ਇਨਸਾਫ

ਇਨਸਾਫ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ

ਲੰਘੇ ਦਿਨੀਂ ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਉਰਫ ਰਾਜੂ ਦਾ ਕਤਲ ਹੋਇਆ ਹੈ। ਕਤਲ ਹੋਇਆ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਸੀ ਅਤੇ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਵਿੱਚ ਉਸ ਦਾ ਨਾਮ ਬੋਲ ਰਿਹਾ ਸੀ। ਵੀਰਵਾਰ ਸਵੇਰੇ ਸੱਤ ਵਜੇ ਡੇਰਾ ਪ੍ਰੇਮੀ ਨੂੰ ਹਰੀ ਨੌ ਰੋਡ ਸਥਿਤ ਦੁਕਾਨ ’ਤੇ ਛੇ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਮਗਰੋਂ ਮੌਤ ਹੋ ਗਈ ਸੀ। ਹਮਲੇ ਦੌਰਾਨ ਡੇਰਾ ਪ੍ਰੇਮੀ ਦਾ ਸੁਰੱਖਿਆ ਗਾਰਡ ਹਾਕਮ ਸਿੰਘ ਤੇ ਗੁਆਂਢੀ ਸਾਬਕਾ ਕੌਂਸਲਰ ਅਮਰ ਸਿੰਘ ਵੀ ਜ਼ਖ਼ਮੀ ਹੋ ਗਏ ਸਨ।  

ਰਣਜੀਤ ਸਿੰਘ ਕਮਿਸ਼ਨ ਦੇ ਲੇਖੇ (ਰਿਪੋਰਟ) ਦੇ ਮੁਤਾਬਿਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੀ ਯੋਜਨਾ ਬਣਾਉਣ ਵਿਚ ਪ੍ਰਦੀਪ ਸ਼ਾਮਲ ਸੀ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਨ ਲਈ ਬਿੱਟੂ ਵੱਲੋਂ ਪ੍ਰਦੀਪ ਤੇ ਇਕ ਹਰਸ਼ ਧੂਰੀ ਨਾਂ ਦੇ ਦੋਸ਼ੀ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਹੀ ਸੁਖਜਿੰਦਰ ਤੇ ਰਣਦੀਪ ਨਾਂ ਦੇ ਦੋਸ਼ੀਆਂ ਨੂੰ ਚੁਣਿਆ ਗਿਆ ਤੇ ਬਾਅਦ ’ਚ ਇਹਨਾਂ ਦੋਵਾਂ ਨੇ ਹੀ ਗੁਰੂ ਸਾਹਿਬ ਦਾ ਸਰੂਪ ਚੋਰੀ ਕੀਤਾ ਸੀ। ਗੁਰੂ ਸਾਹਿਬ ਦੇ ਕੁਝ ਅੰਗ ਪ੍ਰਦੀਪ ਨੂੰ ਵੀ ਫੜਾਏ ਗਏ ਸਨ। ਬਿੱਟੂ ਵੱਲੋਂ ਪ੍ਰਦੀਪ ਨੂੰ ਯੋਜਨਾ ਮੁਤਾਬਿਕ ਪਹਿਲਾਂ ਹੀ ਕਿਹਾ ਗਿਆ ਸੀ ਕਿ ਇਹ ਅੰਗ ਤੂੰ ਕੋਟਕਪੂਰਾ ਤੋਂ ਹਰੀਨੌਂ ਪਿੰਡ ਨੂੰ ਜਾਂਦੀ ਸੜਕ ’ਤੇ ਸੁੱਟਣੇ ਹਨ ਪਰ ਅਗਲੇ ਦਿਨ ਬਰਗਾੜੀ ਦੀਆਂ ਗਲੀਆਂ ਵਿਚੋਂ ਗੁਰੂ ਸਾਹਿਬ ਦੇ ਪਾਵਨ ਅੰਗ ਮਿਲਣ ’ਤੇ ਸਿੱਖਾਂ ’ਚ ਪੈਦਾ ਹੋਏ ਰੋਹ ਕਰਕੇ ਭਾਰੀ ਰੋਸ ਵਿਖਾਵੇ ਸ਼ੁਰੂ ਹੋ ਗਏ ਅਤੇ ਰਣਜੀਤ ਸਿੰਘ ਕਮਿਸ਼ਨ ਦੇ ਲੇਖੇ (ਰਿਪੋਰਟ) ਮੁਤਾਬਿਕ ਇਹ ਵੇਖ ਕੇ ਪ੍ਰਦੀਪ ਡਰ ਗਿਆ ਤੇ ਉਹਨੇ ਗੁਰੂ ਸਾਹਿਬ ਦੇ ਅੰਗ ਜੋ ਹਰੀਨੌਂ ਪਿੰਡ ਨੂੰ ਜਾਂਦੀ ਸੜਕ ’ਤੇ ਸੁੱਟਣੇ ਸਨ ਉਹ ਹਰੀਨੋਂ ਪਿੰਡ ਦੇ ਇਕ ਨਾਲੇ ਵਿਚ ਸੁੱਟ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਹੁਣ ਪ੍ਰਦੀਪ ਜਮਾਨਤ ’ਤੇ ਬਾਹਰ ਆਇਆ ਹੋਇਆ ਸੀ ਤੇ ਉਸ ਨੂੰ ਸੁਰੱਖਿਆ ਵੀ ਮਿਲੀ ਹੋਈ ਸੀ। 

