ਹੜਾਂ ਕਾਰਣ ਪੰਜਾਬ ਦੇ ਹਾਲਾਤ ਵਿਗੜੇ,ਪੌਂਗ ਡੈਮ ਤੇ ਭਾਖੜਾ ਡੈਮ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਐਲਾਨ

ਹੜਾਂ ਕਾਰਣ ਪੰਜਾਬ ਦੇ ਹਾਲਾਤ ਵਿਗੜੇ,ਪੌਂਗ ਡੈਮ ਤੇ ਭਾਖੜਾ ਡੈਮ ਤੋਂ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਐਲਾਨ

ਹੜ੍ਹ ਪੀੜਤਾਂ ਦੀ ਰਾਹਤ ਵਿੱਚ ਜੁਟੀਆਂ ਸਿੱਖ ਜਥੇਬੰਦੀਆਂ

*ਖਾਲਸਾ ਏਡ ,ਯੂਨਾਈਟਿਡ ਸਿਖ ਤੇ ਸੋਮਣੀ ਕਮੇਟੀ ਤੇ ਹੋਰ ਲੋਕਾਂ ਦੀ ਸਹਾਇਤਾ ਲਈ ਡਟੇ

*ਪੰਜਾਬੀਆਂ ਦੀ ਆਸਥਾ ਸਰਕਾਰ ਦੀ ਥਾਂ ਪੰਥਕ ਜਥੇਬੰਦੀਆਂ 'ਤੇ ਟਿਕੀ

ਪੰਜਾਬ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਫਿਲਹਾਲ ਬਾਰਸ਼ ਰੁਕ ਗਈ ਹੈ ਪਰ ਪਿੱਛੇ ਹੜ੍ਹਾਂ ਦਾ ਪਾਣੀ ਤਬਾਹੀ ਮਚਾ ਰਿਹਾ ਹੈ।ਹੜ੍ਹਾਂ ਨਾਲ ਹੋਈ ਤਬਾਹੀ ਦਾ ਅੰਦਾਜ਼ਾ ਲਗਾਉਣਾ ਅਜੇ ਤੱਕ ਮੁਸ਼ਕਲ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਜ਼ਿਲ੍ਹਿਆਂ ਵਿੱਚ ਤਬਾਹੀ ਦੇ ਮੰਜ਼ਰ ਸਾਹਮਣੇ ਆ ਰਹੇ ਹਨ। ਉੱਤਰੀ ਭਾਰਤ ਵਿੱਚ ਇਸ ਵਾਰ ਰਿਕਾਰਡ ਤੋੜ ਬਰਸਾਤ ਹੋਈ ਹੈ।ਮੌਸਮ ਵਿਭਾਗ ਅਨੁਸਾਰ ਬਾਰਸ਼ ਆਉਣ ਦੀ ਲਗਾਤਾਰ ਸੰਭਾਵਨਾ ਹੈ।ਨਹਿਰਾਂ ਅਤੇ ਪੁਲ ਟੁੱਟ ਚੁਕੇ ਹਨ। ਜਲੰਧਰ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਵਿਚ ਦੋ ਜਗ੍ਹਾ ਤੋਂ ਪਾੜ ਪੈਣ ਨਾਲ ਸ਼ਾਹਕੋਟ ਤੇ ਲੋਹੀਆ ਇਲਾਕੇ ’ਚ ਸੈਂਕੜੇ ਪਿੰਡ ਮਾਰ ਹੇਠ ਆ ਗਏ ਹਨ ਜਦੋਂ ਕਿ ਘੱਗਰ ’ਚ ਸਮਾਣਾ ਦੇ ਪਿੰਡ ਬਾਦਸ਼ਾਹਪੁਰ ਲਾਗੇ ਇੱਕ ਨਵਾਂ ਪਾੜ ਪੈਣ ਨਾਲ ਪੰਜਾਬ ਤੇ ਹਰਿਆਣਾ ਦੇ ਸੈਂਕੜੇ ਪਿੰਡਾਂ ਲਈ ਸੰਕਟ ਖੜ੍ਹਾ ਹੋ ਗਿਆ ਹੈ।ਭਾਰੀ ਬਾਰਿਸ਼ ਕਾਰਨ ਬੀਤੀ ਰਾਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਪਿਛਲੇ ਪਾਸੇ ਪਿੰਡ ਸ਼ਾਉਲੇ ਬੁਜਾੜ ਸਾਹਿਬ ਨੇੜੇ ਵੱਖ-ਵੱਖ ਥਾਵਾਂ ਤੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ, ਜਿਸ ਕਾਰਨ ਅਕੈਡਮੀ ਤੇ ਆਲੇ-ਦੁਆਲੇ ਦੇ ਇਲਾਕੇ ਤੇ ਅਨੇਕਾਂ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਜ਼ਿਕਰਯੋੋਗ ਹੈ ਕਿ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ 10 ਜੁਲਾਈ ਨੂੰ ਹੋਣ ਵਾਲੀ ਪਾਸਿੰਗ ਆਊਟ ਪਰੇਡ 'ਚ 700 ਦੇ ਕਰੀਬ ਟ੍ਰੇਨੀਆਂ ਨੇ ਭਾਗ ਲੈਣਾ ਸੀ, ਜਿਸ ਕਰਕੇ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵੀ ਪਾਸਿੰਗ ਆਊਟ ਪਰੇਡ ਦੇਖਣ ਲਈ ਆਏ ਹੋਏ ਸਨ, ਪਰ ਬੰਨ੍ਹ ਟੁੱਟਣ ਕਾਰਨ ਉਨ੍ਹਾਂ ਦੀਆਂ ਸੈਕੜੇ ਕਾਰਾਂ ਅਕੈਡਮੀ ਦੇ ਝੱਲ ਗਰਾਊਂਡ 'ਚ ਖੜ੍ਹੀਆਂ ਪਾਣੀ 'ਚ ਨੱਕੋ-ਨੱਕ ਡੁੱਬ ਗਈਆਂ। । ਅਧਿਕਾਰਤ ਜਾਣਕਾਰੀ ਹੈ ਕਿ 250 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹੋਰ ਵੀ ਖਾਲੀ ਕਰਵਾਏ ਜਾਣਗੇ।ਮੀਂਹ ਕਾਰਨ ਕਰੀਬ ਪੰਜ ਲੱਖ ਏਕੜ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ।

ਪੰਜਾਬ ਵਿੱਚ ਹੜ੍ਹਾਂ ਖਤਰਾ ਹੋਰ ਵਧ ਗਿਆ ਹੈ। ਦਰਅਸਲ, ਭਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਤੇ ਭਾਖੜਾ ਡੈਮ ਤੋਂ ਅਗਲੇ ਦੋ ਦਿਨਾਂ ਤੱਕ ਕਰੀਬ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਜੇ ਕੋਈ ਚਿੰਤਾ ਦੀ ਸਥਿਤੀ ਨਹੀਂ ਪਰ ਸਤਲੁਜ ਵਿੱਚ ਪਾਣੀ ਛੱਡਣ ਨਾਲ ਨੀਵੇਂ ਇਲਾਕਿਆਂ ਵਿੱਚ ਸਮੱਸਿਆ ਆ ਸਕਦੀ ਹੈ।

ਉਧਰ, ਮੌਸਮ ਵਿਭਾਗ ਨੇ ਪੱਛਮੀ ਮਾਲਵੇ ਵਿੱਚ ਆਮ ਮੀਂਹ ਤੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ। ਜੇਕਰ ਆਮ ਨਾਲੋਂ ਵੱਧ ਬਾਰਸ਼ ਹੁੰਦੀ ਹੈ ਤਾਂ ਪੱਛਮੀ ਮਾਲਵੇ ਵਿੱਚ ਸਮੱਸਿਆ ਗੰਭੀਰ ਹੋ ਸਕਦੀ ਹੈ। 

 ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ 13 ਜੁਲਾਈ ਤੱਕ ਬੰਦ ਰਹਿਣਗੇ। 33 ਤੋਂ ਵੱਧ ਯਾਤਰੀ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। 

ਖਾਲਸਾ ਪੰਥ ਪੰਜਾਬ ਨੂੰ ਬਚਾਉਣ ਲਈ ਡਟਿਆ

ਇਸ ਔਖੀ ਘੜੀ ਵਿੱਚ ਸਰਬਉੱਚ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਸਹਿਯੋਗ ਲਈ ਅੱਗੇ ਆਈਆਂ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਤੁਰੰਤ ਰਾਹਤ ਕਾਰਜ ਅਤੇ ਲੰਗਰ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ‘ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਉਹ ਅਪੀਲ ਕਰਦੇ ਹਨ ਕਿ ਸਮੂਹ ਸਿੱਖ ਜਥੇਬੰਦੀਆਂ ਤੁਰੰਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪੀੜਤਾਂ ਤੱਕ ਲੰਗਰ, ਬਿਸਤਰੇ, ਦਵਾਈਆਂ, ਕੱਪੜੇ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਉਣ ਲਈ ਪੀੜਤਾਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਇਹ ਕੰਮ ਭਾਈਚਾਰੇ, ਧਰਮ ਅਤੇ ਜਾਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਕੀਤਾ ਜਾਣਾ ਚਾਹੀਦਾ ਹੈ। 

ਗਿਆਨੀ ਰਘਬੀਰ ਸਿੰਘ ਦੇ ਨਿਰਦੇਸ਼ਾਂ 'ਤੇ ਚੱਲਦਿਆਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਹੜ੍ਹ ਪੀੜਤਾਂ ਲਈ ਸਾਰੇ ਗੁਰਦੁਆਰਾ ਕੰਪਲੈਕਸਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਿਸਤਰੇ ਅਤੇ 24 ਘੰਟੇ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਹੜ੍ਹਾਂ ਕਾਰਨ ਜ਼ਖਮੀ ਹੋਏ ਜਾਂ ਬਿਮਾਰ ਹੋਏ ਲੋਕਾਂ ਲਈ ਡਾਕਟਰ ਮੁਹੱਈਆ ਕਰਵਾਏ ਗਏ ਹਨ ਅਤੇ ਦਵਾਈਆਂ ਦਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਜਾਵੇਗਾ। ਪੀੜਤ ਲੋਕ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਉੱਥੇ ਹੀ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਮੈਡੀਕਲ ਸਹਾਇਤਾ

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਜਿਥੇ ਰਿਹਾਇਸ਼ ਅਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਮੈਡੀਕਲ ਸਹੂਲਤ ਨੂੰ ਮੁੱਖ ਰੱਖਦਿਆਂ ਵੱਖ-ਵੱਖ ਇਲਾਕਿਆਂ ਲਈ ਅੱਜ ਤਿੰਨ ਐਬੂਲੈਂਸ ਗੱਡੀਆਂ ਨੂੰ ਰਵਾਨਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਤੋਂ ਇਹ ਤਿੰਨ ਵੈਨਾਂ ਸ੍ਰੀ ਅਨੰਦਪੁਰ ਸਾਹਿਬ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਇਲਾਕਿਆਂ ਲਈ ਰਵਾਨਾ ਕੀਤੀਆਂ।ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਵੈਨਾਂ ਵਿਚ ਡਾਕਟਰ ਸਮੇਤ ਮੈਡੀਕਲ ਟੀਮ ਦੇ ਨਾਲ-ਨਾਲ ਦਵਾਈਆਂ ਦਾ ਖਾਸ ਪ੍ਰਬੰਧ ਹੈ, ਜੋ ਲੋੜਵੰਦਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਚਨਬਧਤਾ ਪ੍ਰਗਟਾਈ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸੇਵਾਵਾਂ ਲੋੜ ਬਣੀ ਰਹਿਣ ਤੱਕ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾਵਾਂ ਨਿਭਾਅ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਟੀਮਾਂ ਨਾਲ ਸਹਿਯੋਗ ਕਰਨ

