ਵੈਕਸੀਨ ਲਵਾਉਣੀ ਜਰੂਰੀ ਹੋਣ ਉਪਰੰਤ ਨਿਊਯਾਰਕ ਵਿਚ ਸੈਂਕੜੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਬਿਮਾਰ ਦੱਸਕੇ ਲਈ ਛੁੱਟੀ

ਵੈਕਸੀਨ ਲਵਾਉਣੀ ਜਰੂਰੀ ਹੋਣ ਉਪਰੰਤ ਨਿਊਯਾਰਕ ਵਿਚ ਸੈਂਕੜੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਬਿਮਾਰ ਦੱਸਕੇ ਲਈ ਛੁੱਟੀ

* ਮੇਅਰ ਨੇ ਦਿੱਤੀ ਸਿੱਟੇ ਭੁੱਗਤਣ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਸੋਮਵਾਰ ਤੋਂ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਵਾਉਣੀ ਜਰੂਰੀ ਹੋਣ ਉਪਰੰਤ ਨਿਊਯਾਰਕ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਸੈਂਕੜੇ ਮੁਲਾਜ਼ਮ ਛੁੱਟੀ ਉਪਰ ਚਲੇ ਗਏ ਹਨ। ਅੱਗ ਬੁਝਾਊ ਵਿਭਾਗ ਨਿਊਯਾਰਕ ਦੇ ਕਮਿਸ਼ਨਰ ਡੈਨੀਏਲ ਏ ਨਿਗਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਲਵਾਉਣ ਦੇ ਵਿਰੋਧ ਵਿਚ 2300 ਮੁਲਾਜ਼ਮ ਆਪਣੇ ਆਪ ਨੂੰ ਬਿਮਾਰ ਦੱਸਕੇ ਛੁੱਟੀ 'ਤੇ ਚਲੇ ਗਏ ਹਨ। ਆਮ ਤੌਰ 'ਤੇ 800 ਤੋਂ 1000 ਤੱਕ ਮੁਲਾਜ਼ਮ ਬਿਮਾਰੀ ਦੀ ਛੁੱਟੀ ਲੈਂਦੇ ਹਨ। ਨਿਗਰੋ ਨੇ ਦੱਸਿਆ ਕਿ ਇਹ ਮੁਲਾਜ਼ਮ ਵੈਕਸੀਨ ਦਾ ਵਿਰੋਧ ਕਰ ਰਹੇ ਹਨ। ਉਨਾਂ ਨੇ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਹੀ ਬਿਮਾਰ ਹੋ ਤਾਂ ਠੀਕ ਹੈ ਕਿਉਂਕਿ ਤੁਹਾਡਾ ਕੰਮ ਖਤਰਨਾਕ ਹੈ ਤੇ ਜੇਕਰ ਤੁਸੀਂ ਬਿਮਾਰ ਨਹੀਂ ਹੋ ਤਾਂ ਮੈਂ ਚਹੁੰਦਾ ਹਾਂ ਕਿ ਤੁਸੀਂ ਕੰਮ ਉਪਰ ਆ ਜਾਵੋ। ਉਨਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਡਾਕਟਰੀ ਛੁੱਟੀ ਦੀ ਅਣਉਚਿੱਤ ਵਰਤੋਂ ਨਹੀਂ ਕਰਦਾ ਤਾਂ ਉਹ ਨਾ ਕੇਵਲ ਸ਼ਹਿਰੀਆਂ ਦੀ ਮੱਦਦ ਕਰਦਾ ਹੈ ਬਲਕਿ ਆਪਣੇ ਭੈਣ-ਭਰਾਵਾਂ ਲਈ ਵੀ  ਨੌਕਰੀ ਦੇ ਦਰਵਾਜ਼ੇ ਖੋਲ ਦਿੰਦਾ ਹੈ। ਅਧਿਕਾਰੀਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਅੱਗ ਬੁਝਾਊ ਵਿਭਾਗ ਨੂੰ ਮੁਲਾਜ਼ਮਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਅਰ ਬਿੱਲ ਡੇ ਬਲਾਸੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਦੇ ਵਿਰੋਧ ਵਿਚ ਸੋਮਵਾਰ ਨੂੰ ਕੁਲ 3,78,000 ਮੁਲਾਜ਼ਮਾਂ ਵਿਚੋਂ ਅੰਦਾਜਨ 9000 ਬਿਨਾਂ ਤਨਖਾਹ ਛੁੱਟੀ ਉਪਰ ਸਨ। ਉਨਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਅੱਗ ਬੁਝਾਊ ਵਿਭਾਗ ਜਾਂ ਹੋਰ ਕਿਸੇ ਵੀ ਵਿਭਾਗ ਵਿਚ ਜੋ ਲੋਕ ਬਿਮਾਰੀ ਛੁੱਟੀ ਦਾ ਦੁਰਉਪਯੋਗ ਕਰ ਰਹੇ ਹਨ, ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਮੇਅਰ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਫਰੇਬ ਕਰਕੇ ਦੂਸਰਿਆਂ ਦੀ ਜਾਨ ਲਈ ਖਤਰਾ ਪੈਦ ਕਰ ਰਹੇ ਹਨ, ਉਨਾਂ ਵਿਰੁੱਧ ਕਾਰਵਾਈ ਹੋਵੇਗੀ। ਉਨਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਅੱਗ ਬੁਝਾਊ ਵਿਭਾਗ ਦੇ ਕੁਲ 350 ਯੁਨਿਟਾਂ ਵਿਚੋਂ 18 ਬੰਦ ਹਨ। ਇਸ ਦੌਰਾਨ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਐਂਡਰੀਊ ਐਨਸਬਰੋ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਲੰਘੇ ਸੋਮਵਾਰ ਵੈਕਸੀਨ ਨਾ ਲਵਾਉਣ ਵਾਲੇ ਕਿੰਨੇ ਮੁਲਾਜ਼ਮਾਂ ਨੂੰ ਕੰਮ ਉਪਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।