ਫ਼ਰਾਂਸ ਵੱਲੋਂ ਸਿੱਖ ਕੌਮ ਦੀ ਦਸਤਾਰ ਉਤੇ ਲਗਾਈ ਗਈ ਪਾਬੰਦੀ ਨੂੰ ਖਤਮ ਕਰਵਾਉਣ ਦੀ ਪੀਐਮ ਮੋਦੀ ਵਲੋਂ ਉਮੀਦ ਕਰਦੇ ਹਾਂ : ਮਾਨ

ਫ਼ਰਾਂਸ ਵੱਲੋਂ ਸਿੱਖ ਕੌਮ ਦੀ ਦਸਤਾਰ ਉਤੇ ਲਗਾਈ ਗਈ ਪਾਬੰਦੀ ਨੂੰ ਖਤਮ ਕਰਵਾਉਣ ਦੀ ਪੀਐਮ ਮੋਦੀ ਵਲੋਂ ਉਮੀਦ ਕਰਦੇ ਹਾਂ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਤੋਂ ਇਹ ਉਮੀਦ ਰੱਖਦਾ ਹੈ ਕਿ ਓਹ ਆਪਣੇ ਫਰਾਂਸ ਦੌਰੇ ਦੌਰਾਨ ਜੋ ਫ਼ਰਾਂਸ ਸਰਕਾਰ ਵੱਲੋ ਲੰਮੇ ਸਮੇ ਤੋਂ ਸਾਡੀ ਸਿੱਖ ਕੌਮ ਦੀ ਦਸਤਾਰ ਪਹਿਨਣ ਉਤੇ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ, ਉਸ ਸਿੱਖ ਵਿਰੋਧੀ ਕਾਨੂੰਨ ਨੂੰ ਖਤਮ ਕਰਵਾਕੇ ਦਸਤਾਰ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਵਿਚ ਸ੍ਰੀ ਮੋਦੀ ਭੂਮਿਕਾ ਨਿਭਾਉਣਗੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1833 ਵਿਚ ਖ਼ਾਲਸਾ ਰਾਜ ਲਾਹੌਰ ਦਰਬਾਰ ਅਤੇ ਉਸ ਸਮੇਂ ਦੇ ਫ਼ਰਾਂਸ ਦੇ ਬਾਦਸ਼ਾਹ ਲੂਈਸ ਫਲਿਪ ਨਾਲ ਚੰਗੇ ਸੰਬੰਧ ਕਾਇਮ ਕੀਤੇ ਗਏ ਸਨ । ਜਿਸ ਕਾਰਨ ਵਪਾਰ ਵੀ ਚੋਖਾ ਸੀ, ਉਸ ਸਾਂਝੇ ਵਪਾਰ ਨੂੰ ਫਿਰ ਬਹਾਲ ਕਰਵਾਉਣਗੇ । ਫ਼ਰਾਂਸ ਦੇ ਪ੍ਰੈਜੀਡੈਟ ਇਮੈਨੂਅਲ ਮੈਕਰੋਨ ਨਾਲ ਦ੍ਰਿੜਤਾ ਨਾਲ ਗੱਲ ਕਰਕੇ ਸਾਡੀ ਦਸਤਾਰ ਉਤੇ ਲੱਗੀ ਪਾਬੰਦੀ ਨੂੰ ਵੀ ਖਤਮ ਕਰਵਾਉਣਗੇ । ਜੋ ਕਿ ਸਮੁੱਚੇ ਏਸੀਆ ਖਿੱਤੇ ਵਿਚ ਮੱਧ ਪੂਰਬ, ਇਰਾਨ, ਇਰਾਕ, ਅਫਗਾਨੀਸਤਾਨ, ਬਰਮਾ ਅਤੇ ਦੱਖਣੀ ਪੂਰਬੀ ਏਸੀਆ ਆਦਿ ਵਿਚ ਪਹਿਲੋ ਹੀ ਇਹ ਦਸਤਾਰ ਮਾਣ-ਸਨਮਾਨ ਨਾਲ ਸਿੱਖਾਂ ਵੱਲੋ ਪਹਿਨੀ ਜਾਂਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੀ ਸੁਰੂ ਹੋਈ ਫ਼ਰਾਂਸ ਯਾਤਰਾ ਦੀ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਅਤੇ ਜੋ ਫ਼ਰਾਂਸ ਨੇ ਸਾਡੀ ਸਿੱਖ ਕੌਮ ਦੀ ਦਸਤਾਰ ਉਤੇ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ, ਉਸਨੂੰ ਇਸ ਯਾਤਰਾ ਦੌਰਾਨ ਸ੍ਰੀ ਮੋਦੀ ਵੱਲੋ ਖ਼ਤਮ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਬੀਤੇ ਸਮੇ ਵਿਚ ਡਾ. ਮਨਮੋਹਨ ਸਿੰਘ ਉਸ ਸਮੇ ਦੇ ਵਜੀਰ-ਏ-ਆਜਮ ਫ਼ਰਾਂਸ ਦੇ ਦੌਰੇ ਤੇ ਗਏ ਸਨ ਤਾਂ ਸਾਡੀ ਯੂਰਪ ਯੂਨਿਟ ਦੇ ਚੇਅਰਮੈਨ ਸ. ਚੈਨ ਸਿੰਘ ਵੱਲੋਂ ਦਸਤਾਰ ਦੇ ਮੁੱਦੇ ਉਤੇ ਡਾ. ਮਨਮੋਹਨ ਸਿੰਘ ਨੂੰ ਮਿਲਣ ਦੀ ਚਾਹਨਾ ਕੀਤੀ ਗਈ ਸੀ । ਪਰ ਡਾ. ਮਨਮੋਹਨ ਸਿੰਘ ਨੇ ਇਸ ਗੱਲ ਨੂੰ ਕੇਵਲ ਇਕ ਸਿੱਖ ਕੌਮ ਦੀ ਮੰਗ ਪ੍ਰਵਾਨ ਕਰਕੇ ਫ਼ਰਾਂਸ ਦੇ ਨਾਲ ਦਸਤਾਰ ਮੁੱਦੇ ਉਤੇ ਗੱਲਬਾਤ ਨਾ ਕਰਨ ਦਾ ਮਨ ਬਣਾਇਆ । ਕੇਵਲ ਆਪਣੇ ਸੁਰੱਖਿਆ ਸਲਾਹਕਾਰ ਨੂੰ ਸ. ਚੈਨ ਸਿੰਘ ਨਾਲ ਗੱਲ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਸ੍ਰੀ ਮੋਦੀ ਸਿੱਖ ਕੌਮ ਦੇ ਦਸਤਾਰ ਮੁੱਦੇ ਤੇ ਕਿਸੇ ਤਰ੍ਹਾਂ ਦਾ ਵੱਖਰੇਵਾ ਨਹੀ ਕਰਨਗੇ । ਬਲਕਿ ਦਸਤਾਰ ਮੁੱਦੇ ਉਤੇ ਦ੍ਰਿੜਤਾ ਨਾਲ ਗੱਲ ਕਰਕੇ ਇਸ ਲਗਾਈ ਗਈ ਪਾਬੰਦੀ ਨੂੰ ਖਤਮ ਕਰਵਾਉਣਗੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਫ਼ਰਾਂਸ ਵਿਚ ਉਨ੍ਹਾਂ ਦੇ ਬੈਸਟਿਲ ਦਿਨ ਦੇ ਸਮਾਗਮ ਉਤੇ ਜਾ ਰਹੇ ਹਨ ਜਿਸਦਾ ਮਤਲਬ ਹੈ ਕਿ ਫ਼ਰਾਂਸ ਦੀ 1789 ਦੀ ਕ੍ਰਾਂਤੀ ਦੀ ਕਾਮਯਾਬੀ ਅਤੇ ਜ਼ਾਬਰ ਪ੍ਰਬੰਧ ਨੂੰ ਖਤਮ ਕਰਕੇ ਸਭ ਸਿਆਸੀ ਕੈਦੀਆਂ ਨੂੰ ਰਿਹਾਅ ਕਰਨਾ । ਇਸ ਲਈ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਸਾਡੇ 32-32 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਸਿੱਖ ਬੰਦੀਆਂ ਨੂੰ ਫੌਰੀ ਆਜ਼ਾਦ ਕਰਕੇ ਰਿਹਾਅ ਕਰਨ ।