ਐਂਗਲੋ ਇੰਡੀਅਨ ਏਜੰਟ ਤੇ ਨਸਲਵਾਦੀ ਹਾਪਕਿਨਸਨ ਨੂੰ ਸੋਧ ਕੇ ਕੈਨੇਡਾ 'ਚ ਬਹੁ- ਸੱਭਿਆਚਾਰਕ ਢਾਂਚਾ ਸਿਰਜਣ ਦਾ ਸ਼ਾਨਾਮੱਤਾ ਇਤਿਹਾਸ

ਐਂਗਲੋ ਇੰਡੀਅਨ ਏਜੰਟ ਤੇ ਨਸਲਵਾਦੀ ਹਾਪਕਿਨਸਨ ਨੂੰ ਸੋਧ ਕੇ ਕੈਨੇਡਾ 'ਚ ਬਹੁ- ਸੱਭਿਆਚਾਰਕ ਢਾਂਚਾ ਸਿਰਜਣ ਦਾ ਸ਼ਾਨਾਮੱਤਾ ਇਤਿਹਾਸ

21 ਅਕਤੂਬਰ 1914 ਦੇ ਦੁਸ਼ਟ ਸੋਧਕ ਦਿਹਾੜੇ 'ਤੇ ਵਿਸ਼ੇਸ਼:

ਹਿੰਦੁਸਤਾਨੀ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ 'ਚ ਵਾਰੀ-ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ। ਹਿੰਦ ਸਰਕਾਰ ਦਾ ਸੂਹੀਆ ਵਿਲੀਅਮ ਚਾਰਲਸ ਹਾਪਕਿਨਸਨ ਮੌਕੇ 'ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ।

ਹਿੰਦੁਸਤਾਨ, ਬਰਤਾਨੀਆ ਅਤੇ ਡੋਮੇਨੀਅਨ ਕੈਨੇਡੀਅਨ ਹਕੂਮਤਾਂ ਦਾ ਤੀਹਰਾ ਏਜੰਟ ਵਿਲੀਅਮ ਹਾਪਕਿਨਸਨ ਸਾਰਿਆਂ ਲਈ 'ਮਹੱਤਵਪੂਰਨ' ਸੀ ਅਤੇ ਉਸ ਨੂੰ ਦਫਨਾਉਣ ਸਮੇਂ 2000 ਦੇ ਕਰੀਬ ਪੁਲਿਸ ਕਰਮਚਾਰੀ, ਫਾਇਰਮੈਨ, ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀ ਸ਼ਾਮਿਲ ਹੋਏ ਤੇ ਵੱਡਾ ਮਾਰਚ ਕੀਤਾ ਗਿਆ। ਦੂਜੇ ਪਾਸੇ 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ : ''ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।

''ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ...।'' ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ 'ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ।

ਨਸਲਵਾਦੀ ਚਿਟ ਚਮੜੀਆਂ ਵਿਲੀਅਮ ਹੌਪਕਿਨਸਨ ਦੇ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ 'ਚ ਫੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ''ਹਰਿ ਜਗੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ'' ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ 'ਚ 'ਸ਼ਹੀਦ ਮੇਵਾ ਸਿੰਘ ਅਮਰ ਰਹੇ' ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ। ਕੈਨੇਡਾ ਦੇ ਇਤਿਹਾਸ ਵਿੱਚ ਚਿੱਟੇ ਨਸਲਵਾਦ ਦੇ ਖ਼ਾਤਮੇ ਦੀ ਇਹ ਗੌਰਵਮਈ ਗਾਥਾ ਸਾਡਾ ਸ਼ਾਨਾਮੱਤਾ ਇਤਿਹਾਸ ਹੈ। ਇਸ ਦਿਨ ਨੂੰ ਕੈਨੇਡਾ ਦੇ ਬਹੁ-ਸਭਿਆਚਾਰਕ ਢਾਂਚੇ ਦੇ ਮੁੱਢ ਬੱਝਣ ਬੰਨ੍ਹਣ ਵਜੋਂ ਚੇਤੇ ਕਰਨਾ ਚਾਹੀਦਾ ਹੈ।

