ਐਨਕਾਂ ਰੱਖ ਕੇ ਕਿਉਂ ਭੁੱਲ ਜਾਂਦੇ ਨੇ ਬਜ਼ੁਰਗ ?

ਐਨਕਾਂ ਰੱਖ ਕੇ ਕਿਉਂ ਭੁੱਲ ਜਾਂਦੇ ਨੇ ਬਜ਼ੁਰਗ ?

ਸਭ ਤੋਂ ਜ਼ਰੂਰੀ ਗੱਲ ਚੀਜ਼ਾਂ ਰੱਖ ਕੇ ਭੁੱਲ ਜਾਣ ਕਾਰਨ ਉਸ ਵਿਅਕਤੀ ਨਾਲ ਖਿਝਣਾ ਨਹੀਂ ਹੈ।

ਹਰ ਉਹ ਘਰ ਜਿਸ ਵਿੱਚ ਬੇਬੇ-ਬਾਪੂ ਰਹਿੰਦੇ ਹਨ, ਉੱਥੇ ਅਕਸਰ ਹੀ ,“ਮੇਰੀਆਂ ਐਨਕਾਂ ਨਹੀਂ ਲੱਭ ਰਹੀਆਂ ਜਾਂ ਮੇਰੀ ਘੜੀ ਕਿੱਥੇ ਚਲੀ ਗਈ” ਇਸ ਤਰਾਂ ਦੀਆਂਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ।  ਪਰਿਵਾਰ ਖ਼ਾਸ ਕਰ ਪੋਤੇ-ਪੋਤਰੀਆਂ ਹੈਰਾਨ ਹੋਏ ਰਹਿੰਦੇ ਹਨ ਕਿ ਇਸ ਤਰਾਂ ਕਿਵੇਂ ਕੋਈ ਆਪਣੀ ਚੀਜ਼ ਆਪ ਹੀ ਰੱਖ ਕੇ ਭੁੱਲ ਸਕਦਾ ਹੈ? ਕੁਝ ਲੋਕ ਸੋਚਦੇ ਹਨ ਕਿ ਬਜੁਰਗਾਂ ਵੱਲੋਂ ਇਸ ਤਰਾਂ ਆਪਣੇ ਵੱਲ ਧਿਆਨ ਖਿੱਚਣ ਲਈ ਜਾਣ-ਬੁਝ ਕੇ ਕੀਤਾ ਜਾਂਦਾ ਹੈ।21 ਸਤੰਬਰ ਦਾ ਦਿਨ ਵਿਸ਼ਵ ਭਰ ਵਿੱਚ ਐਲਜਾਈਮਰ ਡੇਅ ਦੇ ਤੌਰ ‘ਤੇ ਮਨਾਇਆ ਗਿਆ ਹੈ।ਐਲਜਾਈਮਰ ਇਕ ਅਜਿਹੀ ਬਿਮਾਰੀ ਦਾ ਨਾਂ ਹੈ ਜੋ ਜ਼ਿਆਦਾਤਰ ਬੁਢੇਪੇ ਵਿੱਚ ਦਸਤਕ ਦਿੰਦੀ ਹੈ। ਮਨੁੱਖੀ ਸਰੀਰ ਅੰਦਰ ਬਹੁਤ ਸਾਰੇ ਤਰਾਂ ਦੇ ਤਰਲ ਪਦਾਰਥ ਪਾਏ ਜਾਂਦੇ ਹਨ, ਜ਼ਿਹਨਾਂ ਵਿੱਚ ਖ਼ੂਨ ਤੋਂ ਇਲਾਵਾ ਹਾਰਮੋਨਜ ਆਦਿ ਮੁੱਖ ਹਨ।  