*ਬਲੈਕ ਹੋਲ* ਅਤਿ ਭਾਰੀ ਪੁਲਾੜੀ ਸ਼ੈਅ

*ਬਲੈਕ ਹੋਲ* ਅਤਿ ਭਾਰੀ ਪੁਲਾੜੀ ਸ਼ੈਅ

      ਹਰਜੀਤ ਸਿੰਘ

ਵਿਗਿਆਨੀ -ਇਸਰੋ, ਤ੍ਰਿਵੇਂਦ੍ਰਮ 

ਕਿਸੇ ਚੀਜ਼ ਨੂੰ ਦੇਖਣ ਲਈ ਪਹਿਲੀ ਸ਼ਰਤ ਹੈ ਕਿ ਉਸ ਤੋਂ ਨਿਕਲੀ ਰੌਸ਼ਨੀ ਜਾਂ ਉਸ ਦੁਆਰਾ ਪਰਿਵਰਤਿਤ ਕੀਤੀ ਰੌਸ਼ਨੀ ਸਾਡੀਆਂ ਅੱਖਾਂ ਤੱਕ ਪਹੁੰਚੇ| ਫ਼ੋਟੋ ਖਿੱਚਣ ਲਈ ਵੀ ਇਹੋ ਨਿਯਮ ਲਾਗੂ ਹੁੰਦਾ ਹੈ| ਪਰ ਬਲੈਕ ਹੋਲ, ਜਿਵੇਂ ਅਸੀਂ ਜਾਣਦੇ ਹਾਂ, ਅਜਿਹੀ ਚੀਜ਼ ਹੈ ਜੋ ਨਾ ਤੇ ਰੋਸ਼ਨੀ ਛੱਡਦਾ ਹੈ ਤੇ ਜੋ ਰੋਸ਼ਨੀ ਇਸ ਤੇ ਪੈਂਦੀ ਹੈ ਉਸ ਨੂੰ ਵੀ ਸੋਖ ਲੈਂਦਾ ਹੈ| ਤਾਂ ਫੇਰ ਆਪਾਂ ਇਸਦੀ ਫ਼ੋਟੋ ਨਹੀਂ ਖਿੱਚ ਸਕਦੇ| ਪਰ ਇੱਥੇ ਦਿੱਤੀ ਇਹ ਬਹੁ-ਚਰਚਿਤ ਤਸਵੀਰ ਸਾਡੀ ਆਕਾਸ਼ ਗੰਗਾ ਦੀ ਗੁਆਂਢੀ Messier87  (M87) ਗਲੈਕਸੀ ਦੇ ਕੇਂਦਰ ਵਿੱਚ ਸਥਿਤ ਅਤਿ-ਭਾਰੇ ਬਲੈਕ ਹੋਲ ਦੀ ਹੈ| ਇਹ ਕਿਸੇ ਵੀ ਬਲੈਕ ਹੋਲ ਦੀ ਖਿੱਚੀ ਗਈ ਪਹਿਲੀ ਤਸਵੀਰ ਹੈ ਜੋ ਕਿ 10-ਅਪ੍ਰੈਲ 2019 ਨੂੰ ਜਾਰੀ ਕੀਤੀ ਗਈ। ਇਹ ਤਸਵੀਰ ਕਿਵੇਂ ਖਿੱਚੀ ਗਈ, ਆਓ ਜਾਣਦੇ ਹਾਂ, ਪਰ ਉਸਤੋਂ ਪਹਿਲਾਂ ਕੁਝ ਬਲੈਕ ਹੋਲ ਬਾਰੇ|

ਬਲੈਕ ਹੋਲ ਇਕ ਅਜਿਹੀ ਅਤਿ ਭਾਰੀ ਪੁਲਾੜੀ ਸ਼ੈਅ ਹੈ ਜਿਸਦਾ ਗੁਰਤਾ ਬਲ ਇੰਨਾ ਤਾਕਤਵਰ ਹੁੰਦਾ ਹੈ ਕਿ ਇਸ ਦੀ ਖਿੱਚ ਤੋਂ ਕੁਝ ਵੀ ਬਚ ਨਹੀਂ ਸਕਦਾ। ਏਥੋਂ ਤੱਕ ਕਿ ਇਸਦੇ ਅੰਦਰ ਗਈ ਰੋਸ਼ਨੀ ਵੀ ਬਾਹਰ ਨਹੀਂ ਆ ਸਕਦੀ| ਇਸੇ ਲਈ ਇਸਨੂੰ ਬਲੈਕ ਹੋਲ ਇਸ ਲਈ ਕਿਹਾ ਜਾਂਦਾ ਹੈ| ਪੰਜਾਬੀ ਵਿੱਚ ਇਸਦਾ ਕੋਈ ਨਾਮ ਨਹੀਂ ਮਿਲਦਾ ਪਰ ਮੇਰੇ ਹਿਸਾਬ ਨਾਲ ਅੰਨ੍ਹੀ ਮੋਰੀ ਕਿਹਾ ਜਾ ਸਕਦਾ ਹੈ|

