ਕਿਸਾਨ ਸੰਘਰਸ਼ ਦਾ ਮੋਕਲਾ ਹੁੰਦਾ ਦਾਇਰਾ ਅਤੇ ਪੰਜਾਬ ਵਿੱਚ ਰਾਜਨੀਤਕ ਸੰਭਾਵਨਾਵਾਂ

ਕਿਸਾਨ ਸੰਘਰਸ਼ ਦਾ ਮੋਕਲਾ ਹੁੰਦਾ ਦਾਇਰਾ ਅਤੇ ਪੰਜਾਬ ਵਿੱਚ ਰਾਜਨੀਤਕ ਸੰਭਾਵਨਾਵਾਂ

ਸੰਘਰਸ਼ ਦਾ ਮੂਲ ਅਰਥ ਹੀ ਇੱਕ ਅਜਿਹੀ ਸਪੇਸ ਹੁੰਦਾ ਹੈ ਜਿੱਥੇ ਜਬਰ ਦਾ ਸ਼ਿਕਾਰ ਹੋਈਆਂ ਵੱਖੋ-ਵੱਖ ਧਿਰਾਂ ਆਪਣੀ ਗੱਲ ਰੱਖ ਸਕਣ

ਤਿੰਨ ਖੇਤੀ ਕਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਵੀ ਹੁਣ ਇੱਕ ਸਾਲ ਹੋਣ ਨੂੰ ਹੈ। ਲੰਬੇ ਸੰਘਰਸ਼ਾਂ ਵਿੱਚ ਅਕਸਰ ਹੀ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ, ਇਸ ਸੰਘਰਸ਼ ਦੇ ਵੀ ਪਿਛਲੇ ਅੱਠ ਮਹੀਨੇ ਲੰਮੀ ਖੜ੍ਹੋਤ ਵਾਲੇ ਰਹੇ। ਪੰਜਾਬ ਵਿੱਚ ਚੋਣਾਂ ਨੇੜੇ ਹੋਣ ਕਰਕੇ ਚੜ੍ਹੇ ਹੋਏ ਰਾਜਨੀਤਕ ਪਾਰੇ ਦਾ ਵੀ ਕਿਸਾਨ ਸੰਘਰਸ਼ ਉੱਤੇ ਕਾਫੀ ਅਸਰ ਰਿਹਾ ਹੈ ਪਰ ਪਿਛਲੇ ਦਿਨੀਂ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੇ ਕਿਸਾਨ ਸੰਘਰਸ਼ ਦੇ ਰੋਂਅ 'ਚ ਜੋਰਦਾਰ ਤਬਦੀਲੀ ਲਿਆਂਦੀ ਹੈ। ਇਹ ਦੋਵੇਂ ਘਟਨਾਵਾਂ ਕਿਸਾਨ ਸੰਘਰਸ਼ ਨਾਲ ਜੁੜੇ ਖਿੱਤਿਆਂ ਵਿਚ ਵਾਪਰ ਰਹੀਆਂ ਰਾਜਨੀਤਕ ਅਤੇ ਸਮਾਜਿਕ ਤਬਦੀਲੀਆਂ ਵੱਲ ਇਸ਼ਾਰਾ ਕਰਦੀਆਂ ਹਨ। ਮੁਜ਼ਫਰਪੁਰ ਅਤੇ ਕਰਨਾਲ ਦੀ ਮਹਾਂਪੰਚਾਇਤ ਇਹ ਦੋ ਘਟਨਾਵਾਂ ਹਨ, ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਸੰਘਰਸ਼ ਦਾ ਉੱਤਰ-ਪ੍ਰਦੇਸ਼ ਅਤੇ ਹਰਿਆਣੇ ਵਿੱਚ ਇਨਾ ਬਹੁ-ਪਸਾਰੀ ਅਸਰ ਦਿੱਸਣਾ ਇਸ ਸੰਘਰਸ਼ ਵੱਲੋਂ ਸਰ ਕੀਤੇ ਪੈਂਡੇ ਅਤੇ ਸੰਭਾਵਨਾ ਦੀ ਦੱਸ ਪਾਉਂਦਾ ਹੈ। ਇਹ ਦੋਵੇਂ ਘਟਨਾਵਾਂ ਸੰਘਰਸ਼ 'ਚ ਆਏ, ਜਾਂ ਆ ਰਹੇ ਸਿਧਾਂਤਕ ਸੁਧਾਰਾਂ ਨੂੰ ਸਮਝਣ 'ਚ ਸਹਾਈ ਹੁੰਦੀਆਂ ਹਨ। ਇਹਨਾਂ ਦੋ ਘਟਨਾਂਵਾਂ ਦੇ ਨਾਲ ਮੁੜ ਹਾਸਲ ਹੋਏ ਰਾਜਨੀਤਕ ਬਲ ਦੇ ਸਦਕਾ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰਾਜਨੀਤਕ ਧਿਰਾਂ ਦੇ ਚੋਣ ਪ੍ਰਚਾਰ 'ਤੇ ਰੋਕ ਲਾਈ ਹੈ ਪਰ ਇਹ ਫੈਸਲਾ ਕਿੰਨਾ ਕੁ ਸੁਹਿਰਦਤਾ ਤੋਂ ਪ੍ਰੇਰਿਆ ਹੈ ਜਾਂ ਰਾਜਨੀਤਕ ਜੋੜ-ਤੋੜ ਦੀ ਸਮਝ ਦਾ ਨਤੀਜਾ ਹੈ ਇਹ ਸਮਾਂ ਬੀਤਣ 'ਤੇ ਹੋਰ ਸਪਸ਼ਟ ਹੋਵੇਗਾ।ਕਿਸਾਨ ਸੰਘਰਸ਼ ਦਾ ਕੇਂਦਰੀ ਰਾਜਨੀਤਕ ਪੈਂਤੜਾ ਇਹ ਰਿਹਾ ਹੈ ਕਿ ਇਹ ਸੰਘਰਸ਼ ਫਾਸੀਵਾਦੀ, ਪੂੰਜੀਵਾਦੀ ਅਤੇ ਕੇਂਦਰੀਕਰਨ 'ਚ ਓਤ-ਪੋਤ ਬੀਜੇਪੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ। ਕਿਸਾਨ ਮੰਚ ਉੱਤੇ ਵੱਖ-ਵੱਖ ਖਿੱਤਿਆਂ, ਕੌਮਾਂ ਨਾਲ ਸਬੰਧ ਰੱਖਦੇ ਲੋਕਾਂ ਨੂੰ ਆਪਣੀ ਗੱਲ ਰੱਖਣ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਕਿਸਾਨੀ ਸੰਘਰਸ਼ ਨੂੰ ਬੀਜੇਪੀ ਦੀ ਜਬਰਨ ਇਕਸਾਰਤਾ ਦੀ ਨੀਤੀ ਵਿਰੁੱਧ ਲੋਕ ਸੰਘਰਸ਼ ਜਾਂ ਹੰਭਲੇ ਵਜੋਂ ਦਰਸਾਇਆ ਜਾਂਦਾ ਰਿਹਾ ਹੈ।