ਗੁਜਰਾਤ ਕਤਲੇਆਮ ’ਤੇ ਸਿਟ ਦੀ ਰਿਪੋਰਟ ਵਿਚ ਸੀਤਲਵਾੜ ’ਤੇ ਕਾਂਗਰਸੀ ਆਗੂ ਪਟੇਲ ਨਾਲ ਮਿਲੀਭੁਗਤ ਦਾ ਦੋਸ਼ ਲਗਿਆ

ਗੁਜਰਾਤ ਕਤਲੇਆਮ ’ਤੇ ਸਿਟ ਦੀ ਰਿਪੋਰਟ ਵਿਚ  ਸੀਤਲਵਾੜ ’ਤੇ ਕਾਂਗਰਸੀ ਆਗੂ ਪਟੇਲ ਨਾਲ ਮਿਲੀਭੁਗਤ ਦਾ ਦੋਸ਼ ਲਗਿਆ

* ਰਿਪੋਰਟ ਵਿਚ ਗੁਜਰਾਤ ਦੀ ਤਤਕਾਲੀ ਸਰਕਾਰ ਨੂੰ ਅਸਥਿਰ ਕਰਨ ਦੀ  ਸਾਜ਼ਿਸ਼ ਗਰਦਾਨਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ:ਤੀਸਤਾ ਸੀਤਲਵਾੜ ਜੋ ਮਨੁੱਖੀ ਅਧਿਕਾਰਾਂ ਲਈ ਜੁਝ ਰਹੀ ਜੁਝਾਰੂ ਬੀਬੀ ਹੈ ,ਉਸਨੇ ਗੁਜਰਾਤ ਕਤਲੇਆਮ ਦਾ ਪਰਦਾਫਾਸ਼ ਕੀਤਾ ਸੀ ,ਨੂੰ ਸਿਟ ਰਾਹੀਂ ਗੰਭੀਰ ਕੇਸਾਂ ਵਿਚ ਉਲਝਾ ਦਿਤਾ ਹੈ।ਉਸ ਉਪਰ ਗੁਜਰਾਤ ਨਸਲਕੁਸ਼ੀ (2002) ਦੇ ਕੇਸ ਵਿਚ ਫ਼ਰਜ਼ੀ ਸਬੂਤ ਪੇਸ਼ ਕਰਨ ਦੇ ਦੋਸ਼ ਲਗੇ ਹਨ।