ਬਲੈਕ ਹੋਲ ਕਿਵੇਂ ਬਣਦੇ ਹਨ? ਬਲੈਕ ਹੋਲ ਤਾਰਿਆਂ ਦੀ ਮੌਤ ਵਿੱਚੋਂ ਪੈਦਾ ਹੁੰਦੇ ਹਨ| ਇੱਕ ਤਾਰੇ ਦੀ ਮੌਤ ਕਿੱਦਾਂ ਹੋਏਗੀ, ਇਹ ਉਸਦੇ ਪੁੰਜ ਤੇ ਨਿਰਭਰ ਕਰਦਾ ਹੈ| ਔਸਤ ਪੁੰਜ ਦੇ ਤਾਰੇ (ਸੂਰਜ ਦੇ ਪੁੰਜ ਤੋਂ 1.4 ਗੁਣ ਜ਼ਿਆਦਾ ਤੱਕ) ਆਪਣੀ ਹਾਇਡ੍ਰੋਜਨ ਖਤਮ ਕਰਕੇ, ਲਾਲ ਦਿਓ (ਰੈੱਡ ਜਾਇੰਟ) ਬਣਕੇ ਹੀਲਿਅਮ ਵਰਤਣ ਲਗਦੇ ਨੇ ਅਤੇ ਫਿਰ ਆਕਸੀਜਨ ਤੱਕ ਤੱਤ ਬਣਾਉਂਦੇ ਹਨ| ਇਸ ਪ੍ਰਕਿਰਿਆ ਵਿੱਚ ਇਨ੍ਹਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ ਤੇ ਇਹ ਹੌਲੀ-ਹੌਲੀ ਆਪਣੀਆਂ ਬਾਹਰਲੀਆਂ ਪਰਤਾਂ ਗੁਆ ਕੇ ਪਲੈਨਟਰੀ ਨੇਬੂਲਾ ਬਣ ਜਾਂਦੇ ਨੇ ਅਤੇ ਤਾਰੇ ਦਾ ਅੰਦਰਲਾ ਹਿੱਸਾ ਚਿੱਟਾ ਬੌਣਾ (ਵਾਈਟ ਡਵਾਰਫ਼) ਬਣ ਜਾਂਦਾ ਹੈ| ਸਾਡਾ ਸੂਰਜ ਇਸੇ ਤਰ੍ਹਾਂ ਦਾ ਤਾਰਾ ਹੈ ਤੇ ਇਹ ਲਾਲ ਦਿਓ ਬਣਕੇ ਇੱਕ ਦਿਨ ਧਰਤੀ ਨੂੰ ਵੀ ਨਿਗਲ ਲਏਗਾ| ਪਰ ਇਸ ਵਿੱਚ ਹਾਲੇ ਅਰਬਾਂ ਸਾਲ ਲੱਗਣਗੇ ਸੋ ਘਬਰਾਉਣ ਦੀ ਲੋੜ ਨਹੀਂ ਹੈ| ਬਹੁਤ ਹਲਕੇ ਤਾਰੇ, ਜਿਨ੍ਹਾਂ ਨੂੰ ਲਾਲ ਬੌਣੇ (ਰੈੱਡ ਡਵਾਰਫ਼) ਕਿਹਾ ਜਾਂਦਾ ਹੈ, ਆਪਣੀ ਹਾਇਡ੍ਰੋਜਨ ਬਹੁਤ ਹੌਲੀ ਖਰਚਦੇ ਨੇ ਤੇ ਖਰਬਾਂ ਸਾਲਾਂ ਤੱਕ ਜਿਉਂਦੇ ਰਹਿ ਸਕਦੇ ਨੇ| 1.4 ਸੂਰਜੀ ਪੁੰਜ ਤੋਂ ਭਾਰੇ ਤਾਰੇ ਇੱਕ ਵੱਡੇ ਧਮਾਕੇ ਨਾਲ ਖਤਮ ਹੁੰਦੇ ਨੇ ਜਿਸਨੂੰ ਸੁਪਰਨੋਵਾ ਕਿਹਾ ਜਾਂਦਾ ਹੈ| ਸੁਪਰਨੋਵਾ ਤੋਂ ਬਾਅਦ, ਜੇਕਰ ਬਚਿਆ ਹੋਇਆ ਪੁੰਜ 5 ਸੂਰਜੀ ਪੁੰਜਾਂ ਤੋਂ ਵੱਡਾ ਹੋਵੇ ਤਾਂ ਇਹ ਬਲੈਕ ਹੋਲ ਵਿੱਚ ਬਦਲ ਜਾਂਦਾ ਹੈ| ਇਨ੍ਹਾਂ ਨੂੰ ਅੱਗੇ ਕਈ ਭਾਗਾਂ ਵਿੱਚ ਵੰਡਿਆ ਜਾਂਦਾ ਹੈ| ਜੇਕਰ ਇਸਦਾ ਪੁੰਜ 1 ਲੱਖ ਸੂਰਜੀ ਪੁੰਜਾਂ ਤੋਂ ਵੱਧ ਹੋਵੇ  ਤਾਂ ਇਸਨੂੰ ਸੁਪਰਮਾਸਿਵ (ਅਤਿ ਭਾਰਾ) ਬਲੈਕ ਹੋਲ ਕਿਹਾ ਜਾਂਦਾ ਹੈ| ਮੰਨਿਆ ਜਾਂਦਾ ਹੈ ਕਿ ਇਹ ਬਲੈਕ ਹੋਲ ਸ਼ੁਰੂਆਤ ਵਿੱਚ ਸੂਰਜ ਤੋਂ 20-100 ਕੁ ਗੁਣਾ ਭਾਰੇ ਹੁੰਦੇ ਹਨ ਪਰ ਬਾਅਦ ਵਿੱਚ ਉਹ ਹੋਰ ਬਲੈਕ ਹੋਲਾਂ ਨਾਲ ਟਕਰਾਅ ਕਰਕੇ ਉਨ੍ਹਾਂ ਦਾ ਭਾਰ ਵੱਧਦਾ ਹੈ ਅਤੇ ਫੇਰ ਆਸ ਪਾਸ ਦੇ ਤਾਰਿਆਂ ਜਾਂ ਗੈਸ ਨੂੰ ਨਿਗਲ ਕੇ ਉਹ ਸੁਪਰਮਾਸਿਵ ਬਣ ਜਾਂਦੇ ਹਨ| ਇਹ ਬਲੈਕ ਹੋਲ ਲਗਪਗ ਹਰ ਗਲੈਕਸੀ ਦੇ ਕੇਂਦਰ ਵਿੱਚ ਸਥਿਤ ਹਨ ਅਤੇ ਗਲੈਕਸੀ ਦੀ ਸ਼ੁਰੂਆਤ ਤੋਂ ਪਹਿਲਾਂ ਬਣ ਜਾਂਦੇ ਹਨ|

ਬਲੈਕ ਹੋਲ ਵਰਗੀਆਂ ਚੀਜ਼ਾਂ ਦਾ ਜ਼ਿਕਰ ਸਭ ਤੋਂ ਪਹਿਲਾਂ ਅਮਰੀਕੀ ਦਾਰਸ਼ਨਿਕ ਜੌਹਨ ਮਾਈਕਲ ਅਤੇ ਫ੍ਰਾਂਸੀਸੀ ਹਿਸਾਬਦਾਨ ਪੈਰੀ ਸਾਈਮਨ ਡੀ ਲੈਪਲੈਸ ਨੇ ਕੀਤਾ ਪਰ  ਇਸਦਾ ਅਸਲ ਸਫ਼ਰ ਅਲਬਰਟ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਤੋਂ 1915 ਵਿੱਚ ਸ਼ੁਰੂ ਹੋਇਆ| ਆਈਨਸਟਾਈਨ ਨੇ ਸਪੇਸ-ਟਾਈਮ ਫੈਬਰਿਕ ਦਾ ਸਿਧਾਂਤ ਦਿੱਤਾ| ਇਸਦੇ ਅਨੁਸਾਰ ਪੂਰੇ ਬ੍ਰਹਿਮੰਡ ਵਿੱਚ ਸਪੇਸ-ਟਾਈਮ ਫੈਬਰਿਕ ਫੈਲਿਆ ਹੋਇਆ ਹੈ ਅਤੇ ਸਾਰੀਆਂ ਵਸਤਾਂ (ਤਾਰੇ, ਗ੍ਰਹਿ, ਉਪਗ੍ਰਹਿ, ਬਲੈਕ ਹੋਲ, ਪ੍ਰਕਾਸ਼, ਆਦਿ) ਇਸ ਦੇ ਉੱਪਰ ਰਹਿੰਦੇ ਨੇ ਅਤੇ ਆਪਣੇ ਪੁੰਜ ਅਨੁਸਾਰ ਸਪੇਸ-ਟਾਈਮ ਫੈਬਰਿਕ ਨੂੰ ਝੁਕਾਉਂਦੇ ਹਨ| ਇਸੇ ਝੁਕਾਅ ਨੂੰ ਗੁਰੂਤਾ ਖਿੱਚ ਕਿਹਾ ਜਾਂਦਾ ਹੈ| ਇਸਨੂੰ ਸੌਖਿਆਂ ਸਮਝਣ ਲਈ ਸਪੇਸ-ਟਾਈਮ ਫੈਬਰਿਕ ਨੂੰ ਖਿੱਚ ਕੇ ਤਾਣੀ ਹੋਈ ਇੱਕ ਚਾਦਰ ਦੀ ਤਰ੍ਹਾਂ ਮੰਨਿਆ ਜਾ ਸਦਕਾ ਹੈ| ਹੁਣ ਜੇ ਇਸ ਚਾਦਰ ਤੇ ਕੁਝ ਵੀ ਰੱਖਿਆ ਜਾਵੇ ਤਾਂ ਓਹ ਆਪਣੇ ਭਾਰ ਮੁਤਾਬਕ ਚਾਦਰ ਵਿੱਚ ਇੱਕ ਡੂੰਘਾਣ ਪੈਦਾ ਕਰੇਗਾ| ਏਹੋ ਕੰਮ ਸਪੇਸ-ਟਾਈਮ ਫੈਬਰਿਕ ਤੇ ਸਭ ਤਾਰੇ ਆਦਿਕ ਕਰਦੇ ਹਨ| ਜਿੰਨਾ ਜਿਆਦਾ ਪੁੰਜ, ਓਨੀ ਜਿਆਦਾ ਡੂੰਘ

ਸਪੇਸ-ਟਾਈਮ ਫੈਬਰਿਕ ਤੇ ਸਾਰੀਆਂ ਚੀਜ਼ਾਂ ਸਿੱਧੀ ਰੇਖਾ ਵਿੱਚ ਚਲਦੀਆਂ ਹਨ, ਪਰ ਜਿਓਂ ਹੀ ਫੈਬਰਿਕ ਵਿੱਚ ਕਿਸੇ ਭਾਰੀ ਵਸਤ ਕਰਕੇ ਡੂੰਘਾਈ ਆਉਂਦੀ ਹੈ, ਤਾਂ ਚਲਦੀ ਚੀਜ਼ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਹੈ| ਹੁਣ ਇਹ ਉਸ ਚੀਜ਼ ਦੀ ਗਤੀ, ਡੂੰਘਾਈ ਅਤੇ ਮੂਲ ਵਸਤ ਤੋਂ ਦੂਰੀ ਤੇ ਨਿਰਭਰ ਕਰੇਗਾ ਕਿ ਚਲਦੀ ਚੀਜ਼ ਰਸਤਾ ਬਦਲ ਕੇ ਅੱਗੇ ਜਾਏਗੀ, ਮੂਲ ਵਸਤ ਨਾਲ ਟਕਰਾ ਜਾਏਗੀ ਜਾਂ ਉਸਦੀ ਪਰਿਕਰਮਾ ਕਰਨ ਲੱਗੇਗੀ| ਪ੍ਰਕਾਸ਼ ਵੀ ਜਦੋਂ ਕਿਸੇ ਜ਼ਿਆਦਾ ਪੁੰਜ ਵਾਲੇ ਪਦਾਰਥ ਕੋਲ ਦੀ ਲੰਘਦਾ ਹੈ ਤਾਂ ਮੁੜ ਜਾਂਦਾ ਹੈ| ਹੁਣ ਜਦੋਂ ਗੱਲ ਬਲੈਕ ਹੋਲ ਤੇ ਆਉਂਦੀ ਹੈ ਤਾਂ ਬਲੈਕ ਹੋਲ ਆਪਣੇ ਬਹੁਤ ਜਿਆਦਾ ਪੁੰਜ ਜਾਂ ਘਣਤਾ ਕਰਕੇ ਏਨਾ ਡੂੰਘਾ ਚਲਾ ਜਾਂਦਾ ਹੈ ਕਿ ਓਥੋਂ ਕਿਸੇ ਵੀ ਚੀਜ਼ ਦਾ ਵਾਪਿਸ ਨਿੱਕਲਣਾ ਅਸੰਭਵ ਹੋ ਜਾਂਦਾ ਹੈ|

ਬਲੈਕ ਹੋਲ ਦੇ ਕੇਂਦਰ ਵਿੱਚ ਅਸੀਮ ਗੁਰੂਤਾ ਖਿੱਚ ਨਾਲ ਸਾਰਾ ਮਾਦਾ ਇੱਕ ਥਾਂ ਤੇ ਸੁੰਗੜਿਆ ਹੁੰਦਾ ਹੈ ਅਤੇ ਇੱਥੇ ਭੌਤਿਕ ਵਿਗਿਆਨ ਦੇ ਸਾਡੇ ਸਿਧਾਂਤ ਕੰਮ ਨਹੀਂ ਕਰਦੇ| ਇਸਨੂੰ ਸਿੰਗੁਲੈਰੀਟੀ ਕਿਹਾ ਜਾਂਦਾ ਹੈ| ਇਸਤੋਂ ਬਾਹਰ ਆਉਂਦਾ ਹੈ ਈਵੈਂਟ ਹੌਰਾਈਜ਼ਨ ਜੋ ਕਿ 1 ਸ਼ਵਾਟਜ਼ਚਾਈਲਡ ਅਰਧ-ਵਿਆਸ ਤੇ ਸਥਿਤ ਹੁੰਦਾ ਹੈ| ਜੇਕਰ ਤੁਸੀਂ ਬਲੈਕ ਹੋਲ ਦੇ ਨੇੜੇ ਜਾ ਰਹੇ ਹੋ ਤਾਂ ਵਾਪਿਸ ਮੁੜਨ ਦੀ ਇਹ ਤੁਹਾਡੀ ਆਖਰੀ ਹੱਦ ਹੈ, ਇਸਤੋਂ ਅੱਗੇ ਗਈ ਕੋਈ ਵੀ ਚੀਜ਼ ਏਥੋਂ ਤੱਕ ਕਿ ਪ੍ਰਕਾਸ਼ ਵੀ ਵਾਪਿਸ ਨਹੀਂ ਆ ਸਕਦਾ| ਉਸਤੋਂ ਬਾਹਰ ਫੋਟੋਨ ਸਫੀਅਰ ਹੈ ਜੋ 1.5  ਸ਼ਵਾਟਜ਼ਚਾਈਲਡ ਅਰਧ-ਵਿਆਸ ਤੇ ਹੁੰਦਾ ਹੈ ਜੋ ਕਿ ਪ੍ਰਕਾਸ਼ ਲਈ ਆਖਰੀ ਸਥਿਰ ਪਰਕਰਮਾ ਪੰਧ ਹੈ | ਇਸ ਅਰਧ ਵਿਆਸ ਤੇ ਪ੍ਰਕਾਸ਼ ਬਲੈਕ ਹੋਲ ਦੀ ਬਿਨਾਂ ਅੰਦਰ ਸਮਾਏ ਪਰਿਕਰਮਾ ਕਰ ਸਕਦਾ ਹੈ| ਸਭ ਤੋਂ ਬਾਹਰ ਹੈ 3 ਸ਼ਵਾਜ਼ਚਾਈਲਡ ਅਰਧ ਵਿਆਸ ਤੇ ਮਾਦੇ ਦਾ ਆਖਰੀ ਸਥਿਰ ਪਰਿਕਰਮਾ ਪੰਧ

ਬਲੈਕ ਹੋਲ ਦੀ ਤਸਵੀਰ ਅਤੇ ਈਵੈਂਟ ਹੌਰਾਈਜ਼ਨ ਦੂਰਬੀਨ ਬਾਰੇ: ਤਸਵੀਰ ਦੀ ਗੱਲ ਕਰੀਏ ਤਾਂ ਹੁਣ ਤੱਕ, ਬਲੈਕ ਹੋਲ ਤੌਰ ਤੇ ਨਹੀਂ ਦੇਖਿਆ ਜਾਂਦਾ ਸੀ ਸਗੋਂ ਇਸਦੇ ਆਸ ਪਾਸ ਦੇ ਤਾਰਿਆਂ ਦੇ ਪੰਧ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਸੀ ਪਰ 10 ਅਪ੍ਰੈਲ 2019 ਨੂੰ ਆਈ ਇੱਕ ਤਸਵੀਰ ਨੇ ਸਭ ਬਦਲ ਕੇ ਰੱਖ ਦਿੱਤਾਈਵੈਂਟ ਹੌਰਾਈਜ਼ਨ ਦੂਰਬੀਨ ਇੱਕ ਰੇਡੀਓ ਦੂਰਬੀਨ ਹੈ। ਬਲੈਕ ਹੋਲ ਤੋਂ ਆ ਰਹੀਆਂ ਰੇਡੀਓ ਤਰੰਗਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਹਨਾਂ ਦਾ ਵਿਸ਼ਲੇਸ਼ਣ ਕਰਨ ਲਈ ਬਹੁਤ ਵੱਡੀ, ਅਸਲ ਚ ਧਰਤੀ ਦੇ ਆਕਾਰ ਜਿੱਡੀ, ਦੂਰਬੀਨ ਚਾਹੀਦੀ ਹੈ| ਅਜਿਹਾ ਨਾ ਹੀ ਹੋ ਸਕਦਾ ਹੈ ਤੇ ਨਾ ਹੀ ਕੀਤਾ ਗਿਆ। EHT ਪ੍ਰੋਜੈਕਟ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਧਰਤੀ ਦੇ ਦੁਆਲੇ 6 ਦੇਸ਼ਾਂ ਵਿੱਚ 8 ਰੇਡੀਓ ਡਿਸ਼ਾਂ ਲਗਾਈਆਂ ਗਈਆਂ ਜੋ ਕਿ ਬਲੈਕ ਹੋਲ ਤੋਂ ਆਉਂਦੀਆਂ ਤਰੰਗਾਂ ਨੂੰ ਫੜ੍ਹ ਕੇ ਇੱਕ ਦੂਜੇ ਨਾਲ ਸੰਤੁਲਨ ਵਿੱਚ ਕੰਮ ਕਰਦੀਆਂ ਹੋਈਆਂ ਸਾਰੇ ਡਾਟੇ ਨੂੰ ਇੱਕ ਥਾਂ ਤੇ ਇਕੱਠਾ ਕਰਦੀਆਂ ਗਈਆਂ| ਇਸ ਕੰਮ ਵਿੱਚ ਸਭ ਤੋਂ ਜ਼ਰੂਰੀ ਸੀ ਸਭ ਡਿਸ਼ਾਂ ਤੇ ਸਮੇਂ ਦਾ ਸਹੀ ਹੋਣਾ ਤੇ ਇੱਕੋ ਹੋਣਾਇਸ ਦੇ ਲਈ ਪ੍ਰਮਾਣੂ ਘੜੀਆਂ ਨੂੰ ਵਰਤਿਆ ਗਿਆ ਜੋ ਕਿ 10 ਲੱਖ ਸਾਲਾਂ ਦੇ ਬਾਅਦ ਇੱਕ ਸੈਕਿੰਡ ਦਾ ਫ਼ਰਕ ਪਾਉਂਦੀਆਂ ਹਨ। 

