6 ਜੂਨ - ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ

6 ਜੂਨ - ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ

ਕੁਝ ਪੈਂਡੇ ਚੁੱਪ ਨੇ ਹੀ ਸਰ ਕਰਨੇ ਹੁੰਦੇ ਹਨ, ਸ਼ੋਰ ਨੇ ਬਸ ਹਾਜ਼ਰੀ ਲਵਾਉਣ ਤੱਕ ਸਿਮਟ ਜਾਣਾ ਹੁੰਦਾ ਹੈ।   

ਜੂਨ 1984 ਵਿੱਚ ਬਿਪਰ ਰਾਜ-ਹਉੰ ਨੇ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ, ਇਸ ਬਹੁ-ਪਸਾਰੀ ਅਤੇ ਵਿਆਪਕ ਹਮਲੇ ਨੂੰ ਪੰਥ ਤੀਜੇ ਘੱਲੂਘਾਰੇ ਵਜੋਂ ਯਾਦ ਕਰਦਾ ਹੈ। ਸਿੱਖਾਂ ਦੀ ਇਹ ਰਿਵਾਇਤ ਹੈ ਕਿ ਉਹ ਆਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ, ਗੁਰੂ ਦੇ ਰਾਹ ਉੱਤੇ ਚੱਲ ਕੇ ਜੋ ਸਿੱਖ ਸ਼ਹੀਦ ਹੁੰਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਨ। ਕਥਾ, ਕੀਰਤਨ, ਢਾਡੀ, ਕਵੀਸ਼ਰਾਂ ਰਾਹੀਂ ਸਿੱਖ ਸੰਗਤ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ। ਇਹੀ ਯਾਦ ਨੂੰ ਤਾਜ਼ਾ ਰੱਖਦਿਆਂ ਸਿੱਖ ਸੰਗਤ ਵਰਤਮਾਨ ਵਿੱਚ ਬੈਠਿਆਂ ਇਤਿਹਾਸ ਦੇ ਦਰਸ਼ਨ ਕਰਦੀ ਹੈ ਅਤੇ ਭਵਿੱਖ ਵਿੱਚ ਆਪਣੇ ਅਮਲਾਂ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਕਰਦੀ ਹੈ। ਯਾਦ ਰੱਖਣ ਵਿੱਚ ਜੋ ਤਾਕਤ ਹੈ ਉਹ ਤਾਕਤ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰਨ ਦੇ ਸਮਰੱਥ ਹੁੰਦੀ ਹੈ ਜਿਸ ਕਰਕੇ ਹੁਕਮਰਾਨ ਜਾਂ ਇਤਿਹਾਸ ਦਾ ਗੁਨਾਹਗਾਰ ਇਹ ਕਦੀ ਨਹੀਂ ਚਾਹੁੰਦਾ ਕਿ ਇਹ ਯਾਦ ਬਣੀ ਰਹੇ। ਉਹ ਯਤਨ ਕਰਦਾ ਹੈ ਕਿ ਬੀਤੇ ਨੂੰ ਭੁਲਾ ਦਿੱਤਾ ਜਾਵੇ ਜਾਂ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ। ਯਾਦ ਰੱਖਣ ਅਤੇ ਭੁਲਾ ਦੇਣ ਦੀ ਜੰਗ ਬਹੁਤ ਖਤਰਨਾਕ ਅਤੇ ਅਹਿਮ ਹੁੰਦੀ ਹੈ ਪਰ ਇਸ ਤੋਂ ਵੀ ਅਹਿਮ ਅਤੇ ਖਤਰਨਾਕ ਹੁੰਦਾ ਹੈ ਜਦੋਂ ਯਾਦ ਕਰਨ ਵਿੱਚ ਦਖਲ-ਅੰਦਾਜ਼ੀ ਕਰਕੇ ਯਾਦ ਕਰਨ ਦੇ ਅਮਲ ਨੂੰ ਪ੍ਰਭਾਵਿਤ ਕੀਤਾ ਜਾਵੇ ਅਤੇ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ। ਤੀਜੇ ਘੱਲੂਘਾਰੇ ਦੀ ਯਾਦ ਵਿੱਚ ਵੀ ਇਸੇ ਤਰ੍ਹਾਂ ਦੀਆਂ ਦਖਲ-ਅੰਦਾਜ਼ੀਆਂ ਹੋ ਰਹੀਆਂ ਹਨ।   

