ਅਨੰਦਪੁਰ ਸਾਹਿਬ ਦਾ ਮਤਾ   

ਅਨੰਦਪੁਰ ਸਾਹਿਬ ਦਾ ਮਤਾ   

ਅਨੰਦਪੁਰ ਸਾਹਿਬ ਦੇ ਮੂਲ ਮਤੇ 'ਤੇ ਕੋਈ ਠੋਸ ਅਮਲ ਹੋ ਸਕੇ ਇਸ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਹੈ 

ਅਨੰਦਪੁਰ ਸਾਹਿਬ ਦਾ ਮਤਾ ਇੱਕ ਨਹੀਂ ਹੈ, ਇਹ ਤਿੰਨ ਹਨ ਪਰ ਇਹ ਗੱਲ ਬਹੁਤ ਘੱਟ ਚਰਚਾ ਵਿੱਚ ਆਉਣ ਕਰਕੇ ਹਰ ਕਿਸੇ ਦੇ ਧਿਆਨ ਵਿੱਚ ਨਹੀਂ ਹੈ। ਇੱਥੋਂ ਤੱਕ ਕੇ ਕਈ ਦਫ਼ਾ ਅਕਾਲੀ ਦਲ ਦੇ ਮੋਢੀ ਆਗੂਆਂ ਨੂੰ ਵੀ ਇਸ ਗੱਲ ਤੋਂ ਅਣਜਾਣ ਵੇਖਿਆ ਗਿਆ ਹੈ। ਅਨੰਦਪੁਰ ਸਾਹਿਬ ਦਾ ਮੂਲ ਮਤਾ ਸਿਰਦਾਰ ਕਪੂਰ ਸਿੰਘ ਵੱਲੋਂ ਲਿਖਿਆ ਗਿਆ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ 1972 ਵਿੱਚ ਪਾਸ ਤਾਂ ਕਰ ਦਿੱਤਾ ਸੀ ਪਰ ਇਸ 'ਤੇ ਕੋਈ ਠੋਸ ਅਮਲ ਨਹੀਂ ਕੀਤਾ ਗਿਆ ਸਗੋਂ ਉਲਟਾ ਇਸ ਦੇ ਤੱਥਾਂ ਅਤੇ ਹਕੀਕਤਾਂ ਨੂੰ ਤੋੜ-ਮਰੋੜ ਕੇ ਅਤੇ ਭੁਲੇਖੇ ਪਾ ਕੇ ਧੁੰਦਲਾ ਕਰਨ ਅਤੇ ਦੁਬਿਧਾ ਪਾਉਣ ਦਾ ਕੰਮ ਜਰੂਰ ਕੀਤਾ। ਆਮ ਸਿੱਖਾਂ ਤੱਕ ਜਿਸ ਕਦਰ ਇਹ ਮਤਾ ਪਹੁੰਚਣਾ ਚਾਹੀਦਾ ਸੀ, ਪਹੁੰਚ ਨਾ ਸਕਿਆ। ਧਰਮ ਯੁੱਧ ਮੋਰਚੇ ਦੌਰਾਨ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਮ ਉੱਤੇ ਵੱਡੇ ਪੱਧਰ ਉੱਤੇ ਵੰਡਿਆ ਅਤੇ ਪ੍ਰਚਾਰਿਆ ਗਿਆ ਦਸਤਾਵੇਜ਼ ਅਸਲ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਧਾਰ ਬਣਾ ਕੇ ਤਿਆਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਨੀਤੀ ਪ੍ਰੋਗਰਾਮ ਸੀ। ਇਸ ਨੂੰ ਘੜਨ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 11 ਦਸੰਬਰ 1972 ਨੂੰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਇਕ ਸਬ-ਕਮੇਟੀ ਕਾਇਮ ਕੀਤੀ ਸੀ। ਫਿਰ 16-17 ਅਕਤੂਬਰ 1973 ਨੂੰ ਵਰਕਿੰਗ ਕਮੇਟੀ ਵੱਲੋਂ ਇਸ ਨਵੇਂ ਨੀਤੀ ਪ੍ਰੋਗਰਾਮ ਨੂੰ ਅਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਗਿਆ ਜਿਸ ਕਰਕੇ ਇਸ ਨੂੰ ਅਨੰਦਪੁਰ ਸਾਹਿਬ ਦਾ ਮਤਾ ਹੀ ਕਿਹਾ ਜਾਣ ਲੱਗ ਪਿਆ। ਇਸ ਤੋਂ ਬਾਅਦ ਇਹ ਮਤਾ 28 ਅਗਸਤ 1977 ਨੂੰ ਅਕਾਲੀ ਦਲ ਦੇ ਜਨਰਲ ਇਜਲਾਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ। ਆਮ ਲੋਕਾਂ ਤੱਕ ਇਹ ਮਤਾ ਧਰਮ ਯੁੱਧ ਮੋਰਚੇ ਦੌਰਾਨ 1982 ਵਿੱਚ ਹੀ ਪਹੁੰਚਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਨਵੇਂ ਨੀਤੀ ਪ੍ਰੋਗਰਾਮ ਦੇ ਖਰੜੇ ਨੂੰ ਹੀ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਪੇਸ਼ ਕਰਨ ਨਾਲ ਮੂਲ ਮਤਾ ਅੱਖੋਂ ਪਰੋਖੇ ਹੋ ਗਿਆ। ਇਸ ਤੋਂ ਇਲਾਵਾ ਤਲਵੰਡੀ ਦਲ ਨੇ ਵੀ ਮੂਲ ਮਤੇ ਵਿੱਚ ਕੁਝ ਅਦਲਾ-ਬਦਲੀ ਕੀਤੀ ਸੀ। ਇਸ ਦਾ ਜ਼ਿਆਦਾਤਰ ਹਿੱਸਾ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਗਏ ਅਨੰਦਪੁਰ ਸਾਹਿਬ ਦੇ ਮਤੇ ਵਾਲਾ ਹੀ ਹੈ ਪਰ ਇਸ ਵਿੱਚ ਕੁਝ ਵੱਧ ਇਲਾਕੇ ਸ਼ਾਮਿਲ ਕੀਤੇ ਗਏ ਹਨ। ਤਲਵੰਡੀ ਦਲ ਦੇ ਮਤੇ ਵਿੱਚ ਕਰੰਸੀ ਦਾ ਮਹਿਕਮਾ ਕੇਂਦਰ ਸਰਕਾਰ ਕੋਲ ਨਾ ਰੱਖਣ ਦੀ ਗੱਲ ਵੀ ਕੀਤੀ ਗਈ ਹੈ ਜਦਕਿ ਸਿਰਦਾਰ ਕਪੂਰ ਸਿੰਘ ਵਾਲੇ ਮਤੇ ਵਿੱਚ ਇਹ ਮਹਿਕਮਾ ਕੇਂਦਰ ਸਰਕਾਰ ਕੋਲ ਰੱਖਣ ਦੀ ਗੱਲ ਹੈ। ਇਸ ਤੋਂ ਇਲਾਵਾ ਕੁਝ ਥਾਂਈ ਸ਼ਬਦਾਂ ਦਾ ਫਰਕ ਹੈ। ਇਸ ਤਰ੍ਹਾਂ ਮੂਲ ਮਤੇ ਤੋਂ ਇਲਾਵਾ ਇਹ ਦੋ ਮਤੇ ਵੀ ਹਨ ਜਿੰਨ੍ਹਾਂ ਕਰਕੇ ਅਕਸਰ ਆਮ ਲੋਕਾਂ ਵਿੱਚ ਕਾਫੀ ਦੁਬਿਧਾ ਰਹਿੰਦੀ ਹੈ।      