EHT ਵੱਲੋਂ 2006 ਵਿੱਚ ਕੰਮ ਸ਼ੁਰੂ ਕੀਤਾ ਗਿਆ ਸੀ ਤੇ 2017 ਤੱਕ ਇਹ ਪੂਰਾ ਹੋ ਗਿਆ। ਇਕੱਠਾ ਕੀਤਾ ਡਾਟਾ ਐਨਾ ਸੀ ਕਿ ਇਸਨੂੰ ਤਸਵੀਰ ਵਿੱਚ ਬਦਲਣ ਲਈ 2 ਸਾਲ ਦਾ ਸਮਾਂ ਲੱਗ ਗਿਆ| ਇਸਨੇ 2 ਬਲੈਕ ਹੋਲਾਂ ਦੀਆਂ ਤਸਵੀਰਾਂ ਲਈਆਂ, ਇੱਕ ਸਾਡੀ ਆਕਾਸ਼ ਗੰਗਾ ਦੇ ਕੇਂਦਰ ਦਾ Sagittarius A* ਬਲੈਕ ਹੋਲ ਤੇ ਦੂਸਰਾ Messier 87 ਗਲੈਕਸੀ ਦੇ ਕੇਂਦਰ ਦਾ ਬਲੈਕ ਹੋਲ। ਸਭ ਨੂੰ ਹੀ ਆਕਾਸ਼ ਗੰਗਾ ਦੇ ਬਲੈਕ ਹੋਲ ਦੀ ਤਸਵੀਰ ਦਾ ਇੰਤਜ਼ਾਰ ਸੀ ਪਰ ਜੋ ਤਸਵੀਰ ਯੂਰਪੀਅਨ ਕਮਿਸ਼ਨ ਨੇ ਜਾਰੀ ਕੀਤੀ ਹੈ ਉਹ M87 ਦੇ ਬਲੈਕ ਹੋਲ ਦੇ ਈਵੈਂਟ ਹੌਰਾਈਜ਼ਨ ਦੀ ਹੈ। Sagittarius A* ਦੀ ਤਸਵੀਰ ਇਸ ਲਈ ਨਹੀਂ ਜਾਰੀ ਕੀਤੀ ਗਈ ਕਿਉਂਕਿ ਇਹ M87 ਗਲੈਕਸੀ ਦੇ ਬਲੈਕ ਹੋਲ ਮੁਕਾਬਲੇ ਬਹੁਤ ਛੋਟਾ ਹੈ। 

ਇਸ ਤਸਵੀਰ ਦੇ ਕੇਂਦਰ ਵਿੱਚ ਕਾਲਾ ਥਾਂ ਈਵੈਂਟ ਹੌਰਾਈਜ਼ਨ ਹੈ ਜਿੱਥੋਂ ਕੋਈ ਵੀ ਪ੍ਰਕਾਸ਼ ਨਹੀਂ ਆ ਸਕਦਾ| ਬਾਹਰ ਦਾ ਪ੍ਰਕਾਸ਼ ਇਸਦੇ ਦੁਆਲੇ ਬਹੁਤ ਤੇਜ਼ੀ ਨਾਲ ਘੁੰਮ ਰਹੇ ਬਹੁਤ ਹੀ ਗਰਮ ਮਾਦੇ, ਜਿਸਨੂੰ ਐਕਰੀਸ਼ਨ ਡਿਸਕ ਕਹਿੰਦੇ ਹਨ, ਦੁਆਰਾ ਪੈਦਾ ਕੀਤਾ ਹੋਇਆ ਹੈ| ਹਾਲਾਂਕਿ ਅਸੀਂ ਇੱਕ ਇਕਸਾਰ ਛੱਲੇ ਦੀ ਕਿਆਸ ਕਰ ਸਕਦੇ ਹਾਂ ਪਰ ਮਾਦੇ ਦੇ ਘੁੰਮਣ ਕਰਕੇ ਇਸਦੀ ਤੀਬਰਤਾ ਜਿਸ ਪਾਸਿਓਂ ਮਾਦਾ ਸਾਡੇ ਵੱਲ ਆ ਰਿਹਾ ਹੈ ਉਸ ਪਾਸੇ ਵਧ ਜਾਂਦੀ ਹੈ ਤੇ ਦੂਜੇ ਪਾਸੇ ਘੱਟ ਜਾਂਦੀ ਹੈ| ਇਸਨੂੰ ਡੌਰਪਲਰ ਬੀਮਿੰਗ ਕਹਿੰਦੇ ਹਨ| ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਤਸਵੀਰ ਵਿੱਚ ਐਕਰੀਸ਼ਨ ਡਿਸਕ ਦਾ ਬਲੈਕ ਹੋਲ ਦੇ ਸਾਹਮਣੇ ਵਾਲਾ ਪਾਸਾ ਹੀ ਨਹੀਂ, ਬਲਕਿ ਇਸਦਾ ਬਲੈਕ ਹੋਲ ਦੇ ਪਿੱਛੇ ਵਾਲਾ ਪਾਸਾ ਵੀ ਦਿਖ ਰਿਹਾ ਹੈ| ਇਸਦਾ ਕਾਰਣ ਬਲੈਕ ਹੋਲ ਦੀ ਗੁਰੂਤਾ ਹੈ ਜੋਕਿ ਬਲੈਕ ਹੋਲ ਦੇ ਪਿੱਛੇ ਵਾਲੇ ਪ੍ਰਕਾਸ਼ ਮੋੜ ਕੇ ਅੱਗੇ ਵੱਲ ਭੇਜ ਦਿੰਦੀ ਹੈ| ਇਹ ਨਿਰੀਖਣ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਦੇ ਬਿਲਕੁਲ ਫਿੱਟ ਬੈਠਦਾ ਹੈ| ਇਸ ਤਸਵੀਰ ਨਾਲ ਜੋ ਵੀ ਜਾਣਕਾਰੀ ਮਿਲੀ ਹੈ ਓਹ ਸਾਪੇਖਤਾ ਦੇ ਸਿਧਾਂਤਾਂ ਤੇ ਬਿਲਕੁਲ ਖਰੀ ਉੱਤਰੀ ਹੈ ਅਤੇ ਆਈਨਸਟਾਈਨ ਇੱਕ ਵਾਰ ਫ਼ਿਰ ਆਪਣੀ ਉੱਤਮਤਾ ਸਿੱਧ ਕਰਨ ਵਿੱਚ ਕਾਮਯਾਬ ਰਿਹਾ ਹੈ

ਬਲੈਕ ਹੋਲ ਦੀ ਪਹਿਲੀ ਤਸਵੀਰ ਭਾਵੇਂ ਜਿਆਦਾ ਸਾਫ਼ ਨਹੀਂ ਹੈ ਪਰ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀ ਪੁਲਾਂਘ ਹੈ| ਪਿਛਲੇ ਦਿਨੀਂ ਵਿਗਿਆਨੀਆਂ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ EHT ਨਾਲ  ਇਸੇ ਬਲੈਕ ਹੋਲ ਦੇ ਪ੍ਰਕਾਸ਼ ਦੇ ਪੋਲਾਰਾਈਜ਼ਡ ਹੋਣ ਦੀ ਪੁਸ਼ਟੀ ਕੀਤੀ ਹੈ ਜੋਕਿ ਬਲੈਕ ਹੋਲ ਦੇ ਆਲੇ ਦੁਆਲੇ ਚੁੰਬਕੀ ਖੇਤਰ ਹੋਣ ਦੀ ਹਾਮੀ ਭਰਦਾ ਹੈ| ਇਸ ਚੁੰਬਕੀ ਖੇਤਰ ਨਾਲ ਹੀ ਬਲੈਕ ਹੋਲਜ਼ ਵਿੱਚੋਂ ਨਿਕਲਣ ਵਾਲੀਆਂ ਪ੍ਰਕਾਸ਼ ਦੀਆਂ ਤੇਜ਼ ਕਿਰਨਾਂ (jet) ਨੂੰ ਸਮਝਾਇਆ ਜਾ ਸਕਦਾ ਹੈ| ਭਵਿੱਖ ਵਿੱਚ ਹੋਰ ਵੀ ਸਾਫ਼ ਤਸਵੀਰਾਂ ਆਉਣ ਦੀ ਉਮੀਦ ਹੈ ਜੋ ਕਿ ਬਲੈਕ ਹੋਲਜ਼ ਬਾਰੇ ਸਾਡੀ ਸਮਝ ਨੂੰ ਹੋਰ ਅੱਗੇ ਲਈ ਕੇ ਜਾਵੇਗਾ|