ਰਾਸ਼ਟਰਪਤੀ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਵਿਰੁੱਧ ਲੱਗੇ ਸੰਘੀ ਗੰਨ ਦੋਸ਼ ਬਣ ਸਕਦੇ ਹਨ ਪਾਰਟੀ ਸਮਰਥਕਾਂ ਲਈ ਚੁਣੌਤੀ

ਰਾਸ਼ਟਰਪਤੀ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਵਿਰੁੱਧ ਲੱਗੇ ਸੰਘੀ ਗੰਨ ਦੋਸ਼ ਬਣ ਸਕਦੇ ਹਨ ਪਾਰਟੀ ਸਮਰਥਕਾਂ ਲਈ ਚੁਣੌਤੀ
ਕੈਪਸ਼ਨ ਹੰਟਰ ਬਾਈਡਨ ਆਪਣੇ ਪਿਤਾ ਜੋ ਬਾਈਡਨ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਹੰਟਰ ਬਾਈਡਨ ਵਿਰੁੱਧ ਝੂਠ ਬੋਲ ਕੇ ਰਿਵਾਲਵਰ ਲੈਣ ਦੇ ਮਾਮਲੇ ਵਿਚ ਦੋਸ਼ ਉਸ ਸਮੇ ਆਇਦ ਹੋਏ ਹਨ ਜਦੋਂ ਉਨਾਂ ਦੇ ਪਿਤਾ ਜੋ ਬਾਈਡਨ 2024 ਵਿਚ ਦੁਬਾਰਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਦੋਸ਼ ਆਇਦ ਹੋਣ ਦਾ ਸਮਾਂ ਡੈਮੋਕਰੈਟਿਕ ਪਾਰਟੀ ਦੇ ਸਮਰਥਕਾਂ ਵਿਚ ਭੰਬਲਭੂਸਾ ਪੈਦਾ ਕਰ ਸਕਦਾ ਹੈ। ਡੈਮੋਕਰੈਟਿਕ ਪਾਰਟੀ ਲਈ ਬੇਹਤਰ ਇਹ ਹੈ ਕਿ ਦੋਸ਼ਾਂ ਦਾ ਨਿਪਟਾਰਾ ਛੇਤੀ ਹੋ ਜਾਵੇ ਪਰੰਤੂ ਜੇਕਰ ਮੱਤਦਾਤਾ ਵੱਲੋਂ ਦੁਬਾਰਾ ਚੋਣ ਲੜਨ ਲਈ ਜੋ ਬਾਈਡਨ ਦੇ ਹੱਕ ਵਿਚ ਫੈਸਲਾ ਦੇਣ ਤੋਂ  ਥੋੜਾ ਸਮਾਂ ਪਹਿਲਾਂ ਹੰਟਰ ਬਾਈਡਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਇਹ ਪਾਰਟੀ ਲਈ ਚੰਗਾ ਨਹੀਂ ਹੋਵੇਗਾ। ਇਸ ਦਾ ਪਾਰਟੀ ਦੀਆਂ ਸੰਭਾਵਨਾਵਾਂ ਉਪਰ ਅਸਰ ਪੈ ਸਕਦਾ ਹੈ। ਹਾਲਾਂ ਕਿ ਮਾਮਲੇ ਵਿੱਚ ਸੁਣਵਾਈ ਦੇ ਸਮੇ ਬਾਰੇ ਕੋਈ ਭਵਿੱਖਬਾਣੀ ਕਰਨੀ ਮੁਸ਼ਕਿਲ ਹੈ ਪਰੰਤੂ ਅਜਿਹਾ ਲੱਗਦਾ ਹੈ ਕਿ ਹੰਟਰ ਬਾਈਡਨ ਦੇ ਵਕੀਲ ਮਾਮਲੇ ਦੀ ਤੁਰੰਤ ਸੁਣਵਾਈ ਦੇ ਹੱਕ ਵਿਚ ਨਹੀਂ ਹਨ। ਆਮ ਤੌਰ 'ਤੇ ਦੋਸ਼ ਪੱਤਰ ਆਇਦ ਹੋਣ ਉਪਰੰਤ ਮਾਮਲੇ ਦੀ ਸੁਣਵਾਈ 100 ਦਿਨਾਂ ਵਿਚ ਨਿਸ਼ਚਤ ਹੋ ਜਾਂਦੀ ਹੈ। ਵਕੀਲ ਅਬੇ ਲੋਵੈਲ ਵੱਲੋਂ ਮਾਮਲੇ ਨੂੰ ਨਜਿੱਠਣ ਲਈ ਜੋ ਅਨੇਕਾਂ ਢੰਗ ਤਰੀਕੇ ਅਪਣਾਉਣ ਦੀ ਯੋਜਨਾ ਹੈ ਉਸ ਤੋਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਹੰਟਰ ਬਾਈਡਨ ਮਾਮਲੇ ਦੀ ਤੇਜੀ ਨਾਲ ਸੁਣਵਾਈ ਦੇ ਆਪਣੇ ਹੱਕ ਉਪਰ ਜੋਰ ਨਹੀਂ ਦੇਵੇਗਾ। ਲੋਵੈਲ ਦੇ ਮੰਨਣਾ ਹੈ ਕਿ ਜੁਲਾਈ ਵਿਚ ਹੋਏ ਮੁਕੱਦਮਾ ਸਮਝੌਤੇ ਅਨੁਸਾਰ ਹੰਟਰ ਬਾਈਡਨ ਵਿਰੁੱਧ ਦੋਸ਼ ਆਇਦ ਨਹੀਂ ਹੋ ਸਕਦੇ। ਲੋਵੈਲ ਨੇ ਇਹ ਵੀ ਕਿਹਾ ਹੈ ਕਿ ਡੱਰਗ ਲੈਣ ਵਾਲੇ ਵਿਅਕਤੀਆਂ 'ਤੇ ਰਿਵਾਲਵਰ ਰੱਖਣ ਦੀ ਲੱਗੀ ਪਾਬੰਦੀ ਦੇ ਬਾਵਜੂਦ ਕਥਿੱਤ ਤੌਰ 'ਤੇ ਹੰਟਰ ਬਾਈਡਨ ਉਪਰ ਰਿਵਾਲਵਰ ਰੱਖਣ ਦੇ ਦੋਸ਼ ਲਾਉਣਾ ਗੈਰਸੰਵਿਧਾਨਕ ਹੈ। ਉਨਾਂ ਕਿਹਾ ਕਿ ਕੁਝ ਸਬੂਤ ਅਜਿਹੇ ਹਨ ਜਿਨਾਂ ਤੋਂ ਉਹ ਇਨਕਾਰ ਕਰਦੇ ਹਨ। ਅਜਿਹੇ ਵਿਚ ਜਦੋਂ ਵੀ ਜੇਕਰ ਸੁਣਵਾਈ ਹੁੰਦੀ ਹੈ ਤਾਂ ਹੰਟਰ ਬਾਈਡਨ ਦੋਸ਼ ਮੁਕਤ ਹੋ  ਕੇ ਨਿਕਲੇਗਾ।