ਹਾਰਮੋਨਜ ਦੀ ਤਰਾਂ ਦਿਮਾਗ ਅੰਦਰ ਕੁਝ ਖ਼ਾਸ ਤਰਾਂ ਦੇ ਨਿਊਰੋਟਰਾਂਸਮੀਟਰ ਨਾਂ ਦੇ ਦ੍ਰਵ ਮੌਜੂਦ ਰਹਿੰਦੇ ਹਨ। ਦਿਮਾਗ ਅੰਦਰ ਮੌਜੂਦ ਇਹਨਾਂ ਦ੍ਰਵਾਂ ਦਾ ਖੁਸ਼ੀ-ਗ਼ਮੀ, ਦੁੱਖ-ਸੁਖ, ਪਿਆਰ-ਨਰਾਜ਼ਗੀ ਆਦਿ ਵੱਖ-ਵੱਖ ਤਰਾਂ ਦੀਆਂ ਭਾਵਨਾਵਾਂ ਦੇ ਪ੍ਰਗਟਾਵੇ ਮੌਕੇ ਉੱਘਾ ਯੋਗਦਾਨ ਹੁੰਦਾ ਹੈ।  ਇਹਨਾਂ ਨਿਊਰੋਟਰਾਂਸਮੀਟਰਜ ਦੇ ਰਿਸਣ ਅਤੇ ਖ਼ੂਨ ਵਿੱਚ ਸੰਚਾਰ ਦੀ ਮਾਤਰਾ ਹਰ ਭਾਵਨਾ ਅਤੇ ਅਹਿਸਾਸ ਮੌਕੇ ਵੱਖਰੀ ਹੁੰਦੀ ਹੈ, ਇਸ ਕਰਕੇ ਇਕ ਸਿਹਤਮੰਦ ਅਤੇ ਤੰਦਰੁਸਤ ਇਨਸਾਨ ਅੰਦਰ ਇਹਨਾਂ ਦੀ ਠੀਕ ਮਾਤਰਾ ਹੋਣਾ ਅਤਿਅੰਤ ਲਾਜ਼ਮੀ ਹੁੰਦਾ ਹੈ, ਕਿਉਂਕਿ ਦਿਮਾਗ ਅੰਦਰ ਇਹਨਾਂ ਦਾ ਲੋੜੀਂਦੀ ਮਾਤਰਾ ਤੋਂ ਵੱਧ ਜਾਂ ਘੱਟ ਹੋਣਾ ਨੁਕਸਾਨਦੇਹ ਹੋ ਸਕਦਾ ਹੈ।
ਵੱਧਦੀ ਉਮਰ ਦੇ ਨਾਲ-ਨਾਲ ਸਰੀਰ ਵਿੱਚ ਬਾਹਰੀ ਅਤੇ ਅੰਦਰੂਨੀ ਕਈ ਤਰਾਂ ਦੇ ਬਦਲਾਓ ਆਉਣੇ ਸ਼ੁਰੂ ਹੋ ਜਾਂਦੇ ਹਨ, ਜ਼ਿਹਨਾਂ ਵਿੱਚ ਹਾਰਮੋਨ ਆਦਿ ਦੇ ਸੰਤੁਲਨ ਦੇ ਵਿਗੜ ਜਾਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ।ਐਸੀਟਾਈਲਕੋਲੀਨ ਨਾਂ ਦੇ ਨਿਊਰੋਟਰਾਂਸਮੀਟਰ ਦੇ ਘੱਟ ਜਾਂ ਵੱਧ ਦੋਵੇਂ ਹੀ ਤਰਾਂ ਦੇ ਹਾਲਾਤਾਂ ਵਿੱਚ ਦਿਮਾਗੀ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ। ਇਹਨਾਂ ਕੋਸ਼ਿਕਾਵਾਂ ਦੇ ਨਸ਼ਟ ਹੋਣ ਕਾਰਨ ਦਿਮਾਗ ਦੀਆਂ ਅੰਦਰੂਨੀ ਪਰਤਾਂ ਸੁੰਘੜਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵ ਯਾਦਾਸ਼ਤ ਉੱਪਰ ਪੈਂਦਾ ਹੈ। ਭਾਵੇਂ ਕਿ ਪੁਰਾਣੀਆਂ ਯਾਦਾਂ ਕਈ ਵਾਰ ਬਣੀਆਂ ਰਹਿੰਦੀਆਂ ਹਨ, ਪਰ ਨਵੀਂ ਯਾਦਾਸ਼ਤ ਬਣਨੀ ਕਠਿਨ ਹੁੰਦੀ ਹੈ, ਜਿਵੇਂ ਕਿ ਰੋਜ਼ ਵਾਪਰਨ ਵਾਲ਼ੀਆਂ ਛੋਟੀਆਂ- ਛੋਟੀਆਂ ਗੱਲਾਂ ਜਾਂ ਘਟਨਾਵਾਂ।


ਇਸ ਤਰਾਂ ਯਾਦ ਸ਼ਕਤੀ ਕਮਜ਼ੋਰ ਪੈ ਜਾਣ ਨੂੰ ਡਿਮੈਂਸ਼ੀਆ ਕਿਹਾ ਜਾਂਦਾ ਹੈ। ਡਿਮੈਂਸ਼ੀਆ ਇਕ ਬਹੁਤ ਹੀ ਅਜੀਬ ਜਿਹੀ ਬਿਮਾਰੀ ਹੈ, ਜਿਸ ਵਿੱਚ ਰੋਜ਼ਾਨਾ ਵਾਪਰਨ ਵਾਲੀਆਂ ਨਵੀਂਆਂ ਗੱਲਾਂ ਨਾ ਦੇ ਬਰਾਬਰ ਹੀ ਯਾਦ ਰਹਿੰਦੀਆਂ ਹਨ, ਪਰ ਪਹਿਲਾਂ ਤੋਂ ਦਿਮਾਗ ਅੰਦਰ  ਪਈਆਂ ਗੱਲਾਂ ਇੰਨ- ਬਿੰਨ ਯਾਦ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਸਾਡੇ ਬੇਬੇ-ਬਾਪੂ ਅਕਸਰ ਹੀ ਐਨਕਾਂ ਜਾਂ ਹੋਰ ਕੋਈ ਚੀਜ਼ ਆਪ ਹੀ ਰੱਖ ਕੇ ਭੁੱਲ ਜਾਂਦੇ ਹਨ, ਪਰ ਆਪਣੇ ਬਚਪਨ ਅਤੇ ਜੁਆਨੀ ਵਾਲੇ ਦਿਨਾਂ ਦੀਆਂ ਗੱਲ-ਬਾਤਾਂ, ਕਿੱਸੇ- ਕਹਾਣੀਆਂ ਇੰਝ ਸੁਣਾਉਂਦੇ ਹਨ ਜਿਵੇਂ ਕਲ ਦੀਆਂ ਗੱਲਾਂ ਹੋਣ।ਮੈਡੀਕਲ ਖੇਤਰ ਵਿੱਚ ਇਸ ਵਿਸ਼ੇ ਸੰਬੰਧੀ ਕਈ ਖੋਜ-ਪੱਤਰ ਲਿਖੇ ਜਾ ਚੁੱਕੇ ਹਨ, ਜ਼ਿਹਨਾਂ ਅਨੁਸਾਰ ਇਸ ਬਿਮਾਰੀ ਦਾ ਮੁੱਖ ਕਾਰਨ ਲੰਬੇ ਸਮੇਂ ਤੱਕ ਕਿਸੇ ਕਾਰਨ-ਵੱਸ ਚਿੰਤਾ ਦਾ ਬਣਿਆ ਰਹਿਣਾ, ਜ਼ਿੰਦਗੀ ਦੇ ਪਹਿਲੇ ਕੁਝ ਵਰਿਆਂ ਦੌਰਾਨ ਕਿਸੇ ਅਣਹੋਣੀ ਘਟਨਾ ਦਾ ਹੋਣਾ, ਜਾਂ ਇੱਛਾਵਾਂ ਦਾ ਅਧੂਰਾ ਰਹਿਣਾ ਆਦਿ। ਇਹਨਾਂ ਖੋਜ-ਪੱਤਰਾਂ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਇਸ ਬਿਮਾਰੀ ਦਾ ਸਹੀ ਇਲਾਜ ਇਸ ਦੀ ਸਹੀ ਸਮੇਂ ਕੀਤੀ ਗਈ ਪਹਿਚਾਣ ਹੀ ਹੈ। ਸਵਾਲ ਇਹ ਉਠਦਾ ਹੈ ਕਿ ਸਮਾਂ ਰਹਿੰਦਿਆਂ ਪਛਾਣ ਕਰਨੀ ਕਿਵੇਂ ਹੈ? ਉਹ ਕਿਹੜੀਆਂ ਨਿਸ਼ਾਨੀਆਂ ਹਨ ਜਿਨਾਂ ਤੋਂ ਡਿਮੈਂਸ਼ੀਆ ਜਾਂ ਐਲਜਾਈਮਰ ਵਰਗੀ ਬਿਮਾਰੀ ਦੇ ਸੰਕੇਤ ਮਿਲਦੇ ਹਨ। ਰੋਜ ਵਰਤਣ ਵਾਲ਼ੀਆਂ ਚੀਜ਼ਾਂ, ਜਿਵੇਂ ਐਨਕ, ਘੜੀ, ਕਾਰ ਦੀ ਚਾਬੀ, ਟਾਈ ਆਦਿ ਨੂੰ ਰੱਖ ਕੇ ਭੁੱਲ ਜਾਣਾ, ਗੱਲ ਕਰਦਿਆਂ-ਕਰਦਿਆਂ ਰੁਕ ਜਾਣਾ ਅਤੇ ਬਹੁਤੀ ਵਾਰ ਸਹੀ ਸ਼ਬਦਾਂ ਦਾ ਯਾਦ ਨਾ ਆਉਣਾ, ਚੰਗੀ ਤਰਾਂ ਜਾਣੇ-ਪਹਿਚਾਣੇ ਰਾਹ ਭੁੱਲ ਜਾਣਾ, ਆਮ ਹੀ ਕੀਤੇ ਜਾਣ ਵਾਲੇ ਕੰਮ ਕਰਨ ਦਾ ਤਰੀਕਾ ਭੁੱਲ ਜਾਣਾ, ਇਸ ਤਰਾਂ ਦੀਆਂ ਛੋਟੀਆਂ ਛੋਟੀਆਂ ਭੁੱਲਾਂ ਜਦੋਂ ਕਦੇ-ਕਦਾਈਂ ਦੀ ਜਗਾਹ ਰੋਜ਼ਾਨਾ ਵਾਰ-ਵਾਰ ਵਾਪਰਨ ਲੱਗਣ ਤਾਂ ਡਿਮੈਂਸ਼ੀਆ ਹੋਣ ਦੀ ਸੰਭਾਵਨਾ ਹੁੰਦੀ ਹੈ। 
 ਇਸ ਲਈ ਜਿੰਨੀ ਜਲਦੀ ਹੋ ਸਕੇ ਬਿਮਾਰੀ ਦੇ ਲੱਛਣਾਂ ਦੀ ਪਛਾਣ ਕਰ, ਇਸ ਨੂੰ ਵੱਧਣ ਤੋਂ ਰੋਕਣ ਲਈ ਯੋਗ ਅਤੇ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ ਅਤੇ ਹੇਠ ਲਿਖੇ ਨੁਕਤਿਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।ਸਭ ਤੋਂ ਜ਼ਰੂਰੀ ਗੱਲ ਚੀਜ਼ਾਂ ਰੱਖ ਕੇ ਭੁੱਲ ਜਾਣ ਕਾਰਨ ਉਸ ਵਿਅਕਤੀ ਨਾਲ ਖਿਝਣਾ ਨਹੀਂ ਹੈ। ਕੋਸ਼ਿਸ਼ ਕਰੋ ਕਿ ਹਮੇਸ਼ਾ ਇਕ ਮੁਸਕਰਾਹਟ ਦੇ ਨਾਲ ਹੀ ਪੇਸ਼ ਆਉ।