ਨਿਊ ਵੈਸਟਮਿਨਸਟਰ ਸ਼ਹਿਰ ਦੇ ਸਾਬਕਾ ਸਿਟੀ ਕੌਂਸਲਰ ਚੱਕ ਪਿੱਕਮਾਇਰ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਵਿਚਾਰਨ ਮਗਰੋਂ, ਸਿਟੀ ਕੌਂਸਲ ਵਿਚ 2020 ਨੂੰ ਮਤਾ ਲਿਆਂਦਾ ਅਤੇ 'ਸ਼ਹੀਦ ਮੇਵਾ ਸਿੰਘ ਲੋਪੋਕੇ ਦਿਨ' ਵਜੋਂ ਪ੍ਰੋਕਲੇਮੇਸ਼ਨ ਜਾਰੀ ਕਰਵਾਇਆ। ਇਸ ਸ਼ਹਿਰ ਵਿਚ ਹੀ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ। ਕੌਂਸਲਰ ਚੱਕ ਪਕਮਾਇਰ ਨੂੰ ਸ਼ਹੀਦ ਭਾਈ ਮੇਵਾ ਸਿੰਘ ਜੀ ਦੀ ਸ਼ਹਾਦਤ ਦਾ ਐਲਾਨਨਾਮਾ ਜਾਰੀ ਕਰਨ, ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਨਿਭਾਈ ਇਤਿਹਾਸਕ ਭੂਮਿਕਾ ਲਈ ਸਦਾ ਚੇਤੇ ਕੀਤਾ ਜਾਂਦਾ ਰਹੇਗਾ।

ਨਸਲਵਾਦ ਖ਼ਿਲਾਫ਼ ਡਟਣ ਵਾਲ਼ੇ ਸਮੂਹ ਭਾਈਚਾਰਿਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸੂਬਾਈ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੇ ਸਹੀ ਅਰਥਾਂ ਨੂੰ ਵਿਚਾਰਨ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਵਿਚ ਮਲਟੀ-ਕਲਚਰਲਿਜ਼ਮ ਸਥਾਪਤ ਕਰਨ ਵਾਲੀ ਸ਼ਖ਼ਸੀਅਤ ਵਜੋਂ ਸਨਮਾਨ ਦਿੱਤਾ ਜਾਏ। 21 ਅਕਤੂਬਰ ਦੇ ਇਤਿਹਾਸ ਨੂੰ ਗੰਭੀਰਤਾ ਨਾਲ ਵਿਚਾਰ ਕੇ, ਇਸ ਦਿਨ 'ਤੇ ਫ਼ਖ਼ਰ ਮਹਿਸੂਸ ਕਰੀਏ ਕਿ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਸਿਆਸੀ ਉਦੇਸ਼ ਹਿਤ, ਕੈਨੇਡਾ ਵਿੱਚੋਂ ਚਿੱਟੇ ਨਸਲਵਾਦ ਦਾ ਅੰਤ ਕਰਨ ਲਈ ਵਿਲੀਅਮ ਹਾਪਕਿਨਸਨ ਨੂੰ ਸੋਧ ਕੇ, ਕੈਨੇਡੀਅਨ ਬਹੁ-ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ।

ਅੱਜ ਲੋੜ ਇਸ ਗੱਲ ਦੀ ਹੈ ਕਿ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਸ਼ਹੀਦ ਮੇਵਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ। ਅੱਜ ਲੋੜ ਅਜਿਹੇ ਪ੍ਰਬੰਧਕਾਂ ਤੇ ਆਗੂਆਂ ਦੀ ਹੈ, ਜੋ ਭਾਈ ਮੇਵਾ ਸਿੰਘ ਦੀ ਸੋਚ ਅਨੁਸਾਰ ਮੌਜੂਦਾ ਨਸਲਵਾਦੀ ਅਤੇ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਡਟਣ। ਹਾਪਕਿਨਸਨ ਅਤੇ ਬੇਲੇ ਵਰਗਿਆਂ ਦੇ ਵਾਰਿਸ ਅੱਜ ਵੀ ਖ਼ਤਮ ਨਹੀਂ ਹੋਏ, ਜਿਸ ਦੀ ਮਿਸਾਲ ਤਾਜ਼ਾ ਘਟਨਾਵਾਂ ਵਿੱਚ, ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਤਰਜ਼ 'ਤੇ ਹੀ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨ ਤੋਂ ਪ੍ਰਤੱਖ ਰੂਪ ਵਿੱਚ ਮਿਲਦੀ ਹੈ। ਇਸ ਕਰਕੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਵਾਰਿਸਾਂ ਨੂੰ ਤਕੜੇ ਹੋ ਕੇ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ, ਤਾਂ ਕਿ ਨਸਲਵਾਦੀ, ਬਸਤੀਵਾਦੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਵਾਲੀਆਂ ਹਕੂਮਤਾਂ ਖਿਲਾਫ਼ ਜੰਗ ਜਾਰੀ ਰੱਖਿਆ ਜਾ ਸਕੇ।

 

ਡਾ. ਗੁਰਵਿੰਦਰ ਸਿੰਘ

ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)

ਐਬਟਸਫੋਰਡ, ਕੈਨੇਡਾ।