ਹਰ ਸਾਲ 6 ਜੂਨ ਨੂੰ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ, ਸ੍ਰੀ ਅਮ੍ਰਿਤਸਰ ਵਿਖੇ ਇਕੱਤਰ ਹੁੰਦੀ ਹੈ ਅਤੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੀ ਹੈ। ਕੋਈ ਸਮਾਂ ਸੀ ਜਦੋਂ ਇਹਨਾਂ ਸ਼ਹੀਦਾਂ ਦੀ ਗੱਲ ਕਰਨ ਉੱਤੇ ਬਹੁਤ ਜਿਆਦਾ ਸਖਤੀ ਸੀ, ਸਟੇਟ ਦਾ ਉਹ ਅਮਲ ਸਿੱਧੇ ਰੂਪ ਵਿੱਚ ਇਸ ਘੱਲੂਘਾਰੇ ਨੂੰ ਯਾਦ ਨਾ ਕਰਨ ਦੇਣ ਦਾ ਅਮਲ ਸੀ। ਇਹ ਅਮਲ ਸੌਖਿਆਂ ਸਮਝ ਪੈ ਜਾਂਦਾ ਹੈ ਪਰ ਜਦੋਂ ਸਟੇਟ ਦਾ ਦਖਲ ਇਸ ਪ੍ਰਕਾਰ ਹੋ ਜਾਵੇ ਕਿ ਯਾਦ ਵੀ ਕਰਨ ਦਿੱਤਾ ਜਾਵੇ ਪਰ ਯਾਦ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਜਾਵੇ, ਇਹ ਬਹੁਤ ਖਤਰਨਾਕ ਹੁੰਦਾ ਹੈ ਅਤੇ ਇਹ ਸੌਖਿਆਂ ਸਮਝ ਵੀ ਨਹੀਂ ਪੈਂਦਾ। ਇਹ ਦਖਲ ਹਰ ਸੰਭਵ ਤਰੀਕੇ ਕੀਤਾ ਜਾਂਦਾ ਹੈ। ਸਟੇਟ ਦਾ ਯਤਨ ਰਹਿੰਦਾ ਹੈ ਕਿ ਇਸ ਦਿਨ ਕੋਈ ਨਾ ਅਜਿਹੀ ਘਟਨਾ ਕਰਵਾਈ ਜਾਵੇ ਜਿਸ ਕਰਕੇ ਸਾਰਾ ਧਿਆਨ ਉਸ ਵਾਪਰੀ ਘਟਨਾ ਉੱਤੇ ਕੇਂਦਰਿਤ ਹੋ ਜਾਵੇ। ਜਦੋਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਇਸ ਯਾਦ ਉੱਤੇ ਆਪਣਾ ਅਸਰ ਛੱਡਦੀ ਹੈ, ਇਸ ਦੀ ਪਵਿੱਤਰਤਾ ਨੂੰ ਖਤਮ ਕਰਦੀ ਹੈ, ਇਸ ਦੀ ਸਕਾਰਾਤਮਿਕਤਾ ਨੂੰ ਖਤਮ ਕਰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਅਤੇ ਸਿੱਖਾਂ ਦੇ ਵੱਡੇ ਹਿੱਸੇ ਦਾ ਧਿਆਨ ਭਟਕਾਉਣ ਵਿੱਚ ਕਾਮਯਾਬ ਵੀ ਰਹੀਆਂ ਹਨ। 

ਪਿਛਲੇ ਸਾਲਾਂ ਤੋਂ ਇਹਨਾਂ ਘਟਨਾਵਾਂ ਵਿੱਚ ਟਾਸਕ ਫੋਰਸ ਦੀ ਭੂਮਿਕਾ ਮਾੜੀ ਰਹੀ ਹੈ ਜਿਸ ਕਰਕੇ ਸਿੱਖ ਸੰਗਤ ਟਾਸਕ ਫੋਰਸ ਨੂੰ ਹੋਰ ਤਰ੍ਹਾਂ ਵੇਖਣ ਲੱਗੀ ਹੈ। ਇਸ ਵਾਰ (2021) ਵਿੱਚ ਕੋਈ ਉਸ ਤਰ੍ਹਾਂ ਦੀ ਘਟਨਾ ਨਾ ਵਾਪਰਨ ਕਰਕੇ ਸਿੱਖਾਂ ਦੇ ਵੱਡੇ ਹਿੱਸੇ ਦੀ ਚਰਚਾ ਇਸ ਗੱਲ ਉੱਤੇ ਹੀ ਹੋ ਰਹੀ ਹੈ ਕਿ ਟਾਸਕ ਫੋਰਸ ਇਸ ਵਾਰ ਚੁੱਪ ਕਰਕੇ ਬੈਠੀ ਰਹੀ, ਨਿਹੱਥੀ ਸੀ ਆਦਿ। ਇਹਦੇ ਕਾਰਨਾਂ ਨੂੰ ਸੱਤਾ ਵਿੱਚ ਕਾਬਜ ਧਿਰ ਅਤੇ ਸੱਤਾ 'ਚੋਂ ਬਾਹਰ ਵਾਲੀ ਧਿਰ ਦੇ ਮੁੜ ਸੱਤਾ ਵਿੱਚ ਆਉਣ ਦੀ ਮਨਸ਼ਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਭਾਵੇਂ ਇਸ ਤਰ੍ਹਾਂ ਦੇ ਸਾਰੇ ਪੱਖ ਸਹੀ ਹੋਣਗੇ ਪਰ ਇਸ ਤੋਂ ਵੀ ਵੱਡੀ ਗੱਲ ਜਿਸ ਉੱਤੇ ਚਰਚਾ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ, ਉਹ ਇਸ ਵਾਰ ਤੀਜੇ ਘੱਲੂਘਾਰੇ ਦੀ ਯਾਦ ਦੌਰਾਨ ਪੁਲਸ ਦਾ ਨੰਗੇ-ਚਿੱਟੇ ਰੂਪ ਵਿੱਚ ਦਖਲ ਹੈ। ਉਹ ਇਸ ਤਰ੍ਹਾਂ ਬੇਖੌਫ ਘੁੰਮ ਰਹੇ ਸਨ ਜਿਵੇਂ ਇਹ ਸਮਾਗਮ ਉਹਨਾਂ ਦਾ ਹੋਵੇ ਅਤੇ ਸਿੱਖ ਸੰਗਤ ਕੇਵਲ ਹਾਜਰੀ ਲਈ ਆਈ ਹੋਵੇ। 2-3 ਫੁੱਟ ਦੀ ਵਿੱਥ ਉੱਤੇ ਇਹਨਾਂ ਮੁਲਾਜ਼ਮਾਂ ਦਾ ਬੈਠਣਾ, ਇਹਨਾਂ ਦੇ ਅਫਸਰ ਨੇ ਬਿਨਾ ਕਿਸੇ ਭੈਅ ਤੋਂ ਉੱਥੇ ਤੁਰੇ ਰਹਿਣਾ, ਜਦੋਂ ਦਿਲ ਕਰਨਾ ਸਭ ਨੂੰ ਇਕੱਠੇ ਕਰ ਲੈਣਾ, ਮੁਲਾਜ਼ਮਾਂ ਵੱਲੋਂ ਵੀ ਸ਼ਰੇਆਮ ਇਹ ਦਿਖਾਉਣਾ ਕਿ ਅਸੀਂ ਸਿੱਖ ਸੰਗਤ ਦਾ ਹਿੱਸਾ ਨਹੀਂ ਹਾਂ, ਇਹ ਸਭ ਸਾਡੇ ਲਈ ਬਹੁਤ ਜਿਆਦਾ ਖਤਰਨਾਕ ਹੈ। ਪਹਿਲਾਂ ਜੇਕਰ ਪੁਲਸ ਦਾ ਦਖਲ ਹੁੰਦਾ ਵੀ ਸੀ ਤਾਂ ਉਹ ਜੱਗ-ਜਾਹਰ ਨਹੀਂ ਸਨ ਕਰਦੇ ਪਰ ਇਸ ਵਾਰ ਉਹ ਸ਼ਰੇਆਮ ਬਿਨਾਂ ਕਿਸੇ ਭੈਅ ਤੋਂ ਆਪਣੀ ਪਹਿਚਾਣ ਦਾ ਦਿਖਾਵਾ ਕਰ ਰਹੇ ਸਨ। ਮੈਨੂੰ ਇਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਨੇ ਗੱਲ ਸੁਣਾਈ ਕਿ ਕਈ ਵਰ੍ਹੇ ਪਹਿਲਾਂ ਇਕ ਸੀ.ਆਈ.ਡੀ ਵਾਲਾ ਸੰਗਤ ਦੀ ਨਿਗ੍ਹਾ ਪੈ ਗਿਆ ਅਤੇ ਸੰਗਤ ਨੇ ਉਸ ਨੂੰ ਦਬੋਚ ਲਿਆ। ਉਸ ਕੋਲੋਂ ਇਕ ਹਥਿਆਰ (ਪਸਤੌਲ) ਵੀ ਮਿਲਿਆ ਅਤੇ ਸੰਗਤ ਨੇ ਉਸ ਦੀ ਚੰਗੀ ਸੇਵਾ ਕੀਤੀ। ਪਰ ਹੁਣ ਪੁਲਸ ਦਾ ਇਸ ਤਰੀਕੇ ਖੁੱਲ੍ਹੇ ਰੂਪ ਵਿੱਚ ਹਿੱਕ ਤਾਣ ਕੇ ਦਖਲ ਅੰਦਾਜੀ ਕਰਨਾ ਬਹੁਤ ਘਾਤਕ ਹੈ। ਇਸ ਉੱਤੇ ਗੱਲਬਾਤ ਤੁਰਨੀ ਚਾਹੀਦੀ ਹੈ, ਵਿਚਾਰਾਂ ਹੋਣੀਆਂ ਚਾਹੀਦੀਆਂ ਹਨ ਅਤੇ ਭਵਿੱਖ ਵਿੱਚ ਇਸ ਦਖਲ ਨੂੰ ਹੋਰ ਵਧਣ ਤੋਂ ਰੋਕਣ ਲਈ ਕੋਈ ਰਾਹ ਤਲਾਸ਼ੇ ਜਾਣੇ ਚਾਹੀਦੇ ਹਨ।           