ਘਰ ਦਾ ਮਾਹੌਲ ਇਸ ਤਰਾਂ ਦਾ ਹੋਣਾ ਚਾਹੀਦਾ ਹੈ,  ਕੋਈ ਵੀ ਮੈਂਬਰ ਬਿਨਾਂ ਵਜਾਹ ਹੀ ਕੋਈ ਤਣਾਉ ਨਾ ਮਹਿਸੂਸ ਹੋਵੇ।ਜਿਸ ਵੀ ਮੈਂਬਰ ਨੂੰ ਇਸ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਹਮੇਸ਼ਾ ਉਸ ਦੇ ਨਾਲ ਹੋਣ ਦਾ ਉਸਨੂੰ ਅਹਿਸਾਸ ਕਰਵਾਉਂਦੇ ਰਹਿਣਾ ਹੈ।ਜਿਨਾਂ ਜ਼ਰੂਰੀ ਗੱਲਾਂ, ਕੰਮ-ਕਾਜ ਜਾਂ ਚੀਜ਼ਾਂ ਨੂੰ ਜ਼ਿਆਦਾ ਅਤੇ ਵਾਰ-ਵਾਰ ਭੁੱਲਿਆ ਜਾ ਰਿਹਾ ਹੈ, ਉਹਨਾਂ ਬਾਰੇ ਲਗਾਤਾਰ ਜ਼ਿਕਰ ਕਰਦੇ ਰਹਿਣਾ ਹੈ।
ਉਸ ਪਰਿਵਾਰਕ ਮੈਂਬਰ ਨਾਲ ਜੋ ਵੀ ਰਿਸ਼ਤਾ ਹੈ, ਉਸ ਰਿਸ਼ਤੇ ਦੇ ਨਾਂ ਦੇ ਨਾਲ-ਨਾਲ, ਬੇਬੇ ਜਾਂ ਬਾਪੂ ਨੂੰ ਉਹਨਾਂ ਦੇ ਆਪਣੇ ਨਾਂਵਾਂ ਨਾਲ ਵੀ ਬਲਾਉਣਾ ਹੈ ਤਾਂ ਜੋ ਉਹ ਆਪਣੀ ਪਛਾਣ ਅਤੇ ਆਪਣਾ ਨਾਂ ਯਾਦ ਰੱਖ ਸਕਣ।ਰੋਜ਼ਾਨਾ ਵਰਤਣ ਵਾਲ਼ੀਆਂ ਚੀਜ਼ਾਂ-ਵਸਤਾਂ ਹਮੇਸ਼ਾਂ ਸਹੀ ਜਗਾ ‘ਤੇ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਲੱਭਣ ਵੇਲੇ ਮੁਸ਼ਕਲ ਨਾ ਹੋਵੇ।ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਤਰਾਂ ਦੀ ਹਾਲਤ ਵਿੱਚ ਉਹਨਾਂ ਨੂੰ ਸਿਰਫ ਇਕ ਕਮਰੇ ਤੱਕ ਹੀ ਸੀਮਤ ਨਹੀਂ ਕਰ ਦੇਣਾ, ਸਗੋਂ ਆਲੇ-ਦੁਆਲੇ ਨਾਲ ਰੋਜ਼ਾਨਾ ਮਿਲਾਉਣਾ ਹੈ, ਘਰ, ਪਾਰਕ, ਆਂਢ-ਗੁਆਂਢ, ਰਿਸ਼ਤੇਦਾਰੀ ਆਦਿ ਦੇ ਵਿੱਚ ਆਪਣੇ ਨਾਲ ਲੈ ਕੇ ਜਾਣਾ ਹੈ।