ਏਸ਼ਿਆਈ ਚੈਂਪੀਅਨਜ਼ ਟਰਾਫੀ 2021  ਮੁਕਾਬਲਾ

ਏਸ਼ਿਆਈ ਚੈਂਪੀਅਨਜ਼ ਟਰਾਫੀ 2021  ਮੁਕਾਬਲਾ

ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਹਰਾਇਆ

ਅੰਮ੍ਰਿਤਸਰ ਟਾਈਮਜ਼

ਢਾਕਾ : ਪਿਛਲੀ ਵਾਰ ਦੇ ਜੇਤੂ ਭਾਰਤ ਨੇ  ਬੀਤੇ ਐਤਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਵਿਚ ਜਾਪਾਨ ਨੂੰ 6-0 ਨਾਲ ਦਰੜ ਦਿੱਤਾ। ਇਸ ਨਾਲ ਭਾਰਤੀ ਟੀਮ ਨੂੰ ਰਾਊਂਡ ਰਾਬਿਨ ਗੇੜ ਦੇ ਇਕ ਵੀ ਮੈਚ ਵਿਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ।ਹਰਮਨਪ੍ਰੀਤ ਸਿੰਘ (10ਵੇਂ ਤੇ 53ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਦਿਲਪ੍ਰੀਤ ਸਿੰਘ (23ਵੇਂ ਮਿੰਟ), ਜਰਮਨਪ੍ਰੀਤ ਸਿੰਘ (34ਵੇਂ ਮਿੰਟ), ਸੁਮਿਤ (46ਵੇਂ ਮਿੰਟ) ਤੇ ਸ਼ਮਸ਼ੇਰ ਸਿੰਘ (54ਵੇਂ ਮਿੰਟ) ਨੇ ਵੀ ਮੌਲਾਨਾ ਭਸਾਨੀ ਹਾਕੀ ਸਟੇਡੀਅਮ ਵਿਚ ਸਕੋਰ ਸ਼ੀਟ ਵਿਚ ਆਪਣੇ ਨਾਂ ਦਰਜ ਕਰਵਾਏ। ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ। ਪੰਜ ਦੇਸ਼ਾਂ ਦੇ ਟੂਰਨਾਮੈਂਟ ਦੇ ਰਾਊਂਡ ਰਾਬਿਨ ਗੇੜ ਦੇ ਅੰਤ ਵਿਚ ਭਾਰਤ 10 ਅੰਕ ਲੈ ਕੇ ਸੂਚੀ ਵਿਚ ਚੋਟੀ ’ਤੇ ਬਣਿਆ ਹੋਇਆ ਹੈ ਜਿਸ ਤੋਂ ਬਾਅਦ ਕੋਰੀਆ (ਛੇ), ਜਾਪਾਨ (ਪੰਜ), ਪਾਕਿਸਤਾਨ (ਦੋ) ਤੇ ਮੇਜ਼ਬਾਨ ਬੰਗਲਾਦੇਸ਼ (ਜ਼ੀਰੋ) ਹਨ। ਇਹ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ।

ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਕੋਰੀਆ ਨੇ ਭਾਰਤ ਨੂੰ ਡਰਾਅ ’ਤੇ ਰੋਕ ਦਿੱਤਾ ਸੀ ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾ ਕੇ ਚੀਜ਼ਾਂ ਬਦਲ ਦਿੱਤੀਆਂ ਜਿਸ ਤੋਂ ਬਾਅਦ ਉਸ ਨੇ ਧੁਰ ਵਿਰੋਧੀ ਪਾਕਿਸਤਾਨ ਨੂੰ ਵੀ ਹਰਾਇਆ ਤੇ ਫਿਰ ਜਾਪਾਨ ਨੂੰ ਵੀ ਮਾਤ ਦਿੱਤੀ। ਭਾਰਤ ਦੇ ਮਨੋਬਲ ਵਿਚ ਇਸ ਦਬਦਬੇ ਵਾਲੀ ਜਿੱਤ ਨਾਲ ਕਾਫੀ ਵਾਧਾ ਹੋਵੇਗਾ ਤੇ ਟੀਮ ਟੂਰਨਾਮੈਂਟ ਦੇ ਅੰਤ ਵਿਚ ਆਤਮ ਵਿਸ਼ਵਾਸ ਨਾਲ ਭਰੀ ਹੋਵੇਗੀ। ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਦੀ ਗੋਲਡ ਮੈਡਲ ਜੇਤੂ ਟੀਮ ਜਾਪਾਨ ਨੂੰ ਸਾਰੇ ਵਿਭਾਗਾਂ ਵਿਚ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।