ਪਿਛਲੇ ਦਿਨੀਂ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ 28 ਅਗਸਤ 1977 ਵਾਲੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਨੂੰ ਸਾਂਝੀ ਕਰਨ ਵਕਤ ਕੁਝ ਇਸ ਤਰ੍ਹਾਂ ਦਾ ਲਿਖਿਆ ਗਿਆ; ਪੰਜਾਬ ਅਤੇ ਪੰਥ ਦੀ ਬਿਹਤਰੀ ਨੂੰ ਸਮਰਪਿਤ ਸੋਚ ਦਾ ਦਸਤਾਵੇਜ਼ ਸੀ ਸ਼੍ਰੋਮਣੀ ਅਕਾਲੀ ਦਲ ਦਾ ਅਨੰਦਪੁਰ ਦਾ ਮਤਾ। ਸੂਬਿਆਂ ਦੀ ਖ਼ੁਦਮੁਖਤਿਆਰੀ, ਸਭ ਵਰਗਾਂ ਤੇ ਘੱਟ ਗਿਣਤੀਆਂ ਦੀ ਸਿਆਸੀ, ਧਾਰਮਿਕ ਅਤੇ ਸਮਾਜਿਕ ਅਜ਼ਾਦੀ ਨੂੰ ਅਸੀਂ ਸਦਾ ਸਮਰਪਿਤ ਸੀ, ਅਤੇ ਰਹਾਂਗੇ। ਬੀਤੀ 11 ਨਵੰਬਰ ਨੂੰ ਵਿਧਾਨ ਸਭ ਦੇ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੋਲਦਿਆਂ ਕੁਝ ਇਸ ਤਰ੍ਹਾਂ ਕਿਹਾ ਕਿ "ਇਹਨਾਂ (ਅਕਾਲੀ ਦਲ) ਨੇ ਅਨੰਦਪੁਰ ਸਾਹਿਬ ਦਾ ਮਤਾ ਵੀ ਲਿਆਂਦਾ ਸੀ, ਲੇਕਿਨ ਹਰ ਗੱਲ ਵਿੱਚ ਇਹਨਾਂ ਦੀ ਰਾਜਨੀਤਕ ਸੋਚ ਰਹੀ ਹੈ। ਇਹ ਲੋਕ ਹਰ ਗੱਲ ਨੂੰ ਰਾਜਨੀਤਕ ਸ਼ੀਸ਼ੇ ਵਿੱਚ ਦੀ ਵੇਖਦੇ ਹਨ। ਜਦ ਸਰਕਾਰ ਤੋਂ ਬਾਹਰ ਹੁੰਦੇ ਨੇ ਤਾਂ ਇਹਨਾਂ ਨੂੰ ਰਾਜਾਂ ਦੇ ਵੱਧ ਅਧਿਆਕਰ ਵੀ ਯਾਦ ਆਉਂਦੇ ਨੇ, ਫਿਰ ਇਹਨਾਂ ਨੂੰ ਚੰਡੀਗੜ੍ਹ ਵੀ ਯਾਦ ਆਉਂਦੈ, ਫਿਰ ਇਹਨਾਂ ਨੂੰ ਪੰਜਾਬੀ ਬੋਲਦੇ ਇਲਾਕੇ ਜਿਹੜੇ ਪੰਜਾਬ ਤੋਂ ਬਾਹਰ ਚਲੇ ਗਏ, ਉਹ ਵੀ ਬਹੁਤ ਯਾਦ ਆਉਂਦੇ ਨੇ। ਫਿਰ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਨੇ, ਮਤਾ ਲੈ ਕੇ ਆਏ ਅਨੰਦਪੁਰ ਸਾਹਿਬ ਦਾ, ਪੰਜਾਬ ਦੇ ਲੋਕਾਂ ਦੀਆਂ ਭਾਵਨਵਾਂ ਨੂੰ ਭੜਕਾਇਆ, ਨਤੀਜਾ ਕੀ ਹੋਇਆ ਕਿ ਪੰਜਾਬ ਦੇ ਵਿੱਚ ਅੱਤਵਾਦ ਆਇਆ, ਹਜ਼ਾਰਾਂ ਨਹੀਂ ਲੱਖਾਂ ਲੋਕ ਪ੍ਰਭਾਵਿਤ ਹੋਏ, ਦੇਸ਼ ਦੇ ਵਿੱਚ ਅੱਤਵਾਦ ਲਿਆ ਕੇ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਪੰਜਾਬ ਦੀ ਅਰਥ ਵਿਵਸਥਾ ਇਹਨਾਂ ਨੇ ਵਿਗਾੜੀ। … ਇਹਨਾਂ ਨੇ 73 ਦੇ ਵਿੱਚ ਮਤਾ ਲਿਆਂਦਾ ਓਹਦੇ ਵਿੱਚ ਖੁਦਮੁਖਤਿਆਰੀ ਦੀ ਗੱਲ ਕੀਤੀ ਲੇਕਿਨ 77 ਵਿੱਚ ਇਹਨਾਂ ਦਾ ਰਾਜ ਆ ਗਿਆ, ਜਨਤਾ ਪਾਰਟੀ ਦੀ ਸਰਕਾਰ ਬਣ ਗਈ, ਓਥੇ ਇਹ ਪਲਟ ਗਏ। 1978 ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਨੂੰ ਖੁਦਮੁਖਤਿਆਰੀ ਨਹੀਂ ਸਾਨੂੰ ਵੱਧ ਅਧਿਕਾਰ ਦੇ ਦੇਵੋ, ਕਿਉਂਕਿ ਰਾਜ ਆ ਗਿਆ...।"  

