ਭਾਰਤੀ ਮੀਡੀਏ ਵਿਚ ਵਧ ਰਿਹਾ ਜੁਗਾੜੂ ਰੁਝਾਨ ਤੇ ਪੀਲੀ ਪੱਤਰਕਾਰੀ

ਭਾਰਤੀ ਮੀਡੀਏ ਵਿਚ ਵਧ ਰਿਹਾ ਜੁਗਾੜੂ ਰੁਝਾਨ ਤੇ ਪੀਲੀ ਪੱਤਰਕਾਰੀ

ਪੱਤਰਕਾਰੀ ਇਕ ਜੌਖਮ ਭਰਿਆ ਪੇਸ਼ਾ ਹੈ । ਇਹ ਕਿੱਤਾ ਸੱਚ ਦੀ ਖੋਜ ਨੂੰ ਸਮਰਪਿਤ ਹੁੰਦਾ ਹੈ । ਇਸੇ ਕਰਕੇ ਹੀ ਪੱਤਰਕਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਆਪਣੇ ਸਿਰਾਂ ਉੱਤੇ ਕੱਫਨ ਬੰਨ੍ਹ ਕੇ ਆਪਣੇ ਇਸ ਚੁਣੇ ਹੋਏ ਫੀਲਡ ਵਿੱਚੋਂ ਵਿਚਰਦੇ ਹਨ । ਕਿਸੇ ਘਟਨਾ ਨਾਲ ਸੰਬੰਧਿਤ ਹਰ ਪਹਿਲੂ ਦੀ ਪੁਣਛਾਣ ਕਰਦੇ ਹਨ ਤੇ ਤੱਥਾਂ ਦੀ ਪੜਤਾਲ ਕਰਨ ਉਪਰੰਤ ਜਨਤਾ ਅਤੇ ਸਰਕਾਰ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਕੇ ਇਕ ਜੋੜਕ ਪੁਲ ਵਜੋਂ ਵਿਚਰਦੇ ਹੋਏ ਜਿੱਥੇ ਆਪਣੀ ਬਣਦੀ ਭੂਮਿਕਾ ਅਦਾ ਕਰਦੇ ਹਨ, ਉਥੇ ਇਸ ਦੇ ਨਾਲ ਹੀ ਮੀਡੀਏ ਨੂੰ ਕਿਸੇ ਲੋਕ-ਤੰਤਰ ਦੇਸ਼ ਦਾ ਚੌਥਾ ਮਜ਼ਬੂਤ ਪਿਲਰ ਹੋਣ ਦਾ ਮਾਣ ਵਧਾਉਂਦੇ ਹੋਏ ਆਪਣੀ ਪ੍ਰਮਾਣਿਕਤਾ ਤੇ ਪ੍ਰਤਿਸ਼ਟਾ ਵਿੱਚ ਵਾਧਾ ਵੀ ਕਰਦੇ ਹਨ । 

ਵਿਸ਼ਵ ਮੀਡੀਏ ਦੇ ਬੀ ਬੀ ਸੀ, ਸਕਾਈ ਤੇ ਸੀ ਐਨ ਐਨ ਵਰਗੇ ਵੱਡੇ ਮੀਡੀਆ ਅਦਾਰਿਆਂ ਦੀ ਭਰੋਸੇਯੋਗਤਾ ਦਾ ਅੱਜ ਮੁੱਖ ਕਾਰਨ ਹੀ ਇਹ ਹੈ ਕਿ ਇਹ ਅਦਾਰੇ ਨਿਰਪੱਖ ਤੇ ਬੇਲਾਗ ਪੱਤਰਕਾਰੀ ਕਰਦੇ ਹਨ । ਲੋਕ ਇਹਨਾ ਦੀਆਂ ਸੇਵਾਵਾਂ ਉੱਤੇ ਭਰੋਸਾ ਵੀ ਕਰਦੇ ਹਨ ਤੇ ਮਾਣ ਵੀ । ਇਹ ਅਦਾਰੇ ਕਿਸੇ ਵੀ ਸਰਕਾਰੀ ਜਾਂ ਸਿਆਸੀ ਦਬਾ ਤੋਂ ਮੁਕਤ ਹੋ ਕੇ ਵਿਚਰਦੇ ਹਨ ਤੇ ਪੱਤਰਕਾਰਤਾ ਦੇ ਖੇਤਰ ਵਿੱਚ ਨਵੀਂਆਂ ਪੁਲਾਂਗਾ ਪੁੱਟਦੇ ਹੋਏ ਨਿਰੰਤਰ ਨਵੇਂ ਦਿਸਹੱਦੇ ਸਥਾਪਤ ਕਰਦੇ ਅੱਗੇ ਵੱਧ ਰਹੇ ਹਨ । ਜਿਹਨਾ ਮੁਲਖਾ ਵਿੱਚ ਇਹਨਾਂ ਦੀਆ ਸੇਵਾਵਾਂ ਮੁਹੱਈਆ ਕੀਤੀਆ ਜਾ ਰਹੀਆਂ ਹਨ, ਉਹਨਾ ਵਿੱਚ ਇਹਨਾ ਦੇ ਪੱਤਰਕਾਰਾਂ ਜਾਂ ਮੀਡੀਆ ਕਰਮੀਆਂ ਦਾ ਜਨਤਾ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ। 

ਪਰ ਪੱਤਰਕਾਰਤਾ ਦੇ ਖੇਤਰ ਵਿੱਚ ਸੁਤੰਤਰ ਰੂਪ ਵਿਚ ਵਿਚਰਨ ਵਾਸਤੇ ਇਹਨਾਂ ਅਦਾਰਿਆਂ ਦਾ ਆਰਥਿਕ ਪੱਖੋਂ ਸੁਤੰਤਰ ਹੋਣਾ ਬਹੁਤ ਜਰੂਰੀ ਤੇ ਮਹੱਤਵ ਪੂਰਨ ਹੁੰਦਾ ਹੈ । ਮੀਡੀਏ ਦਾ ਜੋ ਅਦਾਰਾ ਆਰਥਿਕ ਪੱਖੋਂ ਸੁਤੰਤਰ ਨਹੀਂ, ਉਹ ਇਸ ਕਿੱਤੇ ਨਾਲ ਕਦੇ ਵੀ ਇਨਸਾਫ਼ ਨਹੀ ਕਰ ਸਕਦਾ । ਅਦਾਰੇ ਨੂੰ ਚਲਾਉਣ ਵਾਸਤੇ ਉਹ ਜਿਸ ਵੀ ਸਰਕਾਰੀ/ਸਿਆਸੀ ਜਾਂ ਗੈਰ ਸਿਆਸੀ ਧਿਰ ਤੋ ਫੰਡ ਪਰਾਪਤ ਕਰੇਗਾ, ਉਸ ਦੇ ਵਿਰੁੱਧ ਉਹ ਸੱਚ ਬੋਲਣ ਤੇ ਲਿਖਣ ਦੀ ਅਜਾਦੀ ਅਤੇ ਸਮਰੱਥਾ ਤੋ ਵਿਰਵਾ ਹੋ ਜਾਏਗਾ । ਉਸ ਦੀ ਜੁਗਾੜੂ ਬਿਰਤੀ ਉਸ ਦੀ ਜਮੀਰ ਮਾਰ ਦੇਵੇਗੀ ਜਿਸ ਕਾਰਨ ਉਹ ਪੱਤਰਕਾਰਤਾ ਦੀਆਂ ਨੈਤਿਕ ਰਿਵਾਇਤਾਂ ਦਾ ਪਾਲਣ ਕਰਨ ਦੀ ਬਜਾਏ ਉਹਨਾ ਨੂੰ ਛਿਕੇ ਟੰਗਕੇ ਜਾਂ ਫੇਰ ਉਹਨਾਂ ਦਾ ਘਾਤ ਕਰਕੇ ਆਪਣੀ ਰੋਜੀ ਰੋਟੀ ਦੇ ਜੁਗਾੜ ਨੂੰ ਪਹਿਲ ਦੇ ਕੇ ਸਿਰਫ ਵਿਕਾਊ ਮੀਡੀਆ ਬੰਨਕੇ ਰਹਿ ਜਾਵੇਗਾ ਜਿਸ ਕਾਰਨ ਨਿਰਪੱਖ ਤੇ ਬੇਬਾਕ ਰੋਲ ਅਦਾ ਕਰਨਾ ਉਸ ਦੇ ਵਸੋਂ ਬਾਹਰੀ ਗੱਲ ਹੋ ਕੇ ਰਹਿ ਜਾਏਗੀ । 

