ਅਮਰੀਕਾ ਦੇ ਪਿਟਸਬਰਘ ਸ਼ਹਿਰ ਦੇ ਬਾਹਰਵਾਰ ਰਿਹਾਇਸ਼ੀ ਖੇਤਰ ਵਿਚ ਹੋਏ ਜਬਰਦਸਤ ਧਮਾਕੇ ਵਿੱਚ 5 ਮੌਤਾਂ 3 ਜ਼ਖਮੀ

ਅਮਰੀਕਾ ਦੇ ਪਿਟਸਬਰਘ ਸ਼ਹਿਰ ਦੇ ਬਾਹਰਵਾਰ ਰਿਹਾਇਸ਼ੀ ਖੇਤਰ ਵਿਚ ਹੋਏ ਜਬਰਦਸਤ ਧਮਾਕੇ ਵਿੱਚ 5 ਮੌਤਾਂ 3 ਜ਼ਖਮੀ
ਕੈਪਸ਼ਨ ਪਲਮ,ਪੈਨਸਿਲਵਾਨੀਆ ਦੇ ਇਕ ਘਰ ਵਿਚ ਹੋਏ ਧਮਾਕੇ ਤੋਂ ਬਾਅਦ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਪਿਟਸਬਰਘ (ਪੈਨਸਿਲਵਾਨੀਆ) ਸ਼ਹਿਰ ਦੇ ਬਾਹਰਵਾਰ ਨੀਮ ਸ਼ਹਿਰੀ ਰਿਹਾਇਸ਼ੀ ਖੇਤਰ ਵਿਚ ਹੋਏ ਜਬਰਦਸਤ ਧਮਾਕੇ ਵਿਚ 5 ਲੋਕਾਂ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਪ੍ਰਗਟਾਵਾ ਕਾਊਂਟੀ ਅਧਿਕਾਰੀਆਂ ਨੇ ਕਰਦਿਆਂ ਕਿਹਾ ਹੈ ਕਿ ਧਮਾਕਾ ਪਿਟਸਬਰਘ ਦੇ ਉਤਰ-ਪੂਰਬੀ ਨੀਮ ਸ਼ਹਿਰੀ ਖੇਤਰ ਪਲਮ, ਪੈਨਸਿਲਵਾਨੀਆ ਵਿਚ ਹੋਇਆ ਜਿਸ ਉਪਰੰਤ ਲੱਗੀ ਭਿਆਨਕ ਅੱਗ ਵਿੱਚ 3 ਘਰ ਸੜ ਕੇ  ਸਵਾਹ ਹੋ ਗਏ ਤੇ ਇਕ ਦਰਜਨ ਦੇ ਕਰੀਬ ਹੋਰ ਘਰਾਂ ਨੂੰ ਨੁਕਸਾਨ ਪੁੱਜਾ ਹੈ। ਰਾਹਤ ਕਾਮਿਆਂ ਨੇ ਮੌਕੇ 'ਤੇ ਪੁੁੱਜ ਕੇ 3 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਵਿਚ 4 ਬਾਲਗ ਤੇ 1 ਨਬਾਲਗ ਸ਼ਾਮਿਲ ਹੈ। ਸਮਝਿਆ ਜਾਂਦਾ ਹੈ ਕਿ ਇਕ ਘਰ ਵਿਚ ਹੋਏ ਧਮਾਕੇ ਨੇ ਨਾਲ ਲੱਗਦੇ 2 ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਜੋ ਪੂਰੀ ਤਰਾਂ ਤਬਾਹ ਹੋ ਗਏ। ਅਧਿਕਾਰੀਆਂ ਅਨੁਸਾਰ ਹੋਰ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ ਤੇ ਉਨਾਂ ਦੀਆਂ ਖਿੜਕੀਆਂ ਸੜ ਗਈਆਂ ਹਨ। ਅੱਗ ਬੁਝਾਊ ਵੱਖ ਵੱਖ ਵਿਭਾਗਾਂ ਦੇ ਅਮਲੇ ਨੇ ਅੱਗ ਉਪਰ ਕਾਬੂ ਪਾਇਆ। ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਉਪਰੰਤ ਹੀ ਧਮਾਕੇ ਦੇ ਕਾਰਨ ਬਾਰੇ ਕੁਝ ਕਿਹਾ ਜਾ ਸਕਦਾ ਹੈ।