ਕੈਨੇਡਾ ਰਹਿੰਦਾ ਹਰ ਤੀਜਾ ਭਾਰਤੀ ਵਿਦਿਆਰਥੀ ਘੋਰ ਉਦਾਸੀ ਵਿਚ

ਕੈਨੇਡਾ ਰਹਿੰਦਾ ਹਰ ਤੀਜਾ ਭਾਰਤੀ ਵਿਦਿਆਰਥੀ ਘੋਰ ਉਦਾਸੀ ਵਿਚ

ਖ਼ਾਲਸਾ ਏਡ' ਵਲੋਂ ਕਰਵਾਏ  ਸਰਵੇਖਣ ਅਨੁਸਾਰ ਕੈਨੇਡਾ ਵਿਚ ਰਹਿੰਦੇ ਦਸ ਭਾਰਤੀ ਵਿਦਿਆਰਥੀਆਂ ਵਿਚੋਂ ਤਿੰਨ ਮਾਨਸਿਕ ਰੋਗੀ 

ਖ਼ਾਲਸਾ ਏਡ' ਵਲੋਂ ਕਰਵਾਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿਚ ਰਹਿੰਦੇ ਦਸ ਭਾਰਤੀ ਵਿਦਿਆਰਥੀਆਂ ਵਿਚੋਂ ਤਿੰਨ ਮਾਨਸਿਕ ਰੋਗ ਦਾ ਸ਼ਿਕਾਰ ਹਨ।

ਪਿੰਡਾਂ ਵਿਚੋਂ ਉੱਠ ਕੇ ਸ਼ਹਿਰਾਂ ਵਿਚ ਪੈਰ ਜਮਾਉਣੇ ਸੌਖੇ ਨਹੀਂ ਹੁੰਦੇ। ਨਾ ਹੀ ਸੌਖਾ ਹੁੰਦਾ ਹੈ ਦੂਜੇ ਸੂਬਿਆਂ ਵਿਚ ਜਾ ਕੇ ਬੰਜਰ ਧਰਤੀ ਨੂੰ ਆਬਾਦ ਕਰਨਾ। ਫਿਰ ਬਾਹਰਲੇ ਦੇਸ਼ਾਂ ਵਿਚ ਜਾ ਕੇ ਸਥਾਪਤ ਹੋਣਾ ਤਾਂ ਅਸੰਭਵ ਵਰਗਾ ਮੁਸ਼ਕਿਲ ਕੰਮ ਹੁੰਦਾ ਹੈ। ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਇਸ ਸੋਚ ਨੂੰ ਤੋੜਿਆ ਹੈ। ਵਿਦੇਸ਼ਾਂ ਵਿਚ ਪੰਜਾਬੀਆਂ ਦੀ ਝੰਡੀ ਹੈ। ਚੜ੍ਹਦੀ ਕਲਾ ਵਿਚ ਹਨ। ਸਿਆਸਤ ਵਿਚ ਭਾਰਤੀਆਂ ਦੀ ਭਰਵੀਂ ਹਿੱਸੇਦਾਰੀ ਹੈ। ਵਿਦੇਸ਼ੀ ਧਰਤੀ 'ਤੇ ਸਿੱਖੀ ਦੇ ਨਿਸ਼ਾਨ ਸਾਹਿਬ ਝੂਲਣ ਲੱਗੇ ਹਨ। ਗੋਰੇ, ਭਾਰਤੀਆਂ ਦੇ ਦਫ਼ਤਰਾਂ ਵਿਚ ਨੌਕਰੀ ਲੈਣ ਲਈ ਕਤਾਰਾਂ ਵਿਚ ਲੱਗਣ ਲੱਗੇ ਹਨ। ਪਰ ਅੱਜ-ਕੱਲ੍ਹ ਕੈਨੇਡਾ ਵਿਚ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਪਹਿਲਾਂ ਪਹਿਲ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਲੋਕਾਂ ਨੇ ਵਿਦੇਸ਼ ਵੱਲ ਨੂੰ ਮੂੰਹ ਕੀਤਾ ਸੀ।

ਦੂਜੇ ਪੜਾਅ ਵਿਚ ਇੰਜੀਨੀਅਰਾਂ ਅਤੇ ਡਾਕਟਰਾਂ ਨੇ ਵਿਦੇਸ਼ ਦੀ ਉਡਾਣ ਭਰੀ ਤਾਂ ਭਾਰਤੀਆਂ ਨੇ ਗੋਰਿਆਂ ਦੀ ਧਰਤੀ 'ਤੇ ਵੱਖਰੀ ਪਛਾਣ ਬਣਾ ਲਈ। ਪਿਛਲੇ ਕੁਝ ਸਾਲਾਂ ਤੋਂ ਕਾਲਜ ਵਿਦਿਆਰਥੀਆਂ ਦੇ ਜਹਾਜ਼ ਭਰ ਭਰ ਕੇ ਕੈਨੇਡਾ ਨੂੰ ਜਾਣ ਲੱਗੇ ਹਨ। ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਜਾ ਕੇ ਜਦੋਂ ਪੈਰ ਨਹੀਂ ਲਗਦੇ ਤਾਂ ਉਹ ਉਪਰਾਮ ਹੋਣ ਲਗਦੇ ਹਨ। ਪਹਿਲਾਂ ਪੜ੍ਹਾਈ ਦਾ ਬੋਝ, ਫਿਰ ਨੌਕਰੀ ਦੀ ਭਾਲ ਅਤੇ ਤੀਜਾ ਪੜਾਅ ਪੱਕੇ ਹੋਣ ਦਾ ਹੁੰਦਾ ਹੈ। ਜ਼ਿਆਦਾਤਰ ਭਾਰਤੀਆਂ ਦਾ ਇਸ ਚੱਕੀ ਵਿਚ ਪਿਸਦਿਆਂ ਦਿਲ ਡਰਨ ਲੱਗਾ ਹੈ ਅਤੇ ਉਹ ਪ੍ਰੇਸ਼ਾਨ ਹੋ ਕੇ ਤਣਾਅ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਮੁਲਕ ਕੈਨੇਡਾ ਬਾਰੇ ਬੜੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ ਕਿ ਉੱਥੇ ਵਸਦਾ ਹਰ ਤੀਸਰਾ ਭਾਰਤੀ ਤਣਾਅ ਵਿਚ ਹੈ। ਪਿਛਲੇ ਛੇ ਸਾਲਾਂ ਵਿਚ ਘੋਰ ਉਦਾਸੀ ਦੀ ਵਜ੍ਹਾ ਕਰਕੇ ਮੌਤਾਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ। ਕੈਨੇਡਾ ਜਾਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਉਮੀਦਾਂ ਦੇ ਬੋਝ ਥੱਲੇ ਦੱਬ ਕੇ ਰਹਿ ਗਏ ਹਨ।

ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੈਰ ਨਾ ਲੱਗਣ ਕਰਕੇ ਮਾਨਸਿਕ ਬਿਮਾਰੀਆਂ ਦੀ ਜਕੜ ਵਿਚ ਆ ਗਏ ਹਨ। ਕਈਆਂ ਨੇ ਤਾਂ ਅੱਕ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਅੰਕੜਿਆਂ ਮੁਤਾਬਿਕ 2018 ਵਿਚ ਅੱਠ ਭਾਰਤੀਆਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਪਿਛਲੇ ਸਾਲ ਤਣਾਅ ਕਰਕੇ 23 ਮੌਤਾਂ ਹੋਈਆਂ, ਜਦ ਕਿ ਚਾਲੂ ਸਾਲ ਦੌਰਾਨ ਗਿਣਤੀ 36 ਨੂੰ ਪੁੱਜ ਚੁੱਕੀ ਹੈ। ਕੈਨੇਡਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੁਤਾਬਿਕ ਮਾਨਸਿਕ ਰੋਗ ਦਾ ਸ਼ਿਕਾਰ ਚਾਰ ਤੋਂ ਪੰਜ ਬੱਚਿਆਂ ਨੂੰ ਮੌਤ ਹਰ ਮਹੀਨੇ ਨਿਗਲਣ ਲੱਗੀ ਹੈ। 'ਖ਼ਾਲਸਾ ਏਡ' ਵਲੋਂ ਕਰਵਾਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿਚ ਰਹਿੰਦੇ ਦਸ ਭਾਰਤੀ ਵਿਦਿਆਰਥੀਆਂ ਵਿਚੋਂ ਤਿੰਨ ਮਾਨਸਿਕ ਰੋਗ ਦਾ ਸ਼ਿਕਾਰ ਹਨ।

ਦਰਅਸਲ ਇਹ ਵੀ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ 'ਚ ਮਾਪਿਆਂ ਨੇ ਆਪਣੇ ਬੱਚੇ ਜ਼ਮੀਨ ਗਹਿਣੇ ਧਰ ਕੇ ਜਾਂ ਸੋਨਾ ਵੇਚ ਕੇ ਕੈਨੇਡਾ ਪੜ੍ਹਨ ਲਈ ਭੇਜੇ ਸਨ। ਪਰ ਉੱਥੋਂ ਦੇ ਨਵੇਂ ਹਾਲਾਤ ਵਿਚ ਵਿਦਿਆਰਥੀਆਂ ਵਾਸਤੇ ਮਾਪਿਆਂ ਨੂੰ ਕਰਜ਼ਾ ਉਤਾਰਨ ਲਈ ਪੈਸੇ ਭੇਜਣਾ ਤਾਂ ਵੱਖਰੀ ਗੱਲ ਉਨ੍ਹਾਂ ਦਾ ਆਪਣਾ ਵੀ ਪੂਰੀ ਤਰ੍ਹਾਂ ਢਿੱਡ ਨਹੀਂ ਭਰ ਰਿਹਾ। ਇਨ੍ਹਾਂ ਵਿਚੋਂ ਕਈ ਤਾਂ ਅਜਿਹੇ ਹਨ ਜਿਹੜੇ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਨ ਤੋਂ ਵੀ ਅਸਮਰਥ ਹਨ। ਫਿਰ ਉਹ ਘਰੋਂ ਹੋਰ ਪੈਸੇ ਮੰਗਵਾ ਨਹੀਂ ਸਕਦੇ, ਜਿਸ ਕਰਕੇ ਇਕੱਲਤਾ ਉਨ੍ਹਾਂ ਨੂੰ ਆਤਮ-ਹੱਤਿਆ ਦੇ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈ। ਰਿਪੋਰਟ ਵਿਚ ਤਾਂ ਪੰਜਾਬ ਦੇ ਕਈ ਵਿਦਿਆਰਥੀਆਂ ਦੇ ਨਾਂਅ ਵੀ ਦਿੱਤੇ ਗਏ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸੇ ਕਰਕੇ ਗਵਾ ਲਈ ਹੈ।

ਕੈਨੇਡਾ ਤੋਂ ਹੋਰ ਵੀ ਚਿੰਤਾਜਨਕ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ, ਜਿਨ੍ਹਾਂ ਮੁਤਾਬਿਕ ਉੱਥੇ ਵਸਦੇ ਵਿਦਿਆਰਥੀਆਂ ਨੂੰ ਦਿਲ ਦਾ ਦੌਰਾ ਨਿਗਲਣ ਲੱਗਾ ਹੈ। ਪਰ ਉਥੋਂ ਦੇ ਮੀਡੀਆ ਵਲੋਂ ਘੋਖ ਨਾਲ ਕੀਤੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਨਸ਼ੇ ਦੀ ਵੱਧ ਡੋਜ਼ ਅਤੇ ਮਿਲਾਵਟ ਮੌਤ ਦੀ ਵਜ੍ਹਾ ਬਣਨ ਲੱਗੀ ਹੈ।

ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਬੁਲਾਰੇ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 19 ਜਾਂ 20 ਸਾਲ ਹੁੰਦੀ ਹੈ ਅਤੇ ਉਹ ਕੈਨੇਡਾ ਦੀ ਮਾਰ ਨਹੀਂ ਝੱਲ ਸਕਦੇ। ਬੁਲਾਰੇ ਮੁਤਾਬਿਕ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਮਿਲਣ ਵਿਚ ਔਕੜਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਢਾਈ ਲੱਖ ਭਾਰਤੀ ਵਿਦਿਆਰਥੀ ਕੈਨੇਡਾ ਨੂੰ ਵਿਦਿਆਰਥੀ ਵੀਜ਼ੇ ਉੱਤੇ ਜਾ ਰਹੇ ਹਨ। ਟੋਰਾਂਟੋ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ: ਐਮ.ਏ. ਗੁਪਤਾ ਦਾ ਮੰਨਣਾ ਹੈ ਕਿ ਘੋਰ ਉਦਾਸੀ ਵਿਚੋਂ ਦੀ ਲੰਘ ਰਹੇ ਵਿਦਿਆਰਥੀ ਨੂੰ ਢੁਕਵਾਂ ਇਲਾਜ ਨਹੀਂ ਮਿਲ ਰਿਹਾ। ਟੋਰਾਂਟੋ ਦੇ ਸਰਕਾਰੀ ਹਸਪਤਾਲ ਵਿਚ ਕੰਮ ਕਰਦੀ ਇਕ ਭਾਰਤੀ ਨਰਸ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਮਨੋਰੋਗ ਤੋਂ ਪੀੜਤ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਸਰਕਾਰੀ ਤੌਰ 'ਤੇ ਮਿਲੇ ਅੰਕੜਿਆਂ ਮੁਤਾਬਿਕ ਸਾਲ 2018 ਦੌਰਾਨ ਭਾਰਤ ਤੋਂ ਪੰਜ ਲੱਖ 17 ਹਜ਼ਾਰ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ। ਉਸ ਤੋਂ ਅਗਲੇ ਸਾਲ ਇਹ ਗਿਣਤੀ ਵਧ ਕੇ 5 ਲੱਖ 80 ਹਜ਼ਾਰ ਹੋ ਗਈ ਸੀ, ਜਦ ਕਿ ਲੰਘੇ ਸਾਲ ਸੱਤ ਲੱਖ 51,000 ਵਿਦਿਆਰਥੀ ਬਾਹਰਲੇ ਦੇਸ਼ਾਂ ਵਿਚ ਪੜ੍ਹਨ ਗਏ ਸਨ। ਪੰਜਾਬ ਦੇ ਕੈਨੇਡਾ ਵਿਚ ਪੜ੍ਹਨ ਗਏ 30 ਹਜ਼ਾਰ ਵਿਦਿਆਰਥੀਆਂ ਦੇ ਸਿਰ ਉੱਤੇ 1800 ਕਰੋੜ ਕਰਜ਼ਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ 1849 ਵਿਦਿਆਰਥੀ ਕਰਜ਼ਾ ਨਹੀਂ ਮੋੜ ਸਕੇ ਹਨ। ਬੈਂਕਾਂ ਨੂੰ ਹੁਣ ਤੱਕ ਉਚੇਰੀ ਸਿੱਖਿਆ ਲਈ ਲਏ ਗਏ ਕਰਜ਼ੇ ਦਾ 5263 ਕਰੋੜ ਰੁਪਿਆ ਵੱਟੇ ਖਾਤੇ ਪਾਉਣਾ ਪਿਆ ਹੈ। ਪਿਛਲੇ ਪੰਜ ਸਾਲਾਂ ਦੌਰਾਨ 39 ਕਰੋੜ ਰੁਪਏ ਤੋਂ ਵੱਧ ਰਕਮ ਕੈਨੇਡਾ ਨੂੰ ਪੜ੍ਹਾਈ ਦੀ ਫੀਸ ਦੇ ਰੂਪ ਵਿਚ ਗਈ ਹੈ।