ਗੁਜਰਾਤ ਨਸਲਕੁਸ਼ੀ (2002) ਦੇ ਕੇਸ ਵਿਚ ਫ਼ਰਜ਼ੀ ਸਬੂਤ ਪੇਸ਼ ਕਰਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ  ਅਹਿਮਦਾਬਾਦ ਦੇ ਸੈਸ਼ਨਜ਼ ਕੋਰਟ ਵਿਚ ਦਾਇਰ ਹਲਫ਼ਨਾਮੇ ’ਵਿਚ ਕਿਹਾ ਹੈ ਕਿ ਗ੍ਰਿਫ਼ਤਾਰ ਕਾਰਕੁਨ ਤੀਸਤਾ ਸੀਤਲਵਾੜ ਅਤੇ ਸਾਬਕਾ ਪੁਲੀਸ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਪਿੱਛੇ ਵੱਡੀ ‘ਸਿਆਸੀ ਸਾਜ਼ਿਸ਼’ ਸੀ। ‘ਸਿਟ’ ਨੇ ਕਿਹਾ ਹੈ ਕਿ ਸਾਜ਼ਿਸ਼ ਦਾ ਮਕਸਦ ਰਾਜ ਸਰਕਾਰ ਨੂੰ ਅਸਥਿਰ ਕਰਨਾ ਸੀ। ਇਹ ਮਾਮਲਾ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਹੋਰਾਂ ਵਿਰੁੱਧ ਕਥਿਤ ਫ਼ਰਜ਼ੀ ਸਬੂਤ ਪੇਸ਼ ਕਰਨ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿਚ ਸੀਤਲਵਾੜ ਦੇ ਨਾਲ-ਨਾਲ ਸਾਬਕਾ ਡੀਜੀਪੀ ਆਰ.ਬੀ. ਸ੍ਰੀਕੁਮਾਰ ਤੇ ਸਾਬਕਾ ਆਈਪੀਐੱਸ ਸੰਜੀਵ ਭੱਟ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਟੀਮ ਨੇ ਅਦਾਲਤ ਵਿਚ ਜ਼ਮਾਨਤ ਅਰਜ਼ੀਆਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਸੀਤਲਵਾੜ ਤੇ ਹੋਰਾਂ ਵੱਲੋਂ ਵੱਡੀ ਸਾਜ਼ਿਸ਼ ਘੜਨ ਦੇ ਸਬੂਤ ਮਿਲੇ ਹਨ। ‘ਸਿਟ’ ਨੇ ਇਸ ਮੌਕੇ ਦੋ ਗਵਾਹਾਂ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ ਜਿਨ੍ਹਾਂ ਕਿਹਾ ਹੈ ਕਿ ਸੀਤਲਵਾੜ ਤੇ ਹੋਰਾਂ ਨੇ ਸਾਜ਼ਿਸ਼ ਕਾਂਗਰਸ ਦੇ ਸੀਨੀਅਰ ਆਗੂ ਮਰਹੂਮ ਅਹਿਮਦ ਪਟੇਲ ਦੇ ਕਹਿਣ ਉਤੇ ਰਚੀ। ਜ਼ਿਕਰਯੋਗ ਹੈ ਕਿ ਮਰਹੂਮ ਕਾਂਗਰਸ ਆਗੂ ਅਹਿਮਦ ਪਟੇਲ, ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਤੇ ਰਾਜ ਸਭਾ ਮੈਂਬਰ ਵੀ ਸਨ। ਜਾਂਚ ਟੀਮ ਨੇ ਕਿਹਾ ਕਿ ‘ਸੀਤਲਵਾੜ ਸ਼ੁਰੂ ਤੋਂ ਹੀ ਇਸ ਸਾਜ਼ਿਸ਼ ਦਾ ਹਿੱਸਾ ਸੀ, ਗੋਧਰਾ ਕਾਂਡ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੇ ਅਹਿਮਦ ਪਟੇਲ ਨਾਲ ਮੁਲਾਕਾਤਾਂ ਕੀਤੀਆਂ ਸਨ। ਪਟੇਲ ਦੇ ਕਹਿਣ ’ਤੇ ਦੋਵਾਂ ਵਿਚੋਂ ਇਕ ਗਵਾਹ ਨੇ ਸੀਤਲਵਾੜ ਨੂੰ ਪੰਜ ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦਿੱਤੇ। ਦੋ ਦਿਨਾਂ ਬਾਅਦ ਸੀਤਲਵਾੜ ਮੁੜ ਪਟੇਲ ਨੂੰ ਸਾਹਿਬਾਬਾਦ ਵਿਚ ਮਿਲੀ ਤੇ 25 ਲੱਖ ਰੁਪਏ ਲਏ।’ 