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਹ ਟਿੱਪਣੀ ਕਿ ਅਨੰਦਪੁਰ ਸਾਹਿਬ ਦੇ ਮਤੇ ਨਾਲ ਭਾਵਨਾਵਾਂ ਭੜਕਾ ਕੇ ਪੰਜਾਬ ਵਿੱਚ ਅੱਤਵਾਦ ਆਇਆ, ਇਹ ਕਾਂਗਰਸ ਦਾ ਪਿਛਲੇ ਤਕਰੀਬਨ 40 ਸਾਲ ਦਾ ਬਿਰਤਾਂਤ ਹੈ, ਮੁੱਖ ਮੰਤਰੀ ਨੇ ਓਹੀ ਦੁਹਰਾਇਆ ਹੈ। ਟਿੱਪਣੀ ਵਿੱਚ ਅੱਗੇ ਉਹਨਾਂ ਨੇ ਅਕਾਲੀ ਦਲ ਦੇ ਸੱਤਾ ਵਿੱਚ ਹੋਣ ਜਾਂ ਨਾ ਹੋਣ ਵੇਲੇ ਦੇ ਅਮਲ ਬਾਰੇ ਕਿਹਾ ਹੈ, ਅਸਲ ਵਿੱਚ ਜਿਸ ਭਾਵਨਾ ਵਿੱਚੋਂ ਅਤੇ ਜਿਸ ਮਕਸਦ ਲਈ ਅਕਾਲੀ ਦਲ ਹੋਂਦ ਵਿੱਚ ਆਇਆ ਸੀ, 60ਵਿਆਂ ਵਿੱਚ ਅਕਾਲੀ ਦਲ ਨੇ ਉਥੋਂ ਥਿੜਕ ਕੇ ਸਿਰਫ ਵੋਟ ਸਿਆਸਤ ਵੱਲ ਨੂੰ ਹੀ ਮੂੰਹ ਕਰ ਲਿਆ ਸੀ। ਹੁਣ ਜਦੋਂ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ ਉਦੋਂ ਉਹ ਅੰਸ਼ਿਕ ਮਾਤਰ ਅਸਲ ਅਕਾਲੀ ਦਲ ਦੇ ਰੂਪ ਵਿੱਚ ਹੁੰਦਾ ਹੈ। ਉਦੋਂ ਸੰਗਤ ਦੀਆਂ ਭਾਵਨਾਵਾਂ ਹਲੂਣਾ ਮਾਰਦੀਆਂ ਹਨ ਅਤੇ ਅਕਾਲੀ ਦਲ ਨੂੰ ਕਾਰਜ ਕਰਨਾ ਪੈਂਦਾ ਹੈ। ਸੂਬੇ ਦੀ ਸੱਤਾਧਾਰੀ ਧਿਰ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ, ਉਸਨੂੰ ਦਿੱਲੀ ਦਰਬਾਰ ਦੇ ਦਬਕੇ 'ਚ ਹੀ ਚੱਲਣਾ ਪੈਂਦਾ ਹੈ ਦਿੱਲੀ ਦਰਬਾਰ ਦੀ ਕੁਹਾੜੀ ਦਾ ਦਸਤਾ ਬਣ ਕੇ। ਇਹ ਮੌਜੂਦਾ ਨਿਜ਼ਾਮ ਦੀ ਸੱਚਾਈ ਹੈ।ਅਨੰਦਪੁਰ ਸਾਹਿਬ ਦੇ ਮੂਲ ਮਤੇ 'ਤੇ ਕੋਈ ਠੋਸ ਅਮਲ ਹੋ ਸਕੇ ਇਸ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਹੈ। ਗੁਰੂ ਭਲੀ ਕਰੇ। 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