ਇਹਨਾਂ ਦਿਨਾਂ ਨੂੰ ਯਾਦ ਕਰਨ ਦੀ ਪਵਿੱਤਰਤਾ ਸਿਰਫ ਸਰਕਾਰੀ ਦਖਲ ਨਾਲ ਹੀ ਖਤਮ ਨਹੀਂ ਹੁੰਦੀ ਸਗੋਂ ਸਾਡੇ ਅਮਲ ਵੀ ਬਹੁਤ ਮਾਇਨੇ ਰੱਖਦੇ ਹਨ। ਅਸੀਂ ਜਾਣੇ-ਅਣਜਾਣੇ ਜਾਂ ਦੇਖਾ-ਦੇਖੀ ਵਿੱਚ ਬਹੁਤ ਕੁਝ ਅਜਿਹਾ ਕਰਦੇ ਹਾਂ ਜੋ ਇਸ ਯਾਦ ਦੀ ਸਕਾਰਾਤਮਿਕਤਾ ਨੂੰ ਘਟਾਉਂਦਾ ਹੈ। ਜਿਸ ਸਹਿਜ ਨਾਲ ਸ਼ਹੀਦਾਂ ਦੀ ਯਾਦ ਵਿੱਚ ਓਥੇ ਚੌਂਕੜੇ ਲੱਗਣੇ ਚਾਹੀਦੇ ਹਨ ਉਹ ਸਹਿਜ ਵੱਡੇ ਹਿੱਸੇ ਵਿੱਚੋਂ ਮਨਫ਼ੀ ਹੁੰਦਾ ਹੈ। ਬੇਸ਼ੱਕ ਸਾਡਾ ਗਿਲ਼ਾ ਸਾਡੀਆਂ ਸੰਸਥਾਵਾਂ ਜਾਂ ਉਹਨਾਂ ਸੰਸਥਾਵਾਂ 'ਤੇ ਕਾਬਜ ਵਿਅਕਤੀਆਂ ਨਾਲ ਹੈ/ਹੋਵੇਗਾ ਪਰ ਇਸ ਯਾਦ ਵਿੱਚ ਇਕੱਤਰ ਹੋਣ ਵਕਤ ਸਾਨੂੰ ਇਹ ਸਭ ਪਿੱਛੇ ਰੱਖ ਕੇ ਆਪਣੀ ਸੁਰਤ ਇਕਾਗਰ ਕਰ ਕੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਫਿਰ ਹੀ ਅਸੀਂ ਆਪਣੇ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰ ਸਕਣ ਵੱਲ ਕੋਈ ਕਦਮ ਚੱਲ ਸਕਾਂਗੇ। ਕੁਝ ਪੈਂਡੇ ਚੁੱਪ ਨੇ ਹੀ ਸਰ ਕਰਨੇ ਹੁੰਦੇ ਹਨ, ਸ਼ੋਰ ਨੇ ਬਸ ਹਾਜ਼ਰੀ ਲਵਾਉਣ ਤੱਕ ਸਿਮਟ ਜਾਣਾ ਹੁੰਦਾ ਹੈ।   

 

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