ਭਾਰਤ ਦਾ ਬਹੁਤਾ ਮੀਡੀਆ ਅਜ ਜੁਗਾੜੂ ਕਿਸਮ ਦਾ ਹੈ । ਬਹੁਤੱ ਅਦਾਰੇ ਤੇ ਪੱਤਰਕਾਰ ਕਿਸੇ ਨ ਕਿਸੇ ਧਿਰ ਦਾ ਦੁੰਮ ਛੱਲਾ ਬਣਕੇ ਵਿਚਰ ਰਹੇ ਹਨ । ਅਦਾਰਿਆ ਦੇ ਅੰਦਰ ਕੰਮ ਕਰਦੇ ਮੀਡੀਆ ਕਰਮਚਾਰੀਆਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਹੈ, ਸੋ ਉਹੀ ਕੁਜ ਨਸ਼ਰ ਕਰਦੇ ਹਨ, ਜੋ ਉਹਨਾ ਦੇ ਮਾਲਕ ਉਹਨਾ ਨੁੰ ਨਸ਼ਰ ਕਰਨ ਦੀ ਆਗਿਆ ਦੇਂਦੇ ਹਨ, ਦੂਜੇ ਸ਼ਬਦਾਂ ਵਿਚ ਕਹਿਣ ਦਾ ਮਤਲਬ ਹਿਜ ਮਾਸਟਰਜ ਵੋਇਸ ਬਣੇ ਹੋਏ ਹਨ । ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰ ਵੀ ਬੰਦਿਸ਼ਾਂ ਵਿਚੋਂ ਵਿਚਰ ਰਹੇ ਹਨ । ਉਹਨਾ ਉਤੇ ਦੂਹਰੀ ਕੜਿਕੀ ਲੱਗੀ ਹੋਈ ਹੁੰਦੀ ਹੈ । ਉਹਨਾਂ ਚੋ ਬਹੁਤਿਆਂ ਨੂੰ ਅਦਾਰਿਆ ਵਲੋ ਕਵਰੇਜ ਕਰਨ ਵਾਸਤੇ ਇਸ਼ਤਿਹਾਰਾਂ ਵਗੈਰਾ ਦੇ ਕਮਿਸ਼ਨ ਉਤੇ ਜਾਂ ਛੋਟੀ ਮੋਟੀ ਨਾਮਾਤਰ ਤਨਖਾਹ ਉਤੇ ਰੱਖਿਆ ਜਾਦਾ ਹੈ ਤੇ ਆਪਾਂ ਜਾਣਦੇ ਕਿ ਇਸ਼ਤਿਹਾਰ ਦਾਤੇ ਵਿਰੁੱਧ ਸੱਚ ਬੋਲਣ ਦੀ ਹਿੰਮਤ ਨਾ ਹੀ ਕਿਸੇ ਮੀਡੀਆ ਅਦਾਰੇ ਵਿਚ ਹੀ ਹੁੰਦੀ ਹੈ ਤੇ ਨਾ ਹੀ ਮੀਡੀਆ ਪਰਸਨ ਵਿਚ ।