ਗੁਜਰਾਤ ਦੰਗਿਆਂ ਦੇ ਮਾਮਲੇ ’ਵਿਚ ਸੋਨੀਆ ਨੇ ਪਟੇਲ ਰਾਹੀਂ ਮੋਦੀ ਨੂੰ ਨਿਸ਼ਾਨਾ ਬਣਾਇਆ: ਭਾਜਪਾ

 ਭਾਜਪਾ ਨੇ  ਦੋਸ਼ ਲਾਇਆ ਕਿ 2002 ਦੇ ਗੁਜਰਾਤ ਦੰਗਿਆਂ ਦੇ ਕੇਸਾਂ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਫਸਾਉਣ ਦੀ ‘ਸਾਜ਼ਿਸ਼’ ਪਿੱਛੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ‘ਵੱਡੀ ਭੂਮਿਕਾ’ ਸੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਮਰਹੂਮ ਕਾਂਗਰਸ ਆਗੂ ਅਹਿਮਦ ਪਟੇਲ, ਜੋ ਕਿ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਵੀ ਸਨ, ਸਿਰਫ਼ ਇਕ ਮਾਧਿਅਮ ਸਨ ਜਿਨ੍ਹਾਂ ਰਾਹੀਂ ਕਾਂਗਰਸ ਪ੍ਰਧਾਨ ਨੇ ਰਾਜ ਵਿਚ ਭਾਜਪਾ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਿਆਸੀ ਕਰੀਅਰ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਦੇ ਬੁਲਾਰੇ ਨੇ ਮੰਗ ਕੀਤੀ ਕਿ ਸੋਨੀਆ ਗਾਂਧੀ ਇਸ ਮੁੱਦੇ ਉਤੇ ਪ੍ਰੈੱਸ ਕਾਨਫਰੰਸ ਕਰਨ। ਦੱਸਣਯੋਗ ਹੈ ਕਿ ਗੁਜਰਾਤ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਾਰਕੁਨ ਤੀਸਤਾ ਸੀਤਲਵਾੜ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ਉਹ ਪਟੇਲ ਵੱਲੋਂ ਰਚੀ ਗਈ ਉਸ ‘ਵੱਡੀ ਸਾਜ਼ਿਸ਼’ ਦਾ ਹਿੱਸਾ ਸੀ ਜੋ ਕਿ ਦੰਗਿਆਂ ਤੋਂ ਬਾਅਦ ਰਾਜ ਸਰਕਾਰ ਨੂੰ ਬਰਖਾਸਤ ਕਰਨ ਲਈ ਘੜੀ ਗਈ ਸੀ। ਪਾਤਰਾ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਦੋਸ਼ਾਂ ਤੋਂ ਮੁੱਕਰਦੀ ਰਹੀ ਹੈ ਪਰ ਸੁਪਰੀਮ ਕੋਰਟ ਨੇ ਵੀ ਸੀਤਲਵਾੜ ਤੇ ਹੋਰਾਂ ਦੀ ਖਿਚਾਈ ਕੀਤੀ ਸੀ। ਇਸ ਤੋਂ ਬਾਅਦ ਦੀ ਗੁਜਰਾਤ ਪੁਲੀਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਜਪਾ ਆਗੂ ਨੇ ਕਿਹਾ ਕਿ ਮੋਦੀ ਨੂੰ ਖੂੰਜੇ ਲਾਉਣ ਲਈ ਸਾਜ਼ਿਸ਼ ਘੜੀ ਗਈ ਤਾਂ ਕਿ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਅੱਗੇ ਲਿਆ ਸਕੇ। ਪਾਤਰਾ ਨੇ ਹਵਾਲਾ ਦਿੱਤਾ ਕਿ ਪੁਲੀਸ ਨੇ ਆਪਣੇ ਹਲਫ਼ਨਾਮੇ ਵਿਚ ਲਿਖਿਆ ਹੈ ਕਿ ਸੀਤਲਵਾੜ ਨੂੰ ਨਿੱਜੀ ਵਰਤੋਂ ਲਈ ਪਟੇਲ ਨੇ ਪੈਸੇ ਵੀ ਦਿੱਤੇ ਸਨ। ਭਾਜਪਾ ਆਗੂ ਨੇ ਕਿਹਾ ਕਿ ਸੀਤਲਵਾੜ ਗੁਜਰਾਤ ਦੰਗਿਆਂ ਦੇ ਕੇਸਾਂ ਦਾ ਪਿੱਛਾ ਕਰ ਰਹੀ ਸੀ, ਇਸ ਲਈ ਉਸ ਨੂੰ ਯੂਪੀਏ ਸਰਕਾਰ ਨੇ ਪਦਮਸ੍ਰੀ ਦਿੱਤਾ ਤੇ ਕੌਮੀ ਸਲਾਹਕਾਰ ਕੌਂਸਲ ਦਾ ਮੈਂਬਰ ਵੀ ਬਣਾਇਆ ਗਿਆ। ਪਾਤਰਾ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ਨੇ ਵੀ ਨੋਟ ਕੀਤਾ ਸੀ ਕਿ ਸੀਤਲਵਾੜ ਨੇ ਦੰਗਾ ਪੀੜਤਾਂ ਲਈ ਆਈ ਰਾਸ਼ੀ ਦੀ ਦੁਰਵਰਤੋਂ ਕੀਤੀ ਸੀ। 

