ਹਰਮਿੰਦਰ ਸੰਧੂ ਦੀ ਕਿਤਾਬ ਰੀਲਿਜ਼ ਕਰਨ ਨਾਲ ਸਾਡਾ ਕੋਈ ਸੰਬੰਧ ਨਹੀਂ - ਬਾਬਾ ਬਲਦੇਵ ਸਿੰਘ ਜੋਗੇਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕਾਵੈਂਟਰੀ - ਦਮਦਮੀ ਟਕਸਾਲ ( ਜੋਗੇਵਾਲ ) ਦੇ ਮੁਖੀ ਬਾਬਾ ਬਲਦੇਵ ਸਿੰਘ ਜੋਗੇਵਾਲਾ ਜੀ ਨੇ ਸਿੱਖ ਸੰਗਤਾਂ ਦੇ ਨਾਮ ਜਾਰੀ ਜਰੂਰੀ ਸੰਦੇਸ਼ ਵਿਚ ਆਖਿਆ ਕਿ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦ ਸਤਿਕਾਰਯੋਗ ਹਨ। ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਗਏ ਸੰਘਰਸ਼ ਦੌਰਾਨ ਸਰਕਾਰ ਨਾਲ ਲੜਦਿਆਂ ਆਪਣੀਆਂ ਜਵਾਨੀਆਂ ਕੌਮ ਨੂੰ ਭੇਂਟ ਕਰਤੀਆਂ। ਹਰਮਿੰਦਰ ਸਿੰਘ ਸੰਧੂ ਬਾਰੇ ਲਿਖੀ ਕਿਤਾਬ ਰੀਲਿਜ਼ ਕਰਨ ਸੰਬੰਧੀ, ਉਨ੍ਹਾਂ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਆਖਿਆ ਕਿ ਸਾਨੂੰ ਇਸ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਨਾ ਸਾਨੂੰ ਇਸ ਕਿਤਾਬ ਰਿਲੀਜ਼ ਕਰਨ ਸੰਬੰਧੀ ਦੱਸਿਆ ਗਿਆ ਸੀ। ਗੁਰਦੁਆਰਾ ਗੁਰੂ ਅਰਜੁਨ ਦੇਵ ਡਰਬੀ ਵਿਖੇ ਸਾਡਾ ਕੀਰਤਨ ਸਮਾਗਮ ਰੱਖਿਆ ਸੀ, ਜਿੱਥੇ ਸਨਮਾਨ ਕਰਨ ਵੇਲੇ ਇੱਕ-ਇੱਕ ਕਿਤਾਬ ਸਾਡੇ ਸਭ ਦੇ ਹੱਥ ਵਿਚ ਫੜਾ ਦਿੱਤੀ ਗਈ। ਏਸ ਸੰਗਤੀ ਸਨਮਾਨ ਨੂੰ ਸਿਆਸੀ ਧੜੇਬੰਦੀ ਦੀ ਰੰਗਤ ਦੇਣ ਨਾਲਿਆਂ ਕੋਈ ਸਚਿਆਰੂ ਅਖਵਾਉਣ ਵਾਲਾ ਕਾਰਜ਼ ਨਹੀਂ ਕੀਤਾ। ਬਾਬਾ ਜੀ ਨੇ ਇਸ ਗਲ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਦਾ ਨਾਮ ਇਸ ਕਿਤਾਬ ਵਾਲੇ ਵਿਵਾਦ ਵਿਚ ਬਿਨ੍ਹਾਂ ਮਤਲਬ ਲਿਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਰਿੱਕੀ ਸਿੰਘ, ਭਾਈ ਸੁਖਬੀਰ ਸਿੰਘ, ਭਾਈ ਮਾਨਵ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਤਜ਼ਿੰਦਰ ਸਿੰਘ ਸਮੇਤ ਇਕ ਦਰਜਨ ਸਿੰਘ ਮੌਜ਼ੂਦ ਸਨ। ਬਾਬਾ ਜੀ ਨੇ ਸਖਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਹੋਇਆਂ ਕਿਹਾ ਉਨ੍ਹਾਂ ਦਾ ਜੀਵਨ ਮਨੋਰਥ ਗੁਰਬਾਣੀ ਪੜਨੀ ਅਤੇ ਪੜਾਉਣੀ, ਗੁਰਬਾਣੀ ਦੀ ਸੰਖਿਆ ਦੇਣੀ ਤੇ ਚੰਗੇ ਪ੍ਰਚਾਰਕ ਪੈਦਾ ਕਰਨਾ ਹੈ ਨਾ ਕਿ ਕਿਸੇ ਦੁਨਿਆਵੀ ਧੜੇਬੰਦੀਆਂ ਦੇ ਵਿਵਾਦਾਂ ਵਿਚ ਪੈਕੇ ਆਪਣੇ ਨਾਮ ਸਿਮਰਨ ਦੇ ਕੀਮਤੀ ਘੜੀਆਂ ਵਿਫਲ ਕਰਨਾ ਹੈ। ਗੁਰਦੁਆਰਾ ਜੋਤੀ ਸਰੂਪ ਜੋਗੇਵਾਲਾ ਵਿਖੇ 200 ਦੇ ਕਰੀਬ ਵਿਦਿਆਰਥੀ ਗੁਰਬਾਣੀ ਕਥਾ-ਕੀਰਤਨ ਦੀ ਸਿਖਲਾਈ ਪਰਾਪਤ ਕਰ ਰਹੇ ਹਨ ਤੇ ਦੁਨਿਆਂ ਭਰ ਵਿਚ ਸਿੱਖੀ ਦੇ ਪ੍ਸਾਰ ਕਰਨ ਲਈ ਵਿਚਰ ਰਹੇ ਹਨ।
Comments (0)