ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਖੇ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਖੇ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ

ਲੱਗੇ ਬੋਲੇ ਸੋਂ ਨਿਹਾਲ ਦੇ ਜੈਕਾਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ): 77ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਮੁੱਖ ਮਹਿਮਾਨ ਵੱਜੋਂ ਪੁੱਜੇ, ਜਿਨ੍ਹਾਂ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।

ਇਸ ਦੌਰਾਨ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਸਕੂਲ ਪ੍ਰਬੰਧਕ ਜਗਜੀਤ ਸਿੰਘ, ਪ੍ਰਿੰਸੀਪਲ ਡਾ: ਹਰਲੀਨ ਕੌਰ ਸਮੇਤ ਅਜੀਤਪਾਲ ਬਿੰਦਰਾ ਨੇ ਤਿਰੰਗਾ ਫਹਿਰਾਇਆ ਅਤੇ ਬੱਚਿਆਂ ਵੱਲੋਂ ਕੱਢੇ ਗਏ ਫਲੈਗ ਮਾਰਚ ਨੂੰ ਸਲਾਮੀ ਦਿੱਤੀ ਮਗਰੋਂ ਸਕੂਲ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਭੰਗੜਾ ਗਿੱਧੇ ਤੋਂ ਇਲਾਵਾ ਜਿਮਨਾਸਟਿਕ ਅਤੇ ਸਕੇਟਿੰਗ ਜੌਹਰ ਵਿਖਾਏ ਗਏ । ਇਸ ਮੌਕੇ ਬੋਲੇ ਸੋਂ ਨਿਹਾਲ ਦੇ ਜੈਕਾਰੇ ਵੀਂ ਲਗਾਏ ਗਏ ਸਨ ਜਿਨ੍ਹਾਂ ਨੇ ਉੱਥੇ ਹਾਜਿਰ ਸੰਗਤਾਂ ਅੰਦਰ ਜੋਸ਼ ਭਰ ਦਿੱਤਾ ਸੀ । ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਬੱਚੇ ਕੌਮੀ ਪੱਧਰ ’ਤੇ ਜਿਮਨਾਸਟਿਕ ਵਿਚ ਪਹਿਲੇ ਪੰਜ ਸਥਾਨਾਂ ’ਤੇ ਆਏ ਹਨ ਅਤੇ ਇਸੇ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਪੁੱਜ ਕੇ ਵਧੀਆ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਬਹੁਤ ਜਲਦੀ ਸਕੂਲ ਵਿੱਚ ਇੱਕ ਡਿਵਨਿਟੀ ਲੈਬ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਬੱਚੇ ਸਿੱਖ ਧਰਮ, ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਮੌਕੇ ਹਰਬੰਸ ਸਿੰਘ ਭਾਟੀਆ, ਪ੍ਰੀਤਪ੍ਰਤਾਪ ਸਿੰਘ, ਹਰਜੀਤ ਸਿੰਘ ਬਖਸ਼ੀ, ਹਰਨੇਕ ਸਿੰਘ, ਦਿਲਬਾਗ ਸਿੰਘ, ਡਾਕਟਰ ਪਰਮਿੰਦਰਪਾਲ ਸਿੰਘ, ਭਾਈ ਅਰਵਿੰਦਰ ਸਿੰਘ ਰਾਜਾ ਸਮੇਤ ਕਈ ਪਤਵੰਤੇ ਸੱਜਣ ਹਾਜਰ ਸਨ।