ਸ੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਸੁਰੱਖਿਅਤ ਪਸ਼ੂਆਂ ਦੇ ਸ਼ੈੱਡ ਬਣਾਏ ਗਏ ਹਨ। ਪ੍ਰਭਾਵਿਤ ਪਸ਼ੂਆਂ ਲਈ ਵੈਟਰਨਰੀ ਡਾਕਟਰਾਂ ਅਤੇ ਦਵਾਈਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੂਬੇ ਦੇ ਹਰ ਗੁਰਦੁਆਰੇ ਵਿੱਚ ਅਜਿਹੇ ਰਾਹਤ ਕੈਂਪ ਲਗਾਏ ਗਏ ਹਨ ਜਿਨ੍ਹਾਂ ਦੇ ਦਰਵਾਜ਼ੇ ਦਿਨ ਰਾਤ ਖੁੱਲ੍ਹੇ ਰਹਿਣਗੇ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਤੋਂ ਇਲਾਵਾ ਆਮ ਸੰਗਤ ਵੀ ਸੇਵਾ ਕਰ ਰਹੀ ਹੈ। ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਿਆਂ ਦੀਆਂ ਧਰਮਸ਼ਾਲਾਵਾਂ ਵਿੱਚ ਹੜ੍ਹ ਪੀੜਤਾਂ ਨੂੰ ਕਮਰੇ ਮੁਫ਼ਤ ਅਲਾਟ ਕੀਤੇ ਜਾ ਰਹੇ ਹਨ। ਧਾਮੀ ਨੇ ਕਿਹਾ, 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਰਵਾਇਤ ਰਹੀ ਹੈ ਕਿ ਉਹ ਔਖੇ ਸਮੇਂ ਪੀੜਤਾਂ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਇਸੇ ਕਰਕੇ ਇਸ ਕੁਦਰਤੀ ਆਫ਼ਤ ਦੀ ਘੜੀ ਵਿਚ ਅਸੀਂ ਹਰ ਧਰਮ ਅਤੇ ਜਾਤ ਦੇ ਲੋਕਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ | 

ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਤੋਂ ਵੱਧ ਗੁਰਦੁਆਰਿਆਂ ਵਿੱਚ ਵਿਸ਼ੇਸ਼ ਕੇਂਦਰ ਸਥਾਪਿਤ ਕੀਤੇ ਗਏ ਹਨ। 

ਹੜ੍ਹ ਪੀੜਤਾਂ ਲਈ ਗੁਰੂ ਕਾ ਲੰਗਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ, “ਪੰਜਾਬ ਇਸ ਸਮੇਂ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਹੜ੍ਹ ਕਾਰਨ ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਪੀੜਤਾਂ ਨੂੰ ਉਚਿਤ ਰਾਹਤ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਇਸ ਲਈ ਮੈਂ ਏ.ਸੀ.ਪੀ.ਸੀ ਅਤੇ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਸ ਸਬੰਧੀ ਅਪੀਲ ਕੀਤੀ ਹੈ। ਅਪੀਲ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਹੋ ਗਿਆ ਹੈ। ਕੋਈ ਵੀ ਪੀੜਤ ਕਿਸੇ ਵੀ ਗੁਰਦੁਆਰੇ ਵਿੱਚ ਸ਼ਰਨ ਲੈ ਸਕਦਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਉਥੇ ਰਹਿ ਸਕਦਾ ਹੈ। ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਹੜ੍ਹ ਪੀੜਤਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਮੋਬਾਈਲ ਵੈਨਾਂ ਵੀ ਚਲਾਈਆਂ ਗਈਆਂ ਹਨ। ਹੋਰ ਵਾਹਨ ਵੀ ਵਰਤੇ ਜਾ ਰਹੇ ਹਨ। 

