ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ

ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਰਗਰਮੀ ਵੱਧ ਗਈ ਹੈ।

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੋਟਾਂ ਬਣਵਾਉਣ ਲਈ ਫਾਰਮ ਭਰਵਾਉਣੇ ਸ਼ੁਰੂ ਕੀਤੇ ਹਨ। ਪਿੰਡਾਂ ਵਿੱਚ ਵੋਟਾਂ ਬਣਵਾਉਣ ਦੀ ਕਵਾਇਦ ਸ਼ੁਰੂ ਹੋਈ ਹੈ। ਪਿਛਲੇ ਸਮੇਂ ਵਿੱਚ ਵੀ ਥੋੜ੍ਹੇ ਥੋੜ੍ਹੇ ਚਿਰ ਬਾਅਦ ਅਜਿਹੇ ਸੰਕੇਤ ਮਿਲਦੇ ਰਹੇ ਹਨ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸ਼ੁਰੂ ਹੋਣ ਵਾਲੀਆਂ ਹਨ। ਅਜਿਹੇ ਸੰਕੇਤਾਂ ਤੋਂ ਬਾਅਦ ਜਦੋਂ ਪਾਰਟੀਆਂ ਦੇ ਨੁਮਾਇੰਦੇ ਸਰਗਰਮੀ ਕਰਦੇ ਹਨ, ਗੱਲ ਆਈ ਗਈ ਹੋ ਜਾਂਦੀ ਹੈ। ਅਜਿਹਾ ਹੁਣ ਤੱਕ ਕਈ ਵਾਰ ਵਾਪਰਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਸਾਲਾਂ ਤੋਂ ਲਟਕ ਰਹੀਆਂ ਹਨ, ਬਹੁਤੀ ਵਾਰ ਚੋਣਾਂ ਦੀ ਗੱਲ ਤੁਰਦੀ ਹੈ ਪਰ ਫਿਰ ਆਈ ਗਈ ਹੋ ਜਾਂਦੀ ਹੈ। ਸਰਕਾਰ ਵਲੋਂ ਅਜਿਹੀ ਝਕਾਣੀ ਵਾਰ ਵਾਰ ਦੇਣ ਪਿੱਛੇ ਦੇ ਮਕਸਦ ਅਤੇ ਇਸ ਪਿੱਛੇ ਵਾਪਰ ਰਹੀ ਅਸਲ ਖੇਡ ਨੂੰ ਸਮਝਣ ਲਈ ਸਾਨੂੰ ਆਪਣੇ ਵਲੋਂ ਯਤਨ ਕਰਦੇ ਰਹਿਣਾ ਚਾਹੀਦਾ ਹੈ। 

ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਨੇੜਲੇ ਇਲਾਕੇ ਦੀਆਂ ਸੰਗਤਾਂ ਵੇਖਦੀਆਂ ਰਹੀਆਂ ਹਨ। ਜਿੰਮੇਵਾਰੀ ਲਈ ਸੰਗਤ ਕਿਸੇ ਗੁਣੀ ਸਖਸ਼ੀਅਤ ਦੀ ਚੋਣ ਕਰ ਲੈਂਦੀ ਸੀ, ਕਿਸੇ ਕਮੀ ਦੇ ਉਜਾਗਰ ਹੋਣ 'ਤੇ ਕਿਸੇ ਹੋਰ ਗੁਰਮੁਖ ਦੀ ਜਿੰਮੇਵਾਰੀ ਲਗਾ ਦਿੱਤੀ ਜਾਂਦੀ ਸੀ। ਮੁਗਲ ਹਕੂਮਤ ਦੇ ਸਮੇਂ ਸਿੱਖਾਂ ਨੇ ਬਹੁਤ ਸਖਤੀ ਹੰਡਾਈ। ਕਿਰਤ ਕਰਨ ਤੋਂ ਲੈ ਕੇ ਫੌਜ ਵਿੱਚ ਵਿਚਰਨ ਵਾਲੇ ਹਰ ਤਰ੍ਹਾਂ ਦੇ ਸਿੱਖਾਂ ਨੂੰ ਘਰ ਘਾਟ ਛੱਡਣੇ ਪਏ ਅਤੇ ਜੰਗਲਾਂ, ਦੂਰ ਦੁਰੇਡੇ ਦੇ ਥਾਵਾਂ 'ਤੇ ਸ਼ਰਨ ਲੈਣੀ ਪਈ। ਪਿੰਡਾਂ, ਨਗਰਾਂ ਵਿਚੋਂ ਗੁਰ ਅਸਥਾਨਾਂ ਪ੍ਰਤੀ ਸਿੱਖ ਸੰਗਤ ਦਾ ਪਹਿਰਾ ਟੁੱਟਣ ਕਰਕੇ ਓਥੋਂ ਦੀ ਸੇਵਾ ਸੰਭਾਲ ਉਦਾਸੀ ਅਤੇ ਸਹਿਜਧਾਰੀ ਸਿੱਖਾਂ ਨੇ ਸੰਭਾਲ ਲਈ। ਉਸ ਸਮੇਂ ਵਿੱਚ ਇਹਨਾਂ ਸ਼ਰਧਾਵਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਅਸਥਾਨਾਂ ਦੀ ਸੇਵਾ ਨਿਸ਼ਕਾਮ ਭਾਵ ਨਾਲ ਕੀਤੀ। ਮੁਗਲ ਹਕੂਮਤ ਦੇ ਖਤਮ ਹੋਣ ਤੋਂ ਬਾਅਦ ਸਿੱਖ ਮਹਾਰਾਜਿਆਂ ਨੇ ਇਹਨਾਂ ਅਸਥਾਨਾਂ ਦੇ ਨਾਮ ਜਗੀਰਾਂ ਲਗਵਾ ਦਿੱਤੀਆਂ, ਜਿਸ ਨਾਲ ਇਹਨਾਂ ਗੁਰ ਅਸਥਾਨਾਂ ਦੀ ਆਮਦਨ ਵੱਧ ਗਈ। ਗੁਰ ਅਸਥਾਨਾਂ ਦੀ ਸੇਵਾ ਸੰਭਾਲ ਕਰ ਰਹੇ ਉਦਾਸੀ ਸਿੱਖਾਂ ਦੇ ਪਰਿਵਾਰ ਗੁਰ ਅਸਥਾਨਾਂ ਪ੍ਰਤੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸ਼ਰਧਾ ਭਾਵ ਨਹੀਂ ਰੱਖਦੇ ਸਨ ਪਰ ਫਿਰ ਵੀ ਕਾਫੀ ਚਿਰ ਸਥਾਨਕ ਸੰਗਤ ਦੇ ਪਹਿਰੇ ਕਰਕੇ ਇਹ ਸੇਵਾਦਾਰ, ਜਿਹਨਾਂ ਨੂੰ ਪੁਜਾਰੀ ਜਾ ਮਹੰਤ ਵੀ ਕਿਹਾ ਜਾਂਦਾ ਸੀ, ਆਪਣੇ ਆਚਰਣ ਅਤੇ ਰਹਿਣੀ ਬਹਿਣੀ ਨੂੰ ਠੀਕ ਰੱਖਦੇ ਸਨ। ਅੰਗਰੇਜਾਂ ਦੇ ਆਉਣ ਨਾਲ ਹਲਾਤ ਬਦਲਦੇ ਗਏ। ਇਹਨਾਂ ਮਹੰਤਾਂ ਨੂੰ ਹੁਣ ਅੰਗਰੇਜ਼ ਸਰਕਾਰ ਦੀ ਸਹਿ ਸੀ ਅਤੇ ਨਾ ਸਿੱਖ ਮਹਾਰਾਜਿਆਂ ਅਤੇ ਨਾ ਸਿੱਖ ਸੰਗਤ ਦਾ ਡਰ ਭੈਅ ਸੀ। 

