ਕਰੋਨਾ ਮਹਾਂਮਾਰੀ - ਅਸਲ ਵਿਚਾਰ ਚਰਚਾ ਕੀ ਹੋਣੀ ਚਾਹੀਦੀ ਹੈ?

ਕਰੋਨਾ ਮਹਾਂਮਾਰੀ - ਅਸਲ ਵਿਚਾਰ ਚਰਚਾ ਕੀ ਹੋਣੀ ਚਾਹੀਦੀ ਹੈ?

 

ਮਲਕੀਤ ਸਿੰਘ ਭਵਾਨੀਗੜ੍ਹ 

ਅਕਸਰ ਜਦੋਂ ਮਨੁੱਖ ਦਾ ਕੋਈ ਬਹੁਤ ਨਜ਼ਦੀਕੀ ਇਸ ਦੁਨੀਆਂ ਤੋਂ ਜਾਂਦਾ ਹੈ ਉਦੋਂ ਹੀ ਉਹ ਮੌਤ ਨੂੰ ਨੇੜਿਓਂ ਵੇਖਦਾ ਹੈ ਪਰ ਕਰੋਨਾ ਮਹਾਂਮਾਰੀ ਕਰ ਕੇ ਪਿਛਲੇ ਕੁਝ ਮਹੀਨਿਆਂ ਤੋਂ ਸੰਸਾਰ ਦਾ ਵੱਡਾ ਹਿੱਸਾ ਇਕੋ ਵੇਲੇ ਮੌਤ ਦਾ ਸਾਹਮਣਾ ਕਰ ਰਿਹਾ ਹੈ, ਇਕੋ ਵੇਲੇ ਮੌਤ ਨੂੰ ਠੀਕ ਉਸੇ ਤਰ੍ਹਾਂ ਮਹਿਸੂਸ ਕਰ ਰਿਹਾ ਹੈ ਜਿਵੇਂ ਉਹ ਪਹਿਲਾਂ ਆਪਣੇ ਕਿਸੇ ਬਹੁਤ ਨਜਦੀਕੀ ਦੇ ਤੁਰ ਜਾਣ ਤੇ ਕਰਦਾ ਸੀ। ਅਜਿਹਾ ਕਦੀ ਵੀ ਵਾਰ ਵਾਰ ਨੀ ਵਾਪਰਦਾ ਹੁੰਦਾ ਅਤੇ ਜਿਹੜੀ ਗੱਲ ਵਾਰ ਵਾਰ ਨਾ ਵਾਪਰੇ ਓਹਨੂੰ ਸਮਝਣਾ ਵੀ ਆਪਣੇ ਆਪ ਵਿੱਚ ਇਕ ਵੱਡਾ ਕਾਰਜ ਬਣ ਜਾਂਦਾ ਹੈ। ਸਮਝਣ ਵਿੱਚ ਵੀ ਭੇਦ ਹੈ, ਸਮਝਣਾ ਸਿਰਫ ਜਰੀਏ ਨੂੰ ਨਹੀਂ ਹੁੰਦਾ ਓਹਦੇ ਕਾਰਨਾਂ ਜਾ  ਸੁਨੇਹਿਆਂ ਨੂੰ ਵੀ ਸਮਝਣਾ ਉਹਨਾਂ ਹੀ ਅਹਿਮ ਹੁੰਦਾ ਹੈ। ਕਰੋਨਾ ਕੀ ਹੈ? ਇਹਦਾ ਇਲਾਜ ਕੀ ਹੈ? ਇਸ ਤਰ੍ਹਾਂ ਦੇ ਸਵਾਲਾਂ ਦੇ ਹੱਲ ਲੱਭਣੇ ਬਿਨਾ ਸ਼ੱਕ ਜਰੂਰੀ ਹੋ ਸਕਦੇ ਹਨ ਪਰ ਇਹ ਸਦੀਵੀ ਹੱਲ ਨਹੀਂ, ਇਹ ਵਕਤੀ ਹੱਲ ਹੈ। ਵਕਤੀ ਤੋਂ ਭਾਵ ਇਹ ਇਸ ਪੂਰੇ ਮਸਲੇ ਦਾ ਹੱਲ ਨਹੀਂ ਸਿਰਫ ਕਰੋਨਾ ਦਾ ਹੱਲ ਹੈ। ਕਰੋਨਾ ਇਕ ਜਰੀਆ ਹੈ ਜੋ ਆਪਣੇ ਨਾਲ ਕੋਈ ਅਹਿਮ ਸੁਨੇਹਾ ਲੈ ਕੇ ਆਇਆ  ਹੈ। ਜੇਕਰ ਮਸਲਾ ਕਰੋਨਾ ਨਹੀਂ ਫਿਰ ਮਸਲਾ ਕੀ ਹੈ? ਉਹ ਸਮਝਣ ਲਈ ਸਾਨੂੰ ਕਰੋਨਾ ਬਹਾਨੇ ਮਿਲੇ ਸੁਨੇਹਿਆਂ ਨੂੰ ਸਮਝਣਾ ਪਵੇਗਾ। ਕਰੋਨਾ ਅੱਜ ਹੈ ਕੱਲ੍ਹ ਇਸ ਦੀ ਥਾਂ ਕੁਝ ਹੋਰ ਹੋ ਸਕਦੈ, ਜੋ ਕਰੋਨਾ ਨੂੰ ਖਤਮ ਕਰਨ ਦਾ ਹੱਲ ਹੋਵੇ ਜਰੂਰੀ ਨਹੀਂ ਕਿ ਓਹ ਕਰੋਨਾ ਵਰਗੀਆਂ ਹੋਰ ਮਹਾਂਮਾਰੀਆਂ ਨੂੰ ਵੀ ਰੋਕ ਸਕੇ। ਵਕਤੀ ਹੱਲ ਵੀ ਕਰਨੇ ਚਾਹੀਦੇ ਹਨ ਪਰ ਉਸ ਤੋਂ ਅਗਾਂਹ ਵੀ ਤੁਰਨਾ ਚਾਹੀਦਾ ਹੈ, ਕਈ ਵਾਰ ਅਸਲ ਇਲਾਜ ਕਿਸੇ ਸੁਨੇਹੇ ਵਿੱਚ ਪਿਆ ਹੁੰਦਾ ਹੈ। 

ਕਰੋਨਾ ਦੀ ਦਸਤਕ ਤੋਂ ਪਹਿਲਾਂ ਸਭ ਕੁਝ ਬਹੁਤ ਰਫਤਾਰ ਨਾਲ ਚੱਲ ਰਿਹਾ ਸੀ। ਵਿਹਲੇ ਤੋਂ ਵਿਹਲੇ ਬੰਦੇ ਕੋਲ ਵੀ ਵਕਤ ਨਹੀਂ ਸੀ ਹੁੰਦਾ। ਰਫਤਾਰ ਵੀ ਐਨੀ ਸੀ ਕਿ ਦਿਨ ਪਰ ਦਿਨ ਬੰਦਾ ਆਪਣੇ ਆਪ ਤੋਂ ਅਣਜਾਣ ਹੋ ਰਿਹਾ ਸੀ, ਰਿਸ਼ਤੇ ਨਾਤਿਆਂ ਦੀਆਂ ਕਦਰਾਂ ਕੀਮਤਾਂ ਆਏ ਦਿਨ ਨਵੀਂ ਪਰਿਭਾਸ਼ਾ ਚ ਬੰਨੀਆਂ ਜਾ ਰਹੀਆਂ ਸਨ, ਪਦਾਰਥ ਦੀ ਖਿੱਚ ਬੰਦੇ ਵਿੱਚੋਂ ਬੰਦੇ ਨੂੰ ਮਨਫ਼ੀ ਕਰ ਰਹੀ ਸੀ, ਕਈ ਕਈ ਸਾਲਾਂ/ਪੀੜ੍ਹੀਆਂ ਲਈ ਪਦਾਰਥ ਇਕੱਤਰ ਹੋ ਰਿਹਾ ਸੀ, ਮਨੁੱਖੀ ਜੀਵਨ ਦੇ ਅਸਲ ਅਰਥ ਆਪਣੀ ਹੋਂਦ ਗੁਆ ਰਹੇ ਸਨ, ਪਦਾਰਥਵਾਦੀ ਮਨੁੱਖ ਦੀ ਇਹ ਰਫਤਾਰ ਕੁਦਰਤੀ ਸਰੋਤਾਂ ਅਤੇ ਹੋਰਨਾਂ ਜੀਵ-ਜੰਤੂਆਂ ਦਾ ਗਲਾ ਘੁੱਟ ਰਹੀ ਸੀ ਜਿਸ ਬਾਰੇ ਖਿਆਲ ਕਰਨ ਦਾ ਵੀ ਵਕਤ ਨਹੀਂ ਸੀ ਮਨੁੱਖ ਕੋਲ। ਸਹਿਜ ਨਹੀਂ ਸੀ, ਵਿਹਲ ਨਹੀਂ ਸੀ, ਪਾਣੀ-ਹਵਾ ਗੰਧਲੀ ਕਰ ਰਿਹਾ ਸੀ, ਤਕਨੌਲਜੀ ਦੇ ਭਾਰ ਹੇਠ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਸਨ, ਰਹਿਣ ਸਹਿਣ ਗੈਰ ਕੁਦਰਤੀ ਹੋ ਰਿਹਾ ਸੀ ਅਤੇ ਲਗਾਤਾਰ ਇਹ ਰਫਤਾਰ ਵੱਧ ਰਹੀ ਸੀ। ਅਸੀਂ ਆਪਣੇ ਖਾਤਮੇ ਵੱਲ ਵਧ ਰਹੇ ਸੀ ਅਤੇ ਤੇਜ਼ ਰਫਤਾਰ ਵਿੱਚ ਸਾਨੂੰ ਇਲਮ ਨਹੀਂ ਸੀ ਕਿ ਅਸੀਂ ਕੁਦਰਤ ਨਾਲ ਕਿਵੇਂ ਮੱਥਾ ਲਾਇਆ ਹੋਇਆ ਹੈ। 