ਇਸ ਦੌਰਾਨ ਕੁਝ ਪ੍ਰਵਾਸੀ ਖਾਲਸਾ ਜੀ ਦੀਆਂ ਸੰਸਥਾਵਾਂ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ। ਇਨ੍ਹਾਂ ਵਿਚੋਂ 'ਖਾਲਸਾ ਏਡ' ,ਯੂਨਾਈਟਿਡ ਸਿਖ ਪ੍ਰਮੁੱਖ ਹੈ। ਸਰਕਾਰ ਅਤੇ ਪ੍ਰਸ਼ਾਸਨ ਭਾਵੇਂ ਜੋ ਵੀ ਕਰ ਰਿਹਾ ਹੈ, ਪਰ ਹੜ੍ਹ ਪੀੜਤਾਂ ਨੂੰ ਇਨ੍ਹਾਂ ਸੰਸਥਾਵਾਂ ਦਾ ਵੀ ਵੱਡਾ ਸਹਿਯੋਗ ਹੈ। ਜ਼ਿਆਦਾਤਰ ਲੋਕਾਂ ਦੀ ਆਸਥਾ ਪੰਥਕ ਜਥੇਬੰਦੀਆਂ 'ਤੇ ਟਿਕੀ ਹੋਈ ਹੈ। ਆਮ ਲੋਕਾਂ ਦੇ ਮੂੰਹੋਂ ਇਹ ਅਰਦਾਸ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਹੁਣ ਮੀਂਹ ਨਾ ਪਵੇ; ਨਹੀਂ ਤਾਂ ਸਾਰਾ ਪੰਜਾਬ ਤਬਾਹ ਹੋ ਜਾਵੇਗਾ।