ਸਮਾਂ ਬੀਤਣ ਉਪਰੰਤ ਲੰਬੇ ਸੰਘਰਸ਼ ਤੋਂ ਬਾਅਦ ਗੁਰਦੁਆਰਿਆਂ ਨੂੰ ਇਹਨਾਂ ਮਹੰਤਾਂ ਤੋਂ ਅਜ਼ਾਦ ਕਰਵਾ ਲਿਆ ਗਿਆ ਪਰ ਅੰਗਰੇਜ਼ ਸਰਕਾਰ ਨੇ ਇਹ ਸਾਰਾ ਪ੍ਰਬੰਧ ਸਿੱਖਾਂ ਦੀ ਪ੍ਰੰਪਰਾ ਦੇ ਉਲਟ ਚੋਣਾਂ ਰਾਹੀਂ ਕਰਵਾ ਦਿੱਤਾ ਤੇ ਦੁਨਿਆਵੀ ਕਨੂੰਨ ਹੇਠਾਂ ਕਰ ਲਿਆ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੱਕ ਸਰਕਾਰ ਉਸ ਕਮੇਟੀ ਨੂੰ ਤਾਹੀ ਦਿੰਦੀ ਸੀ, ਜੇਕਰ ਉਹ ਉਹਨਾਂ ਦੇ ਤਰੀਕੇ ਚੋਣਾਂ ਦੇ ਰਾਹੀਂ ਚੁਣ ਕੇ ਆਵੇ। ਕਿਸੇ ਹੋਰ ਤਰੀਕੇ ਚੁਣੀ ਕਮੇਟੀ ਨੂੰ ਅੰਗਰੇਜ਼ ਮਾਨਤਾ ਨਹੀਂ ਦਿੰਦੇ ਸਨ ਅਤੇ ਸੇਵਾ ਸੰਭਾਲ ਸਪੁਰਦ ਨਹੀਂ ਕਰਦੇ ਸਨ। ਇਹ ਚੋਣਾਂ ਦਾ ਸਾਰਾ ਪ੍ਰਬੰਧ ਅੰਗਰੇਜ਼ੀ ਸਰਕਾਰ ਵਲੋਂ ਕੀਤਾ ਜਾਂਦਾ ਸੀ। ਜੋ ਜਿੱਤਦਾ ਸੀ, ਉਸਨੂੰ ਕਮੇਟੀ ਵਿੱਚ ਮੈਂਬਰ ਵਜੋਂ ਥਾਂ ਮਿਲਦੀ ਸੀ। ਇਸ ਪ੍ਰਬੰਧ ਵਿੱਚ ਵੀ ਸਰਕਾਰ ਨੂੰ ਫਾਇਦਾ ਸੀ ਕਿ ਵੋਟਾਂ ਬਣਾਉਣ ਕੱਟਣ, ਚੋਣਾਂ ਕਰਵਾਉਣ, ਕਿਹੜੇ ਮੈਂਬਰ ਚੋਣ ਲੜ ਸਕਦੇ ਹਨ, ਕਿਹੜੀਆ ਪਾਰਟੀਆਂ ਚੋਣਾਂ ਵਿੱਚ ਹਿੱਸਾ ਲੈ ਸਕਦੀਆਂ ਹਨ, ਅਜਿਹੇ ਸਾਰੇ ਅਖ਼ਤਿਆਰ ਸਰਕਾਰ ਦੇ ਕੋਲ ਸਨ। ਮਹੰਤਾਂ ਦੀ ਤਰ੍ਹਾਂ ਇਹ ਪ੍ਰਬੰਧ ਵੀ ਸਰਕਾਰ ਨੂੰ ਰਾਸ ਆਉਂਦਾ ਸੀ। ਦੂਸਰਾ ਇਸ ਪ੍ਰਬੰਧ ਵਿੱਚ ਵੀ ਸਿੱਖ ਕਈ ਪਾਰਟੀਆਂ ਵਿੱਚ ਵੰਡੇ ਜਾਂਦੇ ਸਨ, ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ ਅਤੇ ਇਕੱਠੇ ਨਹੀਂ ਸੀ ਹੁੰਦੇ। 

