ਜੀ-20 ਵਿਚ ਆਣ ਵਾਲੇ ਵਿਦੇਸ਼ੀ ਵਜ਼ੀਰ-ਏ-ਆਜਮ ਆਪੋ-ਆਪਣੇ ਮੁਲਕਾਂ ਵਿਚ ਸਿੱਖਾਂ ਦੇ ਹੋਏ ਕਤਲਾਂ ਸੰਬੰਧੀ, ਸਿੱਖ ਕੌਮ ਦੀ ਸੰਤੁਸਟੀ ਲਈ ਜਨਤਕ ਤੌਰ ਤੇ ਜੁਆਬ ਦੇਣ : ਮਾਨ

ਜੀ-20 ਵਿਚ ਆਣ ਵਾਲੇ ਵਿਦੇਸ਼ੀ ਵਜ਼ੀਰ-ਏ-ਆਜਮ ਆਪੋ-ਆਪਣੇ ਮੁਲਕਾਂ ਵਿਚ ਸਿੱਖਾਂ ਦੇ ਹੋਏ ਕਤਲਾਂ ਸੰਬੰਧੀ, ਸਿੱਖ ਕੌਮ ਦੀ ਸੰਤੁਸਟੀ ਲਈ ਜਨਤਕ ਤੌਰ ਤੇ ਜੁਆਬ ਦੇਣ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 4 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਆਉਣ ਵਾਲੇ ਕੁਝ ਦਿਨਾਂ ਬਾਅਦ ਦਿੱਲੀ ਵਿਖੇ ਜੀ-20 ਮੁਲਕਾਂ ਦੀ ਸਾਂਝੀ ਇਕੱਤਰਤਾ ਹੋਣ ਜਾ ਰਹੀ ਹੈ, ਜਿਸ ਵਿਚ ਵਲੈਤ, ਕੈਨੇਡਾ ਦੇ ਵਜ਼ੀਰ-ਏ-ਆਜਮ ਵੀ ਪਹੁੰਚ ਰਹੇ ਹਨ, ਜਦੋਂ ਉਹ ਇੰਡੀਆ ਦੀ ਧਰਤੀ ਤੇ ਆ ਰਹੇ ਹਨ, ਤਾਂ ਉਨ੍ਹਾਂ ਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਜੋ ਵਲੈਤ ਅਤੇ ਕੈਨੇਡਾ ਦੇ ਮੁਲਕਾਂ ਵਿਚ ਕ੍ਰਮਵਾਰ ਸ. ਅਵਤਾਰ ਸਿੰਘ ਖੰਡਾ ਅਤੇ ਸ. ਰਿਪੁਦਮਨ ਸਿੰਘ ਮਲਿਕ, ਹਰਦੀਪ ਸਿੰਘ ਨਿੱਝਰ ਦੇ ਸਾਜਸੀ ਕਤਲ ਹੋਏ ਹਨ, ਉਨ੍ਹਾਂ ਸੰਬੰਧੀ ਸਿੱਖ ਕੌਮ ਦੀ ਸੰਤੁਸਟੀ ਲਈ ਬਾਦਲੀਲ ਢੰਗ ਨਾਲ ਜਨਤਕ ਤੌਰ ਤੇ ਜੁਆਬ ਦਿੱਤਾ ਜਾਵੇ ਕਿ ਉਨ੍ਹਾਂ ਜ਼ਮਹੂਰੀਅਤ ਪਸ਼ੰਦ ਮੁਲਕਾਂ ਵਿਚ ਸਾਡੇ ਪੰਜਾਬੀ ਸਿਰਕੱਢ ਸਿੱਖਾਂ ਦੇ ਕਤਲ ਇੰਡੀਅਨ ਏਜੰਸੀਆ ਨੇ ਕਿਸ ਤਰ੍ਹਾਂ ਕਰ ਦਿੱਤੇ ਹਨ ? ਇਨ੍ਹਾਂ ਏਜੰਸੀਆਂ ਨੂੰ ਉਪਰੋਕਤ ਦੋਵੇ ਸਰਕਾਰਾਂ ਨੇ ਅਜਿਹਾ ਕਰਨ ਦੀ ਖੁੱਲ੍ਹ ਕਿਸ ਬਿਨ੍ਹਾਂ ਤੇ ਕਿਸ ਕੌਮਾਂਤਰੀ ਕਾਨੂੰਨਾਂ ਅਧੀਨ ਦਿੱਤੀ ਹੈ ? ਇਹ ਗੱਲ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸਭ ਸੰਗਠਨਾਂ, ਜਥੇਬੰਦੀਆਂ ਨੂੰ ਇਨ੍ਹਾਂ ਮੁਲਕਾਂ ਤੋ ਪੁੱਛਣੀ ਵੀ ਬਣਦੀ ਹੈ । ਇਥੇ ਇਹ ਯਾਦ ਕਰਵਾਉਣਾ ਜਰੂਰੀ ਹੈ ਕਿ ਅਮਰੀਕਾ ਜੋ ਜਮਹੂਰੀਅਤ ਪਸ਼ੰਦ ਮੁਲਕ ਹੈ, ਉਸਨੇ ਕੌਮਾਂਤਰੀ ਪੱਧਰ ਤੇ ਜਨਤਕ ਤੌਰ ਤੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਜਾਂ ਹੋਰਨਾਂ ਘੱਟ ਗਿਣਤੀ ਕੌਮਾਂ ਦੀਆਂ ਸਖਸ਼ੀਅਤਾਂ ਨੂੰ ਕਿਸੇ ਵੀ ਮੁਲਕ ਦੀ ਏਜੰਸੀ ਵੱਲੋ ਅਜਿਹੇ ਅਣਮਨੁੱਖੀ ਕੌਮਾਂਤਰੀ ਕਾਨੂੰਨ ਵਿਰੋਧੀ ਅਮਲ ਕਤਈ ਨਾ ਬੀਤੇ ਸਮੇ ਵਿਚ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਅਜਿਹਾ ਹੋਣ ਦਿੱਤਾ ਜਾਵੇਗਾ । ਹੁਣ ਇਹ ਦੋਵੇ ਉਪਰੋਕਤ ਮੁਲਕ ਖੁਦ-ਬ-ਖੁਦ ਕੌਮਾਂਤਰੀ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹੇ ਹਨ । ਜੋ ਸਿੱਖ ਕੌਮ ਨੂੰ ਸਹੀ ਜੁਆਬ ਦੇਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੀ-20 ਮੁਲਕਾਂ ਦੀ ਦਿੱਲੀ ਵਿਖੇ ਹੋਣ ਜਾ ਰਹੀ ਇਕੱਤਰਤਾ ਵਿਚ ਪਹੁੰਚਣ ਵਾਲੇ ਵਲੈਤ ਅਤੇ ਕੈਨੇਡਾ ਵਰਗੇ ਮੁਲਕਾਂ ਦੇ ਵਜ਼ੀਰ-ਏ-ਆਜਮ ਨੂੰ ਕੌਮਾਂਤਰੀ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਉਨ੍ਹਾਂ ਦੇ ਮੁਲਕਾਂ ਵਿਚ ਬੀਤੇ ਕੁਝ ਸਮਾਂ ਪਹਿਲੇ ਸਿਰਕੱਢ ਸਖਸ਼ੀਅਤਾਂ ਦੇ ਹੋਏ ਸਾਜਸੀ ਕਤਲਾਂ ਉਤੇ ਉਨ੍ਹਾਂ ਹੁਕਮਰਾਨਾਂ ਦੀ ਚੁੱਪੀ ਸੰਬੰਧੀ ਹੈਰਾਨੀ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਕਤਲਾਂ ਦੇ ਜੁਆਬ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਪਾਕਿਸਤਾਨ ਇਸ ਜੀ-20 ਮੁਲਕਾਂ ਦੀ ਮੀਟਿੰਗ ਵਿਚ ਨਹੀ ਆ ਰਿਹਾ, ਪਰ ਉਸਦੇ ਨਵੇ ਬਣੇ ਵਜੀਰ-ਏ-ਆਜਮ ਜਨਾਬ ਅਨਵਰ ਉੱਲ ਹੱਕ ਕੱਕੜ ਨੂੰ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹ ਸੰਜ਼ੀਦਗੀ ਭਰੀ ਅਪੀਲ ਕੀਤੀ ਜਾਂਦੀ ਹੈ ਕਿ ਜੋ ਸਾਡੀ ਸਿੱਖ ਕੌਮ ਦੀ ਸਖਸ਼ੀਅਤ ਭਾਈ ਪਰਮਜੀਤ ਸਿੰਘ ਪੰਜਵੜ ਬੀਤੇ ਕੁਝ ਸਮਾਂ ਪਹਿਲੇ ਲਾਹੌਰ ਵਿਚ ਕਤਲ ਕਰ ਦਿੱਤੇ ਗਏ ਸਨ, ਉਸ ਸੰਬੰਧੀ ਸਮੁੱਚੇ ਸੱਚ ਨੂੰ ਸਾਹਮਣੇ ਵੀ ਲਿਆਉਣ ਅਤੇ ਜਿਨ੍ਹਾਂ ਇੰਡੀਅਨ ਏਜੰਸੀਆਂ ਨੇ ਇਹ ਘਿਣੋਨਾ ਕਾਰਾਂ ਕੀਤਾ ਹੈ ਅਤੇ ਜੋ ਜਿੰਮੇਵਾਰ ਹਨ, ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਮਨੁੱਖੀ ਅਧਿਕਾਰਾਂ ਦਾ ਕਤਲ ਹੋਣ ਤੇ ਸੰਗੀਨ ਜੁਰਮਾਂ ਅਧੀਨ ਗ੍ਰਿਫਤਾਰ ਕਰਕੇ ਸਜਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਿੱਖ ਕੌਮ ਨੂੰ ਪਾਕਿਸਤਾਨ ਹਕੂਮਤ ਬਣਦਾ ਇਨਸਾਫ਼ ਦੇਵੇ । ਅਸੀ ਸਮੁੱਚੇ ਜ਼ਮਹੂਰੀਅਤ ਪਸ਼ੰਦ ਮੁਲਕਾਂ ਨੂੰ ਇਹ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਪੀਲ ਕਰਨੀ ਚਾਹਵਾਂਗੇ ਕਿ ਕਿਸੇ ਵੀ ਮੁਲਕ ਜਾਂ ਇੰਡੀਆ ਦੀਆਂ ਏਜੰਸੀਆਂ ਉਨ੍ਹਾਂ ਦੇ ਮੁਲਕ ਵਿਚ ਦਾਖਲ ਹੋ ਕੇ ਉਥੇ ਵੱਸਣ ਵਾਲੇ ਸਿੱਖਾਂ ਨੂੰ ਇਸ ਤਰ੍ਹਾਂ ਕਤਲ ਕਰਨ ਦਾ ਨਿਸ਼ਾਨਾਂ ਉਸ ਸਮੇ ਤੱਕ ਨਹੀ ਬਣਾ ਸਕਦੀਆਂ, ਜਦੋ ਤੱਕ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਇਨ੍ਹਾਂ ਏਜੰਸੀਆਂ ਨੂੰ ਅਜਿਹੇ ਅਣਮਨੁੱਖੀ ਕਰਮ ਕਰਨ ਦੀ ਇਜਾਜਤ ਨਾ ਦੇਣ । ਇਸ ਲਈ ਜ਼ਰੂਰੀ ਹੈ ਕਿ ਸਭ ਜਮਹੂਰੀਅਤ ਪਸ਼ੰਦ ਮੁਲਕ ਅਮਰੀਕਾ ਦੀ ਤਰ੍ਹਾਂ ਉਥੇ ਵੱਸਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕਰਨ ਅਤੇ ਕਿਸੇ ਵੀ ਸਿੱਖ ਦਾ ਇਸ ਤਰ੍ਹਾਂ ਕਤਲ ਹੋ ਜਾਣ ਨੂੰ ਬਿਲਕੁਲ ਬਰਦਾਸਤ ਨਾ ਕਰਨ ।