ਜਿਕਰਯੋਗ ਹੈ ਕਿ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਪ੍ਰੇਮੀ ਗੁਰਦੇਵ ਦਾ ਜੂਨ 2016 ਵਿੱਚ ਗੋਲੀਆਂ ਮਾਰ ਕੇ ਕਤਲ, ਇਸ ਤੋਂ ਬਾਅਦ ਡੇਰਾ ਸੱਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਦਾ 25 ਫਰਵਰੀ 2017 ਨੂੰ ਗੋਲੀਆਂ ਮਾਰ ਕੇ ਕਤਲ, ਬੇਅਦਬੀ ਦੇ ਦੋਸ਼ਾਂ ਵਿੱਚ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ 23 ਜਨਵਰੀ 2019 ਨੂੰ ਜੇਲ੍ਹ ਵਿੱਚ ਹੀ ਕਤਲ, ਇਸ ਤੋਂ ਬਾਅਦ ਜਨਵਰੀ 2020 ਵਿੱਚ ਮਨੋਹਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਅਤੇ 3 ਦਸੰਬਰ 2021 ਨੂੰ ਚਰਨ ਦਾਸ ਵਾਸੀ ਮੁਕਤਸਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਪੁਲਸ ਸੁਰੱਖਿਆ ਮਿਲਣ ਦੇ ਬਾਵਜੂਦ ਹੁਣ ਪ੍ਰਦੀਪ ਸਿੰਘ ਦਾ ਹਰੀ ਨੌ ਰੋਡ ਕੋਟਕਪੂਰਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਫ਼ਰੀਦਕੋਟ ਜ਼ਿਲ੍ਹੇ ਦੇ ਸੱਤ ਡੇਰਾ ਪ੍ਰੇਮੀਆਂ ਨੂੰ ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। 

ਸਾਲ 2015 ਤੋਂ ਲਗਾਤਾਰ ਵੱਖ-ਵੱਖ ਸਰਕਾਰਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ ਕਰਨ ਦਾ ਦਾਅਵਾ ਕਰ ਰਹੀਆਂ ਹਨ ਪਰ ਅਜੇ ਤੱਕ ਕਿਸੇ ਨੇ ਵੀ ਆਪਣੀ ਕਹੀ ਗੱਲ ਨੂੰ ਪੂਰਾ ਨਹੀਂ ਕੀਤਾ। ਹੁਣ ਵੀ ਬਹਿਬਲ ਕਲਾਂ ਵਿਖੇ ਇਨਸਾਫ ਮੋਰਚਾ ਚੱਲ ਰਿਹਾ ਹੈ ਅਤੇ ਮੌਜੂਦਾ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਇਨਸਾਫ ਦੇ ਅਰਥ ਸੱਚ ਅਤੇ ਝੂਠ ਨੂੰ ਨਿਤਾਰਨਾ ਲਿਖਦੇ ਹਨ ਜਿਸ ਨੂੰ ਨਿਆਂ ਵੀ ਕਿਹਾ ਜਾਂਦਾ ਹੈ। ਪਰਕਾਸ਼ ਸਿੰਘ ਜੰਮੂ ਇਸ ਨੂੰ ਹੋਰ ਖੋਲਦਿਆਂ ਇਨਸਾਫ ਦੇ ਅਰਥ ਲਿਖਦੇ ਹਨ ਕਿ, ਕਨੂੰਨ ਵਿੱਚ ਉਹ ਆਦਰਸ਼ ਜਿਸ ਤੋਂ ਜੱਜਾਂ ਦੀ ਅਗਵਾਈ ਦੀ ਆਸ ਕੀਤੀ ਜਾਂਦੀ ਹੈ ਅਤੇ ਲੋਕਾਂ ਦੁਆਰਾ ਉਹ ਪ੍ਰਾਪਤ ਕਰਨ ਵਿੱਚ ਨਿਰਪੱਖਤਾ, ਜਿਸ ਦਾ ਉਹ ਹੱਕ ਰੱਖਦੇ ਹਨ। ਲੋਕਤੰਤਰੀ ਮੁਲਕਾਂ ਵਿੱਚ ਇਹ ਪ੍ਰੀਕਿਰਿਆ ਵੱਖ ਵੱਖ ਢਾਂਚਿਆਂ ਰਾਹੀਂ ਕੀਤੀ ਜਾਂਦੀ ਹੈ ਜਾਂ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਇੰਡੀਆ ਦੇ ਮੌਜੂਦਾ ਢਾਂਚੇ ਇਨਸਾਫ ਦੇ ਮਸਲੇ ਉੱਤੇ ਪੱਖਪਾਤੀ ਹੋਣ ਕਰਕੇ ਸਵਾਲਾਂ ਦੇ ਘੇਰੇ ਵਿੱਚ ਹਨ। ਇਸ ਪੱਖਪਾਤ ਦੀ ਮਾਰ ਝੱਲ ਰਹੇ ਵਰਗ ਲਗਾਤਾਰ ਸੱਚ ਲਈ ਝੂਠ ਨਾਲ ਜੂਝ ਰਹੇ ਹਨ। ਇਹ ਪੱਖਪਾਤੀ ਰਵਈਆ ਇੱਥੇ ਅੱਜ ਤੋਂ ਨਹੀਂ ਹੈ ਸਗੋਂ ਜਦੋਂ ਤੋਂ 1947 ਵਿੱਚ ਸੱਤਾ ਤਬਦੀਲੀ ਹੋਈ ਉਦੋਂ ਤੋਂ ਹੀ ਇਹ ਜਾਰੀ ਹੈ। ਸਿਰਦਾਰ ਕਪੂਰ ਸਿੰਘ ਦੀ ਵੱਡੀ ਉਦਾਹਰਣ ਆਪਣੇ ਕੋਲ ਹੈ। ਉਸ ਤੋਂ ਬਾਅਦ ਲਗਾਤਾਰ ਬੇਇਨਸਾਫੀਆਂ ਅਤੇ ਪੱਖਪਾਤ ਦਾ ਸਿਲਸਿਲਾ ਜਾਰੀ ਹੈ। 

ਕੁਝ ਸਮਾਂ ਪਹਿਲਾਂ ਬਹਿਬਲ ਇਨਸਾਫ ਮੋਰਚੇ ’ਤੇ ਪੰਜਾਬ ਸਰਕਾਰ ਵੱਲੋਂ ਕੁਲਤਾਰ ਸਿੰਘ ਸੰਧਵਾਂ ਨੇ ਇਸ ਮਸਲੇ ’ਤੇ ਬੋਲਦਿਆਂ ਕਿਹਾ ਸੀ ਕਿ “ਮੈਂ ਪੰਥ ਨੂੰ ਇਹ ਵਿਸ਼ਵਾਸ਼ ਦਵਾਉਣਾ ਕਿ ਜਿੰਨੇ ਧੋਖੇ ਹੋਣੇ ਸੀ, ਹੋ ਗਏ। ਹੁਣ ਇਨਸਾਫ ਹੋਵੇਗਾ।” ਪਰ ਅਜੇ ਤੱਕ ਇਸ ਮਸਲੇ ਵਿੱਚ ਕੋਈ ਖਾਸ ਉੱਦਮ ਸਰਕਾਰ ਵੱਲੋਂ ਨਹੀਂ ਹੋਇਆ। ਪ੍ਰਦੀਪ ਦੇ ਕਤਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨ ਕਾਨੂੰਨ ਦੀ ਵਿਵਸਥਾ ਸਬੰਧੀ ਬਿਆਨ ਦਿੱਤਾ ਕਿ ਸੂਬਾ ਸਰਕਾਰ ਕਿਸੇ ਵੀ ਕੀਮਤ ’ਤੇ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵੇਗੀ ਅਤੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ। 

ਅਮਨ ਕਨੂੰਨ ਸਿਰਫ ਇਨਸਾਫ ’ਤੇ ਹੀ ਖੜ੍ਹਾ ਰਹਿ ਸਕਦਾ ਹੈ। ਬਰਾਬਰਤਾ ਅਤੇ ਇਨਸਾਫ ਨਾਲ ਹੀ ਸ਼ਾਂਤੀ ਬਣੀ ਰਹਿ ਸਕਦੀ ਹੈ। ਧੱਕਾ ਅਤੇ ਪੱਖਪਾਤ ਲੋਕਾਂ ਨੂੰ ਬਹੁਤ ਸਮਾਂ ਰੋਕ ਕੇ ਨਹੀਂ ਰੱਖ ਸਕਦੇ। ਇਹ ਮਸਲਾ ਬਹੁਤ ਗੰਭੀਰ ਹੈ, ਇਸ ’ਤੇ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਬਣਦਾ ਇਨਸਾਫ ਕਰਨਾ ਚਾਹੀਦਾ ਹੈ। ਸਰਕਾਰ ਇਨਸਾਫ ਕਰਨ ਵਿੱਚ ਅਸਫਲ ਰਹੇਗੀ ਤਾਂ ਲੋਕਾਂ ਨੇ ਇੱਕ ਦਿਨ ਖੁਦ ਇਨਸਾਫ ਕਰਨ ਦੇ ਰਾਹ ਪੈਣਾ ਹੀ ਹੈ, ਇਹ ਅਟੱਲ ਸਚਾਈ ਹੈ।    

 

ਸੰਪਾਦਕ,

ਅੰਮ੍ਰਿਤਸਰ ਟਾਈਮਜ਼