ਇਸੇ ਦੌਰਾਨ 26 ਜਨਵਰੀ ਦੀ ਘਟਨਾ ਨੇ ਕਿਸਾਨ ਸੰਘਰਸ਼ ਵਿਚਲੀਆਂ ਪੇਚੀਦਗੀਆਂ ਨੂੰ ਉਭਾਰਿਆ ਸੀ। ਕਿਸਾਨ ਆਗੂ ਇਸ ਘਟਨਾ ਸਬੰਧੀ ਫਰੇਬੀ ਸਰਕਾਰੀ ਬਿਰਤਾਂਤ ਮੂਹਰੇ ਖੜ੍ਹਨ ਵਿੱਚ ਅਸਫਲ ਰਹੇ ਸਨ। ਕਿਸਾਨ ਜਥੇਬੰਦੀਆਂ ਦੇ ਕਿੰਨੇ ਹੀ ਆਗੂਆਂ ਅਤੇ ਨੀਤੀਘਾੜਿਆਂ ਦੇ ਬਿਆਨ ਇਸ ਗੱਲ ਦੇ ਗਵਾਹ ਹਨ ਕਿ ਇੱਕ ਭੀੜਤੰਤਰੀ, ਝੂਠੀ ਜਾਣਕਾਰੀ ਫੈਲਾਉਣ ਵਾਲੀ ਅਤੇ ਇਕਸਾਰਤਾ ਮੜ੍ਹਨ ਵਾਲੀ ਸਰਕਾਰ ਦਾ ਵਿਰੋਧ ਕਰਦੇ-ਕਰਦੇ ਉਹ ਆਪ ਵੀ ਇਹਨਾਂ ਅਲਾਮਤਾਂ ਦਾ ਸ਼ਿਕਾਰ ਹੋ ਗਏ ਸਨ।

ਸੰਘਰਸ਼ ਦਾ ਮੂਲ ਅਰਥ ਹੀ ਇੱਕ ਅਜਿਹੀ ਸਪੇਸ ਹੁੰਦਾ ਹੈ ਜਿੱਥੇ ਜਬਰ ਦਾ ਸ਼ਿਕਾਰ ਹੋਈਆਂ ਵੱਖੋ-ਵੱਖ ਧਿਰਾਂ ਆਪਣੀ ਗੱਲ ਰੱਖ ਸਕਣ, ਪਹਿਲਾਂ ਹੀ ਖੁਆਰ ਹੋਈਆਂ ਧਿਰਾਂ ਦੇ ਨੁਕਸ ਕੱਢਣੇ ਸੰਘਰਸ਼ ਦਾ ਕੰਮ ਨਹੀਂ ਹੁੰਦਾ। ਹੁਣ ਜਦੋਂ ਮੁਜ਼ਫਰਪੁਰ ਵਿੱਚ ਹੋਇਆ ਇਕੱਠ ਯੂਪੀ ਦੇ ਜਾਟਾਂ ਅਤੇ ਮੁਸਲਮਾਨਾਂ ਦੀ ਇਕੱਠੀ ਸਾਂਝ ਦਾ ਪ੍ਰਤੀਕ ਹੋ ਨਿੱਬੜਿਆ ਹੈ ਅਤੇ ਕਰਨਾਲ ਹਰਿਆਣੇ ਵਿਚਲੇ ਜਾਟਾਂ ਦੇ ਰੋਹ ਦਾ ਕੇਂਦਰ ਬਣ ਰਿਹਾ ਹੈ ਤਾਂ ਇਹ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਪੰਜਾਬ ਤੋਂ ਬਾਹਰ ਕਿਸਾਨ ਸੰਘਰਸ਼ ਇੱਕ ਨਵੇਂ ਪੜਾਅ 'ਚ ਪਹੁੰਚ ਗਿਆ ਹੈ। ਰਵੀਸ਼ ਕੁਮਾਰ ਵਰਗੇ ਸੁਹਿਰਦ ਮੰਨੇ ਜਾਂਦੇ ਪੱਤਰਕਾਰ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਲੋਕਾਂ ਨੇ ਹਰਿਆਣੇ ਅਤੇ ਯੂਪੀ ਦੇ ਫਿਰਕੂਵਾਦ ਨਾਲ ਗ੍ਰਸਤ ਰਹਿਣ ਵਾਲੇ ਸਮਾਜ ਵਿੱਚ ਸਾਂਝੀਵਾਲਤਾ ਦੀ ਸੁਰ ਲਿਆਉਣ ਦਾ ਯੋਗਦਾਨ ਪਾਇਆ ਹੈ। ਇਹ ਸੱਚ ਹੈ ਕਿ ਕਿਸਾਨ ਸੰਘਰਸ਼ ਵਿੱਚ ਸਿੱਖਾਂ ਦੀ ਭਾਰੀ ਹਾਜਰੀ ਨੇ ਹੋਰਾਂ ਲੋਕਾਂ ਨੂੰ ਵੀ ਸਿੱਖੀ ਦੀ ਮਹਿਕ ਵੱਲ ਖਿੱਚਿਆ ਹੈ, ਸਿੱਖ ਲੰਗਰਾਂ ਤੋਂ ਪ੍ਰਭਾਵਤ ਹੋ ਕੇ ਹੀ ਮੁਜਫਰਪੁਰ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਥਾਂ-ਥਾਂ ਭੰਡਾਰੇ ਲਾਏ ਗਏ। 