ਇਹਨਾਂ ਸਭ ਹਦਾਇਤਾਂ ਦੀ ਪਾਲਣਾ ਕਰਦਿਆਂ ਨਾਲ ਹੀ ਉਹਨਾਂ ਦੀ ਸਾਫ਼-ਸਫਾਈ ਅਤੇ ਖਾਣ-ਪੀਣ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੁੰਦੀ ਹੈ।ਪੌਸ਼ਟਿਕ ਆਹਾਰ, ਉਹ ਖਾਣਾ ਜਿਸ ਵਿੱਚ ਲੋੜੀਂਦੀ ਮਾਤਰਾ ਵਿੱਚ ਹਰ ਤੱਤ, ਜਿਵੇਂ ਕਿ ਪ੍ਰੋਟੀਨ, ਫੈਟ ਅਤੇ ਹੋਰ ਖਣਿਜ ਪਦਾਰਥ ਮੌਜੂਦ ਹੋਣ। ਬਰੇਨ ਫ਼ੂਡ ਦੇ ਨਾਂ ਨਾਲ ਜਾਣੇ ਜਾਂਦੇ ਭੋਜਨ ਬਾਦਾਮ, ਅਖਰੋਟ ਜਾਂ ਹੋਰ ਡਰਾਈਫਰੂਟ, ਆਂਡਾ, ਮੀਟ-ਮੱਛੀ ਆਦਿ ਖਾਣੇ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ।ਹਨਾਂ ਸਭ ਗੱਲਾਂ ਤੋਂ ਇਲਾਵਾ ਉਹਨਾਂ ਦੀ ਪਸੰਦ ਦਾ ਖਿਆਲ ਰੱਖਦਿਆਂ ਉਹ ਜੋ ਵੀ ਮੰਗ ਕਰਨ ਸਭ ਪੂਰਾ ਕਰਨਾ ਚਾਹੀਦਾ ਹੈ , ਜਿਵੇਂ ਕਿ ਗੀਤ-ਸੰਗੀਤ ਸੁਣਨਾ ਜਾਂ ਸੁਣਾਉਣਾ, ਨਾਵਲ, ਕਹਾਣੀ ਜਾਂ ਅਖਬਾਰ ਪੜਨਾ, ਰੋਜ਼ਾਨਾ ਡਾਇਰੀ ਲਿਖਣਾ ਆਦਿ।ਓਪਰੋਕਤ ਸਾਰੀਆਂ ਸਾਵਧਾਨੀਆਂ ਵਰਤਦਿਆਂ ਅਤੇ ਅਤੇ ਨੁਕਤਿਆਂ 'ਤੇ ਧਿਆਨ ਦਿੰਦਿਆਂ ਜਿਥੇ ਅਸੀਂ ਇਸ ਡਿਮੈਂਸ਼ੀਆ ਜਾਂ ਐਲਜਾਈਮਰ ਵਰਗੀ ਬਿਮਾਰੀ ਨੂੰ ਵੇਲੇ ਸਿਰ ਪਹਿਚਾਣ ਸਕਦੇ ਹਾਂ, ਉਥੇ ਬਿਨਾਂ-ਵਜਾਹ ਦੀ ਘਰ ਵਿੱਚ ਹੋਣ ਵਾਲੀ ਖਿਝਾ-ਖਿਝਾਈ ਤੋਂ ਵੀ ਬਚ ਸਕਦੇ ਹਾਂ।

ਯਸ਼ਪ੍ਰੀਤ ਕੌਰ, ਅੇਸੋਸੀਏਟ ਪ੍ਰੋਫੈਸਰ (ਮੈਂਟਲ ਹੈਲ਼ਥ ਨਰਸਿੰਗ)
ਖ਼ਾਲਸਾ ਕਾਲਜ ਆਫ ਨਰਸਿੰਗ, ਅੰਮ੍ਰਿਤਸਰ। 9914711108