ਪਟੇਲ ’ਤੇ ਦੋਸ਼ ਲਾ ਕੇ ‘ਖ਼ੁਦ ਨੂੰ ਬਰੀ ਕਰਨਾ’ ਮੋਦੀ ਦੀ ਰਣਨੀਤੀ: ਕਾਂਗਰਸ

 ਮਰਹੂਮ ਸੀਨੀਅਰ ਪਾਰਟੀ ਆਗੂ ਅਹਿਮਦ ਪਟੇਲ ਦਾ ਬਚਾਅ ਕਰਦਿਆਂ ਕਾਂਗਰਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਉਤੇ ਲਾਏ ਗਏ ਦੋਸ਼ ਮੋਦੀ ਦੀ ਉਸ ‘ਯੋਜਨਾਬੱਧ ਰਣਨੀਤੀ ਦਾ ਹਿੱਸਾ ਹਨ ਜਿਨ੍ਹਾਂ ਵਿਚ ਉਹ ਖ਼ੁਦ ਨੂੰ ਫ਼ਿਰਕੂ ਫ਼ਸਾਦਾਂ ਦੀ ਹਰੇਕ ਜ਼ਿੰਮੇਵਾਰੀ ਤੋਂ ਬਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਿਆਸੀ ਬਦਲਾਖੋਰੀ ਵਾਲੀ ਮਸ਼ੀਨਰੀ ਸਪੱਸ਼ਟ ਤੌਰ ਉਤੇ ਉਸ ਮਰਹੂਮ ਆਗੂ ਨੂੰ ਵੀ ਨਹੀਂ ਬਖ਼ਸ਼ ਰਹੀ ਜੋ ਉਨ੍ਹਾਂ ਦਾ ਸਿਆਸੀ ਵਿਰੋਧੀ ਰਿਹਾ ਹੈ। ਪਾਰਟੀ ਨੇ ਕਿਹਾ ਕਿ ‘ਸਿਟ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ ਉਤੇ ਨੱਚ ਰਹੀ ਹੈ ਤੇ ਇਹ ਉੱਥੇ ਹੀ ਬੈਠੇਗੀ ਜਿੱਥੇ ਇਸ ਨੂੰ ਬੈਠਣ ਲਈ ਕਿਹਾ ਜਾਵੇਗਾ।’ ਕਾਂਗਰਸ ਨੇ ਨਾਲ ਹੀ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਦੰਗਾ-ਫ਼ਸਾਦ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਸਨ ਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਸ ਵੇਲੇ ਉਨ੍ਹਾਂ ਨੂੰ ‘ਰਾਜਧਰਮ’ ਚੇਤੇ ਕਰਾਇਆ ਸੀ। ਗੁਜਰਾਤ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਜਾਂਚ ਟੀਮ ਨੇ ਤੀਸਤਾ ਸੀਤਲਵਾੜ ਮਾਮਲੇ ਵਿਚ ਪਾਰਟੀ ਦੇ ਆਗੂ ਅਹਿਮਦ ਪਟੇਲ ਦਾ ਨਾਂ ਸੱਤਾਧਾਰੀ ਭਾਜਪਾ ਦੇ ਕਹਿਣ ਉਤੇ ਜੋੜਿਆ ਹੈ। ਉਨ੍ਹਾਂ ਦਾ ਮੰਤਵ ਸਿਆਸੀ ਲਾਹਾ ਲੈਣਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੁਰ ਨੇ ਕਿਹਾ ਕਿ ਸਾਜ਼ਿਸ਼ ਤਹਿਤ ਕਾਂਗਰਸ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੇ ਮੱਦੇਨਜ਼ਰ ਸਰਕਾਰ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣਾ ਚਾਹੁੰਦੀ ਹੈ।