ਨਸ਼ਿਆਂ ਦੇ ਕੋਹੜ ਬਾਰੇ ਸਾਡੀ ਸਮਝ ਨੂੰ ਨਿਖਾਰਨ ਦੀ ਜਰੂਰਤ
ਪੰਜਾਬ ਦੇ ਹਲਾਤਾਂ ਬਾਰੇ ਗੱਲ ਕਰਦਿਆਂ, ਭਵਿੱਖ ਦੀ ਗੱਲ ਕਰਦਿਆਂ ਕਦੇ ਇਹ ਨਹੀਂ ਹੋ ਸਕਦਾ ਕਿ ਨਸ਼ਿਆਂ ਬਾਰੇ ਗੱਲ ਨਾ ਹੋਵੇ।
ਅਕਸਰ ਨਸ਼ਿਆਂ ਬਾਰੇ ਜੁੜੀਆਂ ਖਬਰਾਂ ਪੰਜਾਬ ਵਾਸੀਆਂ ਨੂੰ ਸੁਣਨੀਆਂ ਪੈਂਦੀਆਂ ਹਨ। ਕਦੇ ਕਿਸੇ ਨੌਜਵਾਨ ਦੀ ਨਸ਼ਾ ਕਰਦਿਆਂ ਮੌਤ ਸੁਣਨ ਨੂੰ ਮਿਲਦੀ ਹੈ, ਜਾਂ ਵੱਡੀ ਪੱਧਰ 'ਤੇ ਨਸ਼ਿਆਂ ਦੀ ਖੇਪ ਫੜੀ ਜਾਣ ਦੀਆਂ ਖਬਰਾਂ, ਨਹੀਂ ਤੇ ਬਜ਼ਾਰਾਂ ਵਿਚ ਆਏ ਨਵੇਂ ਤਰ੍ਹਾਂ ਦੇ ਨਸ਼ੇ ਬਾਰੇ ਇੰਟਰਨੈੱਟ 'ਤੇ ਪੜਨ ਸੁਣਨ ਨੂੰ ਮਿਲਦਾ ਹੈ। ਨਸ਼ਿਆਂ ਬਾਰੇ ਗੱਲ ਅਕਸਰ ਚੋਣਾਂ ਵੇਲੇ ਵੱਧ ਸੁਣਨ ਨੂੰ ਮਿਲਦੀ ਹੈ, ਸਿਆਸੀ ਧੜਿਆਂ ਵਲੋਂ ਨਸ਼ਾ ਖਤਮ ਕਰਨ ਦੇ ਵਾਅਦੇ ਸੁਣਨ ਨੂੰ ਮਿਲਦੇ ਹਨ, ਚੋਣਾਂ ਤੋਂ ਬਾਅਦ ਇਹੀ ਗੱਲਾਂ 'ਤੇ ਲਾਰੇ ਮਿਲਦੇ ਹਨ। ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਪੰਜਾਬ ਪ੍ਰਤੀ ਅਕਸਰ ਇਹ ਰਾਏ ਬਣ ਜਾਂਦੀ ਹੈ ਕਿ ਨਸ਼ਾ ਕੇਵਲ ਪੰਜਾਬ ਵਿਚ ਹੀ ਹੈ। ਨਸ਼ਿਆਂ ਬਾਰੇ ਖ਼ਬਰਾਂ, ਆਮ ਬੋਲਚਾਲ ਵਿਚ ਨਸ਼ੇ ਦੀਆਂ ਗੱਲਾਂ ਕਰਕੇ ਸੋਚ ਇਹ ਬਣ ਜਾਂਦੀ ਹੈ ਕਿ ਨਸ਼ਾ ਬਹੁਤ ਜਿਆਦਾ ਹੈ। ਅਜਿਹੀ ਰਾਏ ਬਣਨ ਦਾ ਅਧਾਰ ਅਕਸਰ ਦੇਖਣ ਦਾ ਨਜ਼ਰੀਆ ਹੁੰਦਾ ਹੈ। ਸਾਡੇ ਆਲੇ ਦੁਆਲੇ ਦੇ ਘੇਰੇ ਮੁਤਾਬਿਕ ਅਸੀਂ ਦੁਨੀਆਂ ਨੂੰ ਵੇਖਦੇ ਹਾਂ। ਜੇਕਰ ਸਾਡੇ ਘੇਰੇ ਵਿਚ ਨਸ਼ੇ ਨੂੰ ਵਰਤਣ ਵਾਲੇ ਬਹੁਤੇ ਲੋਕ ਹੋਣ ਤਾਂ ਅਜਿਹਾ ਸੋਚਣਾ ਸੁਭਾਵਿਕ ਹੈ ਕਿ ਸਾਰੇ ਨਸ਼ਾ ਕਰਦੇ ਹਨ। ਜੇਕਰ ਘੇਰਾ ਨਸ਼ੇ ਤੋਂ ਰਹਿਤ ਬੰਦਿਆ ਦਾ ਹੈ ਤਾਂ ਸਿਰਫ ਥੋੜ੍ਹੇ ਲੋਕ ਹੀ ਨਸ਼ਾ ਕਰਦੇ ਪ੍ਰਤੀਤ ਹੋਣਗੇ। ਇਸ ਬਾਰੇ ਸਹੀ ਅੰਦਾਜ਼ਾ ਲਗਾਏ ਬਿਨਾਂ ਸਮਾਜ ਨੂੰ ਚੰਗੇ ਪਾਸੇ ਲਿਜਾਣਾ ਮੁਸ਼ਕਿਲ ਹੋਵੇਗਾ।
ਹੁਣ ਦੇ ਹਲਾਤਾਂ ਵਿਚ ਪੰਜਾਬ ਵਿਚ ਨਸ਼ੇ ਬਾਰੇ ਜਿਆਦਾਤਰ ਲੋਕਾਂ ਦੀ ਸੋਚ ਨਾ ਪੱਖੀ ਹੈ, ਪੰਜਾਬ ਵਿਚ ਕੁਝ ਵੀ ਸਾਨੂੰ ਚੰਗਾ ਨਹੀਂ ਦਿਖਾਈ ਦੇ ਰਿਹਾ। ਨਸ਼ਿਆਂ ਦੇ ਮਾਮਲੇ ਵਿਚ ਤਾਂ ਦੁਨੀਆਂ ਭਰ ਦੇ ਸਾਰੇ ਨਸ਼ੇ ਸਿਰਫ ਪੰਜਾਬ ਵਿੱਚ ਹੀ ਹੋ ਰਹੇ ਜਾਪਦੇ ਹਨ। ਪਰ ਅਜਿਹਾ ਸੱਚ ਨਹੀਂ ਹੈ। ਪੰਜਾਬ ਵਿਚ ਨਸ਼ਾ ਹੈ, ਪਰ ਧਰਤੀ ਦੀਆਂ ਹੋਰ ਜਗ੍ਹਾਵਾਂ 'ਤੇ ਨਸ਼ਾ ਪੰਜਾਬ ਤੋਂ ਵੀ ਕਿਤੇ ਜਿਆਦਾ ਹੈ। ਸਦੀਆਂ ਪਹਿਲਾਂ ਰਣਜੀਤ ਸਿੰਘ ਦੇ ਰਾਜ ਵਿੱਚ ਆਇਆ ਇੱਕ ਅੰਗਰੇਜ਼ ਲਿਖਾਰੀ ਪੰਜਾਬ ਦੇ ਬੰਦੇ ਅਤੇ ਤੀਵੀਂਆਂ ਬਾਰੇ ਲਿਖਦਾ ਹੈ ਕਿ ਪੰਜਾਬ ਵਿਚ ਲੋਕ ਹਿੰਦੁਸਤਾਨ ਨਾਲੋਂ ਤਕੜੇ ਹਨ। ਜਿਥੇ ਪੂਰੇ ਹਿੰਦੁਸਤਾਨ ਵਿਚ ਬੰਦੇ ਅਤੇ ਤੀਵੀਂਆਂ ਦੇ ਦੰਦ ਤੰਬਾਕੂ ਨੇ ਖਤਮ ਕਰ ਦਿੱਤੇ ਹਨ, ਪੰਜਾਬ ਦੇ ਲੋਕ ਇਸ ਬਿਮਾਰੀ ਤੋਂ ਬਚੇ ਹੋਏ ਹਨ। ਸਾਲਾਂ ਪਹਿਲਾਂ ਅੰਗਰੇਜ਼ ਹਾਕਮਾਂ ਅਤੇ ਹਿੰਦੁਸਤਾਨ ਦੇ ਰਾਜਿਆਂ ਦੀ ਪੰਜਾਬ ਦੇ ਸਿੱਖ ਕਿਸਾਨਾਂ ਬਾਰੇ ਰਾਏ ਸੀ ਕਿ ਇਹ ਬਹੁਤ ਮਿਹਨਤੀ ਹਨ, ਬਿਨਾਂ ਰੁਕੇ ਕੰਮ ਨੂੰ ਸਿਰੇ ਚੜਾਉਂਦੇ ਹਨ। ਇਹ ਟਿੱਪਣੀਆਂ ਬੜੀਆਂ ਮਹੱਤਵਪੂਰਨ ਹਨ। ਪੰਜਾਬ ਬਾਰੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਤਬਕੇ ਦੀ ਹਾਲਤ ਸਦੀਆਂ ਪਹਿਲਾਂ ਵੀ ਉਹੀ ਸੀ ਅਤੇ ਅੱਜ ਵੀ ਉਹੀ ਹੈ। ਇਥੋਂ ਤੱਕ ਕਿ ਅੱਜ ਕਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਨਸ਼ਾ ਦੁਨੀਆਂ ਵਿਚ ਸਭ ਤੋਂ ਵੱਧ ਹੈ, ਜਿਥੋਂ ਦੇ ਹਲਾਤ ਆਮ ਤੌਰ 'ਤੇ ਪੰਜਾਬ ਨਾਲੋਂ ਵਧੀਆ ਦੱਸੇ ਜਾਂਦੇ ਹਨ।
ਨਸ਼ਾ ਮਨੁੱਖਤਾ ਕੋਲ ਸਦੀਆਂ ਤੋਂ ਸੀ। ਸਿਆਣੇ ਪੁਰਖਾਂ ਨੇ ਸਦਾ ਇਹਨਾਂ ਅਲਾਮਤਾਂ ਤੋਂ ਦੁਨੀਆਂ ਨੂੰ ਬਚਣ ਦੀ ਤਾਕੀਦ ਕੀਤੀ ਹੈ। ਸਦਾ ਹੀ ਨਸ਼ੇ ਤੋਂ ਬਿਨਾਂ ਵੀ ਲੋਕ ਧਰਤੀ 'ਤੇ ਰਹੇ ਹਨ ਅਤੇ ਨਸ਼ਿਆਂ ਵਿਚ ਗ਼ਲਤਾਨ ਲੋਕ ਵੀ ਰਹੇ ਹਨ। ਪੂਰੀ ਤਰ੍ਹਾਂ ਕਿਸੇ ਵੀ ਚੀਜ਼ ਨੂੰ ਧਰਤ ਤੋਂ ਖ਼ਤਮ ਨਹੀਂ ਕੀਤਾ ਜਾ ਸਕਦਾ। ਨੇੜੇ ਦੇ ਘੇਰੇ ਵਿੱਚ ਨਸ਼ਾ ਨਾ ਆਵੇ, ਇਸ ਲਈ ਜਰੂਰੀ ਹੈ ਨਸ਼ੇ ਦੇ ਮੁਕਾਬਲੇ ਕਿਸੇ ਵੱਡੀ ਗੱਲ ਦਾ ਸਹਾਰਾ ਕੋਲ ਹੋਵੇ, ਚਾਹੇ ਉਹ ਸਮਾਜਿਕ/ਨਿੱਜੀ ਕਿਰਦਾਰ ਹੋਵੇ, ਪਰਿਵਾਰਕ ਮਾਣ ਸਨਮਾਨ ਹੋਵੇ ਜਾਂ ਧਰਮ ਦਾ ਕੁੰਡਾ ਹੋਵੇ। ਨਸ਼ੇ ਸਮੇਤ ਕਿਸੇ ਵੀ ਮਾੜੀ ਆਦਤ ਤੋਂ ਬਚਾਅ ਲਈ ਸਦਾ ਤੋਂ ਸਿਆਣੇ ਬੰਦੇ ਇਹ ਗੱਲ ਕਰਦੇ ਆਏ ਹਨ ਕਿ ਸਾਥ ਵਧੀਆ ਲੋਕਾਂ ਦਾ ਹੋਵੇ। ਸਿਆਣਿਆਂ ਦਾ ਇਹ ਕਹਿਣਾ ਕਿ ਜੈਸੀ ਬੈਠਕ ਤੈਸੀ ਸੋਬਤ ਗਲਤ ਨਹੀਂ ਹੈ। ਨਸ਼ੇ ਕਰਨ ਸਬੰਧੀ ਨਿੱਜੀ ਵਿਚਾਰ, ਕਿਸੇ ਪਰੇਸ਼ਾਨੀ ਜਾਂ ਖੁਸ਼ੀ ਦੇ ਸਮੇਂ ਨਸ਼ੇ ਦੇ ਵਿਚਾਰ ਬਣਨ ਪਿਛੇ ਬੰਦੇ ਦੇ ਸੰਸਕਾਰ ਹੁੰਦੇ ਹਨ, ਜਿਹੜੇ ਘਰ, ਸਮਾਜ, ਸਾਥੀਆਂ ਅਤੇ ਮੀਡੀਆ ਦੇ ਸਾਰੇ ਸਾਧਨਾਂ ਵਿਚੋਂ ਆਉਂਦੇ ਹਨ, ਜਿਨ੍ਹਾਂ ਵਿੱਚ ਟੈਲੀਵਿਜ਼ਨ, ਗੀਤ ਆਦਿ ਵੀ ਸ਼ਾਮਲ ਹਨ। ਬੰਦੇ ਦੇ ਸੰਸਕਾਰਾਂ ਲਈ ਅਸੀਂ ਮਾਪਿਆਂ ਵਜੋਂ, ਪਿੰਡ ਵਜੋਂ ਤੇ ਸਮਾਜ ਵਜੋਂ ਕਿਹੋ ਜਿਹਾ ਮਹੌਲ ਦੇ ਰਹੇ ਹਾਂ? ਸਾਡਾ ਅਮਲ ਕੀ ਹੈ? ਸਾਡੇ ਯਤਨ ਕੀ ਹਨ? ਅਸੀਂ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜ ਕੇ ਜੇਕਰ ਦੋਸ਼ ਕਿਸੇ ਹੋਰ ਸਰ ਮੜ੍ਹਾਗੇ ਤਾਂ ਹਲਾਤ ਹੋਰ ਮਾੜੇ ਹੋਣਗੇ, ਚੰਗੇ ਨਹੀਂ। ਇਹ ਗੱਲ ਠੀਕ ਹੈ ਕਿ ਸਰਕਾਰਾਂ ਤੇ ਅਜਿਹੇ ਹੋਰ ਢਾਂਚੇ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੇ, ਉਨ੍ਹਾਂ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਪਰ ਸਾਡੀ ਵੱਡੀ ਜਿੰਮੇਵਾਰੀ ਪਹਿਲਾਂ ਮਾਪਿਆਂ ਵਜੋਂ ਹੈ, ਪਿੰਡ ਵਜੋਂ ਹੈ ਤੇ ਸਮਾਜ ਵਜੋਂ ਹੈ।
ਰਾਜਨੀਤਕ ਤੌਰ 'ਤੇ ਮਾੜੇ ਇਰਾਦੇ ਤਹਿਤ ਹੀ ਪ੍ਰਚਾਰਿਆ ਜਾਂਦਾ ਹੈ ਕਿ ਪੰਜਾਬ ਵਿੱਚ ਨਸ਼ਾ ਜਿਆਦਾ ਹੈ। ਜਦਕਿ ਅਸਲੀਅਤ ਵਿੱਚ ਪੰਜਾਬ ਨਸ਼ੇ ਦੇ ਪੱਖ ਤੋਂ ਅਜੇ ਵੀ ਬਹੁਤ ਚੰਗਾ ਹੈ। ਅਜਿਹਾ ਕਰਨ ਪਿਛੇ ਇੱਕ ਤਾਂ ਪੰਜਾਬ ਦੇ ਲੋਕ ਢਹਿਦੀ ਕਲਾ ਵਿੱਚ ਜਾਂਦੇ ਹਨ, ਸਗੋਂ ਨਸ਼ਿਆਂ ਦਾ ਪ੍ਰਚਾਰ ਵੀ ਹੁੰਦਾ ਹੈ। ਨਾਲ ਹੀ ਕਈ ਰਾਜਨੀਤਕ ਨਿਸ਼ਾਨੇ ਵੀ ਪੂਰੇ ਹੁੰਦੇ ਹਨ। ਆਮ ਬੰਦਾ ਜੋ ਭਾਵੇਂ ਕਦੇ ਕਿਸੇ ਨਸ਼ੇ ਦੇ ਕੋਲ ਦੀ ਨਾ ਲੰਘਿਆ ਹੋਵੇ, ਪਰ ਹਰ ਵੇਲੇ ਨਸ਼ਾ, ਚਿੱਟਾ, ਆਦਿ ਸੁਣਦੇ ਕਦੇ ਨਾ ਕਦੇ ਨਸ਼ਿਆਂ ਬਾਰੇ ਸੋਚਦਾ ਜਰੂਰ ਹੈ। ਇਹੋ ਪ੍ਰਚਾਰ ਨਸ਼ੇ ਦੇ ਕਾਰੋਬਾਰੀਆਂ ਨੂੰ ਰਾਸ ਆਉਂਦਾ ਹੈ। ਜਿਸ ਦੀ ਗੱਲ ਚੱਲਦੀ ਹੈ, ਹਜ਼ਾਰਾਂ ਲੋਕਾਂ ਵਿਚੋਂ ਪੰਜ ਚਾਰ ਬੰਦੇ ਉਸਦੇ ਵਪਾਰੀ ਬਣਕੇ ਨਫ਼ਾ ਕਮਾਉਣ ਲਈ, ਕੁਝ ਗਾਹਕ ਬਣਕੇ ਭੋਗਣ ਲਈ ਨਿਕਲ ਹੀ ਆਉਂਦੇ ਹਨ। ਬਜ਼ਾਰ ਲੱਗਿਆ ਹੋਵੇ ਤਾਂ ਸਮਰੱਥਾ ਅਨੁਸਾਰ ਕੁਝ ਸਸਤਾ ਖਰੀਦ ਲੈਂਦੇ ਹਨ, ਕੁਝ ਮਹਿੰਗਾ। ਆਮ ਲੋਕ, ਕਾਰੋਬਾਰੀ, ਕੰਪਨੀਆਂ ਤੋਂ ਇਲਾਵਾ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਰਹਿੰਦੀਆਂ ਹਨ। ਸ਼ਰਾਬ ਦੇ ਕਾਰੋਬਾਰ ਵਿੱਚ ਸਰਕਾਰ ਖੁਦ ਸ਼ਾਮਲ ਹੈ।
ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕ ਵਿਅਕਤੀ ਦੇ ਤੌਰ 'ਤੇ ਸਾਡੀ ਕੋਸ਼ਿਸ ਅਤੇ ਸਮਝ ਨੂੰ ਨਿਖਾਰਨ ਦੀ ਜਰੂਰਤ ਹੈ। ਨਸ਼ਾ ਬਹੁਤ ਵੱਡਾ ਕੋਹੜ ਹੈ, ਤਾਂ ਕੇਵਲ ਪੰਜਾਬ ਦੇ ਹਲਾਤਾਂ ਬਾਰੇ ਚਿੰਤਾ ਕਰਨ ਨਾਲ ਇਹ ਕੋਹੜ ਦੂਰ ਨਹੀਂ ਹੋਵੇਗਾ।
ਸੰਪਾਦਕ
ਮਲਕੀਤ ਸਿੰਘ
Comments (0)