ਅੰਗਰੇਜ਼ ਤੋਂ ਜਦੋਂ ਦਿੱਲੀ ਨੇ ਵਿਰਾਸਤ ਸੰਭਾਲੀ ਤਾਂ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਵੀ ਜਿਉਂ ਦੀ ਤਿਉਂ ਆਪਣੇ ਕੋਲ ਰੱਖਿਆ। ਹਲਾਤ ਸੁਧਰਨ ਦੀ ਬਜਾਏ, ਜਿਹੜੇ ਲੋਕ ਵੀ ਇਸ ਕਮੇਟੀ ਵਿੱਚ ਜਗ੍ਹਾ ਬਣਾਉਣ ਦੀ ਕੋਸਿਸ ਵਿੱਚ ਰਹਿੰਦੇ ਹਨ, ਉਹਨਾਂ ਨੂੰ ਸਰਕਾਰ ਦੇ ਬਣਾਏ ਸਾਂਚਿਆਂ ਵਿਚੋਂ ਦੀ ਢਲ ਕੇ ਲੰਘਣਾ ਹੀ ਪੈਂਦਾ ਹੈ। ਸ੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਜਿਸ ਵੀ ਪਾਰਟੀ ਦੀ ਇਹਨਾਂ ਚੋਣਾਂ ਲੜਨ ਦੀ ਇੱਛਾ ਰਹੀ ਹੈ, ਉਹਨਾਂ ਦਾ ਜੋਰ ਇਸ ਗੱਲ 'ਤੇ ਹੁੰਦਾ ਹੈ ਕਿ ਬਾਦਲਾਂ ਨੂੰ ਬਦਲ ਕੇ ਅਸੀਂ ਇਹ ਪ੍ਰਬੰਧ ਨੂੰ ਵੇਖੀਏ ਤੇ ਠੀਕ ਕਰੀਏ। ਇਥੇ ਮਸਲਾ ਮਹਿਜ ਬੰਦੇ ਬਦਲਣ ਦਾ ਨਹੀਂ ਹੈ ਮਸਲਾ ਤਰੀਕਾ ਬਦਲਣ ਦਾ ਹੈ। ਘੱਟੋ-ਘੱਟ ਇਹ ਅਮਲ ਜਰੂਰ ਹੋਵੇ ਕਿ ਪਾਰਟੀਆਂ ਸੰਗਤ ਨੂੰ ਨਾ ਦੱਸਣ ਕਿ ਸਾਡੇ ਵੱਲੋਂ ਉਮੀਦਵਾਰ ਕੌਣ ਹੈ, ਸੰਗਤਾਂ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰਮਤਾ ਕਰਨ ਅਤੇ ਪਾਰਟੀਆਂ ਨੂੰ ਦੱਸਣ ਕਿ ਸਾਡੇ ਵੱਲੋਂ ਇਹ ਉਮੀਦਵਾਰ ਹੈ। ਮੌਜੂਦਾ ਤਰੀਕੇ ਵਿੱਚ ਪਾਰਟੀਆਂ ਆਪਣੇ ਹਿਸਾਬ ਕਿਤਾਬ ਲਾ ਕੇ ਇਹਨਾਂ ਚੋਣਾਂ ਲਈ ਆਪਣੇ ਉਮੀਦਵਾਰ ਐਲਾਨ ਦਿੰਦੀਆਂ ਹਨ ਜੋ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰੇ ਜਾ ਨਾ ਕਰੇ ਇਸ ਗੱਲ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਸਾਡੇ ਆਗੂ ਚੁਣਨ ਅਤੇ ਫੈਸਲੇ ਲੈਣ ਦੀ ਰਵਾਇਤ ਦਾ ਖਿਆਲ ਰੱਖਿਆ ਜਾਂਦਾ ਹੈ। ਚੋਣਾਂ ਦੀ ਖੇਡ ਜਿਸ ਡੋਰੀ ਨਾਲ ਕਾਬੂ ਵਿੱਚ ਹੁੰਦੀ ਹੈ, ਉਹ ਦਿੱਲੀ ਜਾਂ ਪੰਜਾਬ ਸਰਕਾਰ ਦੇ ਹੱਥ ਵਿੱਚ ਹੈ। ਚੋਣਾਂ ਦੀ ਖੇਡ ਸ਼ੁਰੂ ਹੀ ਵੰਡ ਤੋਂ ਹੁੰਦੀ ਹੈ। ਚੋਣਾਂ ਹੀ ਹਨ, ਜੋ ਏਕਤਾ ਨਹੀਂ ਹੋਣ ਦਿੰਦੀਆਂ। ਅੱਜ ਦੇ ਹਲਾਤ ਵਿੱਚ ਜਰੂਰੀ ਹੈ ਕਿ ਸਿੱਖ ਇਸ ਖੇਡ ਤੋਂ ਉਪਰ ਹੋ ਕੇ ਦੇਖਣ ਅਤੇ ਗੁਰਮਤ ਅਨੁਸਾਰੀ ਗੁਰਮਤਾ, ਪੰਚ ਪ੍ਰਧਾਨੀ ਰਵਾਇਤਾਂ ਨਾਲ ਜੁੜਨ, ਇਹ ਰਾਹ ਹੀ ਸਿੱਖਾਂ ਦੀ ਏਕਤਾ ਅਤੇ ਚੜਦੀਕਲਾ ਵੱਲ ਜਾਣਗੇ। 

 

ਸੰਪਾਦਕੀ

ਭਾਈ ਮਲਕੀਤ ਸਿੰਘ