ਬਰੈਂਪਟਨ ਦੀ ਸਟ੍ਰੀਟ ਨੂੰ ‘ਮੂਸੇਵਾਲਾ ਨਾਮ ਦਿੱਤਾ ਜਾ ਸਕਦੈ

ਬਰੈਂਪਟਨ ਦੀ ਸਟ੍ਰੀਟ ਨੂੰ ‘ਮੂਸੇਵਾਲਾ ਨਾਮ ਦਿੱਤਾ ਜਾ ਸਕਦੈ

ਤਜਵੀਜ਼ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ 

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਬਰੈਪਟਨ: ਬਰੈਪਟਨ ਦੇ ਡਿਪਟੀ ਮੇਅਰ ਤੇ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਿਟੀ 'ਵਿਚ ਤਜਵੀਜ਼ ਪੇਸ਼ ਕੀਤੀ ਗਈ ਹੈ। ਜਿਸ ਵਿਚ ਬਰੈਂਪਟਨ ਦੀ ਸਟ੍ਰੀਟ ਨੂੰ ‘ਮੂਸਾ' ਨਾਮ ਦਿੱਤਾ ਜਾ ਸਕਦਾ ਹੈ, ਜੋ ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਪਿੰਡ ਦਾ ਨਾਮ ਹੈ। ਤਜਵੀਜ਼ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਹਰਕੀਰਤ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਸਿੱਧੂ ਮੂਸੇਵਾਲਾ ਇੱਕ ਅਹਿਮ ਸ਼ਖਸੀਅਤ ਹੈ।

ਬਰੈਂਪਟਨ ਸਿਟੀ ਕੌਂਸਲ ਵੱਲੋਂ ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦੋਂ 29 ਮਈ ਨੂੰ ਸ਼ੁਭਦੀਪ ਸਿੰਘ ਸਿੱਧੂ ਦੀ ਬਰਸੀ ਮਨਾਈ ਜਾਣੀ ਹੈ। ਇਸ ਤੋਂ ਪਹਿਲਾਂ ਬਰੈਂਪਟਨ ਸ਼ਹਿਰ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਮਿਊਰਲ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤਹਿਤ ਵਿਚ 96 ਵਰਗ ਫੁੱਟ ਦੀ ਇਕ ਕੰਧ ‘ਤੇ ਪੇਂਟਿੰਗ ਬਣਾਈ ਗਈ ਹੈ। ਸਿੱਧੂ ਮੂਸੇਵਾਲਾ 2016 ਵਿਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਬਰੈਂਪਟਨ ਵਿਚ ਕਾਫ਼ੀ ਸਮਾਂ ਬਤੀਤ ਕੀਤਾ।

ਇਸ ਤੋਂ ਪਹਿਲਾ ਸੁਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਦੀਵਾਰ ‘ਤੇ 12 ਫੁੱਟ ਗੁਣਾ 8 ਫੁੱਟ ਦਾ ਪੇਂਟਿੰਗ ਬਣਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ। ਪੇਂਟਿੰਗ ਤਿਆਰ ਕਰਨ ਦਾ ਕੰਮ ਵਾਲੰਟੀਅਰ ਆਰਟਿਸਟਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਦਾ ਡਿਜ਼ਾਈਨ ਜੈਸਮਿਨ ਪਨੂੰ ਵੱਲੋਂ ਤਿਆਰ ਕੀਤਾ ਗਿਆ ਜਿਸ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਰਾਇਲ ਓਨਟਾਰੀਓ ਮਿਊਜ਼ੀਅਮ ਸਣੇ ਕਈ ਨਾਮੀ ਥਾਵਾਂ ‘ਤੇ ਲੱਗ ਚੁੱਕੀ ਹੈ। ਬਰੈਂਪਟਨ ਦੇ ਸੈਰੀਡਨ ਕਾਲਜ ਨੇੜੇ ਸਿੱਧੂ ਦੀ ਯਾਦ ਵਿੱਚ ਰੁੱਖ ਲਗਾ ਕੇ ਵੀ ਸ਼ਰਧਾਂਜਲੀ ਦਿੱਤੀ ਗਈ ਸੀ।