ਕਿਸੇ ਪੱਤਰਕਾਰਕ ਅਦਾਰੇ ਨੂੰ ਚਲਦਾ ਰੱਖਣ ਵਾਸਤੇ ਸਰਕਾਰੀ ਇਸ਼ਤਿਹਾਰ ਵੱਡਾ ਰੋਲ ਅਦਾ ਕਰਦੇ ਹਨ । ਇਥੇ ਆ ਕੇ ਸਮੱਸਿਆ ਇਹ ਪੈਦਾ ਹੋ ਜਾਂਦੀ ਹੈ ਕਿ ਸਰਕਾਰੀ ਇਸ਼ਤਿਹਾਰ ਪਰਾਪਤ ਕਰਨ ਵਾਲਾ ਅਦਾਰਾ, ਕਦੇ ਵੀ ਸਰਕਾਰ ਦੀਆਂ ਜਨਤਕ ਵਿਰੋਧੀ ਨੀਤੀਆ ਦਾ ਸਹੀ ਮੁਲਾਕਣ ਕਰਕੇ ਜਨਤਾ ਨੁੰ ਸਹੀ ਜਾਣਕਾਰੀ ਨਹੀ ਦੇਵੇਗਾ ਸਗੋ ਅਜਿਹੇ ਵਿਚ ਉਹ ਗੋਲ ਮੋਲ ਜਾਣਕਾਰੀ ਦੇ ਕੇ ਖਹਿੜਾ ਛਡਾਉਣ ਦੀ ਨੀਤੀ ਅਪਣਾਏਗਾ । 

ਦੂਸਰੇ ਪਾਸੇ ਸੱਤਾਧਾਰੀ ਧਿਰ ਜਾਂ ਸਿਆਸੀ ਪਾਰਟੀਆ ਵੀ ਸਰਕਾਰੀ ਇਸ਼ਤਿਹਾਰ ਸਿਰਫ ਉਹਨਾਂ ਹੀ ਅਦਾਰਿਆਂ ਨੂੰ ਦੇਣੇ ਪਸੰਦ ਕਰਦੀਆ ਹਨ ਜੋ ਅੰਨੇਵਾਹ ਸਰਕਾਰ ਦੀਆਂ ਨੀਤੀ ਕੁਨੀਤੀਆ ਦੀ ਪਰਸੰਸਾ ਕਰਦੇ ਜਾਂ ਗੁਣ ਗਾਉਂਦੇ ਰਹਿੰਦੇ ਹਨ । ਪੰਜਾਬ ਵਿਚਲੇ ਸਪੋਕਸਮੈਨ ਅਖਬਾਰ ਨਾਲ ਪੰਜਾਬ ਚ ਬਾਦਲ ਸਰਕਾਰ ਦੇ ਸਮੇ ਇਸ਼ਤਿਹਾਰ ਦੇਣ ਸਮੇ ਕਈ ਸਾਲ ਇਸੇ ਕਰਕੇ ਵਿਤਕਰਾ ਕੀਤਾ ਜਾਂਦਾ ਰਿਹਾ ਸੀ ਕਿ ਅਦਾਰਾ ਸਰਕਾਰ ਦੀਆ ਲੋਕ ਮਾਰੂ ਨੀਤੀਆ ਵਿਰੁੱਧ ਖੁਲਕੇ ਲਿਖਦਾ ਰਿਹਾ ਤੇ ਰਾਜ ਦੇ ਲੋਕਾ ਨੂੰ ਚੇਤਨ ਕਰਦਾ ਰਿਹਾ ਸੀ । 

ਏਹੀ ਕਾਰਨ ਤੇ ਉਹ ਹਾਲਾਤ ਜਿਸ ਕਰਕੇ ਬਹੁ ਗਿਣਤੀ ਭਾਰਤੀ ਮੀਡੀਆ ਅਜ ਪੱਤਰਕਾਰਕ ਰਿਵਾਇਤਾਂ ਤੋ ਹਜਾਰਾਂ ਮੀਲ ਦੂਰ ਵਿਚਰ ਰਿਹਾ ਹੈ । ਉਹ ਸਰਕਾਰੀ ਜਾਂ ਸਰਕਾਰੀ ਏਜੰਸੀਆ ਦਾ ਦੁੰਮ ਛੱਲਾ ਬਣ ਚੁਕਾ ਹੈ, ਉਹਨਾਂ ਦੀ ਧਿਰ ਵਜੋ ਵਿਚਰਦਾ ਹੈ ਜਿਸ ਕਾਰਨ ਉਸ ਮੀਡੀਏ ਉਤੇ ਪੇਡ ਮੀਡੀਏ ਦਾ ਲੇਬਲ ਲੱਗ ਚੁੱਕਾ ਤੇ ਉਸ ਦੀ ਭਰੋਸੇਯੋਗਤਾ ਉਤੇ ਸਵਾਲੀਆ ਚਿੰਨ ਲੱਗ ਚੁਕਾ ਹੈ । ਜੇਕਰ ਕੋਈ ਇਕ ਅਧ ਨਸ਼ਰੀਆਤ ਤੱਥਾ ਦੇ ਅਧਾਰ ਤੇ ਭਾਰਤੀ ਮੀਡੀਏ ਵਲੋ ਕਿਧਰੇ ਪੇਸ਼ ਵੀ ਕਰ ਦਿੱਤੀ ਜਾਂਦੀ ਹੈ, ਦੇਸ਼ ਵਿਦੇਸ਼ ਦਾ ਜਾਗਰੂਕ ਤਬਕਾ ਉਸ ਉਤੇ ਨਾ ਹੀ ਭਰੋਸਾ ਕਰਦਾ ਹੈ ਤੇ ਨਾ ਹੀ ਯਕੀਨ ।

ਇਥੇ ਇਹ ਦੱਸਣਾ ਵੀ ਜਰੂਰੀ ਬਣ ਜਾਂਦਾ ਹੈ ਜਿਥੇ ਮੀਡੀਏ ਵਿਚ ਉਕਤ ਪਰਕਾਰ ਦਾ ਰੂਝਾਨ ਪੈਦਾ ਹੋ ਜਾਵੇ ਉਥੇ ਨਿੱਡਰ ਤੇ ਬੇਬਾਕ ਪੱਤਰਕਾਰ ਜਾਂ ਮੀਡੀਆ ਕਰਮੀ ਕਦੇ ਵੀ ਮਹਿਫੂਜ ਨਹੀ ਰਹਿ ਸਕਦੇ । ਝੂਠ ਦੇ ਪਸਾਰੇ ਵਿਚ ਉਹਨਾਂ ਦੀ ਅਵਾਜ ਨਗਾਰੇ ਦੇ ਮੁਕਾਬਲੇ ਤੂਤੀ ਬਣਕੇ ਰਹਿ ਜਾਂਦੀ ਹੈ, ਉਹ ਆਏ ਦਿਨ ਤੋਹਮਤਾਂ, ਤਾਅਨਿਆਂ ਅਤੇ ਸ਼ਾਜਿਸ਼ਾਂ ਦਾ ਸ਼ਿਕਾਰ ਹੁੰਦੇ ਤੇ ਮੌਤ ਉਹਨਾਂ ਦੇ ਸਿਰਾਂ 'ਤੇ ਹਮੇਸ਼ਾ ਹੀ ਮੰਡਰਾਉਂਦੀ ਰਹਿੰਦੀ ਹੈ ਜਾਂ ਇੰਜ ਕਹਿ ਲਓ ਕਿ ਸੱਚ ਦੀ ਅਵਾਜ ਦਬਾਉਣ ਜਾਂ ਸਦਾ ਲਈ ਬੰਦ ਕਰਨ ਵਾਸਤੇ ਝੂਠ ਦੇ ਵਪਾਰੀਆਂ ਵਲੋ ਹਮੇਸ਼ਾ ਹੀ ਗੋਂਦਾਂ ਗੁੰਦੀਆ ਜਾਂਦੀਆਂ ਰਹਿੰਦੀਆ ਹਨ ਜਿਸ ਕਾਰਨ ਅਜਿਹੇ ਸੱਚੇ ਮੀਡੀਆ ਕਰਮੀਆ ਵਾਸਤੇ ਹੋਕਾ ਦੇਣਾ ਸੱਚ ਦਾ ਸਭ ਤੋ ਵੱਡਾ ਜਹਾਦ ਬਣ ਜਾਂਦਾ ਹੈ ਤੇ ਭਾਰਤ ਵਿਚਲੇ ਮੀਡੀਏ ਦੇ ਹਾਲਾਤ ਇਸ ਵੇਲੇ ਕੁਜ ਇਸੇ ਤਰਾ ਦੇ ਬਣੇ ਹੋਏ ਹਨ । ਬਹੁਤ ਸਾਰੇ ਬੇਬਾਕ ਪੱਤਰਕਾਰ ਪਿਛਲੇ ਸਮੇ ਚ ਮਾਰੇ ਜਾ ਚੁਕੇ ਗਨ ਤੇ ਬਹੁਤਿਆ ਨੂੰ ਨਿਤ ਜਾਨੋ ਮਾਰ ਦੇਣ ਦੀਆ ਧਮਕੀਆ ਮਿਲ ਰਹੀਆ ਹਨ । ਅੰਨੀ ਪੀਹ ਰਹੀ ਹੈ ਤੇ ਕੁੱਤਾ ਚੱਟ ਰਿਹਾ ਹੈ । ਦੇਸ਼ ਦੀ ਜਨਤਾ ਅਗਿਆਨਤਾ ਵਸ ਅੰਨੀ, ਕਾਣੀ ਤੇ ਬੋਲੀ ਬਣ ਚੁਕੀ ਹੈ ਜਿਸ ਕਾਰਨ ਡਾਢੇ ਦਾ ਸੱਤੀਂ ਬੀਹੀ ਸੌ ਹੈ ਤੇ ਚੋਰਾਂ ਦੀਆਂ ਲਾਠੀਆਂ ਦੇ ਗਜ ਚੱਲ ਰਹੇ ਹਨ ਚੋਰ ਤੇ ਕੁਤੀ ਰਲੇ ਹੋਏ ਹਨ, ਚਾਰੇ ਪਾਸੇ ਹਨੇਰਗਰਦੀ ਮਚੀ ਹੋਈ ਹੈ ਤੇ ਭਾਰਤ ਦੇ ਮੋਜੂਦਾ ਹਾਲਾਤ ਹਨੇਰ ਨਗਰੀ ਤੇ ਚੌਪਟ ਰਾਜਾ ਵਾਲੇ ਬਣੇ ਹੋਏ ਹਨ । ਮੀਡੀਆ ਆਪੋ ਆਪਣੀਆ ਮਜਬੂਰੀਆ ਕਾਰਨ ਕਦਰਾਂ ਕੀਮਤਾ ਨੂੰ ਛਿੱਕੇ ਟੰਗਕੇ ਪਾਸਕੂ ਵਾਲੀ ਪੀਲੀ ਪੱਤਰਕਾਰੀ ਦੀ ਬਲੈਕਮੇਲ, ਬਲੈਕਮੇਲ ਗੇਮ ਖੇਡ ਰਿਹਾ ਹੈ । ਪੱਤਰਕਾਰੀ ਇਕ ਸੱਚਾ ਸੁੱਚਾ ਪੇਸ਼ਾ ਨਾ ਰਹਿਕੇ ਰੋਜੀ ਰੋਟੀ ਦਾ ਜੁਗਾੜਬਾਦੀ ਧੰਦਾ ਬਣ ਚੁੱਕਾ ਹੈ ਤੇ ਭਾਰਤੀ ਮੀਡੀਏ ਉਤੇ ਇਹ ਪਕੜ ਦਿਨ ਬ ਦਿਨ ਪੱਕੀ ਤੋ ਪਕੇਰੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸੱਚੇ, ਬੇਬਾਕ ਤੇ ਨਿਰਪੱਖ ਪੱਤਰਕਾਰਾ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ । ਜੇਕਰ ਭਾਰਤ ਵਿਚਲੇ ਮੀਡੀਏ ਅੰਦਰ ਇਸ ਪਣਪ ਰਹੇ ਮਾਰੂ ਰੂਝਾਨ ਨੂੰ ਠੱਲ੍ਹ ਨਾ ਪਾਈ ਗਈ ਤਾਂ ਭਾਰਤੀ ਮੀਡੀਏ ਬਾਰੇ ਤਾਂ ਪਤਾ ਨਹੀਂ ਕਿ ਇਸ ਦੀ ਦਿਸ਼ਾ, ਦਸ਼ਾ ਤੇ ਅਕਸ ਕਿਹੋ ਜਿਹਾ ਹੋਊ, ਹਾਂ, ਭਾਰਤ ਦੀ ਜਨਤਾ ਦੇ ਹਾਲਾਤ ਆਉਣ ਵਾਲੇ ਸਮੇ ਵਿਚ ਨਿਸਚੇ ਹੀ ਬਹੁਤ ਮਾੜੇ ਤੇ ਤਰਸਯੋਗ ਹੋਣਗੇ ।
 
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