2013 ਵਿੱਚ ਵੱਡੇ ਪੱਧਰ 'ਤੇ ਹੋਏ ਹਿੰਦੂ-ਮੁਸਲਮਾਨ ਦੰਗਿਆਂ ਨੇ ਦੋਵਾਂ ਭਾਈਚਾਰਿਆਂ 'ਚ ਅੰਨ੍ਹੀ ਕੜਵਾਹਟ ਭਰ ਦਿੱਤੀ ਸੀ, ਕਿਸਾਨ ਮੰਚ ਤੋਂ ਹਿੰਦੂ-ਮੁਸਲਮਾਨਾਂ ਦੇ ਇਕੱਠੇ ਨਾਹਰੇ ਲੱਗਣੇ ਕਿਸਾਨ ਸੰਘਰਸ਼ ਦੇ ਬਹੁਪਸਾਰੀ ਪ੍ਰਭਾਵ ਦੀ ਹੀ ਮਿਸਾਲ ਹੈ।ਪੰਜਾਬ ਵਿੱਚ ਰਾਜਨੀਤਕ ਪਾਰਟੀਆਂ ਵਿਰੁੱਧ ਲੋਕਾਂ ਦੇ ਰੋਸ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਇਕ ਵਾਰ ਤਾਂ ਚੋਣ ਪ੍ਰਚਾਰ ਰੋਕ ਦਿੱਤਾ ਗਿਆ ਹੈ। ਇਸ ਵੇਲੇ ਕੋਈ ਵੀ ਰਾਜਨੀਤਕ ਪਾਰਟੀ ਅਜਿਹੀ ਨਹੀਂ ਹੈ ਜੋ ਪੰਜਾਬ ਦੇ ਲੋਕਾਂ ਵਿਚਲੇ ਇਸ ਰੋਹ ਦੀ ਪ੍ਰਤੀਨਿਧਤਾ ਕਰ ਸਕੇ ਅਤੇ ਜਿਸ ਨੇ ਅਤੀਤ ਜਾਂ ਵਰਤਮਾਨ 'ਚ ਪੰਜਾਬ ਦੀ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਪਹਿਰਾ ਦਿੱਤਾ ਹੋਵੇ। ਇਸ ਮੌਕੇ ਪੰਜਾਬ ਵਿੱਚ ਸਚਿਆਰੀ ਰਾਜਨੀਤੀ ਦੀ ਮੁੜ ਬਹਾਲੀ ਅਤੇ ਸਿੱਖ ਰਾਜਨੀਤਿਕ ਆਗੂਆਂ ਦੇ ਅਭਿਆਸ, ਪਛਾਣ ਲਈ ਇੱਕ ਨਵੀਂ ਸੂਝ ਹਾਸਲ ਹੁੰਦੀ ਹੈ।ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਇੱਕੋ-ਇੱਕ ਮਕਸਦ ਕੇਵਲ ਰਾਜ ਸੱਤਾ ਮਾਣਨਾ ਜਾਂ ਵੋਟਾਂ ਦੀ ਰਾਜਨੀਤੀ ਕਰਨਾ ਹੀ ਨਹੀਂ ਹੁੰਦਾ। ਰਾਜਨੀਤੀ ਰਾਹੀਂ ਵਿਚਾਰ ਦੇ ਪੱਧਰ 'ਤੇ ਵੀ ਮੁਕਾਬਲਾ ਕੀਤਾ ਜਾ ਸਕਦਾ ਹੈ। ਸਿੱਖ, ਸ਼੍ਰੋਮਣੀ ਅਕਾਲੀ ਦਲ ਰਾਹੀਂ ਰਾਜਨੀਤਕ ਮੁਹਾਜ ਤੋਂ ਲੰਬੀ ਅਤੇ ਬਿਖੜੀ ਲੜਾਈ ਲੜ ਕੇ ਇਸ ਅਭਿਆਸ ਨੂੰ ਚੰਗੀ ਤਰ੍ਹਾਂ ਹੰਢਾ ਚੁੱਕੇ ਹਨ, ਉਹ ਗੱਲ ਵੱਖਰੀ ਹੈ ਕਿ ਸਮੇਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਅਸਲ ਰਾਹ ਤੋਂ ਥਿੜਕ ਗਿਆ ਹੈ ਪਰ ਸਿੱਖਾਂ ਕੋਲ ਇਹ ਇੱਕ ਇਤਿਹਾਸਿਕ ਤਜਰਬਾ ਤਾਂ ਹੈ ਹੀ। ਹੁਣ ਬਦਲ ਰਹੇ ਹਾਲਾਤਾਂ ਅੰਦਰ ਪੰਜਾਬ ਵਿੱਚ ਇੱਕ ਕਾਬਲ ਅਤੇ ਤੱਟ-ਫੱਟ ਸੱਤਾ ਦੀ ਪ੍ਰਾਪਤੀ ਦੀ ਇੱਛਾ ਤੋਂ ਮੁਕਤ ਰਾਜਨੀਤਕ ਜਮਾਤ ਸਮੇਂ ਦੀ ਲੋੜ ਹੈ। ਕਿਸਾਨ ਸੰਘਰਸ਼ ਕਾਰਨ ਆਮ ਲੋਕਾਂ ਵਿੱਚ ਆਈ ਚੇਤਨਾ ਕਾਰਨ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਕੇਂਦਰਿਤ ਰਾਜਨੀਤਿਕ ਧਿਰ ਲਈ ਹੁਣ ਠੀਕ ਸਮਾਂ ਹੈ ਅਤੇ ਥਾਂ ਵੀ ਖਾਲੀ ਹੈ। ਇਹਨੂੰ ਕੌਣ ਕਿੰਨਾ ਭਰ ਸਕੇਗਾ ਇਹ ਤਾਂ ਵਕਤ ਹੀ ਦੱਸੇਗਾ ਪਰ ਰਾਜਨੀਤੀ ਰਾਹੀਂ ਪੰਜਾਬ ਦਾ ਭਲਾ ਕਰਨ ਦਾ ਖਿਆਲ ਰੱਖਣ ਵਾਲੇ ਵਿਅਕਤੀਆਂ ਲਈ ਹੁਣ ਵਕਤ ਹੈ ਕਿ ਉਹ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਕੇਂਦਰਿਤ ਕਰਨ। ਜੋ ਸੁਹਿਰਦ ਸੱਜਣ ਰਾਜਨੀਤੀ ਵਿੱਚ ਸਿੱਧੀ ਦਖਲ ਦੇ ਹਾਮੀ ਨਹੀਂ ਹਨ ਉਹਨਾ ਨੂੰ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਮੁੜ ਲੈ ਕੇ ਆਉਣ ਲਈ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ।

ਸੰਪਾਦਕ, ਅੰਮ੍ਰਿਤਸਰ ਟਾਈਮਜ਼