ਫਿਰ ਇਕ ਬਿਧੁ ਬਣੀ, ਗੁਰੂ ਪਾਤਸ਼ਾਹ ਨੇ ਸਾਨੂੰ ਠਹਿਰਾਓ ਬਖਸ਼ਿਆ। ਇਕਦਮ ਸਭ ਕੁਝ ਰੁਕ ਗਿਆ, ਜਿਹਦੇ ਕੋਲ ਇਕ ਪਲ ਦੀ ਫੁਰਸਤ ਨਹੀਂ ਸੀ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲੱਗਾ, ਪੰਛੀਆਂ ਨੇ ਸਾਫ ਹਵਾ ਚ ਸਾਹ ਲਿਆ, ਬਿਰਖਾਂ ਦੇ ਪੱਤੇ ਗੂੜ੍ਹੇ ਹੋਏ ਅਤੇ ਨਾਲ ਹੀ ਉਮਰਾਂ ਦੇ ਹਿਸਾਬ ਕਿਤਾਬ ਧਰੇ ਦੇ ਧਰੇ ਰਹਿ ਗਏ, ਮੌਤ ਦੇ ਡਰ ਨੇ ਸਭ ਕੁਝ ਰੋਕ ਦਿੱਤਾ। ਜਿਹੜਾ ਕਦੀ ਲੱਗਦਾ ਸੀ ਕਿ ਸੰਭਵ ਨਹੀਂ ਹੈ ਉਹ ਸਭ ਪਰਤੱਖ ਹੋ ਗਿਆ। ਗੁਰੂ ਪਾਤਸ਼ਾਹ ਨੇ ਵਕਤ ਬਖਸ਼ਿਆ ਗੈਰ ਕੁਦਰਤੀ ਜੀਵਨ ਨੂੰ ਬਦਲਣ ਲਈ ਸੋਚਣ ਦਾ, ਵਿਚਾਰਨ ਦਾ ਅਤੇ ਅਮਲ ਕਰਨ ਦਾ। ਪਦਾਰਥ ਨੂੰ ਕਿਵੇਂ ਅਤੇ ਕਿੰਨਾ ਵਰਤਣਾ ਚਾਹੀਦਾ ਇਸ ਗੱਲ ਦੀ ਸਮਝ ਸਾਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਆ ਹੀ ਗਈ ਹੋਵੇਗੀ, ਇਹ ਵੀ ਪਤਾ ਚੱਲ ਗਿਆ ਹੋਣਾ ਕਿ ਜੋ ਸਭ ਕੁਝ ਚੱਲ ਰਿਹਾ ਹੈ ਇਹ ਕਦੋਂ ਵੀ ਰੁੱਕ ਸਕਦੈ, ਇਹ ਕੁਝ ਵੀ ਸਦੀਵੀ ਨਹੀਂ। ਜੋ ਸਦੀਵੀ ਹੈ ਓਧਰ ਧਿਆਨ ਕੇਂਦਰਿਤ ਕਰੀਏ ਅਤੇ ਮਨੁੱਖੀ ਜੀਵਨ ਦੇ ਅਸਲ ਅਰਥਾਂ ਵਿੱਚ ਆਪਣੇ ਆਪ ਨੂੰ ਵੇਖੀਏ। ਸੰਭਵ ਸਭ ਕੁਝ ਹੈ, ਆਪਾਂ ਅੱਖੀਂ ਵੇਖ ਲਿਆ ਹੈ ਹੱਡੀਂ ਹੰਢਾ ਲਿਆ ਹੈ ਜਾ ਹੰਢਾ ਰਹੇ ਹਾਂ। ਹੁਣ ਅਸੀਂ  ਭਵਿੱਖ ਨੂੰ ਇਥੋਂ ਖਲੋ ਕੇ ਵੇਖੀਏ ਨਾ ਕਿ ਪਿਛਲੀ ਰਫਤਾਰ ਚੋਂ। ਪਿਛਲੀ ਰਫਤਾਰ ਚੋਂ ਵੇਖਾਂਗੇ ਤਾਂ ਉਹ ਸਭ ਭਰਮ ਭੁਲੇਖੇ ਵੀ ਨਾਲ ਆਉਣਗੇ ਜੋ ਇਕੋ ਪਲ ਸਵਾਹ ਬਣਨ ਦੀ ਹੈਸੀਅਤ ਰੱਖਦੇ ਹਨ, ਇਥੋਂ ਖਲੋ ਕੇ ਵੇਖਾਂਗੇ ਤਾਂ ਬਹੁਤ ਕੁਝ ਹੈ ਜੋ ਇਕ ਸਕੂਨ ਦੀ ਤਰ੍ਹਾਂ ਸਾਡੀ ਬਾਂਹ ਫੜਨ ਨੂੰ ਤਿਆਰ ਹੈ।   