ਕੈਨੇਡਾ ਵਿਚ ਬਾਹਰੋਂ ਆਉਣ ਵਾਲਿਆਂ ਲਈ ਹੁਣ ਹਾਲਾਤ ਪਹਿਲਾਂ ਜਿੰਨੇ ਸੁਖਾਵੇਂ ਨਹੀਂ ਰਹੇ। ਕੈਨੇਡਾ ਦੀ ਆਪਣੀ ਵਿੱਤੀ ਹਾਲਤ ਪਤਲੀ ਪੈ ਚੁੱਕੀ ਹੈ। ਇਥੋਂ ਤੱਕ ਕਿ ਮੁੱਢਲਾ ਆਧਾਰੀ ਢਾਂਚਾ ਵੀ ਲੜਖੜਾ ਗਿਆ ਹੈ। ਸਿਹਤ ਸੇਵਾਵਾਂ ਬਿਮਾਰ ਹੋ ਚੁੱਕੀਆਂ ਹਨ। ਹੁਣ ਹੌਲੀ-ਹੌਲੀ ਕੈਨੇਡਾ ਵਿਦਿਆਰਥੀਆਂ ਲਈ ਬੂਹੇ ਬੰਦ ਕਰਨ ਸੰਬੰਧੀ ਸੋਚਣ ਲੱਗਾ ਹੈ।

ਕੈਨੇਡਾ ਵਸਦੇ ਵਿਦਿਆਰਥੀ ਦੁਚਿੱਤੀ ਵਿਚ ਪੈ ਚੁੱਕੇ ਹਨ। ਪਰ ਉਨ੍ਹਾਂ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਦੇ ਵਿਦਿਆਰਥੀਆਂ ਨੂੰ ਜੇ ਆਪਣੇ ਮੁਲਕ ਵਿਚ ਹੀ ਰੌਸ਼ਨ ਭਵਿੱਖ ਨਜ਼ਰ ਆਉਂਦਾ ਹੁੰਦਾ, ਤਾਂ ਉਹ ਕਰਜ਼ਾ ਚੁੱਕ ਕੇ ਵਿਦੇਸ਼ ਲਈ ਪੈਰ ਨਾ ਪੁੱਟਦੇ। ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨੂੰ ਭਵਿੱਖ ਦੀ ਘੁੰਮਣਘੇਰੀ ਵਿਚ ਫਸੇ ਵਿਦਿਆਰਥੀਆਂ ਦੀ ਬਾਂਹ ਫੜਨੀ ਚਾਹੀਦੀ ਹੈ। ਸਿਰਫ ਦਾਅਵਿਆਂ ਅਤੇ ਵਾਅਦਿਆਂ ਨਾਲ ਨਹੀਂ ਸਰਨਾ। ਵਿਦੇਸ਼ੀ ਧਰਤੀ 'ਤੇ ਰਹਿ ਰਹੇ ਵਿਦਿਆਰਥੀਆਂ ਨੂੰ ਇਸ ਔਖੀ ਘੜੀ ਵਿਚ ਕੌਂਸਲਿੰਗ ਦੀ ਲੋੜ ਹੈ, ਨਹੀਂ ਤਾਂ ਰਹਿੰਦੀ ਜੁਆਨੀ ਵੀ ਸਾਡੇ ਹੱਥੋਂ ਕਿਰ ਜਾਵੇਗੀ।

 

ਕਮਲਜੀਤ ਸਿੰਘ