ਡਾ.  ਓਬਰਾਏ ਵਲੋਂ ਮੱਧ-ਪੂਰਬੀ ਦੇਸ਼ਾਂ ਵਿਚ ਫਸੀਆਂ 850 ਪੰਜਾਬਣਾਂ ਨੂੰ ਭਾਰਤ ਵਾਪਸ ਲਿਆਉਣ ਦੇ ਕੀਤੇ ਉਦਮ

ਡਾ.  ਓਬਰਾਏ ਵਲੋਂ ਮੱਧ-ਪੂਰਬੀ ਦੇਸ਼ਾਂ ਵਿਚ ਫਸੀਆਂ 850 ਪੰਜਾਬਣਾਂ ਨੂੰ ਭਾਰਤ ਵਾਪਸ ਲਿਆਉਣ ਦੇ ਕੀਤੇ ਉਦਮ

ਕਿਹਾ ਕਿ ਕੁੜੀਆਂ ਨੂੰ ਮੱਧ-ਪੂਰਬੀ ਦੇਸ਼ਾਂ ਵਿਚੋਂ ਛੁਡਵਾਉਣ ਲਈ ਭਾਰਤ ਸਰਕਾਰ ਦੇ ਦਖ਼ਲ ਦੀ ਲੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ : ਪੰਜਾਬ ਤੇ ਹੋਰਨਾਂ ਸੂਬਿਆਂ ਦੀਆਂ 850 ਕੁੜੀਆਂ ਇਸ ਵੇਲੇ ਮੱਧ-ਪੂਰਬੀ ਦੇਸ਼ਾਂ ’ਚ ਫਸੀਆਂ ਹੋਈਆਂ ਹਨ, ਨੌਜਵਾਨਾਂ ਦੀ ਗਿਣਤੀ ਤਾਂ ਕਈ ਹਜ਼ਾਰਾਂ ਵਿੱਚ ਹੈ; ਜਿਨ੍ਹਾਂ ਨੂੰ ਵਾਪਸ ਲਿਆਉਣ ਦੇ ਉਪਰਾਲੇ ਜਾਰੀ ਹਨ। ਇਹ ਪ੍ਰਗਟਾਵਾ ਉਨ੍ਹਾਂ ਇਸਲਾਮਿਕ ਦੇਸ਼ਾਂ ਦੀਆਂ ਜੇਲ੍ਹਾਂ ’ਚ ਫਸੇ ਪੰਜਾਬੀ ਨੌਜਵਾਨਾਂ ਲਈ ‘ਮਸੀਹਾ’ ਬਣ ਕੇ ਉੱਭਰੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸਪੀਐੱਸ ਓਬਰਾਏ ਨੇ  ਕੀਤਾ। ਉਨ੍ਹਾਂ ਦੱਸਿਆ ਕਿ ਜਿੰਨੀਆਂ ਕੁ ਲੜਕੀਆਂ ਨੂੰ ਮਸਾਂ ਛੁਡਾ ਕੇ ਲਿਆਂਦਾ ਜਾਂਦਾ ਹੈ, ਓਨੇ ਨੂੰ ਉਸ ਤੋਂ ਵੱਧ ਹੋਰ ਵਿਦੇਸ਼ਾਂ ਨੂੰ ਚਲੀਆਂ ਜਾਂਦੀਆਂ ਹਨ। ਉਹ ਪਹਿਲੀ ਵਾਰ ਜਦੋਂ 13 ਪੰਜਾਬਣਾਂ ਨੂੰ ਛੁਡਾ ਕੇ ਅੰਮ੍ਰਿਤਸਰ ਲਿਆਏ ਸਨ, ਤਦ ਹੋਰਨਾਂ ਦੇਸ਼ਾਂ ਵਿਚ ਸਿਰਫ਼ 103 ਲੜਕੀਆਂ ਫਸੀਆਂ ਹੋਈਆਂ ਸਨ।

ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਤਦ ਭਾਰਤ ਸਰਕਾਰ ਦੇ ਸਬੰਧਿਤ ਮੰਤਰੀ ਨੂੰ ਚਿੱਠੀ ਲਿਖ ਕੇ ਹੋਰਨਾਂ ਦੇਸ਼ਾਂ ਵਿਚ ਫਸੇ ਪੰਜਾਬੀਆਂ ਸਮੇਤ ਹੋਰਨਾਂ ਭਾਰਤੀ ਨੌਜਵਾਨਾਂ ਤੇ ਮੁਟਿਆਰਾਂ ਦੀ ਸਾਰੀ ਕਹਾਣੀ ਦੱਸੀ ਸੀ। ਹੁਣ ਇਸ ਗਿਣਤੀ ਵਿੱਚ ਚੋਖਾ ਵਾਧਾ ਹੋ ਚੁੱਕਾ ਹੈ ‘ਮੈਂ ਹੁਣ ਵੀ ਉਨ੍ਹਾਂ ਕੁੜੀਆਂ ਨੂੰ ਛੁਡਾਉਣ ਲਈ ਲੋੜੀਂਦੇ 28 ਤੋਂ 30 ਕਰੋੜ ਖ਼ਰਚਣ ਲਈ ਤਿਆਰ ਹਾਂ ਪਰ ਇਸ ਮਾਮਲੇ ’ਚ ਕੇਂਦਰ ਸਰਕਾਰ ਦਾ ਸਹਿਯੋਗ ਚਾਹੀਦਾ ਹੈ।’ ਦਰਅਸਲ, ਇਨ੍ਹਾਂ ਕੁੜੀਆਂ ਨੂੰ ਮੱਧ-ਪੂਰਬੀ ਦੇਸ਼ਾਂ ’ਚੋਂ ਛੁਡਵਾਉਣ ਲਈ ਭਾਰਤ ਸਰਕਾਰ ਦਾ ਦਖ਼ਲ ਲੁੜੀਂਦਾ ਹੈ, ਉਸ ਤੋਂ ਬਗ਼ੈਰ ਇਹ ਪ੍ਰਕਿਰਿਆ ਸੰਭਵ ਨਹੀਂ ਹੈ।

ਡਾ. ਓਬਰਾਏ ਹੁਣ ਤੱਕ 135 ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ‘ਬਲੱਡ ਮਨੀ’ ਅਦਾ ਕਰ ਕੇ ਛੁਡਾ ਚੁੱਕੇ ਹਨ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਡਾ. ਓਬਰਾਏ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਹੀ ਨਹੀਂ, ਸਗੋਂ ਬਹੁਤ ਸਾਰੇ ਪਾਕਿਸਤਾਨੀ, ਸ੍ਰੀਲੰਕਾਈ, ਬੰਗਲਾਦੇਸ਼ੀ, ਹਰਿਆਣਵੀ, ਮਰਾਠੀ, ਹੈਦਰਾਬਾਦੀ ਵਿਅਕਤੀਆਂ ਨੂੰ ਵੀ ਛੁਡਵਾ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਬਹੁਤੇ ਨੌਜਵਾਨਾਂ ਤੋਂ ਗ਼ੈਰ-ਇਰਾਦਤਨ ਕਤਲ ਜਿਹੇ ਸੰਗੀਨ ਅਪਰਾਧ ਤੱਕ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹੁਣ ਤੱਕ ਕਦੇ ਵੀ ਇਰਾਦਤਨ ਕਤਲ ਜਾਂ ਹੋਰ ਸੰਗੀਨ ਅਪਰਾਧ ਕਰਨ ਵਾਲੇ ਮੁਜਰਮਾਂ ਦੀ ਮਦਦ ਨਹੀਂ ਕੀਤੀ।ਡਾ. ਓਬਰਾਏ ਹੁਣ ਤੱਕ 800 ਤੋਂ ਵੱਧ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਉਨ੍ਹਾਂ ਦੇ ਹਵਾਈ ਟਿਕਟਾਂ ਦੇ ਇੰਤਜ਼ਾਮ ਕਰਨ ਉੱਤੇ ਕਰੋੜਾਂ ਰੁਪਏ ਵੱਖਰੇ ਖ਼ਰਚ ਕਰ ਚੁੱਕੇ ਹਨ।