ਨਾਲ ਹੀ ਹੁਣ ਜਿੱਥੇ ਅਸੀਂ ਸਾਰਾ ਧਿਆਨ ਕਰੋਨਾ ਦੇ ਇਲਾਜ ਲਈ ਹੱਲ ਲੱਭਣ ਉੱਤੇ ਲਾ ਰਹੇ ਹਾਂ ਉਥੇ ਹੀ ਕਰੋਨਾ ਬਹਾਨੇ ਮਿਲੇ ਇਸ ਸੁਨੇਹੇ ਉੱਤੇ ਵੀ ਸੰਵਾਦ ਦੀ ਸਮਾਜ ਵਿੱਚ ਬੜੀ ਵੱਡੀ ਲੋੜ ਹੈ ਕਿ ਆਉਣ ਵਾਲਾ ਜੀਵਨ ਕਿਵੇਂ ਬਿਤਾਉਣਾ ਹੈ, ਕੁਦਰਤੀ ਜਾਂ ਗੈਰ ਕੁਦਰਤੀ। ਇਸ ਪੱਖ ਉੱਤੇ ਸੋਚਣ ਵਿਚਾਰਨ ਦਾ ਹੁਣ ਢੁੱਕਵਾਂ ਸਮਾਂ ਹੈ, ਇੱਥੋਂ ਕੁਝ ਸਬਕ ਨਾ ਲੈ ਸਕੇ ਤਾਂ ਭਵਿੱਖ ਵਿੱਚ ਇਹ ਇਤਿਹਾਸ ਸਾਨੂੰ ਕੀ ਥਾਂ ਦਵੇਗਾ ਇਹਦਾ ਕਿਆਸ ਲਾਉਣਾ ਬਹੁਤਾ ਔਖਾ ਨਹੀਂ ਹੈ। ਆਉ ਅਕਾਲ ਪੁਰਖ ਦੇ ਇਸ ਇਸ਼ਾਰੇ ਨੂੰ ਸਮਝੀਏ ਅਤੇ ਹੁਕਮ ਅਤੇ ਰਜਾ ਵਿੱਚ ਵਿਚਰਦਿਆਂ ਭਵਿੱਖਤ ਜੀਵਨ ਕੁਦਰਤ ਨਾਲ ਇਕਮਿਕਤਾ-ਇਕਸੁਰਤਾ ਵਿੱਚ ਗੁਜ਼ਾਰਨ ਲਈ ਬਾਨਣੂੰ ਬੰਨ੍ਹੀਏ। ਸਦ-ਬਖਸਿੰਦ ਸੱਚੇ ਪਾਤਿਸਾਹ ਭੁੱਲਿਆਂ ‘ਤੇ ਮਿਹਰ ਕਰਨਗੇ।