ਭਾਰਤ ਸਰਕਾਰ ਭਲਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਨੂੰ ਕੌਮੀ ਦਿਵਸ ਵਜੋਂ ਵੱਡੀ ਪੱਧਰ ’ਤੇ ਮਨਾਏਗੀ: ਮਨਜਿੰਦਰ ਸਿੰਘ ਸਿਰਸਾ

ਭਾਰਤ ਸਰਕਾਰ ਭਲਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਨੂੰ ਕੌਮੀ ਦਿਵਸ ਵਜੋਂ ਵੱਡੀ ਪੱਧਰ ’ਤੇ ਮਨਾਏਗੀ: ਮਨਜਿੰਦਰ ਸਿੰਘ ਸਿਰਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 25 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਭਲਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਕੌਮੀ ਦਿਵਸ ਵਜੋਂ ਵੱਡੇ ਪੱਧਰ ’ਤੇ ਮਨਾਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 26 ਦਸੰਬਰ ਨੂੰ ਵੀਰ ਬਾਲ ਦਿਵਸ ਮੌਕੇ ਭਾਰਤ ਮੰਡਪਮ ਨਵੀਂ ਦਿੱਲੀ ਵਿਚ ਹੋ ਰਹੇ ਪ੍ਰੋਗਰਾਮ ਵਿਚ ਸਵੇਰੇ 10.30 ਵਜੇ ਸ਼ਮੂਲੀਅਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਦਿੱਲੀ ਵਿਚ ਨੌਜਵਾਨਾਂ ਦੇ ਮਾਰਚ ਪਾਸਟ ਨੂੰ ਵੀ ਝੰਡੀ ਵਿਖਾਉਣਗੇ। ਘਰਾਂ ਤੇ 110 ਦੇਸ਼ਾਂ ਵਿਚ ਭਾਰਤੀ ਕਨਸੂਲੇਟਾਂ ਵਿਚ ਵੀ ਹਫਤਾ ਭਰ ਚੱਲਣ ਵਾਲੀ ਪ੍ਰਦਰਸ਼ਨੀ ਲੱਗੇਗੀ ਜਿਸ ਰਾਹੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਦੱਸਿਆ ਜਾਵੇਗਾ।

ਭਾਜਪਾ ਦੇ ਕੌਮੀ ਸਕੱਤਰ ਨੇ ਹੋਰ ਦੱਸਿਆ ਕਿ ਭਾਜਪਾ ਦੀ ਕੌਮੀ ਤੇ ਸੂਬਾਈ ਲੀਡਰਸ਼ਿਪ, ਸਮੁੱਚੇ ਅਹੁਦੇਦਾਰ ਵੀਰ ਬਾਲ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨਗੇ ਤੇ ਦੇਸ਼ ਭਰਤ ਵਿਚ 10 ਲੱਖ ਬੂਥਾਂ ’ਤੇ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ।

ਉਹਨਾਂ ਦੱਸਿਆ ਕਿ ਅਹੁਦੇਦਾਰਾਂ ਤੋਂ ਇਲਾਵਾ ਸਾਰੇ ਕੇਂਦਰੀ ਮੰਤਰੀ, ਸਾਰੇ ਐਮ ਪੀ ਜਿਹਨਾਂ ਵਿਚ ਲੋਕ ਸਭਾ ਤੇ ਰਾਜ ਸਭਾ ਮੈਂਬਰ ਸ਼ਾਮਲ ਹਨ, ਭਾਜਪਾ ਦੇ ਰਾਜ ਵਾਲੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਤੇ ਮੰਤਰੀ ਵੀ ਇਹਨਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਗਰੂਕਤ ਕਰਨ ਵਾਸਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਜਿਸਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਉਹ ਸਾਹਿਬਜ਼ਾਦਿਆਂ ਦੇ ਪਦ ਚਿੰਨ੍ਹਾਂ ’ਤੇ ਚਲ ਸਕਣ।

ਉਹਨਾਂ ਕਿਹਾ ਕਿ ਇਹ ਸਿਰਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਯਤਨਾਂ ਨਾਲ ਹੀ ਸੰਭਵ ਹੋਇਆ ਹੈ ਕਿ ਦੇਸ਼ ਭਰ ਵਿਚ ਇਹ ਦਿਹਾੜਾ ਕੌਮੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।

ਯਾਦ ਰਹੇ ਕਿ 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਹਰ ਸਾਲ 26 ਦਸੰਬਰ ਨੂੰ ’ਵੀਰ ਬਾਲ ਦਿਵਸ’ ਵਜੋਂ ਕੌਮੀ ਦਿਹਾੜੇ ਵਜੋਂ ਮਨਾਇਆ ਜਾਵੇਗਾ।