ਡਾ. ਓਬਰਾਏ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਮਸਕਟ ਤੇ ਦੁਬਈ ’ਚ ਫਸੀਆਂ 70 ਪੰਜਾਬੀ ਕੁੜੀਆਂ ਨੂੰ ਵੀ ਛੁਡਾ ਕੇ ਲਿਆਏ ਸਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਭਾਰਤੀ ਕੁੜੀਆਂ ਮਸਕਟ ਜਾਂਦੀਆਂ ਹਨ, ਇਸੇ ਲਈ ਫਸੀਆਂ ਕੁੜੀਆਂ ਦੀ ਵਧੇਰੇ ਗਿਣਤੀ ਵੀ ਉੱਥੇ ਹੀ ਹੈ। ਉਨ੍ਹਾਂ ਨੂੰ ਵੀ ਭਾਰਤ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਣਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰ ਕਈ ਵਾਰ ਲੋਕਾਂ ਨੂੰ ਇਹ ਲਾਲਚ ਦਿੰਦੇ ਹਨ ਕਿ ਪਹਿਲਾਂ ਉਹ ਦੁਬਈ ਜਾਂ ਸ਼ਾਰਜਾਹ ਚਲੇ ਜਾਣ, ਫਿਰ ਉੱਥੋਂ ਉਨ੍ਹਾਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰ ਯੂਰੋਪੀਅਨ ਦੇਸ਼ਾਂ ਨੂੰ ਭੇਜ ਦਿੱਤਾ ਜਾਵੇਗਾ। ਪਰ ਜਿਹੜੇ ਨੌਜਵਾਨ ਇੱਕ ਵਾਰ ਉਨ੍ਹਾਂ ਦੇਸ਼ਾਂ ’ਚ ਫਸ ਗਏ, ਫਿਰ ਉਨ੍ਹਾਂ ਨੂੰ ਵਤਨ ਵਾਪਸ ਲਿਆਉਣਾ ਡਾਢਾ ਔਖਾ ਹੁੰਦਾ ਹੈ।

ਇਮੀਗ੍ਰੇਸ਼ਨ ਧੋਖਾਧੜੀ ਤੋਂ ਇੰਝ ਬਚ ਸਕਦੇ ਨੇ ਪੰਜਾਬੀ

ਡਾ. ਓਬਰਾਏ ਨੇ ਦੱਸਿਆ ਕਿ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਨੂੰ ਇਮੀਗ੍ਰੇਸ਼ਨ ਧੋਖਾਧੜੀਆਂ ਤੋਂ ਬਚਣ ਲਈ ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਨੇ ਖ਼ਾਸ ਇੰਤਜ਼ਾਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੌਜਵਾਨ ਨੇ ਵੀਜ਼ਾ ਭਾਵੇਂ ਕਿਸੇ ਵੀ ਟਰੈਵਲ ਏਜੰਟ ਜਾਂ ਇਮੀਗ੍ਰੇਸ਼ਨ ਸਲਾਹਕਾਰ ਦੀ ਮਦਦ ਨਾਲ ਲਿਆ ਹੋਵੇ। ਜਦੋਂ ਸਬੰਧਤ ਦੇਸ਼ ਦਾ ਵੀਜ਼ਾ ਪ੍ਰਵਾਨ ਹੋ ਜਾਵੇ, ਤਾਂ ਉਹ ਆਪਣੇ ਦਸਤਾਵੇਜ਼ਾਂ ਦੀਆਂ ਕਾਪੀਆਂ ਟਰੱਸਟ ਦੇ ਦਫ਼ਤਰ (ਇਹ ਦਫ਼ਤਰ ਪੰਜਾਬ ਦੇ ਹਰੇਕ ਜ਼ਿਲ੍ਹੇ ’ਚ ਮੌਜੂਦ ਹਨ) ਵਿਚ ਪੁੱਜਦੀਆਂ ਕਰ ਦੇਣ। ਛੇਤੀ ਤੋਂ ਛੇਤੀ ਉਨ੍ਹਾਂ ਦੇ ਵੀਜ਼ੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਰਅਸਲ ਭੋਲ਼ੇ-ਭਾਲ਼ੇ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਨੂੰ ਜ਼ਿਆਦਾਤਰ ਟੂਰਿਸਟ ਵੀਜ਼ਾ ਲਵਾ ਕੇ ਇਸਲਾਮਿਕ ਦੇਸ਼ਾਂ ਵਿਚ ਭੇਜ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਦੱਸਿਆ ਇਹੋ ਜਾਂਦਾ ਹੈ ਕਿ ਉਨ੍ਹਾਂ ਨੂੰ ‘ਵਰਕ ਵੀਜ਼ਾ’ ਦੇ ਆਧਾਰ ’ਤੇ ਭੇਜਿਆ ਜਾ ਰਿਹਾ ਹੈ। ਉੱਥੇ ਫਸੀਆਂ ਕੁੜੀਆਂ ਨੂੰ ਜਾਂ ਤਾਂ ਅਰਬ ਦੇ ਸ਼ੇਖ਼ਾਂ ਕੋਲ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਜਾਂ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਘਰਾਂ ਵਿੱਚ ਬੰਧੂਆ ਮਜ਼ਦੂਰਾਂ ਵਜੋਂ ਦਿਨ-ਰਾਤ ਕੰਮ ਲਿਆ ਜਾਂਦਾ ਹੈ। ਅਜਿਹੇ ਵਿਅਕਤੀ ਬਹੁਤੀ ਵਾਰ ਵਿਦੇਸ਼ ’ਚ ਜਾ ਕੇ ਕਾਨੂੰਨੀ ਕੁੜਿੱਕੀਆਂ ਵਿੱਚ ਫਸ ਜਾਂਦੇ ਹਨ, ਜਿੱਥੋਂ ਉਨ੍ਹਾਂ ਨੂੰ ਵਾਪਸ ਲਿਆਉਣਾ ਹੋਰ ਵੀ ਔਖਾ ਹੁੰਦਾ ਹੈ। ਸਰਬੱਤ ਦਾ ਭਲਾ ਟਰੱਸਟ ਦੇ ਦਫ਼ਤਰਾਂ ’ਚ ਮੌਜੂਦ ਮਾਹਿਰ ਤੁਰੰਤ ਪਤਾ ਲਾ ਲੈਂਦੇ ਹਨ ਕਿ ਕਿਸ ਵਿਅਕਤੀ ਨੂੰ ਕਿਹੜੀ ਕਿਸਮ ਦਾ ਵੀਜ਼ਾ ਜਾਰੀ ਹੋਇਆ ਹੈ। ਇੰਝ ਠੱਗ ਕਿਸਮ ਦੇ ਟਰੈਵਲ ਏਜੰਟਾਂ ਦੀ ਪੋਲ ਸਹਿਜੇ ਹੀ ਖੁੱਲ੍ਹ ਸਕੇਗੀ। 

