ਆਈ ਐਸ ਆਈ ਐਸ ਦੇ ਕੈਂਪ ਵਿਚ ਸਿਖਲਾਈ ਲੈਣ ਵਾਲੇ 31 ਸਾਲਾ ਵਿਅਕਤੀ ਵਿਰੁੱਧ ਚਲੇਗਾ ਮੁਕੱਦਮਾ
* ਹੋ ਸਕਦੀ ਹੈ 50 ਸਾਲ ਦੀ ਕੈਦ ਤੇ ਭਾਰੀ ਜੁਰਮਾਨਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਂਟੱਕੀ ਰਾਜ ਦੇ ਵਸਨੀਕ 31 ਸਾਲਾ ਮੀਰਸਦ ਹੈਰਿਜ਼ ਐਡਮ ਰੈਮਿਕ ਵਿਰੁੱਧ ਕਥਿੱਤ ਤੌਰ 'ਤੇ ਆਈ ਐਸ ਆਈ ਐਸ ਦੇ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲੇਗਾ। ਉਸ ਵਿਰੁੱਧ ਸਿਖਲਾਈ ਕੈਂਪ ਦੌਰਾਨ ਹਥਿਆਰ ਲੈਣ ਤੇ ਨਿੱਜੀ ਤੌਰ 'ਤੇ ਹਥਿਆਰਾਂ ਦੀ ਸਿਖਲਾਈ ਲੈਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ ਕੈਂਟੱਕੀ ਦੇ ਬੋਲਿੰਗ ਗਰੀਨ ਖੇਤਰ ਵਿਚ ਰਹਿੰਦੇ ਰੈਮਿਕ ਵਿਰੁੱਧ ਆਈ ਐਸ ਆਈ ਐਸ ਦੇ ਸਮਰਥਨ ਵਿਚ ਸਮਗਰੀ ਮੁਹੱਈਆ ਕਰਵਾਉਣ ਦੇ ਦੋਸ਼ ਵੀ ਲਾਏ ਗਏ ਹਨ। ਨਿਆਂ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਰੈਮਿਕ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਤੋਂ ਫੌਜੀ ਕਿਸਮ ਦੀ ਸਿਖਲਾਈ ਲਈ ਤੇ ਆਈ ਐਸ ਆਈ ਐਸ ਦੇ ਹੱਕ ਵਿਚ ਸਮੱਗਰੀ ਮੁਹੱਈਆ ਕਰਵਾਉਣ ਦੀ ਸਾਜਿਸ਼ ਰਚੀ। ਲਾਏ ਗਏ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਰੈਮਿਕ ਆਪਣੇ ਦੋ ਸਾਥੀਆਂ ਨਾਲ 3 ਜੂਨ,2014 ਨੂੰ ਅਮਰੀਕਾ ਤੋਂ ਇਸਤੰਬੁਲ ਲਈ ਰਵਾਨਾ ਹੋਇਆ ਜਿਥੋਂ ਉਹ ਟਿਕਟਾਂ ਲੈ ਕੇ ਸੀਰੀਆ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਗਾਜ਼ੀਅਨਟੈਪ ਪੁੱਜੇ। ਉਥੋਂ ਉਹ ਕੱਥਿਤ ਤੌਰ 'ਤੇ ਸਰਹੱਦ ਪਾਰ ਕਰਕੇ ਆਈ ਐਸ ਆਈ ਐਸ ਦੇ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਲਈ ਸੀਰੀਆ ਵਿਚ ਦਾਖਲ ਹੋਏ। ਪ੍ਰੈਸ ਬਿਆਨ ਅਨੁਸਾਰ ਰੈਮਿਕ ਨੇ ਏ ਕੇ 47 ਵਰਗੇ ਖਤਰਨਾਕ ਹਥਿਆਰਾਂ ਦੀ ਸਿਖਲਾਈ ਲਈ । ਰੈਮਿਕ ਨੂੰ ਤੁਰਕੀ ਵਿਚ ਗ੍ਰਿਫਤਾਰ ਕਰਕੇ ਵਾਪਿਸ ਅਮਰੀਕਾ ਭੇਜ ਦਿੱਤਾ ਗਿਆ ਹੈ। ਬੀਤੇ ਦਿਨ ਉਹ ਅਦਾਲਤ ਵਿਚ ਦੁਪਹਿਰ ਬਾਅਦ ਪੇਸ਼ ਹੋਇਆ। ਰੈਮਿਕ ਕੋਲ ਅਮਰੀਕਾ ਤੇ ਬੋਸਨੀਆ ਦੀ ਦੋਹਰੀ ਨਾਗਰਿਕਤਾ ਹੈ। ਰਲੀਜ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 50 ਸਾਲ ਤੱਕ ਜੇਲ੍ਹ ਤੇ 7,50,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
Comments (0)