦੇਦਾਰ, ਅਧਿਕਾਰੀ ਅਤੇ ਮੁਲਾਜ਼ਮ ਵੀਆਪਣੇ ਨਾਵਾਂ ਨਾਲ ਆਪਣੀਆਂ ਜਾਤਾਂ ਅਤੇ ਗੋਤਾਂ ਲਿਖਣ ਕਾਰਨ ਆਲੋਚਨਾ ਦਾ ਕਾਰਨ ਬਣਦੇਹਨ। ਇਸ ਸਭ ਕਾਸੇਦਾ ਸਿੱਖ ਸਮਾਜ 'ਤੇ ਕੀ ਅਸਰ ਪੈਂਦਾ ਹੈ? ਸ਼ਾਇਦ ਇਸ ਪਾਸੇ ਅੱਜ ਤੱਕ ਸਿੱਖ ਧਾਰਮਿਕ ਲੀਡਰਸ਼ਿਪ ਦਾ ਕੋਈ ਧਿਆਨ ਨਹੀਂ ਗਿਆ।

ਇਹ ਵੀ ਇਕ ਪਹਿਲੂ ਹੈ ਕਿ ਅਨੇਕਾਂ ਰਵਾਇਤੀ ਯਤਨਾਂ ਦੇ ਬਾਵਜੂਦ, ਆਜ਼ਾਦੀ ਤੋਂ ਲੈ ਕੇ ਸਿੱਖ ਸਿਆਸੀ ਲੀਡਰਸ਼ਿਪ 'ਤੇ ਜਾਤੀਵਾਦ ਦਾ ਸੂਖਮ ਗ਼ਲਬਾ ਹੋਣ ਕਾਰਨ ਹੀ ਸਿੱਖ ਸਮਾਜ ਦੀ ਬੇੜੀ ਜਾਤ-ਪਾਤ ਦੇ ਮੰਝਧਾਰ ਵਿਚੋਂ ਬਾਹਰ ਨਹੀਂ ਨਿਕਲ ਸਕੀ। ਸੰਨ 1936 'ਚ ਜਦੋਂ ਦਲਿਤ ਸਮਾਜ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਸਮੇਤ ਸਿੱਖ ਧਰਮ ਗ੍ਰਹਿਣ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਮਨੂੰਵਾਦੀ ਸੋਚ ਵਾਲੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਪ੍ਰਭਾਵ ਕਾਰਨ, ਵੇਲੇ ਦੀ ਸਿੱਖ ਲੀਡਰਸ਼ਿਪ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਰਹੀ, ਜਿਸ ਕਾਰਨ ਡਾ. ਅੰਬੇਡਕਰ ਅਤੇ ਉਨ੍ਹਾਂ ਦੇ ਕਰੋੜਾਂ ਸਮਰਥਕ ਸਿੱਖ ਧਰਮ ਦਾ ਅੰਗ ਨਾ ਬਣ ਸਕੇ।

ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ 'ਤੇ ਉੱਨ੍ਹੀਵੀਂ ਸਦੀ 'ਚ ਕਾਬਜ਼ ਰਹੇ 'ਮਹੰਤਾਂ' ਵਲੋਂ ਚਲਾਈਆਂ ਗਈਆਂ, ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕਈ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਿਚ 'ਪਰੰਪਰਾ' ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨਾਲ ਮਨੂੰਵਾਦੀ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਪਰਲੇ ਪੱਧਰ ਦੀ ਧਾਰਮਿਕ ਅਤੇ ਸਿਆਸੀ ਸਿੱਖ ਲੀਡਰਸ਼ਿਪ ਵਿਚ ਇਸ ਤਰ੍ਹਾਂ ਦੀ ਸਿਧਾਂਤਕ ਗਿਰਾਵਟ ਆਉਣ ਸਦਕਾ ਪਿੰਡਾਂ ਵਿਚ ਸਿੱਖ ਸਮਾਜ ਜਾਤਾਂ ਦੇ ਆਧਾਰ 'ਤੇ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ ਕਿ ਜੱਟਾਂ ਅਤੇ ਗ਼ੈਰ-ਜੱਟਾਂ ਵਿਚ ਵੱਧ ਰਿਹਾ ਪਾੜਾ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ। ਇਹ ਸਿੱਖ ਕੌਮ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਵਰਤਾਰਾ ਹੈ। ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ 'ਤੇ ਆਧਾਰਿਤ ਗੁਰਦੁਆਰੇ ਬਣ ਰਹੇ ਹਨ, ਜਿਨ੍ਹਾਂ ਵਿਚ ਦੂਜੀ ਜਾਤ ਦੇ ਸਿੱਖਾਂ ਦੇ ਦਾਖ਼ਲ ਹੋਣ ਤੱਕ ਪਾਬੰਦੀਆਂ ਲੱਗ ਰਹੀਆਂ ਹਨ। ਜਿਨ੍ਹਾਂ ਲਿਤਾੜੇ ਤੇ ਨਿਆਸਰੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਜਥੇਬੰਦ ਕਰਕੇ ਖ਼ਾਲਸਾ ਪੰਥ ਤਿਆਰ ਕੀਤਾ ਸੀ, ਅੱਜ ਉਹ ਲੋਕ ਸਾਡੀ ਧਾਰਮਿਕ ਲੀਡਰਸ਼ਿਪ ਦੀ ਸਿਧਾਂਤਕ ਕਮਜ਼ੋਰੀ ਅਤੇ ਅਣਗਹਿਲੀ ਕਾਰਨ ਸਿੱਖੀ ਨਾਲੋਂ ਟੁੱਟ ਰਹੇ ਹਨ। ਸਿੱਖ ਵਿਰੋਧੀ ਡੇਰਾਵਾਦ ਵੀ ਇਸੇ ਕਾਰਨ ਪ੍ਰਫ਼ੁੱਲਤ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੰਗਤ ਅਤੇ ਪੰਗਤ, ਸਾਂਝੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਚਾਰੇ ਵਰਣਾਂ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗਲੇ ਨਾਲ ਲਗਾਇਆ ਸੀ, ਅੱਜ ਉਹ ਜਾਤ-ਪਾਤ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਹੈ।