ਪੰਜਾਬੀ ਨੌਜਵਾਨਾਂ ਨੂੰ ਇੰਝ ਰੁਜ਼ਗਾਰ ਦੇ ਰਿਹੈ ‘ਸਰਬੱਤ ਦਾ ਭਲਾ ਟਰੱਸਟ’

ਡਾ. ਓਬਰਾਏ ਦੀ ਯੋਗ ਅਗਵਾਈ ਹੇਠ ਤਰੱਕੀ ਦੇ ਨਵੇਂ ਸਿਖ਼ਰ ਛੂਹੰਦੇ ਜਾ ਰਹੇ ‘ਸਰਬੱਤ ਦਾ ਭਲਾ ਟਰੱਸਟ’ ਵੱਲੋਂ ਇਸ ਵੇਲੇ ਪੰਜਾਬ ਦੇ ਪਿੰਡਾਂ ’ਚ ਵੱਡੇ ਹਸਪਤਾਲ, ਲੈਬਾਰਟਰੀਜ਼, ਫ਼ਿਜ਼ੀਓਥੈਰੇਪੀ ਕੇਂਦਰ, ਡੈਂਟਲ ਕਲੀਨਿਕ, ਹਰ ਤਰ੍ਹਾਂ ਦੇ ਮੈਡੀਕਲ ਟੈਸਟਾਂ ਤੇ ਡਾਇਲਾਇਸਿਸ ਦੇ ਨਾਲ-ਨਾਲ ਅੱਖਾਂ ਦੇ ਆਪਰੇਸ਼ਨ ਕਰਵਾਉਣ, ਮਰੀਜ਼ਾਂ ਨੂੰ ਮੁਫ਼ਤ ਐਨਕਾਂ ਲਗਵਾਉਣ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇਣ, ਲੋੜਵੰਦਾਂ ਨੂੰ ਮਾਸਿਕ ਪੈਨਸ਼ਨਾਂ ਦੇਣ ਜਿਹੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸੁਵਿਧਾਵਾਂ ਸਿਰਫ਼ ਪੰਜਾਬ ਦੇ ਪਿੰਡਾਂ ’ਚ ਹੀ ਨਹੀਂ, ਸਗੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਸਮੇਤ 11 ਸੂਬਿਆਂ ’ਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੇ ਕੇਂਦਰਾਂ ’ਤੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਜਿਹੜੇ ਪਿੰਡਾਂ ’ਚ ਟਰੱਸਟ ਨੇ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉੱਥੋਂ ਦੇ ਵਾਸੀ ਹੁਣ ਡਾ. ਓਬਰਾਏ ਨੂੰ ਦੁਆਵਾਂ ਦਿੰਦੇ ਨਹੀਂ ਥੱਕਦੇ।