ਅਮਰੀਕਾ ਵਿਚ ਦੋ ਥਾਵਾਂ 'ਤੇ ਗੋਲੀਬਾਰੀ ਵਿਚ ਇਕ ਬੱਚੀ ਸਮੇਤ 8 ਜ਼ਖਮੀ
* ਦੋਨੋਂ ਘਟਨਾਵਾਂ ਆਪਸ ਵਿਚ ਜੁੜੀਆਂ ਹੋਈਆਂ ਹਨ-ਪੁਲਿਸ ਦਾ ਦਾਅਵਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਵਾਸ਼ਿੰਗਟਨ, ਡੀ ਸੀ ਵਿਚ ਬੀਤੀ ਰਾਤ ਦੋ ਥਾਵਾਂ 'ਤੇ ਗੋਲੀਬਾਰੀ ਹੋਣ ਦੀ ਖਬਰ ਹੈ ਜਿਸ ਦੌਰਾਨ ਇਕ 12 ਸਾਲਾਂ ਦੀ ਬੱਚੀ ਸਮੇਤ 8 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਫਸਰਾਂ ਨੂੰ ਰਾਤ 10 ਵਜੇ ਦੇ ਆਸਪਾਸ ਜਿਲੇ ਦੇ ਦੱਖਣ ਪੱਛਮੀ ਚਤੁਰਭੁਜ ਹਿੱਸੇ ਵਿਚ ਗੋਲੀਆਂ ਚਲਣ ਦੀ ਸੂਚਨਾ ਮਿਲੀ ਸੀ ਜਿਸ ਉਪਰੰਤ ਤੁਰੰਤ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਜਿਥੇ ਉਨਾਂ ਨੂੰ 7 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ। ਹਾਲਾਂ ਕਿ ਉਨਾਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ। ਪੁਲਿਸ ਅਨੁਸਾਰ ਜ਼ਖਮੀਆਂ ਵਿਚੋਂ ਕੁਝ ਤਾਂ ਖੁਦ ਹੀ ਸਥਾਨਕ ਹਸਪਤਾਲ ਵਿਚ ਪਹੁੰਚ ਗਏ। ਪੁਲਿਸ ਅਜੇ ਇਸ ਗੋਲੀਬਾਰੀ ਦਾ ਜਾਇਜ਼ਾ ਹੀ ਲੈ ਰਹੀ ਸੀ ਤਾਂ ਉਸ ਨੂੰ ਇਥੋਂ ਥੋਹੜੀ ਦੂਰ ਗੋਲੀ ਚੱਲਣ ਦੀ ਸੂਚਨਾ ਮਿਲੀ ਜਿਥੇ ਇਕ 12 ਸਾਲਾਂ ਦੀ ਬੱਚੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਈ। ਪੁਲਿਸ ਅਨੁਸਾਰ ਬੱਚੀ ਦੀ ਹਾਲਤ ਸਥਿੱਰ ਹੈ ਤੇ ਉਸ ਦਾ ਜ਼ਖਮ ਵੀ ਚਿੰਤਾਜਨਕ ਨਹੀਂ ਹੈ। ਪੁਲਿਸ ਨੂੰ ਦੋਨਾਂ ਥਾਵਾਂ ਤੋਂ ਕਈ ਕਾਰਤੂਸ ਮਿਲੇ ਹਨ। ਪੁਲਿਸ ਇਕ ਕਾਲੇ ਰੰਗ ਦੀ ਸੇਡਾਨ ਕਾਰ ਜੋ ਸੰਭਾਵੀ ਤੌਰ ਮਰਸੀਡੀਜ਼ ਹੋ ਸਕਦੀ ਹੈ, ਜਿਸ ਵਿਚੋਂ ਲੋਕਾਂ ਨੇ ਗੋਲੀਆਂ ਚੱਲਦੀਆਂ ਵੇਖੀਆਂ ਸਨ, ਦੀ ਭਾਲ ਕਰ ਰਹੀ ਹੈ। ਪਲਿਸ ਵਿਭਾਗ ਦੇ ਅਸਿਸਟੈਂਟ ਚੀਫ ਆਂਦਰੇ ਰਾਈਟ ਨੇ ਕਿਹਾ ਹੈ ਕਿ ਅਸੀਂ ਦੋਨਾਂ ਘਟਨਾਵਾਂ ਨੂੰ ਆਪਸ ਵਿਚ ਜੋੜ ਕੇ ਜਾਂਚ ਕਰ ਰਹੇ ਹਾਂ। ਹਾਲਾਂ ਕਿ ਹੋ ਸਕਦਾ ਹੈ ਕਿ ਅਜਿਹਾ ਨਾ ਹੋਵੇ ਪਰੰਤੂ ਸਮੁੱਚੇ ਹਾਲਾਤ ਦੇ ਮਦੇਨਜ਼ਰ ਮੈ ਕਹਿ ਸਕਦਾ ਹਾਂ ਕਿ ਦੋਨਾਂ ਘਟਨਾਵਾਂ ਦਾ ਆਪਸ ਵਿਚ ਸਬੰਧ ਹੈ।
Comments (0)