ਸਿੱਖ ਧਰਮ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਹੈ ਕਿ ਅੱਜ ਸਿੱਖ ਸਮਾਜ ਨੂੰ ਜਾਤ-ਪਾਤ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ 'ਸਿੰਘ ਸਭਾ' ਲਹਿਰ ਵਰਗੀ ਵੱਡੇ ਉਦੇਸ਼ਾਂ 'ਤੇ ਆਧਾਰਿਤ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਜਾਵੇ ਤਾਂ ਜੋ ਗੁਰੂ ਸਾਹਿਬਾਨ ਦੇ 'ਸਰਬ ਸਾਂਝੀਵਾਲਤਾ' ਵਾਲੇ ਮਹਾਨ ਫ਼ਲਸਫ਼ੇ ਨੂੰ ਵਿਸ਼ਵ ਸਮਾਜ ਅਤੇ ਮਨੁੱਖੀ ਭਾਈਚਾਰੇ ਦੇ ਪ੍ਰਸੰਗ ਵਿਚ ਰੱਖ ਕੇ ਸਹੀ ਰੂਪ ਵਿਚ ਸਮਝਣ ਦੀਆਂ ਅੰਤਰ-ਦ੍ਰਿਸ਼ਟੀਆਂ ਖੋਲ੍ਹੀਆਂ ਜਾ ਸਕਣ। ਸਿੱਖੀ ਤੋਂ ਟੁੱਟ ਰਹੇ ਭਾਈਚਾਰਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜ ਕੇ ''ਚਾਰਿ ਵਰਨ ਇਕ ਵਰਨੁ ਕਰਾਇਆ॥'' ਅਨੁਸਾਰ ਗੁਰੂ ਨਾਨਕ ਸਾਹਿਬ ਦੇ ਚਿਤਵੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਰੰਘਰੇਟੇ ਸਿੱਖ, ਰਵਿਦਾਸੀਏ ਸਿੱਖ, ਕਬੀਰ ਪੰਥੀ ਸਿੱਖ, ਸ਼ਿਕਲੀਗਰ ਅਤੇ ਵਣਜਾਰੇ ਆਦਿ ਸਿੱਖਾਂ ਨੂੰ ਸਿੱਖ ਪੰਥ ਦਾ ਅਟੁੱਟ ਅੰਗ ਸਮਝ ਕੇ ਬਰਾਬਰ ਸਥਾਨ ਅਤੇ ਸਤਿਕਾਰ ਦਿੱਤਾ ਜਾਵੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ 'ਜਾਤ-ਪਾਤ ਮੁਕਤ ਸਿੱਖ ਸਮਾਜ' ਦੇ ਸਿੱਟਾਮੁਖੀ ਨਾਅਰੇ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਅਤੇ ਇਹ ਲਹਿਰ ਸਿਰਫ਼ ਜ਼ੁਬਾਨੀ ਗੱਲਾਂ ਨਾਲ ਨਹੀਂ, ਬਲਕਿ ਅਮਲੀ ਯਤਨਾਂ ਵਾਲੀ ਹੋਣੀ ਚਾਹੀਦੀ ਹੈ। ਇਸ ਤਹਿਤ ਸਿੱਖਾਂ ਅੰਦਰ ਜਾਤ-ਪਾਤ ਤੋਂ ਉਪਰ ਉੱਠ ਕੇ ਵਿਆਹ-ਸ਼ਾਦੀਆਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪੰਥ ਦੀ ਪ੍ਰਮਾਣਿਤ 'ਸਿੱਖ ਰਹਿਤ ਮਰਯਾਦਾ' ਦੇ 'ਅਨੰਦ ਸੰਸਕਾਰ' ਅਧਿਆਇ ਅਨੁਸਾਰ, 'ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ।' ਸਿਰਫ਼ ਗੁਰਸਿੱਖੀ ਦੀ ਯੋਗਤਾ ਨੂੰ ਮੁੱਖ ਰੱਖ ਕੇ, ਜਾਤ-ਪਾਤ ਵਿਚਾਰੇ ਬਗ਼ੈਰ ਵਿਆਹਾਂ ਦੀ ਸ਼ੁਰੂਆਤ ਹੀ ਸਹੀ ਰੂਪ ਵਿਚ ਅੱਜ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਫ਼ੈਸਲਾਕੁੰਨ ਸਾਬਤ ਹੋ ਸਕਦੀ ਹੈ। ਜਾਤ-ਪਾਤ ਦਾ ਫ਼ਰਕ ਕੀਤੇ ਬਗ਼ੈਰ 'ਰਹਿਤਵਾਨ ਸਿੱਖਾਂ' ਨੂੰ, ਧਾਰਮਿਕ ਅਤੇ ਸਿਆਸੀ ਖੇਤਰ ਵਿਚ ਬਰਾਬਰ ਜ਼ਿੰਮੇਵਾਰੀਆਂ ਨਿਭਾਉਣ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ।

 

ਤਲਵਿੰਦਰ ਸਿੰਘ ਬੁਟਰ