ਸਰਕਾਰ ਹੋਈ ਸਰਗਰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਦੀ ਹਦਾਇਤ ਕੀਤੀ ਹੈ। ਸਰਕਾਰ ਛੇਤੀ ਹੀ ਫ਼ਸਲੀ ਨੁਕਸਾਨ ਦੀ ਗਿਰਦਾਵਰੀ ਕਰਾਉਣ ਦੇ ਰੌਂਅ ਵਿਚ ਹੈ। ਚਾਰ ਦਿਨਾਂ ਦੇ ਮੀਂਹ ਤੋਂ ਝੰਬੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਸਰਕਾਰੀ ਅਪਰੇਸ਼ਨ ਚੱਲ ਰਹੇ ਹਨ। ਫ਼ੌਜ ਦੀਆਂ ਦਰਜਨ ਟੁਕੜੀਆਂ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਫ਼ਿਰੋਜ਼ਪੁਰ, ਜਲੰਧਰ ਅਤੇ ਪਠਾਨਕੋਟ ਵਿਚ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ ਜਦੋਂ ਕਿ ਕੌਮੀ ਆਫ਼ਤ ਪ੍ਰਬੰਧਨ ਫੋਰਸ ਦੀਆਂ 14 ਅਤੇ ਐੱਸਡੀਆਰਐੱਫ ਦੀਆਂ ਦੋ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਹਨ। ਪੰਜਾਬ ਸਰਕਾਰ ਨੇ ਕਰੀਬ ਨੌਂ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਵੇਰਵਿਆਂ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਰੋਪੜ ਕੋਲ ਹੁਣ 42 ਹਜ਼ਾਰ ਕਿਊਸਿਕ ਰਹਿ ਗਿਆ ਹੈ ਜੋ 1.80 ਲੱਖ ਕਿਊਸਿਕ ’ਤੇ ਪੁੱਜ ਗਿਆ ਸੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੋਪੜ, ਪਟਿਆਲਾ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮੋਗਾ, ਜਲੰਧਰ, ਫ਼ਿਰੋਜ਼ਪੁਰ, ਕਪੂਰਥਲਾ, ਤਰਨ ਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸੀਨੀਅਰ ਵੈਟਰਨਰੀ ਅਫ਼ਸਰਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਜ਼ਿਲ੍ਹਾ ਦਵਾਈਆਂ ਖ਼ਰੀਦ ਕੇ ਭੇਜੀਆਂ ਗਈਆਂ ਹਨ। ਵੈਟਰਨਰੀ ਡਾਕਟਰਾਂ ਤੇ ਹੋਰ ਸਟਾਫ਼ ਆਧਾਰਿਤ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲਾਂ ਨੂੰ 12.5 ਲੱਖ ਰੁਪਏ ਜਾਰੀ ਕੀਤੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਥਾਈ ਮੈਡੀਕਲ ਕੈਂਪ ਸਥਾਪਿਤ ਕਰਦਿਆਂ 7500 ਤੋਂ ਵੱਧ ਮੈਡੀਕਲ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਖ਼ੁਰਾਕ ਸਪਲਾਈ ਵਿਭਾਗ ਵੱਲੋਂ ਲੋਕਾਂ ’ਚ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਜਾ ਰਹੇ ਹਨ। ਸਬੰਧਤ ਜ਼ਿਲ੍ਹਿਆਂ ਵੱਲੋਂ 38,300 ਪੈਕੇਟਾਂ ਦੀ ਮੰਗ ਕੀਤੀ ਗਈ ਹੈ, ਜਿਸ ਦੀ ਪੂਰਤੀ ਲਈ ਭਾਰੀ ਮਾਤਰਾ ਵਿੱਚ ਸੁੱਕੇ ਭੋਜਨ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ।

ਵੈਸੇ ਪੰਜਾਬ ਨੇ ਪਿਛਲੇ ਦਿਨੀਂ ਹੜ੍ਹਾਂ ਦੇ ਕਈ ਭਿਆਨਕ ਦ੍ਰਿਸ਼ ਦੇਖੇ ਹਨ। ਲੋਕ 1988 ਦੇ ਹੜ੍ਹਾਂ ਨੂੰ ਨਹੀਂ ਭੁੱਲੇ - ਜਦੋਂ ਸੂਬੇ ਦੇ ਪਿੰਡ ਵਹਿ ਗਏ ਸਨ ਅਤੇ ਮਰਨ ਵਾਲਿਆਂ ਦਾ ਸਹੀ ਅੰਕੜਾ ਅਜੇ ਤੱਕ ਕਿਸੇ ਸਰਕਾਰੀ ਫਾਈਲ ਵਿੱਚ ਨਹੀਂ ਮਿਲਦਾ। ਪਤਾ ਨਹੀਂ ਕਿੰਨੇ ਬੇਸਹਾਰਾ ਲੋਕਾਂ ਦਾ ਮੁਆਵਜ਼ਾ ਬੀਮਾ ਕੰਪਨੀਆਂ ਨੇ ਹੜੱਪ ਲਿਆ। ਜਿਹਨਾਂ ਦੀਆਂ ਲਾਸ਼ਾਂ ਵਹਿਕੇ ਉਸ ਪਾਰ ਪਾਕਿਸਤਾਨ ਗਈਆਂ ਹਨ ਉਨ੍ਹਾਂ ਦੇ ਸਬੂਤ ਕਿਥੋਂ ਮਿਲਣਗੇ? ਦੇਖਣਾ ਹੋਵੇਗਾ ਕਿ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਇਸ ਸਬੰਧੀ ਕਿੰਨੀ ਸੰਜੀਦਗੀ ਨਾਲ ਕੰਮ ਕਰੇਗੀ।